CharanjitBhullar7“ਦਲ-ਬਦਲੀ ਦੀ ਦਲਦਲ ਦੇਖ ਜਾਪਦਾ ਹੈ ਕਿ ਜ਼ਰੂਰੀ ਨਹੀਂ ਮੌਤ ਮਗਰੋਂ ਹੀ ਰੂਹ ਭਟਕੇ, ਜੇ ਜਿਉਂਦੇ ਜੀਅ ਜ਼ਮੀਰ...”
(11 ਅਪਰੈਲ 2024)
ਇਸ ਸਮੇਂ ਪਾਠਕ: 240.


‘ਸੌ ਹੱਥ ਰੱਸਾ
, ਸਿਰੇ ’ਤੇ ਗੰਢ’, ਉਸ ਰੱਬ ਦੇ ਹੁਕਮ ਬਿਨਾਂ ਪੱਤਾ ਨਹੀਓਂ ਹਿੱਲਦਾ। ਰੱਬ ਦੇ ਹੁਕਮ ਅੱਗੇ ਫਿਰ ਰਵਨੀਤ ਬਿੱਟੂ ਕਿਹੜੇ ਬਾਗ਼ ਦੀ ਮੂਲੀ ਹੈ! ਤੁਸੀਂ ਹੁਣ ਪਲਟੂ ਲੁਧਿਆਣਵੀ ਕਹੋ, ਚਾਹੇ ਖ਼ਾਕੀ ਨਾਥ; ਅਗਲਾ ਰੱਬ ਤੋਂ ਐਨਓਸੀ ਲੈ, ਸਿੱਧਾ ਭਾਜਪਾ ਨਗਰੀ ਵੱਲ ਇੰਜ ਦੌੜਿਆ ਜਿਵੇਂ ਮਿਲਖਾ ਸਿੰਘ ਹੋਵੇ। ਨਗਰੀ ਦੇ ਗਠੜੀ ਘਰ ਵਿੱਚ ਪਹਿਲੋਂ ਹਯਾ-ਸ਼ਰਮ ਨੂੰ ਜਮ੍ਹਾਂ ਕਰਾਇਆ, ਫਿਰ ਅਕਲ ਨੂੰ ਖੀਸੇ ਪਾਇਆ। ਕਾਕਾ ਰਵਨੀਤ ਬਿੱਟੂ ਨੇ ਸਿਰ ਨਿਵਾਇਆ, ਅਗਲਿਆਂ ਪਰਨਾ ਗਲ਼ ਪਾਇਆ। ਰੌਲਾ ਦੱਸੋ ਕਿਹੜੀ ਗੱਲ ਦਾ? ਚੁੱਪ ਦਾ ਦਾਨ ਬਖਸ਼ੋ, ਇਹ ਤਾਂ ਕਾਕਾ ਜੀ ਨੇ ਰੱਬ ਦਾ ਹੁਕਮ ਵਜਾਇਆ ...।

ਪ੍ਰਭਾਤ ਫੇਰੀ ਵਿੱਚ ਜਥੇ ਗਾ ਰਹੇ ਨੇ, ‘ਤੇਰੇ ਸੰਦਾਂ ਦਾ ਭੇਤ ਨਾ ਆਇਆ, ਦੁਨੀਆਂ ਬਣਾਉਣ ਵਾਲਿਆਂ।’ ਓਧਰ ਸੁਰਗਪੁਰੀ ਵਿੱਚ ਦਾਦਾ ਬੇਅੰਤ ਸਿੰਘ ਸਿਰ ਫੜੀ ਬੈਠਾ ਹੈ। ਦਲ-ਬਦਲੂ ਰੈਜਮੈਂਟ ਦੇ ਰੰਗਰੂਟਾਂ ਨੂੰ ਵੇਖ ਬ੍ਰਹਿਮੰਡ ਦੇ ਏਲੀਅਨਾਂ ਨੇ ਵੀ ਮੱਥੇ ’ਤੇ ਹੱਥ ਮਾਰਿਆ, “ਬਈ! ਇੰਨੇ ਸਸਤੇ ਤਾਂ ਜਾਖੜਾਂ ਦੇ ਪਿੰਡਾਂ ਵਿੱਚ ਕਿੰਨੂ ਨਹੀਂ ਵਿਕੇ ਹੋਣੇ, ਜਿੰਨੇ ਵਿੱਚ ਚੁਫੇਰ-ਗੜ੍ਹੀਏ ਵਿਕ ਗਏ।” ਭੈਣ ਪ੍ਰਿਅੰਕਾ ਗਾਂਧੀ ਨੇ ਜਦੋਂ ਖਾਲੀ ਘੋੜੀ ਦੇਖੀ ਤਾਂ ਬੀਬਾ ਰਣਜੀਤ ਕੌਰ ਤੋਂ ਰਿਹਾ ਨਾ ਗਿਆ, ‘ਖ਼ਾਲੀ ਘੋੜੀ ਹਿਣਕਦੀ, ਉੱਤੇ ਨਾ ਦੀਂਹਦਾ ਵੀਰ …’

