MohinderpalSDhaliwal7“ਮਾਂ ਬੋਲੀ ਅਤੇ ਮਾਤ-ਭੂਮੀ ਦੀ ਬੋਲੀ ਦੇ ਫਰਕ ਨੂੰ ਸਮਝਣਾ ਅਤੇ ਮੰਨਣਾ ਅੱਜ ਕੱਲ੍ਹ ਬਹੁਤ ਜ਼ਰੂਰੀ ...”
(8 ਜਨਵਰੀ 2023)
ਮਹਿਮਾਨ: 152.


2021
ਵਿੱਚ ਹਰ ਦਸ ਸਾਲ ਬਾਅਦ ਹੋਣ ਵਾਲੀ ਮਰਦਮਸ਼ੁਮਾਰੀ ਦੇ ਅੰਕੜੇ ਅਖਬਾਰਾਂ ਵਿੱਚ ਨਸ਼ਰ ਹੋਏ ਹਨ। ਇਹਨਾਂ ਅੰਕੜਿਆ ਅਨੁਸਾਰ ਯੂ ਕੇ ਵਿੱਚ ਕ੍ਰਿਸਚੀਅਨ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਅੱਧ ਤੋਂ ਵੀ ਘਟ ਗਈ ਹੈ। ਇਸਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਯੂ ਕੇ ਵਿੱਚ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਗਰੁੱਪ ਵਿੱਚ ਬਹੁਤੇ ਲੋਕ ਨੌਜਵਾਨ ਹਨ ਜਿਹੜੇ ਕਿਸੇ ਵੀ ਧਰਮ ਨੂੰ ਮੰਨਣ ਤੋਂ ਇਨਕਾਰੀ ਹਨ। ਬ੍ਰਿਟੇਨ ਪਹਿਲਾਂ ਨਾਲੋਂ ਵੱਧ ਸੈਕੂਲਰ ਹੋ ਗਿਆ ਹੈ।

ਹੋਰ ਵੀ ਬਹੁਤ ਸਾਰੇ ਦਿਲਚਸਪ ਅੰਕੜੇ ਆਏ ਹਨ ਪਰ ਪੰਜਾਬੀ ਲੋਕਾਂ ਲਈ ਬੋਲੀ ਸਬੰਧੀ ਆਏ ਅੰਕੜਿਆਂ ਨੂੰ ਲੈ ਕੇ ਕੁਝ ਲੋਕ ਬਹੁਤ ਹੈਰਾਨ ਹੋਏ ਹਨ ਤੇ ਬੇਚੈਨ ਵੀ। ਤਕਰੀਬਨ 10 ਲੱਖ ਪੰਜਾਬੀ (ਪਾਕਿਸਤਾਨੀ ਅਤੇ ਭਾਰਤੀ) ਇਸ ਦੇਸ਼ ਵਿੱਚ ਰਹਿੰਦੇ ਹਨ। ਤਿੰਨ ਕੁ ਲੱਖ ਲੋਕਾਂ ਨੇ ਆਪਣੀ ਬੋਲੀ ਪੰਜਾਬੀ ਲਿਖਾਈ ਹੈ। ਇਹ ਅੰਕੜਾ ਕਈ ਲੋਕਾਂ ਨੂੰ ਬਹੁਤ ਹੈਰਾਨੀਜਨਕ ਲਗਦਾ ਹੈ। ਆਉ ਇਸ ਬਾਰੇ ਥੋੜ੍ਹੀ ਚਰਚਾ ਕਰੀਏ।

