BaljitParmar7“ਕਾਕਾ, ਮੈਂ ਤੇਰਾ ਦਿਲ ਨਹੀਂ ਦੁਖਾਉਣਾ ਚਾਹੁੰਦਾ ਪਰ ਹਕੀਕਤ ਇਹ ਹੈ ਕਿ ...”RajinderSBedi1
(6 ਜੂਨ 2022)
ਮਹਿਮਾਨ: 513.


RajinderSBedi1ਬੇਦੀ ਸਾਹਬ ਨਾਲ ਮੇਰੀ ਪਹਿਲੀ ਮੁਲਾਕਾਤ ਮਾਰਚ 1977 ਵਿੱਚ ਹੋਈ
। ਮੈਂ ਉਨ੍ਹੀਂ ਦਿਨੀਂ ਬੰਬਈ ਤੋਂ ਛਪਦੇ ਪੰਜਾਬੀ ਹਫ਼ਤਾਵਾਰ ਅਖਬਾਰ ‘ਰਣਜੀਤ” ਵਿੱਚ ਕੰਮ ਕਰਦਾ ਸੀ। ਸੰਪਾਦਕ ਨੇ ਮੇਰੇ ਜ਼ਿੰਮੇ ਸਿਰਕੱਢ ਪੰਜਾਬੀਆਂ ਨੂੰ ਇੰਟਰਵਿਊ ਕਰਨ ਦਾ ਕੰਮ ਲਾਇਆ ਹੋਇਆ ਸੀ। ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਮੈਂ ਬੇਦੀ ਸਾਹਬ ਬਾਰੇ ਬਹੁਤ ਕੁਝ ਸੁਣਿਆ ਜਾਣਿਆ ਸੀ। ਐਵੇਂ ਖ਼ਿਆਲ ਆਇਆ ਕਿ ਕਿਉਂ ਨਾ ਸ਼ੁਰੂਆਤ ਬੇਦੀ ਸਾਹਿਬ ਤੋਂ ਕੀਤੀ ਜਾਵੇ।

ਇਹਦਾ ਇੱਕ ਹੋਰ ਕਾਰਨ ਵੀ ਸੀ। ਅਖਬਾਰ ਦਾ ਮਾਲਿਕ ਰਣਜੀਤ ਸਿੰਘ ਜੌਹਰ ਬੇਦੀ ਸਾਹਿਬ ਦੀ ਬਰਾਦਰੀ ਦਾ ਹੀ ਸੀ ਤੇ ਉੱਤੋਂ ਸਿੰਘ ਵੀ। ਮੈਂ ਨਵਾਂ ਨਵਾਂ ਸੀ ਤੇ ਅਜੇ ਅੰਦਰਲੀਆਂ ਗੱਲਾਂ ਦਾ ਪਤਾ ਨਹੀਂ ਸੀ। ਖੈਰ ਮੈਂ ਬੇਦੀ ਸਾਹਬ ਦਾ ਇੱਧਰੋਂ ਉੱਧਰੋਂ ਪਤਾ ਲੱਭ ਲਿਆ।