ਲੁਧਿਆਣੇ ਵਿੱਚ ਨਾਅਰਾ ਗੂੰਜਿਆ, ‘ਦੇਸ਼ ਕਾ ਨੇਤਾ ਕੈਸਾ ਹੋ’, ਭਾਜਪਾਈ ਬੋਲੇ, ‘ਰਵਨੀਤ ਬਿੱਟੂ ਜੈਸਾ ਹੋ।’ ਆਸ਼ੂ ਲੁਧਿਆਣਵੀ ਆਖਦੇ ਪਏ ਹੋਣਗੇ ‘ਸਜਾਈ ਥੀ ਹਮਨੇ ਮਹਿਫ਼ਲ, ਲੂਟ ਲੇ ਗਯਾ ਕੋਈ।’ ਪ੍ਰਤਾਪ ਬਾਜਵਾ ਜੀ! ਦਿਲ ਹੌਲਾ ਨਾ ਕਰੋ, ਆਹ ਗਾਣੇ ’ਤੇ ਧਿਆਨ ਧਰੋ, ‘ਅਬ ਤੇਰੇ ਬਿਨ ਜੀ ਲੇਂਗੇ ਹਮ …।’ ਕੈਪਟਨ ਅਮਰਿੰਦਰ ਸਿਉਂ ਬਾਰਡਰਾਂ ’ਤੇ ਵੀ ਲੜੇ, ਕੰਦੂਖੇੜੇ ਵਿੱਚ ਵੀ ਲੜੇ। ਅੱਜਕੱਲ੍ਹ ਦਲ-ਬਦਲੂ ਬ੍ਰਿਗੇਡ ਦੇ ਜਰਨੈਲ ਨੇ। ਬੀਬੀ ਪਰਨੀਤ ਕੌਰ ਸੁਭਾਅ ਦੇ ਇੰਨੇ ਸੁਸ਼ੀਲ ਨੇ, ਜਿਨ੍ਹਾਂ ਨੇ ਚੋਣ ਜਲਸੇ ਵਿੱਚ ਭਗਵਾ ਝੰਡਾ ਆਪਣੇ ਪੁਰਾਣੇ ਵਰਕਰ ਦੇ ਹੱਥ ਫੜਾ ਦਿੱਤਾ, ਉਸ ਭਲੇ ਨੇ ਹੱਥ ਵਿੱਚ ਭਾਜਪਾਈ ਝੰਡਾ ਫੜ ਆਹ ਚੰਦ ਚੜ੍ਹਾ ਦਿੱਤਾ, ‘ਜਿੱਤੂਗਾ ਬਈ ਜਿੱਤੂਗਾ, ਮੇਰਾ ਪੰਜੇ ਵਾਲਾ ਜਿੱਤੂਗਾ।’