ਮਾਂ ਬੋਲੀ ਨਾਲ ਪਿਆਰ ਅਤੇ ਮਹੱਤਵ ਬਾਰੇ ਆਮ ਹੀ ਗੱਲ ਹੁੰਦੀ ਰਹਿੰਦੀ ਹੈ ਪਰ ਮਾਂ ਬੋਲੀ ਦੀ ਪ੍ਰੀਭਾਸ਼ਾ ਬਾਰੇ ਘੱਟ ਹੀ ਵਿਚਾਰ ਹੁੰਦੀ ਹੈ। ਬਹੁਤੇ ਲੋਕਾਂ ਲਈ ਇਹ ਬਹੁਤ ਸਿੱਧੀ ਸਾਦੀ ਗੱਲ ਹੈ - ਮਾਂ ਦੀ ਬੋਲੀ। ਪਰ ਮਾਤ-ਭੂਮੀ ਦੀ ਬੋਲੀ ਦੇ ਮਹੱਤਵ ਬਾਰੇ ਕੋਈ ਘੱਟ ਹੀ ਗੱਲ ਕਰਦਾ ਹੈ। ਕੁਝ ਸਮਾਂ ਪਹਿਲਾਂ ਮਾਂ ਅਤੇ ਮਾਤ-ਭੂਮੀ ਦੀ ਬੋਲੀ ਇੱਕੋ ਹੀ ਹੁੰਦੀ ਸੀ। ਉਦੋਂ ਕੋਈ ਸਵਾਲ ਖੜ੍ਹਾ ਨਹੀਂ ਸੀ ਹੁੰਦਾ। ਹੁਣ ਮਾਈਗਰੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਪੰਜਾਬ ਵਿੱਚ ਜੰਮੀ ਕੁੜੀ ਬ੍ਰਿਟੇਨ ਵਿੱਚ ਵਿਆਹ ਕਰ ਲੈਂਦੀ ਹੈ ਤਾਂ ਉਸ ਦੇ ਬੱਚੇ ਇੱਥੇ ਜੰਮਦੇ ਹਨ। ਉਹਨਾਂ ਦੀ ਮਾਤ-ਭੂਮੀ ਇੰਗਲੈਂਡ ਹੈ, ਉਹਨਾਂ ਦੀ ਮਾਂ ਦੀ ਮਾਤ-ਭੂਮੀ ਪੰਜਾਬ ਹੈ। ਜਿਵੇਂ ਉਹਨਾਂ ਦੀ ਮਾਂ ਦਾ ਆਪਣੀ ਮਾਤ-ਭੂਮੀ ਨਾਲ ਰਿਸ਼ਤਾ ਅਟੁੱਟ ਹੈ ਤੇ ਉਸ ਨੂੰ ਆਪਣੀ ਜਨਮ-ਭੋਏਂ ਨਾਲ ਪਿਆਰ ਹੈ ਉਵੇਂ ਹੀ ਉਸ ਦੇ ਬੱਚਿਆਂ ਨੂੰ ਆਪਣੀ ਮਾਤ-ਭੂਮੀ ਨਾਲ ਪਿਆਰ ਹੋਣਾ ਕੁਦਰਤੀ ਵਰਤਾਰਾ ਹੈ।

ਇਸ ਗੱਲ ਤੋਂ ਸਾਰੇ ਸਪਸ਼ਟ ਹਨ ਭਾਵੇਂ ਕਈ ਲੋਕਾਂ ਨੂੰ ਮੰਨਣਾ ਔਖਾ ਲੱਗੇ ਕਿ ਬੱਚਾ ਮਾਤ-ਭੂਮੀ ਦੀ ਬੋਲੀ ਨੂੰ ਹੀ ਅਪਣਾਉਂਦਾ ਹੈ। ਉਹੋ ਬੋਲੀ ਹੀ ਉਸ ਦੀ ਪਹਿਲੀ ਭਾਸ਼ਾ ਦਾ ਸਥਾਨ ਲੈਂਦੀ ਹੈ। ਸਾਡੇ ਸਭ ਦੇ ਬੱਚਿਆਂ ਦਾ ਇਹੋ ਹਾਲ ਹੈ। ਪੰਜਾਬ ਵਿੱਚ ਯੂ ਪੀ ਅਤੇ ਬਿਹਾਰ ਤੋਂ ਲੋਕ ਕੰਮਾਂ ਲਈ ਆਏ। ਉਹ ਭੋਜਪੁਰੀ ਬੋਲਦੇ ਹਨ। ਜਦੋਂ ਉਹ ਪੰਜਾਬ ਵਿੱਚ ਰਹਿਣ ਲੱਗੇ ਤੇ ਉਹਨਾਂ ਦੇ ਬੱਚੇ ਪੰਜਾਬ ਵਿੱਚ ਪੈਦਾ ਹੋਏ ਤਾਂ ਉਹਨਾਂ ਨੇ ਪੰਜਾਬੀ ਨੂੰ ਹੀ ਆਪਣੀ ਪਹਿਲੀ ਬੋਲੀ ਬਣਾਇਆ, ਜੋ ਅਸਲ ਵਿੱਚ ਕੁਦਰਤੀ ਵਰਤਾਰਾ ਹੈ। ਅੱਜ ਉਹ ਬੱਚੇ ਹੀ ਪੰਜਾਬੀ ਨੂੰ ਸਾਂਭ ਰਹੇ ਹਨ। ਉਹ ਪੰਜਾਬੀ ਵਿੱਚ ਭੰਗੜਾ, ਗਿੱਧਾ ਤੇ ਲੋਕ ਬੋਲੀਆਂ ਅਤੇ ਗੀਤਾਂ ਨੂੰ ਗਾਉਂਦੇ ਹਨ ਤੇ ਉਹਨਾਂ ਦਾ ਅਨੰਦ ਮਾਣਦੇ ਹਨ, ਉਵੇਂ ਹੀ ਜਿਵੇਂ ਸਾਡੇ ਬੱਚੇ ਅੰਗਰੇਜ਼ੀ ਬੋਲਦੇ ਅਤੇ ਉਸ ਦਾ ਅਨੰਦ ਮਾਣਦੇ ਹਨ। ਪੰਜਾਬ ਵਿੱਚੋਂ ਕਈ ਲੋਕ ਕਲਕੱਤੇ (ਜਾਂ ਹੋਰ ਸ਼ਹਿਰਾਂ ਵਿੱਚ) ਜਾ ਕੇ ਵਸੇ। ਜਿਹੜੇ ਆਪਣੇ ਪਰਿਵਾਰ ਵੀ ਨਾਲ ਲੈ ਗਏ, ਉਹਨਾਂ ਦੇ ਬੱਚਿਆਂ ਦੀ ਪਹਿਲੀ ਭਾਸ਼ਾ ਬੰਗਾਲੀ ਬਣ ਗਈ ਭਾਵੇਂ ਉਹ ਕੁਝ ਪੰਜਾਬੀ ਵੀ ਬੋਲਦੇ ਸਮਝਦੇ ਹਨ, ਜਿਵੇਂ ਸਾਡੇ ਬੱਚੇ।

