“ਘੋਰ ਲਾਲਚੀ ਅਤੇ ਅਨੈਤਿਕ ਏਜੈਂਟ ਉਨ੍ਹਾਂ ਨੂੰ ਜਿਸ ਕੁਪੱਥ ’ਤੇ ਤੋਰ ਰਹੇ ਹਨ, ਉਹ ਬੇਹੱਦ ਜਾਨ ਹੀਲਵਾਂ ਹੋਣ ਦੇ ਨਾਲ ਨਾਲ ...”
(20 ਅਕਤੂਬਰ 2024)
ਪਿਛਲੇ ਦਿਨੀਂ ਕਾਂਗਰਸ ਨੇਤਾ ਰਾਹੁਲ ਗਾਂਧੀ ਅਮਰੀਕਾ ਆਏ ਤਾਂ ਉਹ ਟੈਕਸਸ ਦੇ ਸ਼ਹਿਰ ਡੈਲਸ ਵਿੱਚ ਹਰਿਆਣਾ ਦੇ 20-25 ਨੌਜਵਾਨਾਂ ਨੂੰ ਮਿਲੇ ਜੋ ਸਾਰੇ ਇੱਕੋ ਕਮਰੇ ਵਿੱਚ ਤੂੜੇ ਹੋਏ ਰਹਿ ਰਹੇ ਸਨ। ਉਹ ਡੰਕੀ ਮਾਰਗ ਝਾਗ ਕੇ ਖੱਜਲ ਖੁਆਰ ਹੁੰਦੇ ਅਮਰੀਕਨ ਸੁਪਨਾ ਸਾਕਾਰਨ ਇੱਧਰ ਪਹੁੰਚੇ ਸਨ। ਰਾਹੁਲ ਦੀ ਉਨ੍ਹਾਂ ਨਾਲ ਮੀਟਿੰਗ ਵਿੱਚ ਸੁਣਾਈ ਉਨ੍ਹਾਂ ਦੀ ਵਿਥਿਆ ਬੜੀ ਰੁਆ ਦੇਣ ਵਾਲੀ ਸੀ, ਜਿਸਦਾ ਵੀਡੀਓ ਬਣਾਇਆ ਗਿਆ ਤੇ ‘ਡੰਕੀ ਹੂਆ ਹਰਿਆਣਾ’ ਨਾਂ ਥੱਲੇ ਜਨਤਕ ਕੀਤਾ ਗਿਆ। ਇਨ੍ਹਾਂ ਨੌਜਵਾਨਾਂ ਨੇ ਰੋਣਾ ਰੋਇਆ ਕਿ ਕਿਵੇਂ ਦੇਸ਼ ਵਿੱਚ ਉਨ੍ਹਾਂ ਲਈ ਰੁਜ਼ਗਾਰ ਦੀਆਂ ਸਾਰੀਆਂ ਸੰਭਾਵਨਾਵਾਂ ਬੰਦ ਹੋ ਗਈਆਂ ਹਨ, ਖੇਤੀ ਲਈ ਜ਼ਮੀਨ ਨਹੀਂ ਬਚੀ, ਵਪਾਰ ਘਾਟੇ ਦਾ ਧੰਦਾ ਬਣ ਗਿਆ ਹੈ, ਹੁਨਰ ਦੀ ਨਾ ਕੋਈ ਵੁੱਕਤ ਰਹੀ, ਨਾ ਮੰਗ। ਗੱਲ ਕੀ ਦੇਸ਼ ਛੱਡਣ ਤੋਂ ਬਿਨਾਂ ਨੌਜਵਾਨਾਂ ਕੋਲ ਕੋਈ ਚਾਰਾ ਨਹੀਂ ਰਿਹਾ। ਵੀਡੀਓ ਵਿੱਚ ਦੱਸਿਆ ਗਿਆ ਕਿ 2014 ਵਿੱਚ ਜਦੋਂ ਮਨਮੋਹਨ ਸਿੰਘ ਨੇ ਸਰਕਾਰ ਛੱਡੀ ਅਤੇ ਮੋਦੀ ਨੇ ਸੰਭਾਲੀ, ਉਸ ਸਾਲ 1527 ਭਾਰਤ ਵਾਸੀਆਂ ਨੇ ਇਕੱਲੇ ਅਮਰੀਕਾ ਦੇਸ਼ ਵਿੱਚ ਹੀ ਗੈਰਕਾਨੂੰਨੀ ਪਰਵਾਸ ਕੀਤਾ ਜਦੋਂ ਕਿ 2023 ਵਿੱਚ ਮੋਦੀ ਦੇ 10 ਸਾਲ ਦੇ ਰਾਜ ਪਿੱਛੋਂ 96917 ਭਾਰਤੀ ਇਸ ਤਰ੍ਹਾਂ ਅਮਰੀਕਾ ਅੱਪੜੇ। ਹਿਸਾਬ ਲਾਇਆਂ ਇਹ ਗਿਣਤੀ 2014 ਨਾਲੋਂ ਤਕਰੀਬਨ 60 ਗੁਣਾ ਵਧੇਰੇ ਬਣਦੀ ਹੈ। ਇਹ ਇਤਲਾਹ ਇਕੱਲੇ ਅਮਰੀਕੀ ਪਰਵਾਸ ਦੀ ਹੀ ਹੈ, ਹੋਰ ਦੇਸ਼ਾਂ ਬਾਰੇ ਵੀ ਘੱਟ ਅਚੰਭਾਜਨਕ ਨਹੀਂ। ਰਾਹੁਲ ਦੀ ਇਹ ਵੀਡੀਓ ਲੱਖਾਂ ਲੋਕਾਂ ਨੇ ਦੇਖੀ। ਨਿਸਚੇ ਹੀ ਵੀਡੀਓ ਦਿਖਾਉਣ ਦਾ ਮਕਸਦ ਹਰਿਆਣੇ ਵਿੱਚ ਹੋ ਰਹੀਆਂ ਚੋਣਾਂ ਦਾ ਕਾਂਗਰਸ ਲਈ ਲਾਭ ਖੱਟਣਾ ਵੀ ਸੀ। ਰਾਜਕੁਮਾਰ ਹਿਰਾਨੀ ਨੇ ਇਸ ਵਿਸ਼ੇ ’ਤੇ ਡੰਕੀ ਨਾਂ ਦੀ ਫਿਲਮ ਵੀ ਬਣਾਈ ਸੀ ਜਿਸ ਵਿੱਚ ਸ਼ਾਹ ਰੁਖ ਖਾਂ ਤੇ ਤਾਪਸੀ ਪੰਨੂ ਨੇ ਕੰਮ ਕੀਤਾ ਪਰ ਇਹ ਬਹੁਤਾ ਨਹੀਂ ਚੱਲੀ।
ਕਾਨੂੰਨੀ, ਗੈਰਕਾਨੂੰਨੀ ਹਰ ਹੀਲੇ ਨਾਲ ਤੇ ਹਰ ਜਫਰ ਜਾਲ਼ ਕੇ ਇਸ ਤਰ੍ਹਾਂ ਭਾਰਤੀ, ਖਾਸ ਤੌਰ ’ਤੇ ਹਰਿਆਣਵੀ, ਗੁਜਰਾਤੀ ਤੇ ਪੰਜਾਬੀ (ਭਾਰਤੀ ਤੇ ਪਾਕਿਸਤਾਨੀ ਦੋਵੇਂ) ਨੌਜਵਾਨ ਧੜਾਧੜ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਹਨ। ਇਸ ਬਾਰੇ ਹੌਲਨਾਕ ਖਬਰਾਂ ਸਭ ਨੇ ਖੂਬ ਪੜ੍ਹੀਆਂ, ਸੁਣੀਆਂ ਤੇ ਹੋਰ ਵੀਡੀਓਵਾਂ ਰਾਹੀਂ ਵੀ ਦੇਖੀਆਂ ਹਨ। ਭਾਵੇਂ ਪੰਜਾਬੀ ਇੱਕ ਸਦੀ ਤੋਂ ਵੀ ਉੱਪਰ ਤੋਂ ਪਰਵਾਸ ਕਰ ਰਹੇ ਹਨ ਪਰ ਪਹਿਲੀਆਂ ਵਿੱਚ ਇਸ ਤਰ੍ਹਾਂ ਦੇ ਪੁੱਠੇ ਸਿੱਧੇ ਢੰਗ ਨਹੀਂ ਸੀ ਅਪਣਾਏ ਜਾਂਦੇ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਦੀ ਭਰ ਤੋਂ ਲਗਤਾਰ ਪਰਵਾਸ ਕਰਨ ਕਾਰਨ ਇਸ ਖਿੱਤੇ ਦੇ ਲੋਕਾਂ ਨੂੰ ਜਾਨ ਜੋਖਮ ਵਿੱਚ ਪਾ ਕੇ ਵੀ ਪਰਵਾਸ ਭ੍ਰਮਣ ਦਾ ਭੁਸ ਹੀ ਪੈ ਗਿਆ ਹੈ ਜਾਂ ਕਹਿ ਲਵੋ ਇੱਕ ਧੰਦਾ ਬਣ ਗਿਆ ਹੈ। ਫਿਰ ਭਾਵੇਂ ਉਨ੍ਹਾਂ ਦੀ ਰੋਟੀ ਰੋਜ਼ੀ ਔਖੀ ਸੌਖੀ ਤੁਰਦੀ ਵੀ ਹੋਵੇ, ਉਨ੍ਹਾਂ ਦੇ ਡੀ ਐੱਨ ਏ ਵਿੱਚ ਰਚੀ ਇਹ ਰੁਚੀ ਉਨ੍ਹਾਂ ਨੂੰ ਇਹ ਅਲੂਣੀ ਸਿਲ ਜ਼ਰੂਰ ਚਟਾਵੇਗੀ। ਪਰ ਅੱਜ ਭਿਆਨਕ ਰੂਪ ਧਾਰਨ ਕਰ ਚੁੱਕੀਆਂ ਆਰਥਿਕ ਤੰਗੀਆਂ ਆਮ ਬੰਦੇ ਦੀ ਸਹਿਣ ਸ਼ਕਤੀ ਤੋਂ ਬਾਹਰ ਹੋ ਰਹੀਆਂ ਹਨ। ਕੁਝ ਦਹਾਕਿਆਂ ਤੋਂ ਬਾਹਰ ਨਿਕਲਣ ਲਈ ਜੋ ਮਾਰਗ ਫੜੇ ਜਾ ਰਹੇ ਹਨ ਜਾਂ ਕਹਿ ਲਵੋ ਘੋਰ ਲਾਲਚੀ ਅਤੇ ਅਨੈਤਿਕ ਏਜੈਂਟ ਉਨ੍ਹਾਂ ਨੂੰ ਜਿਸ ਕੁਪੱਥ ’ਤੇ ਤੋਰ ਰਹੇ ਹਨ, ਉਹ ਬੇਹੱਦ ਜਾਨ ਹੀਲਵਾਂ ਹੋਣ ਦੇ ਨਾਲ ਨਾਲ ਅਨਿਸਚਤ ਵੀ ਹੈ। ਇਸ ਡਾਂਡੇ ਮੀਂਡੇ ਰਾਹ ਚਲਦਿਆਂ ਉਹ ਕਈ ਤਰ੍ਹਾਂ ਦੇ ਭੂ-ਖੇਤਰ ਕੱਛਦੇ ਹਨ ਜਿਨ੍ਹਾਂ ਵਿੱਚ ਹਜ਼ਾਰਾਂ ਮੀਲ ਲੰਬੇ ਜੰਗਲ, ਤੁਫਾਨੀ ਸਮੁੰਦਰ, ਔਖੀਆਂ ਘਾਟੀਆਂ, ਬਰਫਾਨੀ ਪਹਾੜ, ਤਪਦੇ ਰੇਗਿਸਤਾਨ, ਧੜੱਲੇਦਾਰ ਬਰਸਾਤਾਂ ਆਦਿ ਸ਼ਾਮਿਲ ਹਨ। ਉਹ ਅਕਸਰ ਕਈ ਸਾਲਾਂ ਵਿੱਚ ਆਪਣੇ ਟਿਕਾਣੇ ’ਤੇ ਪਹੁੰਚਦੇ ਹਨ ਭਾਵੇਂ ਕਈ ਕਹਿਰਵਾਨ ਵਾਤਾਵਰਣ ਦੇ ਝੰਬੇ ਰਾਹ ਵਿੱਚ ਹੀ ਦਮ ਤੋੜ ਦਿੰਦੇ ਹਨ। ਕਈ ਵਾਰ ਰਸਤੇ ਵਿੱਚ ਜਾਂ ਮੰਜ਼ਿਲ ’ਤੇ ਪਹੁੰਚ ਕੇ ਵੀ ਸੀਮਾ ਸੁਰੱਖਿਆ ਅਧਿਕਾਰੀਆਂ ਵੱਲੋਂ ਫੜੇ ਜਾਣ ਉਪਰੰਤ ਡੀਪੋਰਟ ਕਰ ਦਿੱਤੇ ਜਾਂਦੇ ਹਨ ਜਾਂ ਲੰਮੇ ਸਮੇਂ ਲਈ ਜੇਲ੍ਹਾਂ ਵਿੱਚ ਡੱਕ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਉਹ ਪੈਰ ਪੈਰ ’ਤੇ ਅਣਮਨੁੱਖੀ ਵਤੀਰੇ ਦੇ ਸ਼ਿਕਾਰ ਹੁੰਦੇ ਹਨ।