ਇਨ੍ਹਾਂ ਜਰਨੈਲਾਂ-ਕਰਨੈਲਾਂ ਨੂੰ ਬਿਨ ਮੰਗੀ ਸਲਾਹ ਹੈ ਕਿ ਇੱਕ ਮੈਡੀਟੇਸ਼ਨ ਕੈਂਪ ਲਾ ਕੇ ਹਿਰਦੇ-ਪ੍ਰਵਰਤਨ ਕਰਾਓ, ਨਵੇਂ ਨਾਅਰੇ ਸਿਖਾਓ। ‘ਅਸਾਡੇ ਮਾਹੀ ਦੀ ਇਹੋ ਨਿਸ਼ਾਨੀ, ਕੰਨ ਵਿੱਚ ਮੁੰਦਰਾਂ ਗੱਲ ਵਿੱਚ ਗਾਨੀ।’ ਜਿੰਨੇ ਵੀ ਲਿੱਬੜੇ ਤਿੱਬੜੇ ਨੇ, ਭਾਜਪਾ ਵਾਲੇ ਕੱਪੜਿਆਂ ਤੋਂ ਪਛਾਣ ਲੈਂਦੇ ਨੇ। ਈਡੀ ਲਿਆਉਂਦੇ ਨੇ, ਭਾਜਪਾ ਨਗਰੀ ਦੀ ਸੀੜ੍ਹੀ ਚੜ੍ਹਾਉਂਦੇ ਨੇ, ਨਵਿਆਂ ਦੇ ਗੱਲ ਪਰਨਾ ਪਾਉਂਦੇ ਨੇ, ਪੀੜ੍ਹੀ ’ਤੇ ਬਿਠਾਉਂਦੇ ਨੇ, ਫਿਰ ਗੰਗਾ ਜਲ ਨਾਲ ਨੁਹਾਉਂਦੇ ਨੇ। ਇੰਨੇ ਤਾਂ ਭੱਪੀ ਲਹਿਰੀ ਨੇ ਰਿਕਾਰਡ ਲਾਂਚ ਨਹੀਂ ਕੀਤੇ ਹੋਣੇ, ਜਿੰਨੇ ਭਾਜਪਾ ਨੇ ਕਾਂਗਰਸੀ ਪ੍ਰਿੰਟ ਰਿਲੀਜ਼ ਕੀਤੇ ਨੇ।

ਜਿਹੜੇ ਆਏ ਹੀ ਰੱਬ ਦੇ ਹੁਕਮਾਂ ’ਤੇ ਨੇ, ਉਨ੍ਹਾਂ ਵਿੱਚੋਂ ਭਾਜਪਾ ਨੂੰ ਰੱਬ ਤਾਂ ਦਿਸੂਗਾ ਹੀ … … ‘ਤੁਝ ਮੇਂ ਰੱਬ ਦਿਖਤਾ ਹੈ, ਯਾਰਾ ਮੈਂ ਕਯਾ ਕਰੂੰ।’ ਜ਼ਰੂਰ ਈਡੀ ਰੱਬ ਦੇ ਘਰ ਗੇੜਾ ਮਾਰ ਕੇ ਆਈ ਹੋਊ, ਤਾਂ ਹੀ ਰੱਬ ਦੇ ਬੰਦੇ ਭਾਜਪਾ ਦੇ ਚਰਨੀਂ ਲੱਗ ਰਹੇ ਨੇ। ਜਨ-ਸੰਘ ਵਾਲੇ ਕਿਸੇ ਵੇਲੇ ਪੰਜਾਬੀ ਦੇ ਵਿਰੋਧ ਵਿੱਚ ਉਚਾਰਣ ਵਿਗਾੜ ਕੇ ਨਾਅਰੇ ਮਾਰਦੇ ਹੁੰਦੇ ਸਨ, ‘ਊਡਾ-ਈਡੀ ਨਹੀਂ ਪੜ੍ਹਾਂਗੇ।’ ਸਮੇਂ ਦੇ ਰੰਗ ਵੇਖੋ, ਅੱਜ ਉਹੀ ਈਡੀ ਭਾਜਪਾ ਦੇ ਕੰਮ ਆ ਰਹੀ ਹੈ।

