NandSMehta7“ਤੇ ਇਹ ਕਾਫ਼ਲੇ ਲਗਾਤਾਰ ਅੱਗੇ ਵਧ ਰਹੇ ਹਨ। ਇਸ ਜਨ-ਅੰਦੋਲਨ ਨੂੰ ਹੁਣ ...”
(8 ਸਤੰਬਰ 2021)

 

ਸੱਠਵਿਆਂ ਦੇ ਅਖੀਰ ਤੇ ਸੱਤਰਵਿਆਂ ਦੇ ਸ਼ੁਰੂ ਵਿੱਚ ਕਾਲਜਾਂ ਵਿੱਚ ਪੜ੍ਹਦਿਆਂ ਸਾਨੂੰ ਸਮਝ ਆਉਣ ਲੱਗੀ ਕਿ ਮੌਜੂਦਾ ਸਮਾਜ ਵਿੱਚ ਨਾ-ਬਰਾਬਰੀ, ਅਨਿਆਂ, ਬੇਇਨਸਾਫ਼ੀ ਅਤੇ ਲੁੱਟ-ਘਸੁਟ ਦਾ ਬੋਲਬਾਲਾ ਹੈ। ਤੇ ਇਹ ਸਭ ਇਸ ਲਈ ਹੈ ਕਿਉਂਕਿ ਸਾਡੇ ਦੇਸ਼ ਦੀ ਸੱਤਾ ਉੱਤੇ ਪੂੰਜੀਪਤੀਆਂ ਦਾ ਕਬਜ਼ਾ ਹੈ, ਜੋ ਸਾਡੇ ਦੇਸ਼ ਦੇ ਸਾਰੇ ਪੈਦਾਵਾਰੀ ਸਾਧਨਾ ਦੇ ਮਾਲਕ ਬਣੇ ਬੈਠੇ ਹਨ। ਉਹ ਮਿਹਨਤਕਸ਼ ਲੋਕਾਂ ਦੀ ਕਿਰਤ ਦੀ ਲੁੱਟ ਕਰਦੇ ਹਨ। ਦੇਸ਼ ਦੀ ਸਰਕਾਰ ਸਾਰੇ ਕਾਨੂੰਨ ਵੀ ਉਨ੍ਹਾਂ ਪੂੰਜੀਪਤੀਆਂ ਦੇ ਅਨੁਸਾਰ ਹੀ ਬਣਾਉਂਦੀ ਹੈ। ਅਸੀਂ ਸੋਚਣ ਲੱਗੇ ਕਿ ਸਾਡੇ ਦੇਸ਼ ਵਿੱਚ ਇੱਕ ਅਜਿਹਾ ਨਵਾਂ-ਨਰੋਆ ਸਮਾਜ ਸਿਰਜਿਆ ਜਾਵੇ ਜਿੱਥੇ ਕਿਸੇ ਦੀ ਲੁੱਟ-ਘਸੁੱਟ ਨਾ ਹੋਵੇ। ਜਿੱਥੇ ਊਚ-ਨੀਚ, ਗਰੀਬ-ਅਮੀਰ ਨਾ ਹੋਣ, ਭੇਦ-ਭਾਵ ਨਾ ਹੋਵੇ। ਕੋਈ ਵੱਡਾ ਛੋਟਾ ਨਾ ਹੋਵੇ ,ਸਭ ਨਾਲ ਇੱਕੋ-ਜਿਹਾ ਨਿਆਂ ਹੋਵੇ।

ਇਸ ਲਈ ਇੱਕ ਵੱਡੀ ਤਬਦੀਲੀ ਦੀ ਲੋੜ ਸੀ ਜਿਹੜੀ ਮੌਜੂਦਾ ਗਲੇ ਸੜੇ ਸਮਾਜ ਨੂੰ ਢਾਹ ਕੇ ਨਵੇਂ ਨਰੋਏ ਦੀ ਸਿਰਜਣਾ ਕਰ ਸਕੇ। ਪਰ ਇਸ ਵਾਸਤੇ ਤਾਂ ਇਨਕਲਾਬ ਦੀ ਲੋੜ ਸੀ। ਤੇ ਅਸੀਂ ਇਨਕਲਾਬ ਲਿਆਉਣ ਤੁਰ ਪਏ। ਪਰ ਇਨਕਲਾਬ ਲਿਆਉਣ ਲਈ ਤਾਂ ਲੋਕਾਂ ਨੂੰ ਨਾਲ ਤੋਰਨਾ ਜ਼ਰੂਰੀ ਸੀ। ਲੋਕਾਂ ਨੂੰ ਇਸ ਸੱਤਾ ਸਥਾਪਤੀ ਵਿਰੁੱਧ ਜਗਾਉਣ ਤੇ ਰੋਹ ਭਰਨ ਲਈ ਅਸੀਂ ਸੱਤਾ ’ਤੇ ਕਾਬਜ਼ ਪੂੰਜੀਪਤੀਆਂ ਤੇ ਉਨ੍ਹਾਂ ਵੱਲੋਂ ਬਣਾਈ ਸਰਕਾਰ ਖ਼ਿਲਾਫ ਦਿਨੇ ਪੋਸਟਰ ਤਿਆਰ ਕਰਦੇ, ਰਾਤਾਂ ਨੂੰ ਉਨ੍ਹਾਂ ਨੂੰ ਗੁਪਤ ਜਿਹੇ ਛਾਪੇਖਾਨਿਆਂ ਤੋਂ ਛਪਵਾਉਂਦੇ ਤੇ ਕੰਧਾਂ ’ਤੇ ਲਾਉਂਦੇ। ਕੰਧਾਂ ’ਤੇ ਇਨਕਲਾਬੀ ਨਾਅਰੇ ਵੀ ਲਿਖਦੇ। ਸਾਡੇ ਆਟੇ ਵਾਲੀ ਲੇਵੀ ਨਾਲ ਕੱਪੜੇ ਲਿਬੜ ਜਾਂਦੇ। ਕੱਪੜੇ ਰੰਗਾਂ ਨਾਲ ਰੰਗੇ ਜਾਂਦੇ। ਪਰ ਇਸਦੀ ਅਸੀਂ ਕੋਈ ਪਰਵਾਹ ਨਹੀਂ ਸੀ ਕਰਦੇ।

“ਵੇ ਭਾਈ ਤੁਸੀਂ ਕੀ ਕਰਦੇ ਫਿਰਦੇ ਓਂ, ਦਿਨ ਰਾਤ ਭਕਾਈ ਜਿਹੀ ਕਰਦੇ ਰਹਿਨੇ ਓਂ। … .ਮੈਨੂੰ ਤਾਂ ਥੋਡੀ ਕੋਈ ਸਮਝ ਨ੍ਹੀਂ ਆਉਂਦੀ …?” ਇੱਕ ਘਰੇ ਇਕੱਠੇ ਬੈਠਿਆਂ ਨੂੰ ਸਾਡੀ ਇੱਕ ਮਾਂ ਨੇ ਪੁੱਛ ਲਿਆ।

“ਮਾਂ ਅਸੀਂ ਇਨਕਲਾਬ ਲਿਆ ਰਹੇ ਆਂ …” ਸਾਡੇ ਵਿੱਚੋਂ ਇੱਕ ਨੇ ਜਵਾਬ ਦਿੱਤਾ।

“ਤੇ ਫਿਰ ਐਨੀ ਭਕਾਈ ਕਰਨ ਦੀ ਕੀ ਲੋੜ ਐ। ਜਦੋਂ ਥੋਡਾ ਇਹ ਇਨਕਲਾਬ-ਕਲੂਬ ਆਪਣੇ ਬਾਰਾਂ ਮੂਰ੍ਹਦੀ ਨੰਘਿਆ, ਉਦੋਂ ਤੁਸੀਂ ਨਾਲ ਰਲ ਜਿਓ …” ਮਾਂ ਨੇ ਸੰਜੀਦਾ ਜਿਹੀ ਹੁੰਦੀ ਨੇ ਕਿਹਾ। ਅਸੀਂ ਸਾਰੇ ਹੱਸ ਪਏ ਸਾਂ।