ਕਿਉਂਕਿ ਇਹ ਨੌਜਵਾਨ ਏਜੈਂਟ-ਦਰ-ਏਜੈਂਟ ਭਟਕਦੇ ਪੜਾਅ-ਦਰ-ਪੜਾਅ ਗਧਿਆਂ ਵਾਂਗ ਟੱਪਦੇ, ਟਪੂਸੀਆਂ ਮਾਰਦੇ ਜਾਂਦੇ ਹਨ, ਇਸ ਲਈ ਕੁਝ ਸਾਲਾਂ ਤੋਂ ਇਸ ਟਪੂਸੀਦਾਰ ਸਫਰ ਲਈ ਇੱਕ ਸ਼ਬਦ ਵਰਤਿਆ ਜਾ ਰਿਹਾ ਹੈ ‘ਡੰਕੀ’ ਤੇ ਇਸ ਤਰ੍ਹਾਂ ਦੇ ਵਰਤਾਰੇ ਲਈ ਡੰਕੀ ਲਾਉਣਾ, ਡੰਕੀ ਮਾਰਨਾ ਵਾਕੰਸ਼ ਵਰਤੇ ਜਾਣ ਲੱਗੇ ਹਨ। ਕਈ ਸਾਰੀਆਂ ਲਿਖਤਾਂ ਜਾਂ ਅਖਬਾਰੀ ਰਿਪੋਰਟਾਂ ਵਿੱਚ ਇਸ ਡੰਕੀ ਸ਼ਬਦ ਨੂੰ ਗਧੇ ਦਾ ਅਰਥਾਵਾਂ ਅੰਗਰੇਜ਼ੀ ਸ਼ਬਦ ਡੌਂਕੀ (ਗਧਾ) ਦਾ ਇੱਕ ਭੇਦ ਦੱਸਿਆ ਜਾ ਰਿਹਾ ਹੈ ਤੇ ਇਸ ਤਰ੍ਹਾਂ ਦੇ ਸਫਰ ਨੂੰ ਡੌਂਕੀ ਫਲਾਇਟਸ (donkey flights) ਗਰਦਾਨਿਆ ਜਾ ਰਿਹਾ ਹੈ। ਡੰਕੀ ਤੋਂ ਹੀ ਡੰਕੀ ਦਾ ਪ੍ਰਬੰਧ ਕਰਨ ਵਾਲੇ ਏਜੈਂਟ ਲਈ ਡੰਕਰ/ਡੌਂਕਰ (dunker/donker) ਸ਼ਬਦ ਵੀ ਬਣਾ ਲਿਆ ਗਿਆ ਹੈ। ਪੰਜਾਬੀ ਸਮੇਤ ਹੋਰ ਭਾਰਤੀ ਭਾਸ਼ਾਵਾਂ ਦੀਆਂ ਅਖਬਾਰਾਂ ਵਿੱਚ ਵੀ ਡੰਕੀ ਨੇ ਟਪੂਸੀ ਮਾਰ ਲਈ ਹੈ ਜਿਸ ਨੂੰ ਅੰਗਰੇਜ਼ੀ ਡੌਂਕੀ ਸ਼ਬਦ ਦਾ ਬੋਲਚਾਲੀ ਭੇਦ ਦੱਸਿਆ ਜਾ ਰਿਹਾ ਹੈ। ਮੀਡੀਆ ’ਤੇ ਹੋਰ ਸੰਸਥਾਵਾਂ ਦੇ ਟਿੱਪਣੀਕਾਰਾਂ ਅਨੁਸਾਰ ਇਹ ਇੱਕ ਪੰਜਾਬੀ ਮੁਹਾਵਰਾ ਹੈ। ਮੈਨੂੰ ਇਹ ਵਿਆਖਿਆ ਕਦੇ ਵੀ ਜਚੀ ਨਹੀਂ। ਭਲਾ ਪੰਜਾਬੀ ਇਸ ਤਰ੍ਹਾਂ ਗਧੇ ਵਾਂਗ ਉੱਛਲ ਕੁੱਦ ਕਰਦੇ ਸਫਰ ਲਈ ਕਿਉਂ ਆਪਣੇ ਦੇਸੀ ਸ਼ਬਦ ਖੋਤਾ, ਗਧਾ, ਖੱਚਰ ਆਦਿ ਛੱਡ ਕੇ ਅੰਗਰੇਜ਼ੀ ਸ਼ਬਦ ਡੌਂਕੀ ਵਰਤਣਗੇ? ਜੇ ਦੇਸੀ ਜਾਂ ਬਦੇਸ਼ੀ ਅੰਗਰੇਜ਼ੀ ਅਖਬਾਰਾਂ ਨੇ ਇਹ ਸ਼ਬਦ ਵਰਤਿਆ ਹੈ ਤਾਂ ਉਹ ਇਸ ਨੂੰ ਪੰਜਾਬੀ ਪਿਛੋਕੜ ਦਾ ਕਿਉਂ ਦੱਸ ਰਹੇ ਹਨ? ਹਾਂ, ਪੰਜਾਬੀ ਵਿੱਚ ‘ਗਧੀ ਗੇੜ ਵਿੱਚ ਪੈਣਾ’ ਮੁਹਾਵਰਾ ਜ਼ਰੂਰ ਹੈ ਪਰ ਇਸਦੇ ਅਰਥ ਇਸ ਪ੍ਰਸੰਗ ਵਿੱਚ ਢੁਕਦੇ ਨਹੀਂ। ਆਮ ਤੌਰ ’ਤੇ ਹੁੰਦਾ ਇਹ ਹੈ ਕਿ ਜੋ ਵਿਆਖਿਆ ਇੱਕ ਲਿਖਤ ਨੇ ਕਰ ਦਿੱਤੀ, ਓਹੀ ਹੋਰ ਵੀ ਮੱਖੀ ਤੇ ਮੱਖੀ ਮਾਰਨ ਵਾਂਗ ਪਰੋਸੀ ਜਾਂਦੇ ਹਨ, ਕੋਈ ਸੁਤੰਤਰ ਪੜਤਾਲ ਨਹੀਂ ਕਰਦਾ।
ਮੈਂ ਡੰਕੀ ਸ਼ਬਦ ਦੀ ਤਸੱਲੀਬਖਸ਼ ਵਿਆਖਿਆ ਦੀ ਤਲਾਸ਼ ਵਿੱਚ ਸਾਂ ਕਿ ਕੁਝ ਹੀ ਮਹੀਨੇ ਪਹਿਲਾਂ ਅਭਿਸ਼ੇਕ ਅਵਤੰਸ ਨਾਂ ਦੇ ਸਕਾਲਰ ਦਾ ਇਸ ਸ਼ਬਦ ਬਾਰੇ ਇੱਕ ਬਲੌਗ ਪੜ੍ਹਿਆ। ਅਭਿਸ਼ੇਕ ਅਵਤੰਸ ਨੀਦਰਲੈਂਡ ਦੇ ਸ਼ਹਿਰ ਲਾਇਡਨ ਵਿਖੇ ਸੰਸਾਰ ਪ੍ਰਸਿੱਧ ਲਾਇਡਨ ਯੂਨੀਵਰਸਿਟੀ ਵਿੱਚ ਹਿੰਦੀ ਭਾਸ਼ਾ ਤੇ ਭਾਸ਼ਾ ਵਿਗਿਆਨ ਦੇ ਲੈਕਚਰਰ ਹਨ। ਉਹ ਪਹਿਲਾਂ ਜੇ ਐੱਨ ਯੂ ਦਿੱਲੀ ਵਿੱਚ ਖੋਜਾਰਥੀ ਰਹੇ ਹਨ। ਉਨ੍ਹਾਂ ਦਾ ਖੋਜ ਖੇਤਰ ਬਹੁਤ ਵਿਸ਼ਾਲ ਹੈ, ਪੰਜਾਬੀ ਸਮੇਤ ਹੋਰ ਭਾਰਤੀ ਭਾਸ਼ਾਵਾਂ ਦਾ ਖੂਬ ਗਿਆਨ ਰੱਖਦੇ ਹਨ। ਗਾਹੇ ਬਗਾਹੇ ਉਨ੍ਹਾਂ ਵੱਲੋਂ ਸ਼ਬਦਾਂ ਦੀ ਵਿਉਤਪਤੀ ਸੰਬੰਧੀ ਆਲੇਖ ਐਕਸ (ਪਹਿਲਾਂ ਟਵਿਟਰ) ਜਾਂ ਉਨ੍ਹਾਂ ਦੇ ਬਲੌਗ ਵਿੱਚ ਵੀ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਉਹ ਮੇਰੇ ਪੁਰਾਣੇ ਵਾਕਿਫਕਾਰ ਵੀ ਹਨ। ਬਲੌਗ ਪੜ੍ਹਨ ਪਿੱਛੋਂ ਕੁਝ ਗੱਲਾਂ ਦੇ ਸਪਸ਼ਟੀਕਰਨ ਲਈ ਮੈਂ ਉਨ੍ਹਾਂ ਨਾਲ ਈ-ਪੱਤਰ ਵੀ ਕੀਤਾ। ਉਨ੍ਹਾਂ ਅਨੁਸਾਰ ਇਸ ਸਿਲਸਿਲੇ ਵਿੱਚ ਵਰਤਿਆ ਜਾ ਰਿਹਾ ਸ਼ਬਦ ਡੰਕੀ ਅਸਲ ਵਿੱਚ ਅੰਗਰੇਜ਼ੀ ਡੋਂਗੀ (dongi) ਜਾਂ ਡਿੰਗੀ (dinghy) ਸ਼ਬਦ ਦੇ ਉਚਾਰਣ ਦਾ ਇੱਕ ਭੇਦ ਹੈ। ਇਹ ਦੋਨੋਂ ਸ਼ਬਦ ਇੱਕੋ ਹੀ ਹਨ ਤੇ ਇਨ੍ਹਾਂ ਦਾ ਅਰਥ ਹੈ ਕਿਸ਼ਤੀ, ਖਾਸ ਤੌਰ ’ਤੇ ਛੋਟੀ। ਇਹ ਸ਼ਬਦ ਉਨ੍ਹਾਂ ਕਿਸ਼ਤੀਆਂ ਲਈ ਵਰਤਿਆ ਜਾਂਦਾ ਹੈ ਜੋ ਮੁਸਾਫਰਾਂ ਨੂੰ ਅਜੀਅਨ ਸਾਗਰ (Aegean Sea) ਰਾਹੀਂ ਤੁਰਕੀ ਤੋਂ ਗਰੀਸ ਟਾਪੂਆਂ ਵੱਲ ਲਿਜਾਂਦੀਆਂ ਹਨ। ਯੂਰਪੀ ਯੂਨੀਅਨ ਦੇ ਸ਼ੈਨਗਨ ਸਮਝੌਤੇ ਅਨੁਸਾਰ ਇਨ੍ਹਾਂ ਸਾਰੇ ਦੇਸ਼ਾਂ ਲਈ ਥੱਬਾ ਪੈਸੇ ਦੇ ਕੇ ਸਾਂਝਾ ਵੀਜ਼ਾ ਮਿਲ ਜਾਂਦਾ ਹੈ, ਜਿਸ ਨੂੰ ਹਾਸਿਲ ਕਰਕੇ ਤੇ ਅੱਗੋਂ ਡੰਕੀ ਮਾਰਕੇ ਇੰਗਲੈਂਡ ਤੇ ਹੋਰ ਅਮੀਰ ਦੇਸ਼ਾਂ ਵੱਲ ਉਡੰਤਰ ਹੋਇਆ ਜਾਂਦਾ ਹੈ। ਅਜਿਹਾ ਰਸਤਾ ਫੜਨ ਵਾਲੇ ਲਈ ਕਬੂਤਰ ਤੇ ਵਿਧੀ ਨੂੰ ਕਬੂਤਰਬਾਜ਼ੀ ਵੀ ਕਿਹਾ ਜਾਂਦਾ ਰਿਹਾ ਹੈ ਪਰ ਡੰਕੀ ਸ਼ਬਦ ਨਾਲ ਵਿਸਥਾਪਿਤ ਹੋਣ ਕਾਰਨ ਇਸ ਵਰਤਾਰੇ ਨੇ ਇੱਕ ਹੋਰ ਜਾਨਵਰ ਦਾ ਘਿਨਾਉਣਾ ਚਰਿੱਤਰ ਧਾਰਨ ਕਰ ਲਿਆ ਹੈ।
ਇਹ ਡਿੰਗੀਆਂ/ਡੌਂਗੀਆਂ ਕਈ ਵਾਰੀ ਹਾਦਸਾ-ਗ੍ਰਸਤ ਵੀ ਹੋ ਜਾਂਦੀਆਂ ਹਨ, ਜਿਸ ਕਰਕੇ ਕਈਆਂ ਦੀਆਂ ਜਾਨਾਂ ਚਲੇ ਜਾਂਦੀਆਂ ਹਨ। ਮਾਲਟਾ ਹਾਦਸੇ ਬਾਰੇ ਕਿਸ ਨੂੰ ਨਹੀਂ ਪਤਾ ਜਿਸ ਵਿੱਚ 200 ਤੋਂ ਵੱਧ ਡੰਕੀ ਲਾ ਰਹੇ ਮਾਰੇ ਗਏ ਸਨ। ਜਿਵੇਂ ਪਹਿਲਾਂ ਦੱਸਿਆ ਗਿਆ ਹੈ, ਡਿੰਗੀ/ਡੋਂਗੀ ਸ਼ਬਦ ਨੂੰ ਕਈ ਥਾਵੀਂ ਡੰਕੀ ਜਾਂ ਡੌਂਕੀ ਵਜੋਂ ਵੀ ਉਚਾਰਿਆ ਜਾਂਦਾ ਹੈ, ਜਿੱਥੋਂ ਇਹ ਭੁਲੇਖਾ ਪੈਂਦਾ ਹੈ ਕਿ ਸ਼ਾਇਦ ਗਧੇ ਦੇ ਅਰਥਾਂ ਵਾਲੇ ਡੌਂਕੀ ਜਾਨਵਰ ਵੱਲ ਇਸ਼ਾਰਾ ਹੈ। ਬਾਕੀ ਗਧੇ ਵਾਂਗ ਟਪੂਸੀਆਂ ਮਾਰਨ ਵਾਲੀ ਗੱਲ ਸੁਭਾਵਿਕ ਹੀ ਜੁੜ ਗਈ। ‘ਡੰਕੀ ਲਾਉਣਾ’ ਜਾ ‘ਡੰਕੀ ’ਤੇ ਜਾਣਾ’ ਉਕਤੀਆਂ ਤੋਂ ਵੀ ਇਹ ਵਿਆਖਿਆ ਸਟੀਕ ਜਾਪਦੀ ਹੈ।