ਹਕੂਮਤਾਂ ਦੇ ਖ਼ੂਨ ਵਿੱਚ ਇੱਲ੍ਹਪੁਣਾ ਹੈ, ਤਾਂਹੀਓਂ ਭਾਜਪਾਈ ਪੰਜਿਆਂ ਵਿੱਚ ਕਿਤੇ ਬਿੱਟੂ ਫਸ ਜਾਂਦਾ ਹੈ ਤੇ ਕਿਤੇ ਸੁਸ਼ੀਲ ਰਿੰਕੂ। ਨਾਲੇ ਆਪਣਾ ਸੁਸ਼ੀਲ ਰਿੰਕੂ ਤਾਂ ਹੈ ਹੀ ਉਸ ਸੁਸ਼ੀਲ ਕੰਨਿਆ ਵਰਗਾ ਜਿਹੜੀ ਅਣਜਾਣੇ ਵਿੱਚ ਕਿਸੇ ਦੋਸਤ ਨਾਲ ਰੰਝੇਟੜੇ ਚਲੀ ਜਾਂਦੀ ਹੈ। ਜ਼ਰਾ ਯਾਦ ਕਰੋ, ਕੇਜਰੀਵਾਲ ਨੇ ਇਸ ਅਕਬਰੀ ਰਤਨ ਨੂੰ ਕਿਵੇਂ ਪਾਲ ਪਲੋਸ ਇਨਕਲਾਬੀ ਬਣਾਇਆ। ਭਾਜਪਾ ਨੇ ‘ਇਨਕਲਾਬ’ ਹੀ ਲੁੱਟ ਲਿਆ। ਪਾਰਲੀਮੈਂਟ ਅੱਗੇ ਆਪਣੇ ਆਪ ਨੂੰ ਸੰਗਲਾਂ ਵਿੱਚ ਜਕੜ ਰਿੰਕੂ ਨੇ ਇਸ਼ਾਰਾ ਵੀ ਕੀਤਾ ਪਰ ‘ਆਪ’ ਦਾ ਪਾਠਕ ਪੜ੍ਹ ਨਾ ਸਕਿਆ। ਕਿਧਰੋਂ ਚਮਕੀਲਾ ਜੋੜੀ ਦਾ ਗੀਤ ਵੱਜਿਆ, ‘ਰੋਦੀਂ ਕੁਰਲਾਉਂਦੀ ਨੂੰ, ਵੇ ਕੋਈ ਲੈ ਚੱਲਿਆ ਮੁਕਲਾਵੇ।’

ਸੁਸ਼ੀਲ ਰਿੰਕੂ ਜਦੋਂ ਅਯੁੱਧਿਆ ਦਰਸ਼ਨ ਮਗਰੋਂ ਵਾਪਸ ਜਲੰਧਰ ਪਰਤੇ ਸੀ, ਉਦੋਂ ਭਗਵੰਤ ਮਾਨ ਨੇ ਬਥੇਰਾ ਸਮਝਾਇਆ, ਪਰ ਵੇਲਾ ਹੱਥ ਨਾ ਆਇਆ ਜਦੋਂ ਬੁੜਬੁੜ ਕਰਦੇ ਰਿੰਕੂ ਭਾਜਪਾ ਦੇ ਟਰੱਕ ’ਤੇ ਜਾ ਚੜ੍ਹੇ। ਟਰੱਕ ਡਰਾਈਵਰ ਜਾਖੜ ਨੇ ਰਿੰਕੂ ਨੂੰ ਤਾੜਿਆ ਤੇ ਗਾਣਾ ਵਜਾ ਦਿੱਤਾ, ‘ਮਿੱਤਰਾਂ ਦਾ ਚੱਲਿਆ ਟਰੱਕ ਨੀ ਚੁੱਪ ਕਰਕੇ ਬਹਿ’ਜਾ।’ ਰਿੰਕੂ ਜਲੰਧਰੀ ਇੰਨੇ ਸੁਸ਼ੀਲ ਨੇ, ਕੱਛੇ ਵਾਂਗ ਪਾਰਟੀ ਬਦਲ ਦਿੰਦੇ ਨੇ। ਹੁਣ ਪੰਜਾਬ ਤਰਫ਼ੋਂ ਆਸਾ ਸਿੰਘ ਮਸਤਾਨਾ ਪੁੱਛ ਰਹੇ ਨੇ, ‘ਪੇਕੇ ਜਾਣ ਵਾਲੀਏ, ਮਖਾ ਨੀ ਕਿੰਨਾ ਚਿਰ ਲਾਏਂਗੀ।’