ਮਟੁੰਗਾ ਸਥਿਤ ਖਾਲਸਾ ਕਾਲਜ ਦੇ ਸਾਹਮਣੇ ਡਾਨ ਬਾਸਕੋ ਸਕੂਲ ਹੈ ਤੇ ਉਹਦੀ ਕੰਧ ਨਾਲ ਲਗਦੀ ਗਲੀ ਵਿੱਚ ਬੇਦੀ ਸਾਹਬ ਦਾ ਫਲੈਟ ਹੁੰਦਾ ਸੀ, ਗਰਾਊਂਡ ਫਲੋਰ ਉੱਤੇ। ਫਲੈਟ ਤਾਂ ਕਹਿਣ ਲਈ ਸੀ, ਅਸਲੋਂ ਤਾਂ ਉਹ ਲੇਖਕਾਂ, ਕਵੀਆਂ, ਕਲਾਕਾਰਾਂ ਲਈ ਅਦਬੀ ਮੱਕੇ ਤੋਂ ਘੱਟ ਨਹੀਂ ਸੀ। ਡੋਰਬੈੱਲ ਬਜਾਈ ਤਾਂ ਬੇਦੀ ਸਾਹਬ ਦੇ ਪਿਆਰੇ ਨੌਕਰ ਤਰਲੋਚਨ ਨੇ ਬੂਹਾ ਖੋਲ੍ਹਿਆ। ਮੈਂ ਬੜਾ ਹੈਰਾਨ ਹੋਇਆ ਜਦੋਂ ਉਹਨੇ ਬਿਨਾਂ ਸਵਾਲ ਜਵਾਬ ਅੰਦਰ ਸੋਫ਼ੇ ’ਤੇ ਬਿਠਾ ਦਿੱਤਾ।

ਥੋੜ੍ਹੀ ਦੇਰ ਬਾਅਦ ਬੇਦੀ ਸਾਹਬ ਆਏ ਤੇ ਸਾਹਮਣੇ ਬੈਠ ਗਏ। ਚਿੱਟਾ ਕੁੜਤਾ ਪਜਾਮਾ ਤੇ ਨੰਗੇ ਸਿਰ। ਨਿੱਕਾ ਜਿਹਾ ਜੂੜਾ ਤੇ ਥੋੜ੍ਹੀ ਜਿਹੀ ਦਾੜ੍ਹੀ-ਚਿੱਤਕਬਰੀ।

“ਹਮ ਸ਼ਾਇਦ ਪਹਿਲੀ ਬਾਰ ਮਿਲ ਰਹੇ ਹੈ। ਫਰਮਾਈਏ!”

ਮੈਂ ਆਪਣੇ ਤੇ ਆਪਣੇ ਅਖਬਾਰ ਬਾਰੇ ਦੱਸਿਆ। ਤੇ ਨਾਲ ਇਹ ਕਿ ਮੈਂ ਇੰਟਰਵਿਊ ਕਰਨੀ ਹੈ।

ਬੇਦੀ ਸਾਹਬ ਜ਼ੋਰ ਦੀ ਹੱਸੇ ਤੇ ਤਰਲੋਚਨ ਨੂੰ ਜਲਦੀ ਚਾਹ ਦੇ ਦੋ ਕੱਪ ਲਿਆਉਣ ਲਈ ਹੁਕਮ ਦੇ ਦਿੱਤਾ।

ਮੈਂ ਖੁਸ਼ ਕਿ ਗੱਲ ਬਣ ਗਈ। ਪਰ ਅਗਲੇ ਹੀ ਪਲ ਮੈਂ ਘਬਰਾ ਗਿਆ ਜਦੋਂ ਬੇਦੀ ਸਾਹਿਬ ਕੜਕੇ, “ਚਾਏ ਜਲਦੀ ਲਾਓ, ਲੜਕੇ ਨੇ ਜਾਨਾ ਹੈ।”

ਚਾਹ ਆ ਗਈ। ਮੈਂ ਕਿਹਾ ਕਿ ਮੈਂਨੂੰ ਕੋਈ ਜਲਦੀ ਨਹੀਂ ਸਰ, ਮੈਂ ਤਾਂ ਇੰਟਰਵਿਊ ਕਰ ਕੇ ਹੀ ਜਾਵਾਂਗਾ।

ਬੇਦੀ ਸਾਹਬ ਨੇ ਮੈਂਨੂੰ ਘੂਰ ਕੇ ਦੇਖਿਆ ਤੇ ਬੋਲੇ, ਨਵਾਂ ਨਵਾਂ ਪੰਜਾਬੋਂ ਆਇਆ ਲਗਦਾ ਹੈਂ।

“ਏਕ ਕਾਮ ਕਰਤੇ ਹੈਂ। ਜਬ ਤਕ ਕੋਈ ਔਰ ਮਿਲਨੇ ਵਾਲਾ ਨਹੀਂ ਆਤਾ ਯਾ ਸਾਤ ਨਹੀਂ ਬਜਤੇ ਤੋਂ ਹਮ ਬਾਤ ਕਰ ਸਕਤੇ ਹੈਂ।” ਮੈਂ ਘੜੀ ਦੇਖੀ। ਸਾਢੇ ਛੇ ਵੱਜ ਚੁੱਕੇ ਸਨ।