ਫਿਰ ਅਸੀਂ ਸੰਜੀਦਾ ਹੋ ਕੇ ਇਨਕਲਾਬੀ ਸਾਹਿਤ ਪੜ੍ਹਨ ਲੱਗੇ। ਮੌਜੂਦਾ ਸਟੇਟ/ਸੱਤਾ ਦਾ ਵਿਸ਼ਲੇਸ਼ਣ ਕਰਨ ਲੱਗੇ। ਜਮਾਤੀ ਵਿਰੋਧਤਾਈਆਂ ਦੀ ਪੁਣ-ਛਾਣ ਕਰਨ ਲੱਗੇ ਤਾਂ ਬਹੁਤ ਸਾਰੇ ਨਵੇਂ ਸ਼ਬਦ ਸਾਡੇ ਸਾਮ੍ਹਣੇ ਆਉਣ ਲੱਗੇ। ਜਗੀਰੂ, ਅਰਧ-ਜਗੀਰੂ, ਬਸਤੀਵਾਦ, ਅਰਧ-ਬਸਤੀਵਾਦ, ਸਰਮਾਏਦਾਰੀ, ਦਲਾਲ-ਸਰਮਾਏਦਾਰੀ, ਸਾਮਰਾਜਵਾਦ, ਸਮਾਜਵਾਦ, ਜਮਹੂਰੀ ਇਨਕਲਾਬ, ਨਵ-ਜਮਹੂਰੀ ਇਨਕਲਾਬ, ਨਵ ਖੇਤੀ ਇਨਕਲਾਬ, ਮਾਰਕਸਵਾਦ, ਲੈਨਨਵਾਦ, ਸੋਧਵਾਦ, ਨਵ-ਸੋਧਵਾਦ ਵਰਗੇ ਅਨੇਕਾਂ ਸ਼ਬਦ ਤਾਂ ਸਾਡੀਆਂ ਫਜਿਕਸਾਂ-ਕਮਿਸਟਰੀਆਂ ਤੋਂ ਵੀ ਔਖੇ ਸਨ।