ਇਨਕਲਾਬੀ ਐੱਮਐੱਲਏ ਸੀਤਲ ਅੰਗੁਰਾਲ ਵੀ ਸਿੱਧਾ ਭਾਜਪਾ ਦੀ ਫਰਿੱਜ ਵਿੱਚ ਜਾ ਲੱਗਿਆ। ਅੰਗੁਰਾਲ ਨੇ ਕਿਤੇ ਸੋਹਣ ਸਿੰਘ ਸੀਤਲ ਦਾ ਨਾਵਲ ‘ਤੂਤਾਂ ਵਾਲਾ ਖੂਹ’ ਪੜ੍ਹਿਆ ਹੁੰਦਾ ਤਾਂ ਭਾਜਪਾ ਦਾ ਕਾਰਪੋਰੇਟੀ ਚਿਹਰਾ ਪੜ੍ਹ ਪਾਉਂਦਾ। ਚੋਣਾਂ ਵੇਲੇ ਮੁਸ਼ਕਲਾਂ ਜਥਿਆਂ ਵਿੱਚ ਆਉਂਦੀਆਂ ਨੇ। ਪੰਜਾਬੀ ਕਿੰਨੇ ਕਿਸਮਤ ਵਾਲੇ ਨੇ, ਸਿੰਗਲ ਵਿੰਡੋ ਵਿੱਚੋਂ ਹੀ ਹੁਣ ਸਭ ਸੁਵਿਧਾ ਮਿਲੂ। ਪੰਜਾਬੀ ਜਨੋ! ਰਵਨੀਤ ਬਿੱਟੂ ਦਾ ਬਾਹਰੋਂ ਲਿਬਾਸ ਦੇਖ ਭਾਜਪਾ ਆਲਾ ਸੁਆਦ ਲਓ, ਅੰਦਰੋਂ ਕਾਂਗਰਸੀ ਰੂਹ ਦੇ ਦਰਸ਼ਨ ਵੀ ਕਰੋ। ਸਿਆਸੀ ਭੰਵਰੇ ਨੇ, ਕਦੇ ਕਾਂਗਰਸ ਦੇ ਫੁੱਲ ’ਤੇ ਬੈਠਦੇ ਨੇ, ਕਦੇ ਕਮਲ ਦੇ ਫੁੱਲ ’ਤੇ।

ਕਾਂਗਰਸੀ ਰਾਜ ਕੁਮਾਰ ਚੱਬੇਵਾਲ, ਵਿਚਾਰੇ ਵਿਧਾਨ ਸਭਾ ਵਿੱਚ ਸੰਗਲੀ ਲੈ ਕੇ ਪੁੱਜੇ ਸਨ, ਸਮੇਤ ਸੰਗਲੀ ਹੁਣ ‘ਬਦਲਾਅ’ ਦੇ ਤਾਂਗੇ ’ਤੇ ਚੜ੍ਹ ਗਏ। ਗੁਰਪ੍ਰੀਤ ਜੀਪੀ ਤਾਂਗਾ ਸਵਾਰ ਬਣ ਗਏ ਨੇ। ਰਾਜਾ ਵੜਿੰਗ ਕੰਨ ’ਤੇ ਹੱਥ ਰੱਖ ਹੇਕ ਲਾ ਰਹੇ ਸਨ, ‘ਪਰਦੇਸੀ! ... ਪਰਦੇਸੀ! ਜਾਨਾ ਨਹੀਂ ਮੁਝੇ ਛੋੜ ਕੇ …।’ ਪ੍ਰਭੂ ਦੀ ਲੀਲ੍ਹਾ ਨਿਆਰੀ ਹੈ, ਵਿਰੋਧੀ ਧਿਰਾਂ ਨੂੰ ਜਨਮ ਪੱਤਰੀ ਦਿਖਾ ਲੈਣੀ ਚਾਹੀਦੀ ਹੈ। ਜ਼ਰੂਰ ਸਾੜ੍ਹਸਤੀ ਚੱਲ ਰਹੀ ਹੋਊ, ਇਕੱਲੀ ਤਿਲ਼-ਚੌਲ਼ੀ ਪਾ ਕੇ ਨਹੀਂ ਸਰਨਾ।