ਉਹ ਜ਼ਮਾਨਾ ਸੀ ਜਦੋਂ ਗੂਗਲ ਬਾਬਾ ਨਹੀਂ ਸੀ ਹੁੰਦਾ। ਬੰਦੇ ਦੀ ਜਾਣਕਾਰੀ ਉਸ ਬੰਦੇ ਤੋਂ ਹੀ ਲੈਣੀ ਪੈਂਦੀ ਸੀ।

ਬੇਦੀ ਸਾਹਬ ਨੇ ਦੱਸਿਆ ਕਿ ਉਹਨਾਂ ਦਾ ਜੱਦੀ ਪਿੰਡ ਸਿਆਲਕੋਟ ਇਲਾਕੇ ਵਿੱਚ ਸੀ। ਮੁਢਲੀ ਤਾਲੀਮ ਉਰਦੂ ਵਿੱਚ ਹੋਈ ਤੇ ਬਾਅਦ ਦੀ ਅੰਗਰੇਜ਼ੀ ਵਿੱਚ। ਪੰਜਾਬੀ ਜਾਂ ਗੁਰਮੁਖੀ ਲਿਖਣ ਪੜ੍ਹਨ ਦਾ ਮੌਕਾ ਨਹੀਂ ਮਿਲਿਆ। ਤੇ ਉਹਨਾਂ ਨੇ ਇਸ ਕਮੀ ’ਤੇ ਅਫਸੋਸ ਵੀ ਜ਼ਾਹਿਰ ਕੀਤਾ। ਅਜ਼ਾਦੀ ਵੇਲੇ ਆਲ ਇੰਡੀਆ ਰੇਡੀਓ ਦੇ ਜੰਮੂ ਸਟੇਸ਼ਨ ’ਤੇ ਨੌਕਰੀ ਕੀਤੀ। ਸ਼ਾਦੀ ਕੀਤੀ। ਦੋ ਬੇਟੇ। ਨਰਿੰਦਰ ਅਤੇ ਰਾਜਕੁਮਾਰ। ਵੱਡਾ ਫਿਲਮ ਡਾਇਰੈਕਟਰ ਬਣ ਗਿਆ ਤੇ ਛੋਟਾ ਜਰਮਨੀ ਚਲਾ ਗਿਆ।

ਬਲਰਾਜ ਸਾਹਨੀ, ਅਮਰ ਕੁਮਾਰ ਅਤੇ ਗੀਤਾ ਬਾਲੀ ਨਾਲ ਮਿਲ ਕੇ ਇੱਕ ਕੋਆਪਰੇਟਿਵ ਫਿਲਮ ਨਿਰਮਾਣ ਕੰਪਨੀ ਬਣਾਈ। ਫਿਰ ਅੱਡ ਹੋ ਗਏ। ਡਾਚੀ ਫਿਲਮਜ਼ ਦੇ ਬੈਨਰ ਹੇਠ ਨਵੀਂ ਕੰਪਨੀ ਬਣਾਈ।

ਤੇ ਉਨ੍ਹੀਂ ਦਿਨੀਂ ਉਹ ਦੋ ਫਿਲਮਾਂ ’ਤੇ ਕੰਮ ਕਰ ਰਹੇ ਸਨ- ਆਖਿੰਨ ਦੇਖੀ ਅਤੇ ਨਵਾਬ ਸਾਹਿਬ। ਤੇ ਹੋਰ ਬਹੁਤ ਕੁਝ। ਮੈਂ ਜ਼ਿਆਦਾ ਸੁਣਦਾ ਰਿਹਾ ਤੇ ਥੋੜ੍ਹਾ ਥੋੜ੍ਹਾ ਲਿਖਦਾ ਰਿਹਾ।

ਇਸੇ ਦੌਰਾਨ ਮੈਂਨੂੰ ਅਚਾਨਕ ਇਹਸਾਸ ਹੋਇਆ ਕਿ ਹੁਣ ਬੇਦੀ ਸਾਬ ਹਿੰਦੀ ਉਰਦੂ ਵਿੱਚ ਨਹੀਂ ਬਲਕਿ ਠੇਠ ਪੰਜਾਬੀ ਵਿੱਚ ਗੱਲਾਂ ਕਰ ਰਹੇ ਸਨ। ਮੈਂ ਆਪਣੀ ਨੋਟਬੁੱਕ ’ਤੇ ਨਿਗਾਹ ਮਾਰੀ ਤਾਂ ਉੱਥੇ ਵੀ ਪੰਜਾਬੀ ਹੀ ਲਿਖੀ ਹੋਈ ਸੀ। ਇਹ ਤਬਦੀਲੀ ਅੱਧੇ ਘੰਟੇ ਅੰਦਰ ਕਦੋਂ ਤੇ ਕਿਵੇਂ ਹੋਈ ਪਤਾ ਹੀ ਨਾ ਚੱਲਿਆ।

ਅਗਲੇ ਸਵਾਲ ਲਈ ਮੂੰਹ ਖੁੱਲ੍ਹਣ ਤੋਂ ਪਹਿਲਾਂ ਅਚਾਨਕ ਡੋਰਬੈੱਲ ਖੜਕ ਗਈ। ਉਹਨਾਂ ਦੀ ਪਤਨੀ ਬਾਹਰੋਂ ਆ ਪਹੁੰਚੀ। ਘੜੀ ਵੇਖੀ ਤਾਂ ਪੂਰੇ ਸੱਤ ’ਤੇ ਸੂਈਆਂ।

ਮੇਰਾ ਦਿਲ ਬੈਠ ਜਿਹਾ ਗਿਆ। ਸਾਹ ਸੁੱਕ ਗਿਆ। ਅਜੇ ਹੁਣ ਤਾਂ ਤੰਦਾਂ ਪੈਣ ਲੱਗੀਆਂ ਸੀ ਤੇ ਗਲੋਟਾ ਬਿਖਰ ਗਿਆ। ਮੈਂ ਬੇਦਿਲੀ ਜਿਹੀ ਨਾਲ ਆਪਣੀ ਨੋਟਬੁੱਕ ਝੋਲੇ ਵਿੱਚ ਪਾਉਂਦਾ ਪਾਉਂਦਾ ਬੇਦੀ ਸਾਹਬ ਵੱਲ ਵੇਖਣ ਲੱਗਾ। ਸ਼ਾਇਦ ਉਹਨਾਂ ਨੂੰ ਵੀ ਮੇਰੇ ’ਤੇ ਤਰਸ ਆਇਆ।

“ਵਿਸਕੀ ਪੀ ਲੈਨੇ?” ਸ਼ਬਦ ਮੇਰੇ ਕੰਨਾਂ ਵਿੱਚ ਖੜਤਾਲਾਂ ਦੀ ਠਣਕ ਵਾਂਗ ਗੂੰਜੇ। ਬਿਨਾ ਸੋਚੇ ਸਮਝੇ ਮੂੰਹੋਂ ਨਿਕਲ ਗਿਆ- ਜੀ ਕਦੇ ਕਦੇ।

ਇਸ਼ਾਰਾ ਸਮਝਦੇ ਹੀ ਤਰਲੋਚਨ ਦੋ ਗਲਾਸ ਤੇ ਬੋਤਲ ਮੇਜ਼ ’ਤੇ ਧਰ ਗਿਆ। ਨਾਲ ਪਾਣੀ ਤੇ ਸੋਡਾ। ਕੁਝ ਹੋਰ ਨਿਕਸੁੱਕ।

ਮੈਂ ਹੱਕਾ ਬੱਕਾ। ਬੇਦੀ ਸਾਹਬ ਸਮਝ ਗਏ। ਐਵੇਂ ਤਾਂ ਨਹੀਂ ਇੰਨੇ ਵੱਡੇ ਲੇਖਕ ਬਣੇ। ਕਹਿੰਦੇ, “ਮੈਂਨੂੰ ਪਤਾ ਸੀ ਮੇਰੀ ਬੀਵੀ ਨੇ ਅੱਧੇ ਘੰਟੇ ਵਿੱਚ ਮੁੜ ਆ ਜਾਣਾ। ਕਿਉਂ ਨਾ ਇਹ ਕੀਮਤੀ ਵਕਤ ਇੱਕ ਅਣਜਾਣ ਬੰਦੇ ਨਾਲ ਗੁਜ਼ਾਰ ਲਿਆ ਜਾਵੇ। ਹੁਣ ਜਦ ਉਹ ਆ ਹੀ ਗਈ ਹੈ ਤਾਂ ਮੈਂ ਸੋਚਿਆ ਕਿ ਇਹਦੀਆਂ ਤਾਂ ਰੋਜ਼ ਸੁਣਦੇ ਹਾਂ, ਅੱਜ ਅਣਜਾਣ ਨੂੰ ਸੁਣਾ ਲਾਈਏ।” ਤੇ ਉਹ ਮੁਸਕੜੀਆਂ ਹੱਸਣ ਲੱਗੇ। ਇਹ ਅੰਦਾਜ਼ ਸੀ ਬੇਦੀ ਸਾਹਬ ਦਾ ਜਿਸ ’ਤੇ ਉਹਨਾਂ ਨੂੰ ਜਾਨਣ ਵਾਲੇ ਫ਼ਿਦਾ ਹੁੰਦੇ ਸਨ।

ਅਜੇ ਪਹਿਲਾ ਪੈੱਗ ਮੁੱਕਿਆ ਨਹੀਂ ਸੀ ਕਿ ਬੇਦੀ ਸਾਹਬ ਥੋੜ੍ਹਾ ਗੰਭੀਰ ਹੋ ਗਏ। ਕਹਿੰਦੇ, “ਕਾਕਾ, ਮੈਂ ਤੇਰਾ ਦਿਲ ਨਹੀਂ ਦੁਖਾਉਣਾ ਚਾਹੁੰਦਾ ਪਰ ਹਕੀਕਤ ਇਹ ਹੈ ਕਿ ਰਣਜੀਤ ਸਿੰਘ ਜੌਹਰ ਨੇ ਇਹ ਇੰਟਰਵਿਊ ਛਾਪਣੀ ਨਹੀਂ।” ਮੇਰਾ ਗਲਾਸ ਮਸਾਂ ਮਸਾਂ ਹੱਥੋਂ ਡਿਗਣੋਂ ਬਚਿਆ।

“ਕਿਉਂ ਸਰ?” ਆਪੇ ਹੀ ਮੇਰੇ ਮੂੰਹੋਂ ਨਿਕਲ ਗਿਆ।

“ਰਣਜੀਤ ਸਿੰਘ ਰਫਿਊਜੀ ਸਿੱਖ ਹੈ, ਮੇਰੇ ਵਰਗਾ। ਉਹਦੇ ਜ਼ਿਆਦਾ ਪਾਠਕ ਵੀ ਰਫਿਊਜੀ ਸਿੱਖ ਨੇ ਮੇਰੇ ਵਰਗੇ। ਪਰ ਇਹ ਸਾਰੇ ਮੈਂਨੂੰ ਪਸੰਦ ਨਹੀਂ ਕਰਦੇ। ਜੌਹਰ ਉਹਨਾਂ ਨੂੰ ਨਾਰਾਜ਼ ਨਹੀਂ ਕਰ ਸਕਦਾ। ਪੇਪਰ ਬੰਦ ਹੋ ਜਾਵੇਗਾ। ਪਰ ਇੱਕ ਤਰੀਕਾ ਹੈ। ਤੂੰ ਮੇਰਾ ਨਾਂ ਕੱਟ ਕੇ ਕਿਸੇ ਐਰੇ ਗੈਰੇ ਸਿੱਖ ਦਾ ਪਾ ਦੇ। ਸਭ ਛਪ ਜਾਵੇਗਾ। ਕੋਈ ਬਿਗਾਨਾ ਸਿਰ ਢਕ ਕੇ ਸਤਨਾਮ ਕਹਿ ਦੇਵੇ ਤਾਂ ਉਹਨੂੰ ਸਰੋਪੇ ਮਿਲਦੇ ਨੇ। ਤੇ ਅਸੀਂ ਘਰ ਦੇ ਜੋਗੀ। ਕੋਈ ਨੀ ਪੁੱਛਦਾ।” ਬੇਦੀ ਸਾਹਬ ਭਾਵੁਕ ਹੋ ਗਏ।

“ਚੰਗਾ ਤੂੰ ਹੁਣ ਚੱਲ। ਆਲ ਦ ਬੈੱਸਟ।” ਕਹਿ ਕੇ ਬੇਦੀ ਸਾਹਬ ਨੇ ਅੱਖਾਂ ਮੁੰਦ ਲਈਆਂ।

ਮੈਂ ਬਾਕੀ ਬਚੇ ਪੈੱਗ ਨੂੰ ਡੀਕ ਲਾਈ। ਬੇਦੀ ਸਾਹਬ ਦੇ ਪੈਰੀਂ ਹੱਥ ਲਾਇਆ ਤੇ ਅੱਧੇ ਕੁ ਮਨ ਨਾਲ ਤੁਰਦਾ ਬਣਿਆ।

ਅਗਲੇ ਦਿਨ ਪੂਰੀ ਇੰਟਰਵਿਊ ਲਿਖ ਕੇ ਐਡੀਟਰ ਦੇ ਅੱਗੇ ਧਰ ਦਿੱਤੀ। ਉਹਨੇ ਛਾਪਣੋਂ ਕੋਰਾ ਇਨਕਾਰ ਕਰ ਦਿੱਤਾ। ਬੇਦੀ ਸਾਹਬ ਦੀ ਕਹੀ ਪਹਿਲੀ ਗੱਲ ਸੱਚ ਨਿਕਲੀ।

ਦੋ ਕੁ ਹਫ਼ਤੇ ਬਾਅਦ ਮੈਂ ਪੂਨੇ ਜਾ ਕੇ ਅਚਾਰੀਆ ਰਜਨੀਸ਼ ਦੀ ਇੰਟਰਵਿਊ ਕਰ ਲਿਆਇਆ ਤੇ ਨਾਲ ਕੁਝ ਤਸਵੀਰਾਂ, ਜਿਹਨਾਂ ਵਿੱਚ ਰਜਨੀਸ਼ ਨੇ ਸਿਰ ’ਤੇ ਚਿੱਟੀ ਪੱਗ ਬੰਨ੍ਹੀ ਹੋਈ ਸੀ। ਉਹ ਇੰਟਰਵਿਊ ਪਹਿਲੇ ਪੰਨੇ ’ਤੇ ਛਪੀ। ਬੇਦੀ ਸਾਹਬ ਦੀ ਦੂਜੀ ਗੱਲ ਵੀ ਸਹੀ ਨਿਕਲੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3611)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਬਲਜੀਤ ਪਰਮਾਰ

ਬਲਜੀਤ ਪਰਮਾਰ

Mumbai, India.
Phone: (91 - 98701 - 31868)
Email: (baljeetp28@gmail.com)