ਗੌਰਤਲਬ ਹੈ ਕਿ ਅੰਗਰੇਜ਼ੀ ਸ਼ਬਦ ਡੋਂਗੀ ਜਾਂ ਡਿੰਗੀ ਮੁਢਲੇ ਤੌਰ ’ਤੇ ਭਾਰਤੀ ਹੈ ਪਰ ਕਿਉਂਕਿ ਬਰਤਾਨੀਆ ਨੇ ਪਹਿਲਾਂ ਬੰਗਾਲ ਵਿੱਚ ਆਪਣੇ ਪੈਰ ਜਮਾਏ, ਇਸ ਲਈ ਉਨ੍ਹਾਂ ਇਹ ਸ਼ਬਦ ਬੰਗਾਲੀ ਭਾਸ਼ਾ ਤੋਂ ਹੀ ਚੁੱਕੇ। ਡਿੰਗੀ ਤੇ ਡੋਂਗੀ/ਡੋਂਗਾ ਦੋਨੋਂ ਸ਼ਬਦ ਛੋਟੀ ਕਿਸ਼ਤੀ ਦੇ ਅਰਥਾਂ ਵਿੱਚ ਪੰਜਾਬੀ ਵਿੱਚ ਵੀ ਪ੍ਰਚਲਤ ਹਨ। ‘ਮਹਾਨ ਕੋਸ਼’ ਨੇ ਇਸ ਸ਼ਬਦ ਦੇ ਅਰਥ ‘ਛੋਟੀ ਨੌਕਾ, ਸ਼ਿਕਾਰਾ’ ਵਜੋਂ ਕੀਤੇ ਹਨ। ਮਈਆ ਸਿੰਘ ਨੇ ਆਪਣੇ ਪੰਜਾਬੀ-ਅੰਗਰੇਜ਼ੀ ਕੋਸ਼ ਵਿੱਚ ਡੋਂਗੀ, ਡੋਂਘੀ, ਡੋਂਗਾ, ਡੋਂਘਾ, ਡੌਣੀ ਆਦਿ ਸ਼ਬਦ ਲਏ ਹਨ। ਹੋਰ ਪੰਜਾਬੀ ਦੇ ਕੋਸ਼ਾਂ ਵਿੱਚ ਵੀ ਇਹੋ ਜਿਹੇ ਸ਼ਬਦ ਮਿਲਦੇ ਹਨ। ਸਭ ਨੂੰ ਪਤਾ ਹੈ ਕਿ ਅੰਤਰਰਾਸ਼ਟਰੀ ਪੱਧਰ ’ਤੇ ਡਿੰਗੀ ਮੁਕਾਬਲੇ ਵੀ ਹੁੰਦੇ ਹਨ। ਇੱਕ ਖਬਰ, ‘19ਵੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਨੇਹਾ ਠਾਕੁਰ ਨੇ ਮਹਿਲਾ ਡਿੰਗੀ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ।’ ਅੱਗੇ ਜਾਣਨ ਵਾਲੀ ਗੱਲ ਇਹ ਹੈ ਕਿ ਸਬਜ਼ੀ ਭਾਜੀ ਪਾਉਣ ਵਾਲੇ ਬਰਤਨ ਲਈ ਵਰਤਿਆ ਜਾਂਦਾ ਸ਼ਬਦ ਡੋਂਗਾ/ਡੂੰਗਾ ਵੀ ਇਹੀ ਹੈ ਕਿਉਂਕਿ ਇਸਦੀ ਸ਼ਕਲ ਕਿਸ਼ਤੀ ਜਿਹੀ ਹੁੰਦੀ ਹੈ। ਹੋਰ ਭਾਰਤੀ ਭਾਸ਼ਾਵਾਂ ਵਿੱਚ ਇਸ ਸ਼ਬਦ ਦੇ ਰੂਪ ਅਤੇ ਅਰਥ ਇਸ ਪ੍ਰਕਾਰ ਹਨ: ਪ੍ਰਾਕ੍ਰਿਤ ਡੋਂਗੀ = ਪਾਨ ਰੱਖਣ ਵਾਲਾ ਡੱਬਾ, ਆਸਾਮੀ ਡੋਂਗਾ = ਬੇੜੀ, ਬੰਗਾਲੀ : ਡੋਨ, ਉੜੀਆ ਡੁੰਗਿ, ਮਰਾਠੀ ਡੋਂਗਾ = ਇੱਕ ਤਰ੍ਹਾਂ ਦੀ ਬੇੜੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕਿਸ਼ਤੀ ਅਤੇ ਭਾਂਡੇ ਦੀ ਸ਼ਕਲ ਵਿੱਚ ਸਮਰੂਪਤਾ ਹੋਣ ਕਾਰਨ ਕਈ ਭਾਸ਼ਾਵਾਂ ਵਿੱਚ ਦੋਨਾਂ ਲਈ ਇੱਕੋ ਸ਼ਬਦ ਹਨ ਜਿਵੇਂ ਫਾਰਸੀ ਕਿਸ਼ਤੀ ਦਾ ਇੱਕ ਅਰਥ ਬੇੜੀ ਤੇ ਦੂਜਾ ਪਿਆਲਾ ਹੈ। ਇਸੇ ਤਰ੍ਹਾਂ ਅੰਗਰੇਜ਼ੀ ਵੈਸਲ (vessal) ਜਹਾਜ਼, ਬੇੜੀ ਅਤੇ ਭਾਂਡਾ ਦੋਵਾਂ ਦਾ ਅਰਥਾਵਾਂ ਹੈ।
ਬਰਤਾਨਵੀ ਰਾਜ ਸਮੇਂ ਨਵਸੈਨਾ ਨੇ ਆਪਣੇ ਉਪਯੋਗ ਲਈ ਡਿੰਗੀਆਂ ਬਣਾਈਆਂ ਤਾਂ ਅੰਗਰੇਜ਼ੀ ਸ਼ਬਦਾਵਲੀ ਵਿੱਚ ਇਹ ਸ਼ਬਦ ਮੱਲੋਮੱਲੀ ਆ ਘੁਸਿਆ। ਪਹਿਲੀਆਂ ਵਿੱਚ ਡਿੰਗੀ ਦਰਖਤ ਦੇ ਤਣੇ ਨੂੰ ਖੁਰਚ ਕੇ ਬਣਾਈ ਜਾਂਦੀ ਸੀ। ਬੰਗਾਲ ਵਿੱਚ ਅੱਜ ਵੀ ਅਜਿਹੀਆਂ ਡਿੰਗੀਆਂ ਬਣਦੀਆਂ ਹਨ। ਕਸ਼ਮੀਰ ਵਿੱਚ ਤਾਂ ਇਨ੍ਹਾਂ ਦਾ ਆਕਾਰ ਵਧ ਕੇ ਹਊਸ ਬੋਟ ਜਿੱਡਾ ਹੋ ਗਿਆ। ਦਰਅਸਲ ਕਸ਼ਮੀਰ ਵਿੱਚ ਹਊਸ ਬੋਟ ਨੂੰ ਪਹਿਲਾਂ ਡਿੰਗੀ ਹੀ ਕਿਹਾ ਜਾਂਦਾ ਸੀ। ਵਿਚਾਰ ਹੈ ਕਿ ਇਹ ਸ਼ਬਦ ਮੂਲ ਰੂਪ ਵਿੱਚ ਗੈਰ-ਆਰਿਆਈ, ਸੰਭਵ ਤੌਰ ’ਤੇ ਮੁੰਡਾ ਭਾਸ਼ਾ ਦਾ ਹੈ। ਇਸ ਨੂੰ ਸੰਸਕ੍ਰਿਤ ‘ਦ੍ਰੋਣ’ ਤੋਂ ਵੀ ਬਣਿਆ ਦੱਸਿਆ ਜਾਂਦਾ ਹੈ ਜਿਸਦਾ ਅਰਥ ਵੀ ਕਾਠ ਦੀ ਕਿਸ਼ਤੀ ਹੈ ਤੇ ਜਿਸ ਤੋਂ ਪੰਜਾਬੀ ਡੂਨਾ ਵਿਉਤਪਤ ਹੋਇਆ। ਇਸ ਝਮੇਲੇ ਵਿੱਚ ਫਿਰ ਕਦੀ ਪਿਆ ਜਾਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5378)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: