Haripal7“ਪੰਡੋਰਾ ਪੇਪਰਾਂ ਨੇ ਦੁਨੀਆਂ ਭਰ ਦੇ ਟੈਕਸ ਸਿਸਟਮ ਦਾ, ਅੰਡਰ ਗਰਾਊਂਡ ਆਰਥਿਕਤਾ ਦਾ ਅਤੇ ਚੋਰੀ ਦਾ ...”
(4 ਨਵੰਬਰ 2021)

 

ਦੁਨੀਆਂ ਭਰ ਵਿੱਚ ਭੁੱਖ-ਮਰੀ, ਗਰੀਬੀ, ਬੇਰੁਜ਼ਗਾਰੀ ਦੀ ਮਾਰ ਲੋਕ ਝੱਲ ਰਹੇ ਹਨ। ਕੰਮ ਕਰਨ ਵਾਲ਼ੇ ਲੋਕ ਦਿਨ ਰਾਤ ਦੀ ਪਰਵਾਹ ਕੀਤੇ ਬਿਨਾਂ ਭੱਜੇ ਫਿਰਦੇ ਹਨ ਫਿਰ ਵੀ ਲੋਕਾਂ ਤੋਂ ਬਿੱਲ ਹੀ ਮਸਾਂ ਭਰੇ ਜਾਂਦੇ ਹਨ। ਕੰਮ ਕਰਨ ਵਾਲ਼ੇ ਲੋਕਾਂ ਤੋਂ ਆਪਣੇ ਪਰਿਵਾਰਾਂ ਕੋਲ਼ ਬੈਠਣ ਦਾ ਕੀਮਤੀ ਸਮਾਂ ਵੀ ਖੋਹ ਲਿਆ ਗਿਆ ਹੈ। ਦੁਨੀਆਂ ਭਰ ਦੇ ਪੱਚੀ ਪਰਸੈਂਟ ਚੁੱਲ੍ਹੇ ਸਿਰਫ ਦਿਨ ਵਿੱਚ ਇੱਕ ਅੱਧੀ ਵਾਰ ਹੀ ਤਪਦੇ ਹਨ। ਪਰਾਈਵੇਟ ਸਕੂਲਾਂ ਦੀ ਦੁਕਾਨ-ਨੁਮਾ ਬਿਜ਼ਨਿਸ ਨੇ ਸਰਕਾਰੀ ਸਕੂਲ ਸਿਸਟਮ ਫੇਲ ਕਰ ਦਿੱਤਾ ਹੈ ਜਾਂ ਕਰ ਰਿਹਾ ਹੈ। ਹਸਪਤਾਲ਼ ਵੀ ਗਰੀਬ ਲੋਕਾਂ ਦੇ ਵੱਸ ਦਾ ਰੋਗ ਨਹੀਂ ਰਹੇ। ਤੀਹ ਪੈਂਤੀ ਹਜ਼ਾਰ ਲੋਕ ਹਰ ਰੋਜ਼ ਭੁੱਖ ਨਾਲ਼ ਮਰ ਰਹੇ ਹਨ। ਹਰ ਸਾਲ ਲੱਖਾਂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਬਹੁਤ ਜਗ੍ਹਾ ਔਰਤਾਂ ਆਪਣਾ ਸਰੀਰ ਵੇਚ ਕੇ ਬੱਚਿਆਂ ਦਾ ਢਿੱਡ ਭਰਦੀਆਂ ਹਨ। ਬਲਾਤਕਾਰ, ਮਾਰਧਾੜ, ਚੋਰੀ ਚਕਾਰੀ, ਗੁੰਡਾਗਰਦੀ ਪ੍ਰਧਾਨ ਹੋ ਰਹੀ ਹੈ। ਕਿਤੇ ਲੋਕ ਹੜ੍ਹ ਨਾਲ਼ ਮਰ ਰਹੇ ਹਨ ਅਤੇ ਕਿਤੇ ਸੋਕੇ ਨਾਲ਼ ਮਰ ਰਹੇ ਹਨ। ਇਸ ਸਭ ਕਾਸੇ ਦੇ ਜ਼ਿੰਮੇਵਾਰ ਉਹ ਲੋਕ ਹਨ, ਜੋ ਲੋਕ ਕਰੋੜਾਂ ਦੀ ਆਮਦਨ ਹੋਣ ਦੇ ਬਾਵਜੂਦ ਟੈਕਸ ਵੀ ਨਹੀਂ ਦਿੰਦੇ ਸਗੋਂ ਪੈਸੇ ਦੇ ਜ਼ੋਰ ਨਾਲ਼ ਰਾਜਭਾਗ ’ਤੇ ਵੀ ਕਾਬਜ਼ ਹੋ ਰਹੇ ਹਨ, ਲੋਕਾਂ ਦਾ ਪੈਸਾ ਚੋਰੀ ਕਰਕੇ ਲੋਕਾਂ ’ਤੇ ਰਾਜ ਕਰਦੇ ਹਨ ਅਤੇ ਹੋਰ ਪੈਸਾ ਇਕੱਠਾ ਕਰਨ ਲਈ ਆਪਦੀਆਂ ਬਣਾਈਆਂ ਪੱਪਟ ਸਰਕਾਰਾਂ ਤੋਂ ਕਾਨੂੰਨ ਵੀ ਬਣਵਾ ਰਹੇ ਹਨ। ਲੋਕਤੰਤਰ ਨੂੰ ਇਹਨਾਂ ਲੋਕਾਂ ਨੇ ਮਜ਼ਾਕ ਬਣਾ ਦਿੱਤਾ ਹੈ ਅਤੇ ਸੰਵਿਧਾਨ ਨੂੰ ਇਹ ਲੋਕ ਮੋਮ ਦੇ ਪੁਤਲੇ ਤੋਂ ਵੱਧ ਕੁਝ ਨਹੀਂ ਸਮਝਦੇ।

ਹੁਣੇ ਹੁਣੇ ਸਾਹਮਣੇ ਆਈਆਂ ਪੰਡੋਰਾ ਪੇਪਰਜ਼ ਦੀਆਂ ਫਾਈਲਾਂ ਤੋਂ ਤੁਸੀਂ ਇਹਨਾਂ ਲੋਕਾਂ ਦੀਆਂ ਕਰਤੂਤਾਂ ਦੇਖ ਸਕਦੇ ਹੋ। ਗਰੀਬੀ ਲਈ ਇਹ ਲੋਕ ਗਰੀਬਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹਨ, ਪਰ ਗਰੀਬ ਲੋਕ ਆਲ਼ਸੀ ਨਹੀਂ ਹਨ, ਪਰ ਇਹਨਾਂ ਧਨ-ਕੁਬੇਰਾਂ ਨੇ ਗਰੀਬਾਂ ਤੋਂ ਸਾਰੇ ਹੀਲੇ ਵਸੀਲੇ ਖੋਹ ਲਏ ਹਨ ਅਤੇ ਸਮਾਜ ਦਾ ਸੰਤੁਲਨ ਹੀ ਵਿਗਾੜ ਦਿੱਤਾ ਹੈ। ਆਓ ਜ਼ਰਾ ਪੰਡੋਰਾ ਪੇਪਰਾਂ ’ਤੇ ਝਾਤ ਮਾਰੀਏ ਤੇ ਦੇਖੀਏ ਕਿ ਇਹ ਲੋਕ ਦੌਲਤ ਇਕੱਠੀ ਕਰਨ ਲਈ ਕਿਸ ਹੱਦ ਤਕ ਜਾ ਸਕਦੇ ਹਨ।

‘ਪੰਡੋਰਾ ਪੇਪਰਜ਼’ ਸਾਡੇ ਸਮਿਆਂ ਦੀ ਸਭ ਤੋਂ ਮਹਿੰਗੀ ‘ਟੈਕਸ ਹੈਵਨ’ ਫਾਈਲਾਂ ਦੀ ਰਿਪੋਰਟ ਹੈ। ਇਹ ਪਨਾਮਾ ਪੇਪਰ ਅਤੇ ਪੈਰਾਡਾਈਜ਼ ਪੇਪਰਾਂ ਦੀਆਂ ਸੰਯੁਕਤ ਫਾਈਲਾਂ ਹਨ, ਇਸ ਕਰਕੇ ਇਹਨਾਂ ਦਾ ਨਾਂ ਪੰਡੋਰਾ ਪੇਪਰ ਪਿਆ ਹੈ। ਇਹ ਰਿਪੋਰਟ ਦੱਸਦੀ ਹੈ ਕਿ 330 ਰਾਜਨੀਤਿਕ ਲੋਕ, 90 ਦੇਸ਼ ਅਤੇ 35 ਦੇ ਕਰੀਬ ਦੇਸ਼ਾਂ ਦੇ ਮੁਖੀ ਜਾਂ ਸਾਬਕਾ ਸ਼ਾਸਕ, ਰਾਜਦੂਤ, ਪਰਧਾਨਾਂ ਦੇ ਸਲਾਹਕਾਰ, ਫੌਜਾਂ ਦੇ ਜਰਨੈਲ ਅਤੇ ਸੈਂਟਰਲ ਬੈਂਕ ਦੇ ਗਵਰਨਰ ਤਕ ਇਸ ਫਰਾਡ ਵਿੱਚ ਦੋਸ਼ੀ ਪਾਏ ਗਏ ਹਨ। ਆਈ.ਸੀ.ਆਈ.ਜੇ. ਨੇ (ਇੰਟਰਨੈਸ਼ਨਲ ਕੰਸਟੋਰੀਅਮ ਔਫ ਇਨਵੈਸਟੀਗੇਟਿਵ ਜਰਨਲਿਟਸ, ਜਿਸਦਾ ਹੈੱਡ ਆਫਿਸ ਵਾਸ਼ਿੰਗਟਨ ਡੀ.ਸੀ. ਵਿੱਚ ਹੈ) 14 ਔਫ ਸ਼ੋਅਰ (ਔਫ ਸ਼ੋਅਰ ਦਾ ਮਤਲਬ ਹੁੰਦਾ ਹੈ, ਆਪਣੇ ਮੁਲਕ ਦੀਆਂ ਹੱਦਾਂ ਤੋਂ ਬਾਹਰ) ਸਰਵਿਸ ਪਰੋਵਾਈਡਰ ਦੀ ਇਨਵੈਸਟੀਗੇਸ਼ਨ ਕਰਕੇ ਇਹ ਰਿਪੋਰਟ ਛਾਪੀ। ਇਹ ਸਰਵਿਸ ਪਰੋਵਾਈਡਰ ਕੰਪਨੀਆਂ ਇਹਨਾਂ ਟੈਕਸ ਚੋਰਾਂ ਨੂੰ ਸ਼ੈੱਲ ਕੰਪਨੀਆਂ ਦੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਪੈਸੇ ਦੀ ਮੂਵਮੈਂਟ ਨੂੰ ਸੌਖਾ ਕਰਵਾਉਂਦੀਆਂ ਸਨ। ਲੇਖ ਨੂੰ ਅੱਗੇ ਤੋਰਨ ਤੋਂ ਪਹਿਲਾਂ ਪਾਠਕਾਂ ਨੂੰ ਸ਼ੈੱਲ ਕੰਪਨੀਆਂ ਵਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ ਕਿ ਇਹ ਸ਼ੈਲ ਕੰਪਨੀਆਂ ਕਿਵੇਂ ਕੰਮ ਕਰਦੀਆਂ ਹਨ।

ਸ਼ੈੱਲ ਕੰਪਨੀਆਂ ਕੀ ਹਨ

ਇੱਕ ਉਦਾਹਰਣ ਨਾਲ਼ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਫਰਜ਼ ਕਰੋ ਤੁਸੀਂ ਕੈਨੇਡਾ ਵਿੱਚ ਰਹਿ ਰਹੇ ਹੋ ਜਾਣੀ ਕਿ ਕੈਨੇਡੀਅਨ ਹੋ, ਅਤੇ ਤੁਹਾਡੀ ਕੰਪਨੀ ਦਾ ਪਰੌਫਿਟ 10 ਲੱਖ ਡਾਲਰ ਹੋ ਗਿਆ ਹੈ। ਤੁਹਾਨੂੰ ਪਤਾ ਹੈ ਕਿ ਦਸ ਲੱਖ ’ਤੇ ਟੈਕਸ ਬਹੁਤ ਦੇਣਾ ਪਵੇਗਾ ਅਤੇ ਤੁਸੀਂ ਐਨਾ ਟੈਕਸ ਨਹੀਂ ਦੇਣਾ ਚਾਹੁੰਦੇ। ਤੁਸੀਂ ਕੀ ਕਰਦੇ ਹੋ ਕਿ ਫਰਜ਼ ਕਰੋ ਬਲੀਜ਼ (ਇੱਕ ਦੇਸ਼ ਦਾ ਨਾਂ ਜਿੱਥੇ ਟੈਕਸ ਦਰ ਜ਼ੀਰੋ ਪਰਸੈਂਟ ਹੈ) ਵਿੱਚ ਇੱਕ ਕੰਪਨੀ ਰਜਿਸਟਰ ਕਰਵਾ ਦਿੰਦੇ ਹੋ ਅਤੇ ਆਪਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਅਹੁਦੇਦਾਰ ਥਾਪ ਦਿੰਦੇ ਹੋ। ਇਹ ਕੰਪਨੀ ਸਿਰਫ ਕਾਗਜਾਂ ਵਿੱਚ ਹੈ, ਇਸਦੀ ਕੋਈ ਭੌਤਿਕ ਹੋਂਦ ਨਹੀਂ, ਬੱਸ ਤੁਸੀਂ ਇਸ ਕੰਪਨੀ ਦੇ ਨਾਂ ’ਤੇ ਇੱਕ ਮੇਲਬੌਕਸ ਲਿਆ ਹੈ। ਹੁਣ ਤੁਸੀਂ ਆਪਣੇ ਮੁਨਾਫੇ ਵਿੱਚੋਂ 8 ਲੱਖ ਡਾਲਰ ਇਸ ਕੰਪਨੀ ਦੇ ਖਾਤੇ ਵਿੱਚ ਟਰਾਂਸਫਰ ਕਰ ਦਿੰਦੇ ਹੋ। ਇਸ 8 ਲੱਖ ਤੇ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ ਕਿਉਂਕਿ ਤੁਸੀਂ ਇਹ ਬਦੇਸ਼ ਜਾਂ ਔਫ ਸ਼ੋਰ ਇਨਵੈਸਟਮੈਂਟ ਕੀਤੀ ਹੈ ਅਤੇ ਕੈਨੇਡਾ ਵਿੱਚ ਤੁਹਾਨੂੰ ਸਿਰਫ ਦੋ ਲੱਖ ਡਾਲਰ ’ਤੇ ਹੀ ਟੈਕਸ ਦੇਣਾ ਪਵੇਗਾ। ਹੁਣ ਤੁਸੀਂ ਆਪਣੀ ਬਲੀਜ਼ ਵਾਲੀ ਕੰਪਨੀ ਦੇ ਨਾਂ ’ਤੇ ਕੈਨੇਡਾ ਵਿੱਚ ਪਰਾਪਰਟੀ ਖਰੀਦ ਲੈਂਦੇ ਹੋ। ਤੁਹਾਨੂੰ ਕੋਈ ਟੈਕਸ ਨਹੀਂ ਪਵੇਗਾ ਕਿਉਂਕਿ ਦੂਜੇ ਦੇਸ਼ ਦੀ ਕੰਪਨੀ ਨੇ ਕੈਨੇਡਾ ਵਿੱਚ ਪੈਸਾ ਇਨਵੈਸਟ ਕੀਤਾ ਹੈ ਜੋ ਕਿ ਅਸਲ ਵਿੱਚ ਤੁਹਾਡਾ ਹੀ ਪੈਸਾ ਹੈ। ਇਸਤਰਾਂ ਤੁਸੀਂ ਅੱਠ ਲੱਖ ਡਾਲਰ ’ਤੇ ਦੇਣ ਵਾਲ਼ਾ ਟੈਕਸ ਬਚਾ ਲਿਆ। ਬੇਸ਼ਕ ਇਹ ਗੈਰਕਨੂੰਨੀ ਨਹੀਂ ਹੈ ਪਰ ਅਨੈਤਿਕ ਤਾਂ ਹੈ। ਹੁਣ ਸਰਕਾਰ ਨੇ ਤਾਂ ਆਪਣਾ ਟੈਕਸ ਪੂਰਾ ਕਰਨਾ ਹੈ, ਫੇਰ ਸਰਕਾਰ ਆਮ ਲੋਕਾਂ ’ਤੇ ਹੋਰ ਟੈਕਸ ਪਾਉਣ ਦਾ ਬੋਝ ਪਾਉਂਦੀ ਹੈ ਜਿਸ ਨਾਲ਼ ਆਮ ਗਰੀਬ ਲੋਕ ਹੋਰ ਗਰੀਬ ਹੋ ਰਹੇ ਹਨ। ਤੁਸੀਂ ਦੇਖੋ ਕਿ ਜਿਹੜਾ ਅੱਠ ਘੰਟੇ ਹਰ ਰੋਜ਼ ਤੇ 40 ਘੰਟੇ ਹਫਤੇ ਦਾ ਕੰਮ ਕਰਨ ਦੀ ਜਿੱਤ ਅਸੀਂ ਜਿੱਤੀ ਸੀ ਉਹ ਤਾਂ ਕਦ ਦੀ ਖਤਮ ਹੋ ਚੁੱਕੀ ਹੈ। ਹੁਣ ਤਾਂ ਲੋਕ ਹਫਤੇ ਦੇ ਸੱਤਰ ਜਾਂ ਅੱਸੀ ਘੰਟੇ ਕੰਮ ਕਰਦੇ ਹਨ ਤਾਂ ਜਾ ਕੇ ਕਿਤੇ ਗੁਜ਼ਾਰਾ ਹੁੰਦਾ ਹੈ। ਰਿਟਾਇਰ ਹੋਏ ਲੋਕ ਵੀ, ਪਾਰਟ ਟਾਈਮ ਨੌਕਰੀਆਂ ਲੱਭਦੇ ਫਿਰਦੇ ਹਨ, ਕਿਉਂਕਿ ਪੈਨਸ਼ਨ ਨਾਲ਼ ਗੁਜ਼ਾਰਾ ਨਹੀਂ ਹੁੰਦਾ।

ਹੁਣ ਅੱਗੇ ਚੱਲਦੇ ਹਾਂ

ਇਹਨਾਂ ਫਾਈਲਾਂ ਤੋਂ ਪਤਾ ਲੱਗਿਆ ਕੇ 45 ਦੇਸ਼ਾਂ ਦੇ 130 ਅਰਬਪਤੀ (ਬਿਲੀਅਨੇਅਰਜ਼) ਜਿਨ੍ਹਾਂ ਵਿੱਚ ਇਕੱਲੇ ਰੂਸ ਦੇ 46 ਅਰਬਪਤੀ ਹਨ ਨੇ ਸ਼ੈੱਲ ਕੰਪਨੀਆਂ ਬਣਾ ਕੇ ਆਪਣੇ ਮੁਲਕਾਂ ਦਾ ਟੈਕਸ ਚੋਰੀ ਕੀਤਾ ਹੈ। ਇਹਨਾਂ ਵਿੱਚ ਮੁੱਖ ਨਾਂ, ਜਿਵੇਂ ਟੋਨੀ ਬਲੇਅਰ (ਇੰਗਲੈਂਡ ਦਾ ਸਾਬਕਾ ਪ੍ਰਧਾਨਮੰਤਰੀ) ਰੂਸ ਦਾ ਪ੍ਰਧਾਨ ਪੂਤਿਨ, ਜੌਰਡਨ ਦਾ ਰਾਜਾ, ਅਨਿੱਲ ਅੰਬਾਨੀ, ਸਚਿਨ ਤੈਂਦਲੂਕਰ, ਪੌਪ ਸਟਾਰ ਸ਼ਕੀਰਾ ਦੇ ਨਾਂ ਵਰਣਨਯੋਗ ਹਨ ਅਤੇ ਹੋਰ ਵੀ ਬਾਲੀਵੁੱਡ ਜਾਂ ਹਾਲੀਵੁੱਡ ਦੇ ਐਕਟਰ ਡਾਇਰੈਕਟਰ ਵਗੈਰਾ ਵਗੈਰਾ। ਆਈ ਸੀ ਆਈ ਜੇ ਨੇ 150 ਮੀਡੀਆ ਸਹਿਯੋਗੀਆਂ ਨਾਲ਼ ਇਹ ਜਰਨਲਿਜ਼ਮ ਵਿੱਚ ਇੱਕ ਇਤਿਹਾਸ ਰਚਿਆ ਹੈ। ਲਗਭਗ 2 ਸਾਲ ਆਈ ਸੀ ਆਈ ਜੇ ਨੇ 600 ਜਰਨਲਿਸਟਾਂ ਦੀ ਮਦਦ ਨਾਲ਼ 117 ਦੇਸ਼ਾਂ ਦੇ ਅਮੀਰਾਂ ਦੀ ਪੜਤਾਲ਼ ਕੀਤੀ। ਰਿਪੋਰਟਰਾਂ ਨੇ ਕਲਿੱਫਸਾਈਡ ਮੈਨਸ਼ਨ ਕੈਲੇਫੋਰਨੀਆਂ, ਡੋਮੀਨੀਕਨ ਰਿਪਬਲਿੱਕ ਵਿੱਚ ਗੰਨੇ ਦਾ ਵੱਡਾ ਫਾਰਮ, ਇੱਕ ਪਰਦੂਸ਼ਿਤ ਫੈਕਟਰੀ ਜੋ ਇਟਲੀ ਵਿੱਚ ਹੈ ਤੇ ਬਹੁ ਮੰਜ਼ਲੇ ਟਾਵਰ ਜਿਹੜੇ ਡੁਬਈ ਵਿੱਚ ਹਨ ਤੇ ਇੱਕ ਤੁਰਕੀ ਦੇ ਹਸਪਤਾਲ ਦੇ ਮਾਲਕਾਂ ਦੀ ਛਾਣਬੀਣ ਕੀਤੀ ਹੈ। ਪੰਜਾਹ ਸਾਲ ਤਕ ਪੁਰਾਣੇ ਡਾਕੂਮੈਂਟਸ ਦੀ ਖੋਜ ਕੀਤੀ ਗਈ ਹੈ ਪਰ ਬਹੁਤੇ ਡਾਕੂਮੈਂਟ ਪਿਛਲੇ ਪੱਚੀ ਸਾਲਾਂ ਵਾਲ਼ੇ ਹਨ, ਜਿਹਨਾਂ ਤੋਂ 29000 ਧਨ ਕੁਬੇਰਾਂ ਦਾ ਪਤਾ ਚੱਲਿਆ ਹੈ, ਜਿਹਨਾਂ ਨੇ ਟੈਕਸ ਬਚਾਉਣ ਲਈ ਦੂਜੇ ਮੁਲਕਾਂ ਵਿੱਚ ਆਪਣੀਆਂ ਕੰਪਨੀਆਂ ਖੋਲ੍ਹੀਆਂ ਹਨ। ਪੰਜ ਸਾਲ ਪਹਿਲਾਂ ‘ਪਨਾਮਾ ਪੇਪਰਜ਼’ ਵਿੱਚ ਜਿੰਨੇ ਟੈਕਸ ਚੋਰਾਂ ਦੇ ਨਾਂ ਆਏ ਸਨ ਹੁਣ ਇਹਨਾਂ ਦੀ ਗਿਣਤੀ ਕਈ ਗੁਣਾ ਵਧ ਗਈ ਹੈ। ਪਨਾਮਾ ਪੇਪਰ ਵੀ ਇੱਕ ਲਾ-ਫਰਮ ਵਿੱਚੋਂ ਲੀਕ ਹੋਏ ਸਨ। ਬੇਸ਼ਕ ਔਫ-ਸ਼ੋਅਰ ਕੰਪਨੀ (ਮੁਲਕ ਤੋਂ ਬਾਹਰਲੀ) ਕਾਨੂੰਨੀ ਹੈ ਪਰ ਇਹ ਇੱਕ ਸ਼ੀਲਡ ਦਿੰਦੀ ਹੈ ਰਿਸ਼ਵਤ ਦੇ ਪੈਸੇ ਨੂੰ, ਟੈਕਸ ਚੋਰੀ ਨੂੰ, ਡਰੱਗ ਦੇ ਪੈਸੇ ਨੂੰ ਅਤੇ ਅੱਤਵਾਦੀ ਸੰਗਠਨਾਂ ਨੂੰ ਪੈਸਾ ਪੁਚਾਣ ਲਈ। ਇਸ ਸਰਵੇ ਦੇ ਮੁਤਾਬਿਕ ਪੰਜ ਤੋਂ ਲੈ ਕੇ ਬੱਤੀ ਟਰਿਲੀਅਨ ਡਾਲਰ ਤਕ ਦੀ ਰਕਮ ਇਹਨਾਂ ਟੈਕਸ ਹੈਵਨ ਵਿੱਚ ਪਈ ਹੈ। ਜਦੋਂ ਸਰਕਾਰਾਂ ਦੇ ਅਹੁਦੇਦਾਰ ਆਪਣੇ ਮੁਲਕ ਲਈ ਦੂਜੇ ਦੇਸ਼ਾਂ ਦੀਆਂ ਕੰਪਨੀਆਂ ਨਾਲ਼ ਜੰਗੀ ਸਾਜ਼ੋ ਸਾਮਾਨ, ਜਹਾਜ਼ ਜਾਂ ਹੋਰ ਵਸਤਾਂ ਲੈਣ ਲਈ ਜਾਂ ਆਪਣੇ ਮੁਲਕਾਂ ਦਾ ਕੱਚਾ ਮਾਲ਼ ਬਾਹਰ ਕੱਢਣ ਦੇ ਠੇਕੇ ਦੇਣ ਲਈ ਕਮਿਸ਼ਨ ਵਗੈਰਾ ਲੈਂਦੇ ਹਨ ਤਾਂ ਲੋਕਾਂ ਤੋਂ ਪੈਸਾ ਛੁਪਾਉਣ ਲਈ ਇਹਨਾਂ ਸ਼ੈੱਲ ਕੰਪਨੀਆਂ ਦੇ ਅਕਾਊਂਟ ਵਰਤਦੇ ਹਨ।

ਗਰੀਬ ਦੇਸ਼ ਇਹਨਾਂ ਟੈਕਸ-ਹੈਵਨ ਤੋਂ ਸਭ ਤੋਂ ਵੱਧ ਪ੍ਰਭਾਵਤ ਹੁੰਦੇ ਹਨ। ਇਹ ਪੈਸਾ ਜੇਕਰ ਸਰਕਾਰਾਂ ਕੋਲ਼ ਆਵੇ ਤਾਂ ਸਕੂਲਾਂ, ਹਸਪਤਾਲਾਂ, ਸੜਕਾਂ, ਪੁਲਾਂ ਲਈ ਪੈਸੇ ਦੀ ਕਮੀ ਨਾ ਆਵੇ। ਪੰਡੋਰਾ ਪੇਪਰਾਂ ਦੇ ਲੀਕ ਹੋਣ ਤੋਂ ਬਾਦ ਇਹ ਪਤਾ ਲੱਗਿਆ ਕਿ ਇਹ ਟੈਕਸ ਚੋਰੀ ਕਰਨ ਵਾਲ਼ੇ ਲੀਡਰ ਜਾਂ ਧਨ-ਕੁਬੇਰ ਪੈਸੇ ਨੂੰ ਕਾਨੂੰਨੀ ਸ਼ਿਕੰਜਿਆਂ ਤੋਂ ਬਹੁਤ ਦੂਰ ਲੈ ਜਾਂਦੇ ਹਨ। ਇਹਨਾਂ ਪੇਪਰਾਂ ਨੇ ਸਾਨੂੰ ਦੱਸ ਦਿੱਤਾ ਹੈ ਜੌਰਡਨ ਦਾ ਰਾਜਾ ਅਬਦੁੱਲਾ, ਚੈੱਕ ਰਿਪਬਲਿਕ ਦਾ ਪ੍ਰਧਾਨ ਮੰਤਰੀ, ਇਕੁਆਡੋਰ ਦਾ ਪ੍ਰਧਾਨ ਮੰਤਰੀ, ਕੀਨੀਆ ਅਲਸਲਵਾਡੋਰ ਅਤੇ ਪਨਾਮਾ ਦੇ ਲੀਡਰ ਕਿਵੇਂ ਆਪਣੇ ਮੁਲਕਾਂ ਦਾ ਪੈਸਾ ਚੋਰੀ ਕਰਕੇ ਇਹਨਾਂ ਟੈਕਸ-ਹੈਵਨ ਵਿੱਚ ਪਹੁੰਚਾ ਦਿੰਦੇ ਹਨ। ਇਸ ਰਿਪੋਰਟ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਅਮਰੀਕਾ ਵਿੱਚ ਸਭ ਤੋਂ ਵੱਧ ਟੈਕਸ ਚੋਰੀ ਦਾ ਪੈਸਾ ਆਉਂਦਾ ਹੈ, ਹਾਲਾਂਕਿ ਅਮਰੀਕਾ ਟੈਕਸ ਚੋਰੀ ਲਈ ਦੂਜੇ ਮੁਲਕਾਂ ਨੂੰ ਨਿੰਦਦਾ ਹੈ। ਪੰਡੋਰਾ ਪੇਪਰ ਵਿੱਚ 206 ਅਮਰੀਕਾ ਦੇ ਟ੍ਰਸਟ, 15 ਸੂਬਿਆਂ ਅਤੇ 22 ਟ੍ਰਸਟ ਕੰਪਨੀਆਂ ਦੇ ਲੇਖੇ ਜੋਖੇ ਹਨ। ਇਹ ਪੇਪਰ ਦਰਸਾਉਂਦੇ ਹਨ ਕਿ ਦਹਿ ਲੱਖਾਂ (ਟੈਕਸ ਚੋਰੀ ਦੇ) ਡਾਲਰ ਕਿਵੇਂ ਕੈਰਬੀਅਨ ਦੇਸ਼ਾਂ ਤੋਂ ਅਮਰੀਕਾ ਦੀ ਸਟੇਟ ਸਾਊਥ ਡਕੋਟਾ ਵਿੱਚ ਟਰਾਂਸਫਰ ਕੀਤੇ ਜਾਂਦੇ ਹਨ। ਇਹ ਰਿਪੋਰਟ ਦੱਸਦੀ ਹੈ ਕਿ ਕਿਵੇਂ ਅਮਰੀਕਾ ਦੀ ਇੱਕ ਕੰਪਨੀ ‘ਬੇਕਰ ਮੈਕੈਂਜ਼ੀ’ ਅਮੀਰਾਂ ਨੂੰ ਟੈਕਸ ਚੋਰੀ ਕਰਨ ਲਈ ਰਾਹ ਦੱਸਦੀ ਹੈ। ਤੀਹ ਹਜ਼ਾਰ ਕੰਪਨੀਆਂ ਦੇ ਰਿਕਾਰਡ ਅੰਗਰੇਜ਼ੀ, ਸਪੈਨਿਸ਼, ਚਾਈਨੀਜ਼, ਕੋਰੀਅਨ, ਗਰੀਕ ਅਤੇ ਰੂਸੀ ਭਾਸ਼ਾ ਵਿੱਚ ਵੀ ਮਿਲ਼ਦੇ ਹਨ। ਇਹਨਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਐਨਰਜੀ, ਟੈਕਨਾਲੋਜੀ ਅਤੇ ਵੱਡੀਆਂ ਵੱਡੀਆਂ ਪਰਾਪਰਟੀਆਂ ਦੀਆਂ ਡੀਲਾਂ ਕਿਵੇਂ ਹੁੰਦੀਆਂ ਹਨ। ਆਈ ਸੀ ਆਈ ਜੇ ਨੇ ਇਹ ਸਾਰੇ ਡਾਕੂਮੈਂਟ ਡੇਟਾ ਬੇਸ ਵਿੱਚ ਸਾਂਭ ਦਿੱਤੇ ਹਨ।

ਪੰਡੋਰਾ ਪੇਪਰਾਂ ਨੇ ਦੁਨੀਆਂ ਭਰ ਦੇ ਟੈਕਸ ਸਿਸਟਮ ਦਾ, ਅੰਡਰ ਗਰਾਊਂਡ ਆਰਥਿਕਤਾ ਦਾ ਅਤੇ ਚੋਰੀ ਦਾ ਪੈਸਾ ਕਿਵੇਂ ਇੱਧਰ ਉੱਧਰ ਕੀਤਾ ਜਾਂਦਾ ਹੈ, ਇਸ ਸਭ ਕਾਸੇ ਦਾ ਪੋਲ ਖੋਲ੍ਹ ਕੇ ਰੱਖ ਦਿੱਤਾ ਹੈ। ਇਹ ਉਹ ਦਸਤਾਵੇਜ਼ ਹੈ ਜੋ ਆਉਣ ਵਾਲ਼ੀਆਂ ਨਸਲਾਂ ਨੂੰ ਇਹਨਾਂ ਤੋਂ ਬਚਾ ਕਰਨ ਦਾ ਰਾਹ ਦੱਸਣਗੇ। ਜੇਕਰ ਥੋੜ੍ਹੇ ਜਿਹੇ ਸ਼ਰੀਫਜ਼ਾਦਿਆਂ ਦੇ ਨਾਂਵਾਂ ’ਤੇ ਨਿਗਾਹ ਮਾਰੀਏ ਤਾਂ ਅਸੀਂ ਹੈਰਾਨ ਹੋ ਜਾਂਦੇ ਹਾਂ:

1 ਕਿੰਗ ਅਬਦੁੱਲਾ (ਜੌਰਡਨ) ਦੁਨੀਆਂ ਭਰ ਵਿੱਚ 15 ਮੈਨਸ਼ਨ ਲਈ ਬੈਠਾ ਹੈ, ਜਿਹਨਾਂ ਦੀ ਕੀਮਤ 8 ਬਿਲੀਅਨ ਡਾਲਰ ਦੇ ਲਗਭਗ ਹੈ। ਉਸ ਨੇ 36 ਸ਼ੈੱਲ ਕੰਪਨੀਆਂ ਬਣਾਈਆਂ ਹੋਈਆਂ ਹਨ। ਦੂਜੇ ਪਾਸੇ ਜੌਰਡਨ ਆਰਥਿਕ ਮੰਦਹਾਲੀ ਨਾਲ਼ ਜੂਝ ਰਿਹਾ ਹੈ ਅਤੇ ਹਮੇਸ਼ਾ ਆਈ ਐੱਮ ਐੱਫ (ਇੰਟਰਨੈਸ਼ਨਲ ਮੌਨੇਟੇਰੀ ਫੰਡ) ਅੱਗੇ ਝੋਲ਼ੀ ਅੱਡ ਕੇ ਖੜ੍ਹਾ ਰਹਿੰਦਾ ਹੈ। ਕਿੰਗ ਅਬਦੁੱਲਾ ਦੀ ਈ-ਮੇਲ ਵੀ ਇੱਕ ਕੋਡ ਦੇ ਨਾਮ ਤੇ ਆਉਂਦੀ ਹੈ।

2 ਇਮਰਾਨ ਖਾਨ (ਪਾਕਿਸਤਾਨ ਦਾ ਮੌਜੂਦਾ ਪ੍ਰਧਾਨ ਮੰਤਰੀ) ਜਿਸਨੇ ਸਿਰਫ ਇਸੇ ਮੁੱਦੇ ’ਤੇ ਚੋਣਾਂ ਲੜੀਆਂ ਸਨ ਕਿ ਉਹ ਪਾਕਿਸਤਾਨ ਦਾ ਪੈਸਾ ਬਾਹਰਲੇ ਮੁਲਕਾਂ ਨੂੰ ਨਹੀਂ ਜਾਣ ਦੇਵੇਗਾ, ਪਰ ਜਦ ਉਸਦਾ ਆਪਣਾ ਦਾਅ ਲੱਗਿਆ ਤਾਂ ਆਪ ਵੀ ਚੋਰਾਂ ਦਾ ਸਾਥੀ ਬਣ ਗਿਆ। ਉਸ ਦੇ ਦੋ ਮੰਤਰੀਆਂ ਦਾ ਨਾਂ ਵੀ ਇਹਨਾਂ ਪੇਪਰਾਂ ਵਿੱਚ ਬੋਲਦਾ ਹੈ।

3 ਰੂਸ- ਰੂਸ ਦੇ ਪ੍ਰਧਾਨ ਪੂਤਿਨ ਦਾ ਨਾਂ ਇਹਨਾਂ ਪੰਡੋਰਾ ਪੇਪਰਾਂ ਵਿੱਚ ਬੋਲਦਾ ਹੈ। ਉਸਦੇ ਪਰਾਪੇਗੰਡਾ ਮੈਨ ਅਤੇ ਪੂਤਿਨ ਅਤੇ ਸਵੇਤਲਾਨਾ ਕਰਵੇਨੋਆ ਦੀ ਬੇਟੀ ਐਲਿਜ਼ਬੈਥ ਦਾ ਨਾਂ ਵੀ ਇਹਨਾਂ ਵਿੱਚ ਸ਼ਾਮਲ ਹੈ। ਯਾਦ ਰਹੇ ਕਿ ਸਵੈਤਲਾਨਾ ਪੂਤਿਨ ਦੇ ਘਰ ਦੀ ਕਿਸੇ ਟਾਈਮ ਸਫਾਈ ਕਰਦੀ ਹੁੰਦੀ ਸੀ, ਪੂਤਿਨ ਨੇ ਸਵੈਤਲਾਨਾ ਨਾਲ਼ ਅੱਜ ਤਕ ਇਸ ਰਿਸ਼ਤੇ ਨੂੰ ਕੋਈ ਨਾਂ ਨਹੀਂ ਦਿੱਤਾ।

4 ਲੈਬਨਾਨ ਦੇ ਪ੍ਰਧਾਨ ਨਜੀਬ ਮੁਕਤੀ, ਲਿਬਨਾਨ ਦੀ ਸੈਂਟਰਲ ਬੈਂਕ ਦੇ ਗਵਰਨਰ ਰਿਆਜ ਸਲਾਮ ਵੀ ਇਹਨਾਂ ਸ਼ਰੀਫਜਜ਼ਾਦਿਆਂ ਵਿੱਚ ਸ਼ਾਮਲ ਹਨ। ਅੱਜ ਲਿਬਨਾਨ ਦਾ ਉਹ ਹਾਲ ਹੈ ਕਿ ਗਰੀਬੀ ਤੋਂ ਤੰਗ ਆਏ ਲੋਕ ਤਰਾਹ ਤਰਾਹ ਕਰ ਰਹੇ ਹਨ। ਲੋਕ ਆਪਣੀ ਰੋਜ਼ ਮਰ੍ਹਾ ਦੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਸਕਦੇ।

5 ਚੈੱਕ ਰਿਪਬਲਿਕ ਦੇ ਪ੍ਰਧਾਨ ਆਂਦਰੇ ਬੇਦੇਸ ਨੇ 2009 ਵਿੱਚ 16 ਕਰੋੜ ਡਾਲਰ ਦੀ ਪਰਾਪਰਟੀ ਬਾਹਰਲੇ ਮੁਲਕਾਂ ਵਿੱਚ ਖਰੀਦੀ।

6 ਭਾਰਤ ਦੇ ਹਰਮਨ ਪਿਆਰੇ ਕਰਿਕਟਰ ਸਚਿਨ ਤੈਂਦਲੂਕਰ, ਉਸਦੀ ਪਤਨੀ ਅਤੇ ਉਸਦਾ ਸਹੁਰਾ ਵੀ ਇਸ ਗੰਦੀ ਖੇਡ ਦੇ ਖਿਡਾਰੀ ਹਨ। ਭਾਰਤ ਵਿੱਚੋਂ ਹੋਰ ਵੀ ਜਿਵੇਂ ਨੀਰਵ ਮੋਦੀ, ਵਿਨੋਦ ਅਡਾਨੀ, ਅਨਿੱਲ ਅੰਬਾਨੀ (ਜਿਸਦੀਆਂ ਭਾਰਤ ਤੋਂ ਬਾਹਰ 18 ਜਾਇਦਾਦਾਂ ਹਨ), ਅਤੇ 300 ਦੇ ਕਰੀਬ ਬਾਲੀਵੁੱਡ ਨਾਲ ਸਬੰਧਤ ਅਤੇ ਰਾਜਨੀਤਿਕ ਲੋਕ ਇਸ ਪੰਡੋਰਾ ਪੇਪਰ ਵਿੱਚ ਸ਼ਾਮਲ ਹਨ।

ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ 500 ਕੈਨੇਡੀਅਨ ਸਣੇ ਆਪਣੇ ਸਕੇਟਿੰਗ ਸਟਾਰ ‘ਐਲਵਿਸ ਸਟਾਈਕੋ’ ਦੇ ਅਤੇ 4000 ਦੇ ਲਗਭਗ ਕੈਨੇਡੀਅਨ ਟਰੱਸਟਾਂ ਦਾ ਨਾਂ ਇਹਨਾਂ ਪੇਪਰਾਂ ਵਿੱਚ ਬੋਲਦਾ ਹੈ। ਚਾਰ ਸਾਲ ਪਹਿਲਾਂ ਲੀਕ ਹੋਏ ਪਨਾਮਾ ਪੇਪਰਾਂ ਤੋਂ ਬਾਦ ਵੀ ਕੈਨੇਡਾ ਨੇ ਚੋਰ ਮੋਰੀਆਂ ਬੰਦ ਨਹੀਂ ਕੀਤੀਆਂ। ਇਸ ਤੋਂ ਸਾਨੂੰ ਆਪਣੇ ਮੁਲਕ ਦੀ ਸਿਆਸਤ ਵੀ ਸਮਝ ਜਾਣੀ ਚਾਹੀਦੀ ਹੈ। ਇਹਨਾਂ ਅਮੀਰਾ ਨੂੰ ਖੁਸ਼ ਕਰਨ ਲਈ ਕੈਨੇਡੀਅਨ ਸਰਕਾਰ ਕਿੱਥੋਂ ਤਕ ਜਾ ਸਕਦੀ ਹੈ, ਜ਼ਰਾ ਸਰਕਾਰ ਦੀ ਪਿਛਲੀ ਟਰਮ ਦੀ ਕਾਰ ਗੁਜ਼ਾਰੀ ਦੇਖੋ। ਜਦੋਂ ਪਿਛਲੀ ਲਿਬਰਲ ਸਰਕਾਰ ਵੇਲੇ ‘ਨਿਊ ਡੈਮੋਕਰੇਟਾਂ’ ਨੇ ਇੱਕ ਬਿੱਲ ਲਿਆਂਦਾ ਸੀ ਕਿ ਅਮੀਰਾਂ ’ਤੇ ਟੈਕਸ ਦੀ ਦਰ ਸਿਰਫ 1% ਵਧਾ ਦਿੱਤੀ ਜਾਵੇ ਤਾਂ ਲਿਬਰਲ ਸਰਕਾਰ ਨੇ ‘ਬਲੌਕ ਕਿਉਬਕਵਾਅ’ ਨਾਲ਼ ਰਲ਼ ਕੇ ਇਹ ਬਿੱਲ ਪਾਸ ਹੋਣ ਨਹੀਂ ਸੀ ਦਿੱਤਾ। ਸਾਡੀ ‘ਕੈਨੇਡਾ ਰੈਵੇਨਿਊ ਅਜੈਂਸੀ’ ਕੋਲ਼ ਵੀ ਇੰਨੀ ਪਾਵਰ ਨਹੀਂ ਕਿ ਉਹ ਇਹਨਾਂ ਅਮੀਰਜ਼ਾਦਿਆਂ ਨੂੰ ਹੱਥ ਪਾ ਸਕੇ। ਉਹ ਵੀ ਬੱਸ ਪੰਜਾਬ ਪੁਲਸ ਵਾਂਗ ਕਿਸੇ ਅਮਲੀ ਠਮਲੀ ਨੂੰ ਕੁੱਟਣ ਵਾਲੇ ਹੀ ਹਨ। ਕੋਈ ਨਿੱਕਾ ਮੋਟਾ ਬਿਜਨਿਸ ਵਾਲ਼ਾ ਘੇਰ ਲਿਆ ਅਤੇ ਉਸ ਨੂੰ ਫਾਈਨ ਕਰਕੇ ਬੱਲੇ ਬੱਲੇ ਕਰਵਾ ਲਈ ਪਰ ਵੱਡੇ ਮਗਰਮੱਛਾਂ ਵੱਲ ਝਾਕਣ ਦੀ ਇਹਨਾਂ ਦੀ ਜ਼ੁਰਅਤ ਨਹੀਂ ਪੈਂਦੀ। ਅਸੀਂ ਜਿਹੜੇ ਸਾਰਾ ਦਿਨ ਕੰਮਾਂ ਕਾਰਾਂ ਵਿੱਚ ਭੱਜੇ ਫਿਰਦੇ ਹਾਂ, ਜਾਂ ਨਿੱਕੀਆਂ ਨਿੱਕੀਆਂ ਗੱਲਾਂ ’ਤੇ ਆਪਸ ਵਿੱਚ ਉਲ਼ਝਦੇ ਰਹਿੰਦੇ ਹਾਂ ਸਾਨੂੰ ਟਾਈਮ ਕੱਢ ਕੇ ਕਿ ਮੁਲਕ ਵਿੱਚ ਅਸਲ ਵਿੱਚ ਹੋ ਕੀ ਰਿਹਾ ਹੈ, ਉਸਦੇ ਵੱਲ ਸੁਚੇਤ ਹੋਈਏ। ਸਾਨੂੰ ਆਪਦੇ ਰਾਜਨੀਤਿਕ ਲੀਡਰਾਂ ’ਤੇ ਦਬਾਅ ਪਾਉਣਾ ਚਾਹੀਦਾ ਕਿ ਧਨ-ਕੁਬੇਰਾਂ ਲਈ ਰੱਖੀਆਂ ਇਹ ਚੋਰ ਮੋਰੀਆਂ ਬੰਦ ਕਰਵਾਉਣ।

ਮਾਹਰ ਕਹਿੰਦੇ ਹਨ ਕਿ ਜੇਕਰ ਇਹ ਚੋਰ ਮੋਰੀਆਂ ਬੰਦ ਹੋ ਜਾਣ ਤਾਂ ‘ਡੈਫੇਸਿਟ’ ਆਪਣੇ ਆਪ ਹੀ ਖਤਮ ਹੋ ਜਾਵੇਗਾ। ਜੇਕਰ ਇਹਨਾਂ ਧਨ-ਕੁਬੇਰਾਂ ’ਤੇ ਨੱਥ ਨਹੀਂ ਪਾਈ ਗਈ ਤਾਂ ਸਾਡੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਦਾ ਕੀ ਹਾਲ ਹੋਵੇਗਾ, ਇਹ ਸੋਚ ਕੇ ਰੂਹ ਕੰਬ ਉੱਠਦੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3125)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਹਰੀਪਾਲ

ਹਰੀਪਾਲ

Calgary, Alberta, Canada.
Phone: (403 - 714 - 4816)
Email: (haripalharry2016@gmail.com)