ਜਮਾਤੀ ਸਮਾਜ ਵਿੱਚ ਵਿਰੋਧਤਾਈਆਂ ਦਾ ਵਿਸ਼ਾ ਵੀ ਸਾਡੇ ਲਈ ਨਵਾਂ ਹੀ ਸੀ। ਤੇ ਉਸ ਵਿੱਚੋਂ ਮੁੱਖ-ਵਿਰੋਧਤਾਈ ਲੱਭਣੀ ਹੋਰ ਵੀ ਮੁਸ਼ਕਲ ਲਗਦੀ ਸੀ। ਕਿਸਾਨਾਂ-ਮਜ਼ਦੂਰਾਂ ਦੀ ਵਿਰੋਧਤਾਈ, ਜਗੀਰਦਾਰਾਂ-ਮੁਜ਼ਾਰਿਆਂ ਦੀ ਵਿਰੋਧਤਾਈ, ਹੁਕਮਰਾਨਾਂ-ਆਮ ਲੋਕਾਂ ਦੀ ਵਿਰੋਧਤਾਈ, ਸਨਅਤਕਾਰਾਂ-ਮਜ਼ਦੂਰਾਂ ਦੀ ਵਿਰੋਧਤਾਈ, ਆੜ੍ਹਤੀਆਂ-ਕਿਸਾਨਾਂ ਦੀ ਵਿਰੋਧਤਾਈ ਵਰਗੀਆਂ ਅਨੇਕਾਂ ਹੀ ਵਿਰੋਧਤਾਈਆਂ ਦਾ ਵਾਹ ਸਾਡੇ ਨਾਲ ਇਨਕਲਾਬੀ ਲਿਟਰੇਚਰ ਨੂੰ ਪੜ੍ਹਦਿਆਂ ਤੇ ਆਪਸੀ ਵਿਚਾਰ-ਵਟਾਂਦਰਾਂ ਕਰਦਿਆਂ ਪੈ ਰਿਹਾ ਸੀ। ਸਮਾਜ ਦੇ ਵੱਖ ਵੱਖ ਤਬਕੇ, ਉਨ੍ਹਾਂ ਦੀਆਂ ਸਮੱਸਿਆਵਾਂ ਵਰਗੇ ਅਨੇਕਾਂ ਹੀ ਵਿਸ਼ੇ ਸਨ ਜਿਨ੍ਹਾਂ ’ਤੇ ਅਸੀਂ ਚਰਚਾ ਕਰਦੇ ਰਹਿੰਦੇ। ਜਨਤਾ ਨੂੰ ਇਨਕਲਾਬੀ ਗਤੀਵਿਧੀਆਂ ਨਾਲ ਕਿਵੇਂ ਜੋੜਿਆ ਜਾਵੇ, ਕਿੱਥੋਂ ਸ਼ੁਰੂ ਕਰੀਏ ਤਾਂ ਕਿ ਲੋਕ ਸਾਡੇ ਨਾਲ ਤੁਰਨ ਲੱਗ ਜਾਣ, ਲੋਕਾਂ ਦੇ ਕਿਹੜੇ ਮਸਲਿਆਂ ਨੂੰ ਲਿਆ ਜਾਵੇ, ਵਰਗੇ ਅਨੇਕਾਂ ਵਿਸ਼ਿਆਂ ’ਤੇ ਅਸੀਂ ਵਿਚਾਰ-ਵਟਾਂਦਰਾ ਕਰਦੇ। ਅਖੀਰ ਸਾਡੇ ਰਹਿਬਰ ਨੇ ਕਿਹਾ, “ਸਾਥੀਓ, ਤੈਰਨਾ ਤਾਂ ਪਾਣੀ ਵਿੱਚ ਵੜ ਕੇ ਹੀ ਸਿੱਖਿਆ ਜਾਊਗਾ, ਸੋ ਕੁੱਦ ਪਓ ਪਾਣੀ ਵਿੱਚ …”

ਤੇ ਲਓ ਜੀ ਅਸੀਂ ਕੁੱਦ ਪਏ, ਭਾਵ ਤੁਰ ਪਏ ਪਿੰਡਾਂ ਨੂੰ। ਪਹਿਲਾਂ ਅਸੀਂ ਵਿਦਿਆਰਥੀ ਯੂਨੀਅਨਾਂ, ਨੌਜਵਾਨ ਸਭਾਵਾਂ, ਸਾਹਿਤ ਸਭਾਵਾਂ, ਪਿੰਡ ਸੁਧਾਰ ਸਭਾਵਾਂ ਵਰਗੀਆਂ ਜਥੇਬੰਦੀਆਂ ਬਣਾਈਆਂ। ਲੋਕਾਂ ਨੇ ਖੂਬ ਹੁੰਗਾਰਾ ਦਿੱਤਾ। ਛੇਤੀ ਹੀ ਅਸੀਂ ਵਾਹੀਕਾਰ ਯੂਨੀਅਨ ਵੀ ਬਣਾ ਲਈ। ਪਿੰਡਾਂ ਵਿੱਚ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਅਸੀਂ ਆਪਣੀ ਸੁਰ ਕੁਛ ਉੱਚੀ ਹੀ ਰੱਖਦੇ ਰਹੇ। ਸਾਡੇ ਦਿਮਾਗਾਂ ਵਿੱਚ ਖਾੜਕੂਪੁਣਾ ਭਰਿਆ ਹੋਇਆ ਸੀ। ਕੁਝ ਕੁ ਮੁਜ਼ਾਹਰੇ ਕਰਨ ਤੋਂ ਬਾਅਦ, ਲੋਕਾਂ ਦੀ ਸ਼ਮੂਲੀਅਤ ਤੋਂ ਪ੍ਰਭਾਵਿਤ ਹੋ ਕੇ ਅਸੀਂ ਆਪਣੇ ਮੁਜ਼ਾਹਰਿਆਂ ਵਿੱਚ ਪੁਲਿਸ ਨਾਲ ਝੜਪਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਸਟੇਟ ਦਾ ਜਬਰ ਸ਼ੁਰੂ ਹੋਣਾ ਹੀ ਸੀ। ਸਾਡਾ ਬਹੁਤ ਨੁਕਸਾਨ ਹੋਇਆ। ਰਹਿੰਦੀ ਕਸਰ ਐਮਰਜੈਂਸੀ ਨੇ ਪੂਰੀ ਕਰ ਦਿੱਤੀ। ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਲੰਮੇ ਸਮੇਂ ਲਈ ਜੇਲ੍ਹਾਂ ਵਿੱਚ ਸੁੱਟ ਦਿੱਤਾ ਗਿਆ। ਪਰ ਇਨਕਲਾਬੀਆਂ ਨੇ ਆਪਣੇ ਪੂਰੇ ਸਿਦਕ ਅਤੇ ਸਿਰੜ ਨਾਲ ਆਪਣਾ ਸਫਰ ਜਾਰੀ ਰੱਖਿਆ।

ਉੱਧਰੋਂ ਹੁਕਮਰਾਨ ਜਮਾਤਾਂ ਨੇ ਲੋਕਾਂ ਦੀ ਲੁੱਟ ਕਰਕੇ ਆਪਣੀਆਂ ਸੰਮਤੀਆਂ ਵਧਾਉਣ ਦੇ ਸਭ ਹੱਦਬੰਨੇ ਤੋੜ ਦਿੱਤੇ। ਲੋਕਾਂ ’ਤੇ ਆਪਣੇ ਜਬਰ ਦਾ ਸ਼ਿਕੰਜਾ ਲਗਾਤਾਰ ਜਾਰੀ ਰੱਖਿਆ। ਪੂੰਜੀਪਤੀਆਂ ਨੇ ਤਾਂ ਆਪਣੇ-ਆਪ ਨੂੰ ਦੁਨੀਆਂ ਪੱਧਰ ’ਤੇ ਵੀ ਜਥੇਬੰਦ ਕਰ ਲਿਆ। ‘ਵਿਸ਼ਵ ਵਪਾਰ ਸੰਸਥਾ’ ‘ਵਿਸ਼ਵ ਬੈਂਕ’, ‘ਕੌਮਾਂਤਰੀ ਮੁਦਰਾ ਫੰਡ’ ਵਰਗੀਆਂ ਅਨੇਕਾਂ ਸੰਸਥਾਵਾਂ ਬਣਾ ਲਈਆਂ। ਆਪ ਉਹ ਕਾਰਪੋਰੇਟ ਬਣ ਗਏ। ਸਰਕਾਰਾਂ ਨੂੰ ਆਪਣੇ ਕੰਟਰੋਲ ਵਿੱਚ ਕਰਕੇ ਉਹ ਨਵੇਂ ਨਵੇਂ ਲੋਕ ਵਿਰੋਧੀ ਕਾਨੂੰਨ ਬਨਵਾਉਣ ਲੱਗ ਪਏ। ਸਭ ਪਾਸੇ ਹਾਹਾਕਾਰ ਮੱਚ ਗਈ।