ਮਾਂ ਬੋਲੀ ਦੀ ਪਰਿਭਾਸ਼ਾ ਕੁਝ ਇਸ ਤਰ੍ਹਾਂ ਬਣਦੀ ਹੈ ਕਿ ਉਹ ਬੋਲੀ ਜਿਸ ਵਿੱਚ ਬੱਚਾ ਆਪਣੀ ਮਾਂ ਨਾਲ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨਾਲ ਗੱਲ ਕਰਦਾ ਹੈ ਤੇ ਉਹ ਬੋਲੀ ਮਾਤ-ਭੂਮੀ ਜਾਂ ਉਸ ਖਿੱਤੇ ਦੀ ਬੋਲੀ ਹੀ ਹੁੰਦੀ ਹੈ। ਉਹ ਬੋਲੀ ਜਿਸ ਨੂੰ ਉਹ ਸਾਰੀ ਉਮਰ ਨਹੀਂ ਭੁੱਲਦਾ ਤੇ ਜਿਸ ਵਿੱਚ ਉਹ ਆਪਣੇ ਆਪ ਨੂੰ ਸਪਸ਼ਟ ਢੰਗ ਨਾਲ ਬਿਆਨ ਕਰ ਸਕਦਾ ਹੈ। ਮੈਨੂੰ ਮੇਰੇ ਇੱਕ ਦੋਸਤ ਨੇ ਕਿਸੇ ਪੰਜਾਬੀ ਡਾਕਟਰ ਬਾਰੇ ਗੱਲ ਸੁਣਾਈ। ਇਹ ਔਰਤ ਇੰਡੀਆ ਵਿੱਚੋਂ ਡਾਕਟਰੀ ਕਰਕੇ ਇੰਗਲੈਂਡ ਆ ਗਈ ਸੀ ਤੇ ਬਾਕੀ ਦੀ ਉਮਰ ਇੱਥੇ ਹੀ ਰਹੀ। ਸਾਰੀ ਉਮਰ ਡਾਕਟਰੀ ਕੀਤੀ ਤਾਂ ਅੰਗਰੇਜ਼ੀ ਨਾਲ ਉਸ ਦਾ ਕਰੀਬੀ ਰਿਸ਼ਤਾ ਹੋਣਾ ਕੁਦਰਤੀ ਸੀ। ਪਿਛਲੀ ਉਮਰ ਵਿੱਚ ਉਸ ਨੂੰ ਡਿਮੈਨਸ਼ੀਆ ਜਾਣੀ ਭੁੱਲਣ ਦੀ ਬਿਮਾਰੀ ਹੋ ਗਈ। ਹੌਲੀ ਹੌਲੀ ਉਹ ਅੰਗਰੇਜ਼ੀ ਦਾ ਬਹੁਤਾ ਹਿੱਸਾ ਭੁੱਲ ਗਈ ਪਰ ਪੰਜਾਬੀ ਉਸ ਨੂੰ ਚੰਗੀ ਤਰ੍ਹਾਂ ਯਾਦ ਰਹੀ ਕਿਉਂਕਿ ਪੰਜਾਬੀ ਉਸ ਦੀ ਮਾਂ ਬੋਲੀ ਸੀ।