ਜਿਵੇਂ ਪੰਜਾਬ ਭਾਜਪਾ ਦਾ ਹੁਣ ਕਾਂਗਰਸੀਕਰਨ ਹੋਇਆ ਹੈ, ਉਸ ਨੂੰ ਦੇਖ ਲਗਦਾ ਹੈ ਕਿ ਮਨੋਰੰਜਨ ਕਾਲੀਆਂ ਨੂੰ ਕੌੜਾ ਘੁੱਟ ਭਰਨਾ ਪਊ ਤੇ ਹਰਜੀਤ ਗਰੇਵਾਲ ਨੂੰ ਸਬਰ ਦਾ ਘੁੱਟ। ਅਸਾਂ ਦੇ ਸੁਪਨੇ ਵਿੱਚ ਇੱਕ ਦਿਨ ਕਾਲੀਆਂ ਤੇ ਗਰੇਵਾਲ ਆਏ। ਪੁੱਛਣ ਲੱਗੇ ਕਿ ਬਈ! ਅਸੀਂ ਤਾਂ ਵਿਹਲੇ ਹੋ ਗਏ, ਹੁਣ ਕੀ ਕਰੀ?। ਅਸਾਂ ਲੱਖਣ ਲਾ ਸਮਝਾਇਆ ਕਿ ਜਿਉਂਦੇ ਜੀਅ ਕੋਈ ਕੰਮਾਂ ਦਾ ਘਾਟਾ ਐ। ਗੱਲ ਲੜ ਬੰਨ੍ਹੋ, ਹੁਣ ਚੋਣ ਜਲਸੇ ਹੋਣਗੇ। ਗਰੇਵਾਲ ਸਾਹਿਬ! ਜਿੱਥੇ ਬੀਬੀ ਪਰਨੀਤ ਕੌਰ ਚੋਣ ਜਲਸਾ ਕਰਨ, ਉੱਥੇ ਪਹਿਲਾਂ ਜਾਓ, ਝਾੜੂ ਲਾਓ, ਦਰੀਆਂ ਵਿਛਾਓ, ਟੈਂਟ ਲਗਾਓ, ਵਰਕਰਾਂ ਨੂੰ ਪਾਣੀ ਪਿਲਾਓ।

ਕਾਲੀਆ ਜੀ ਅੱਗੇ ਹੋ ਕੇ ਪੁੱਛਣ ਲੱਗੇ, ਦਾਸ ਨੂੰ ਕੀ ਹੁਕਮ। ਕਾਲੀਆ ਬਾਬੂ! ਜਿੱਥੇ ਸੁਸ਼ੀਲ ਰਿੰਕੂ ਜਾਣ, ਉੱਥੇ ਉਨ੍ਹਾਂ ਦੇ ਗੁਣ ਗਾਓ, ਸੰਗਤਾਂ ਨੂੰ ਹੱਥੀਂ ਲੰਗਰ ਪਾਣੀ ਛਕਾਓ। ਅਸਾਡੇ ਸੁਪਨੇ ਵਿੱਚ ਐਨ ਪੂਰਾ ਰੰਗ ਬੱਝਿਆ, ਕਿਤੇ ਟਕਸਾਲੀ ਭਾਜਪਾਈ ਨਵੇਂ ਸਜਿਆਂ ਦੇ ਅੱਗੇ ਝਾੜੂ ਮਾਰਦੇ ਪਏ ਸਨ, ਕਿਤੇ ਦਰੀਆਂ ਵਿਛਾਉਂਦੇ ਪਏ ਸਨ। ਜਹਾਂ ਚਾਹ, ਵਹਾ ਰਾਹ। ਨਾਲੇ ਵਾਜਪਾਈ ਨੂੰ ਧਿਆ ਗਾਣਾ ਗਾਉਂਦੇ ਪਏ ਸਨ, ‘ਤੂੰ ਕੀ ਜਾਣੇ ਸੱਜਣਾ ਮੈਂ ਇੱਥੇ ਕਿੰਨੀ ਮਜਬੂਰ।’ ਲਗਦਾ ਹੈ ਕਿ ਭਾਜਪਾ ਆਲੀ ਦਲ-ਬਦਲੂ ਰੈਜਮੈਂਟ ਦਾ ਮਾਣ ਸਤਿਕਾਰ ਐਤਕੀਂ ਪੂਰਾ ਪੰਜਾਬ ਕਰੂ। ਜਿਵੇਂ ਭਾਜਪਾ ਨੇ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਨੂੰ ਬਿਠਾਇਆ ਸੀ, ਉਵੇਂ ਹੁਣ ਕਿਸਾਨ ਭਾਜਪਾਈਆਂ ਨੂੰ ਪਲਕਾਂ ’ਤੇ ਬਿਠਾਉਣਗੇ। ਕੋਈ ਸ਼ੱਕ ਹੋਵੇ ਤਾਂ ਹੰਸ ਰਾਜ ਹੰਸ ਨੂੰ ਪੁੱਛ ਲੈਣਾ।