ਉੱਧਰ ਇਨਕਲਾਬੀ ਯੋਧੇ ਵੀ ਹੁਣ ਤਕ ਲੋਕਾਂ ਵਿੱਚ ਆਪਣੀਆਂ ਪੂਰੀਆਂ ਜੜ੍ਹਾਂ ਲਾ ਚੁੱਕੇ ਸਨ। ਉਨ੍ਹਾਂ ਨੇ ਲੋਕਾਂ ਤੋਂ ਇਨਕਲਾਬੀ ਝੰਡੇ ਚੁੱਕਵਾ ਲਏ। ਕਿਸਾਨ ਜਥੇਬੰਦੀਆਂ ਨੇ ਹੁਕਮਰਾਨਾਂ ਦਾ ਅੱਗਾ ਰੋਕ ਲਿਆ। ਹੁਕਮਰਾਨਾਂ ਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਅੰਦੋਲਨ ਸ਼ੁਰੂ ਕਰ ਦਿੱਤਾ। ਪੰਜਾਬ ਤੋਂ ਸ਼ੁਰੂ ਹੋਏ ਅੰਦੋਲਨ ਨੇ ਹਰਿਆਣੇ ਦੇ ਕਿਸਾਨਾਂ ਨੂੰ ਨਾਲ ਲੈ ਕੇ ਹੁਕਮਰਾਨਾਂ ਵੱਲੋਂ ਲਾਈਆਂ ਗਈਆਂ ਸਾਰੀਆਂ ਰੋਕਾਂ ਨੂੰ ਤੋੜ ਕੇ ਦਿੱਲੀ ਦੀਆਂ ਬਰੂਹਾਂ ’ਤੇ ਜਾ ਕੇ ਝੰਡੇ ਗੱਡ ਦਿੱਤੇ। ਤੇ ਹੁਣ ਇਹ ਅੰਦੋਲਨ ਸਾਰੇ ਦੇਸ਼ ਵਿੱਚ ਫੈਲ ਗਿਆ ਹੈ। ਸਾਰੇ ਦੇਸ਼ ਦੇ ਪਿੰਡਾਂ, ਕਸਬਿਆਂ, ਸ਼ਹਿਰਾਂ ਦੀਆਂ ਗਲੀਆਂ, ਬਜ਼ਾਰਾਂ, ਦਫਤਰਾਂ ਤੇ ਹੋਰ ਥਾਵਾਂ ’ਤੇ ‘ਇਨਕਲਾਬ-ਜ਼ਿੰਦਾਬਾਦ!’ ਦੇ ਨਾਅਰੇ ਲੱਗ ਰਹੇ ਹਨ। ਹੁਣ ਤਕ ਸ਼ਾਇਦ ਹੀ ਕੋਈ ਪਿੰਡ ਜਾਂ ਸ਼ਹਿਰ ਬਚਿਆ ਹੋਵੇ ਜਿਸਦੀਆਂ ਗਲੀਆਂ ਵਿਚਦੀ ਇਨਕਲਾਬੀ ਕਾਫ਼ਲੇ ‘ਕਿਸਾਨ-ਮਜ਼ਦੂਰ ਏਕਤਾ - ਜਿੰਦਾਬਾਦ’ ‘ਮੋਦੀ ਸਰਕਾਰ - ਮੁਰਦਾਬਾਦ’ ‘ਇਨਕਲਾਬ - ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਨਾ ਲੰਘੇ ਹੋਣ।