ਜਿੱਥੇ ਵੀ ਬੱਚੇ ਜੰਮਦੇ ਹਨ ਉੱਥੋਂ ਦਾ ਹੀ ਕਲਚਰ ਅਪਣਾਉਂਦੇ ਹਨ ਤੇ ਉੱਥੋਂ ਦੀ ਹੀ ਬੋਲੀ। ਪਹਿਲੀ ਪੀੜ੍ਹੀ ਕੁਝ ਕੁ ਆਪਣੀ ਮਾਂ ਦੀ ਬੋਲੀ ਅਤੇ ਉਸ ਦੇ ਕਲਚਰ ਨਾਲ ਜੁੜੀ ਰਹਿੰਦੀ ਹੈ। ਅਗਲੀ ਪੀੜ੍ਹੀ ਆਪਣੀ ਮਾਤ-ਭੂਮੀ ਦੇ ਕਲਚਰ ਵਿੱਚ ਤਕਰੀਬਨ ਜਜ਼ਬ ਹੋ ਜਾਂਦੀ ਹੈ, ਭਾਵੇਂ ਉਹਨਾਂ ਦੇ ਨਾਂ ਤੇ ਰੰਗ ਆਪਣੇ ਦਾਦੀ ਦੀ ਮਾਤ-ਭੂਮੀ ਦੇ ਲੋਕਾਂ ਵਰਗਾ ਹੀ ਹੋਵੇ।

ਮਾਂ ਬੋਲੀ ਅਤੇ ਮਾਤ-ਭੂਮੀ ਦੀ ਬੋਲੀ ਦੇ ਫਰਕ ਨੂੰ ਸਮਝਣਾ ਅਤੇ ਮੰਨਣਾ ਅੱਜ ਕੱਲ੍ਹ ਬਹੁਤ ਜ਼ਰੂਰੀ ਹੋ ਗਿਆ ਹੈ। ਨਹੀਂ ਤਾਂ ਅਸੀਂ ਬੋਲੀ ਬਾਰੇ ਵਿਚਾਰ ਕਰਦੇ ਸਮੇਂ ਹਵਾ ਵਿੱਚ ਹੀ ਤਲਵਾਰਾਂ ਮਾਰੀ ਜਾਵਾਂਗੇ।

ਮਰਦਮ ਸ਼ੁਮਾਰੀ ਦੇ ਅੰਕੜਿਆਂ ਵਿੱਚ 10 ਲੱਖ ਵਿੱਚੋਂ 3 ਕੁ ਲੱਖ ਦਾ ਪੰਜਾਬੀ ਲਿਖਾਉਣ ਦਾ ਜਵਾਬ ਵੀ ਇਸ ਗੱਲ ਵਿੱਚ ਹੀ ਪਿਆ ਹੈ। ਜਿਹੜੇ ਲੋਕਾਂ ਦੀ ਮਾਤ-ਭੂਮੀ ਪੰਜਾਬ ਹੈ, ਉਹਨਾਂ ਨੇ ਆਪਣੀ ਬੋਲੀ ਪੰਜਾਬੀ ਲਿਖਾਈ ਹੈ ਤੇ ਉਹ ਇੰਨੇ ਕੁ ਹੀ ਲੋਕ ਹੋਣਗੇ। ਉਹਨਾਂ ਦੇ ਬੱਚਿਆਂ ਦੀ ਜਨਮ-ਭੂਮੀ ਯੂ ਕੇ ਹੈ ਤੇ ਉਹਨਾਂ ਦੀ ਪਹਿਲੀ ਬੋਲੀ ਜਾਂ ਮਾਂ ਬੋਲੀ ਅੰਗਰੇਜ਼ੀ ਹੈ ਤੇ ਉਹਨਾਂ ਨੇ ਆਪਣੀ ਬੋਲੀ ਅੰਗਰੇਜ਼ੀ ਲਿਖਾਈ ਹੈ। ਕੁਝ ਕੁ ਕੋਸ਼ਿਸ਼ਾਂ ਵੀ ਹੋਈਆਂ ਕਿ ਪੰਜਾਬੀ ਨੂੰ ਆਪਣੀ ਬੋਲੀ ਲਿਖਾਇਆ ਜਾਵੇ ਪਰ ਬੱਚੇ ਅਜਿਹਾ ਨਹੀਂ ਕਰਦੇ। ਉਹਨਾਂ ਨੂੰ ਅਜਿਹਾ ਕਰਨ ਦਾ ਕੋਈ ਫਾਇਦਾ ਵੀ ਨਹੀਂ। ਮੇਰੇ ਖਿਆਲ ਵਿੱਚ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ।