ਰਵਨੀਤ ਬਿੱਟੂ ਆਖਦੇ ਪਏ ਨੇ ਕਿ ਪੰਜਾਬ ਦੀ ਤਰੱਕੀ ਲਈ ਭਾਜਪਾ ਦੇ ਘਰ ਤਕ ਗਏ ਹਾਂ। ਸੁਸ਼ੀਲ ਰਿੰਕੂ ਆਖਦਾ ਪਿਆ ਹੈ ਕਿ ਨਵਾਂ ਜਲੰਧਰ ਬਣਾਉਣ ਲਈ ਅੱਕ ਚੱਬਿਐ। ਮੰਨ ਗਏ ਥੋਡੀ ਨਿਸ਼ਕਾਮ ਸੇਵਾ ਨੂੰ। ਪੁਰਾਣੀ ਕਹਾਵਤ ਹੈ, ‘ਤੂੜੀ ਵੀ ਗਲੀ ਪਈ ਸੀ, ਬਲਦ ਵੀ ਭੁੱਖਾ ਸੀ, ਦੋਵਾਂ ਦਾ ਸਰ ਗਿਆ।’ ਪੁਰਾਣੇ ਸਮਿਆਂ ਵਿੱਚ ਜਦੋਂ ਕੋਈ ਜਹਾਨੋਂ ਚਲਾ ਜਾਂਦਾ ਤਾਂ ਭਟਕਦੀ ਰੂਹ ਦੀ ਪੰਡਤ ਗਤੀ ਕਰਦੇ। ਭਟਕਦੀ ਰੂਹ ਆਪਣਾ ਹਿੱਸਾ ਮੰਗਦੀ। ਨਾਟਕ ‘ਦੇਵ ਪੁਰਸ਼ ਹਾਰ ਗਏ … …’ ਵਿੱਚ ਭਟਕਦੀ ਰੂਹ ਖੀਰ ਮੰਗਦੀ ਹੈ। ਭਟਕਦੀ ਰੂਹ ਨੂੰ ਪੰਡਤ ਆਖਦੇ, ਲਾਣੇਦਾਰਾ! ਆ ਚੱਲੀਏ, ਬੈਠ ਗੱਡੀ ਵਿੱਚ।

ਦਲ-ਬਦਲੀ ਦੀ ਦਲਦਲ ਦੇਖ ਜਾਪਦਾ ਹੈ ਕਿ ਜ਼ਰੂਰੀ ਨਹੀਂ ਮੌਤ ਮਗਰੋਂ ਹੀ ਰੂਹ ਭਟਕੇ। ਜੇ ਜਿਉਂਦੇ ਜੀਅ ਜ਼ਮੀਰ ਮਰ ਜਾਵੇ ਤਾਂ ਉਹਦੀ ਭਟਕਣਾ ਵੀ ਘੱਟ ਨਹੀਂ ਹੁੰਦੀ। ਫਿਰ ਸਿਆਸੀ ਰੂਹਾਂ ਵੀ ਆਪਣਾ ਹਿੱਸਾ ਮੰਗਦੀਆਂ ਨੇ। ਕੁਰਸੀ ਖ਼ਾਤਰ ਇਖ਼ਲਾਕ ਨੂੰ ਸੂਲੀ ’ਤੇ ਚੜ੍ਹਾ ਦਿੰਦੀਆਂ ਨੇ, ਦੀਨ ਇਮਾਨ ਨੂੰ ਉਮਰ ਕੈਦ ਕਰਾ ਦਿੰਦੀਆਂ ਨੇ। ਬੱਸ ਆਹ ਚਾਰ-ਟੰਗੀ ਕੁਰਸੀ ਖ਼ਾਤਰ। ਅਖੀਰ ਵਿੱਚ ਮੁਹੰਮਦ ਰਫ਼ੀ ਤੋਂ ਇਹ ਧਰਵਾਸਾ ਲੈਂਦੇ ਜਾਓ- “ਆਦਮੀ ਮੁਸਾਫ਼ਿਰ ਹੈ, ਆਤਾ ਹੈ ਜਾਤਾ ਹੈ …”

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4881)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਚਰਨਜੀਤ ਭੁੱਲਰ

ਚਰਨਜੀਤ ਭੁੱਲਰ

WhatsApp: (91 - 94170 - 11171)
Email: (btiharpreet@gmail.com)