ਇੱਕ ਗੱਲ ਹੋਰ ਵਿਚਾਰਨੀ ਜ਼ਰੂਰੀ ਹੈ। ਪ੍ਰਵਾਸੀ ਪੰਜਾਬੀ ਆਪਣੀ ਮਾਂ ਬੋਲੀ ਸਬੰਧੀ ਬਹੁਤ ਭਾਵੁਕ ਵੀ ਹਨ ਤੇ ਦਿਲੋਂ ਇਸਦੇ ਵਿਕਾਸ ਲਈ ਚਿੰਤਤ ਵੀ ਹਨ। ਬਿਨਾਂ ਸ਼ੱਕ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ। ਬਹੁਤ ਸਾਰੇ ਗੁਰਦਵਾਰਿਆਂ ਵਿੱਚ ਜਾਂ ਪ੍ਰਾਈਵੇਟ ਵੀ ਪੰਜਾਬੀ ਦੀ ਸਿੱਖਿਆ ਲਈ ਸਕੂਲ ਖੁੱਲ੍ਹੇ ਹੋਏ ਹਨ। ਇੱਕ ਘਾਟ ਜ਼ਰੂਰ ਮਹਿਸੂਸ ਹੁੰਦੀ ਹੈ। ਉਹ ਇਹ ਕਿ ਪੰਜਾਬੀ ਨੂੰ ਪੜ੍ਹਾਉਣ ਲਈ ਜਾਂ ਸਿਖਾਉਣ ਲਈ ਆਧੁਨਿਕ ਮਾਧਿਅਮ ਨਹੀਂ ਅਪਣਾਇਆ ਜਾਂਦਾ। ਰੂਸ ਅਤੇ ਯੂਕਰੇਨ ਵਿੱਚ ਬਹੁਤ ਸਾਰੇ ਬੱਚੇ ਪੰਜਾਬ ਅਤੇ ਇੰਡੀਆ ਤੋਂ ਪੜ੍ਹਨ ਲਈ ਜਾਂਦੇ ਹਨ। ਉਹਨਾਂ ਨੂੰ ਇਹਨਾਂ ਬੋਲੀਆਂ ਬਾਰੇ ਕੋਈ ਗਿਆਨ ਨਹੀਂ ਹੁੰਦਾ। ਪਰ ਉੱਥੇ ਪੜ੍ਹਾਈ ਉਹ ਆਪਣੀਆਂ ਬੋਲੀਆਂ ਵਿੱਚ ਹੀ ਕਰਵਾਉਂਦੇ ਹਨ। ਉਹ ਪਹਿਲੇ ਸਾਲ ਵਿਦਿਆਰਥੀਆਂ ਨੂੰ ਬੋਲੀ ਬੋਲਣ ਅਤੇ ਸਮਝਣ ਦੇ ਸਮਰੱਥ ਬਣਾਉਂਦੇ ਹਨ। ਵਿਦਿਆਰਥੀ ਵੀ ਦਿਲਚਸਪੀ ਲੈਂਦੇ ਹਨ ਕਿਉਂਕਿ ਉਹਨਾਂ ਦੀ ਲੋੜ ਹੁੰਦੀ ਹੈ। ਮੇਰੇ ਖਿਆਲ ਵਿੱਚ ਇਸ ਤੋਂ ਕੁਝ ਸਿੱਖਣ ਦੀ ਲੋੜ ਹੈ ਤੇ ਵਿਦੇਸ਼ਾਂ ਵਿੱਚ ਪੰਜਾਬੀ ਨੂੰ ਸਿਖਾਉਣ ਅਤੇ ਪੜ੍ਹਾਉਣ ਲਈ ਕੋਈ ਆਧੁਨਿਕ ਸਾਧਨ ਵਰਤਣ ਵੱਲ ਧਿਆਨ ਦੇਣਾ ਚਾਹੀਦਾ ਹੈ। ਨਾਲ ਹੀ ਪੰਜਾਬ ਸਰਕਾਰ ’ਤੇ ਵੀ ਜ਼ੋਰ ਪਾਉਣਾ ਚਾਹੀਦਾ ਹੈ ਕਿ ਉਹ ਪੰਜਾਬੀ ਦੀ ਪੜ੍ਹਾਈ ਵਿੱਚ ਹੀ ਨਹੀਂ ਸਗੋਂ ਸਮੁੱਚੀ ਪੜ੍ਹਾਈ ਵਿੱਚ ਹੋਰ ਨਿਵੇਸ਼ ਕਰੇ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3726)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)