ਤੇ ਇਹ ਕਾਫ਼ਲੇ ਲਗਾਤਾਰ ਅੱਗੇ ਵਧ ਰਹੇ ਹਨ। ਇਸ ਜਨ-ਅੰਦੋਲਨ ਨੂੰ ਹੁਣ ਵਿਸ਼ਵ ਵਿਆਪੀ ਹਿਮਾਇਤ ਤੇ ਮਦਦ ਮਿਲ ਰਹੀ ਹੈ। ਜਨਤਾ ਦੇ ਸਾਰੇ ਤਬਕੇ ਇਸ ਅੰਦੋਲਨ ਵਿੱਚ ਸ਼ਾਮਲ ਹਨ। ਕਿਸਾਨਾਂ-ਮਜ਼ਦੂਰਾਂ ਦਾ ਏਕਾ ਇੰਨਾ ਮਜ਼ਬੂਤ ਹੋ ਗਿਆ ਹੈ ਕਿ ਇਸ ਨੂੰ ਹੁਣ ਦੁਨੀਆਂ ਦੀ ਕੋਈ ਵੀ ਤਾਕਤ ਤੋੜ ਨਹੀਂ ਸਕਦੀ। ਬੁੱਧੀਜੀਵੀ, ਲੇਖਕ, ਗਾਇਕ, ਮੁਲਾਜ਼ਮ, ਵਪਾਰੀ, ਆੜ੍ਹਤੀਏ ਅਤੇ ਹੋਰ ਸਾਰੇ ਵਰਗ ਇਸ ਵਿੱਚ ਸ਼ਾਮਲ ਹਨ, ਇਸਦੀ ਹਿਮਾਇਤ ਕਰ ਰਹੇ ਹਨ। ਦੁਨੀਆਂ ਦੇ ਵੱਡੇ ਵੱਡੇ ਦੇਸ਼ਾਂ ਦੀਆਂ ਸੰਸਦਾਂ-ਅਸੈਂਬਲੀਆਂ ਵਿੱਚ ਇਸ ਅੰਦੋਲਨ ਦੀ ਹਮਾਇਤ ਵਿੱਚ ਚਰਚਾ ਹੋ ਰਹੀ ਹੈ, ਹਮਾਇਤ ਵਿੱਚ ਮਤੇ ਪੈ ਰਹੇ ਹਨ। ਧਰਨੇ-ਮੁਜ਼ਾਹਰੇ ਤਾਂ ਆਮ ਗੱਲ ਹੈ। ਕਿਸਾਨਾਂ-ਮਜ਼ਦੂਰਾਂ ਨੇ ਦੇਸ਼ ਦੀ ਸੰਸਦ ਦੇ ਬਰਾਬਰ ਸੰਸਦ ਚਲਾ ਕੇ ਅਤੇ ਕਿਸਾਨਾਂ-ਮਜ਼ਦੂਰਾਂ ਦੀ ਕੌਮੀ ਕਾਨਫਰੰਸ ਕਰਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਹੁਣ ਕਿਸਾਨ-ਮਜ਼ਦੂਰ ਸੱਤਾ ’ਤੇ ਕਾਬਜ਼ ਪੂੰਜੀਪਤੀਆਂ ਸਾਮ੍ਹਣੇ ਇੱਕ ਤਕੜੀ ਵਿਰੋਧੀ ਧਿਰ ਬਣ ਕੇ ਖੜ੍ਹ ਗਏ ਹਨ।

ਟੌਲ-ਪਲਾਜ਼ੇ, ਵੱਡੇ ਮੌਲ, ਸਾਇਲੋ, ਅਤੇ ਖੁਸ਼ਕ ਬੰਦਰਗਾਹਾਂ ਵਰਗੇ ਪੂੰਜੀਪਤੀਆਂ ਦੇ ਲੁੱਟ ਦੇ ਅੱਡੇ ਬੰਦ ਹੋ ਗਏ ਹਨ। ਇਨ੍ਹਾਂ ਥਾਂਵਾਂ ’ਤੇ ਲਗਾਤਾਰ ਕਿਸਾਨਾਂ-ਮਜ਼ਦੂਰਾਂ ਦੇ ਧਰਨੇ ਚੱਲ ਰਹੇ ਹਨ। ਲੋਕਾਂ ਦੇ ਸੱਭਿਆਚਾਰਕ ਇਕੱਠਾਂ ਵਿੱਚ ਵੀ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਲੱਗ ਰਹੇ ਹਨ। ਮਿਹਨਤਕਸ਼ਾਂ ਦੀ ਵਿਰੋਧੀ ਸਰਕਾਰ/ਸੱਤਾ ਖ਼ਿਲਾਫ ਲੋਕਾਂ ਦੇ ਕਾਫ਼ਲੇ ‘ਇਨਕਲਾਬ-ਜ਼ਿੰਦਾਬਾਦ!’ ਦੇ ਨਾਅਰੇ ਲਾਉਂਦੇ ਮਾਰਚ ਕਰ ਰਹੇ ਹਨ। ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਘਰਾਂ ਵਿੱਚੋਂ ਨਿਕਲ ਕੇ ਕੋਈ ਵੀ ਪ੍ਰੋਗਰਾਮ ਲੋਕ ਕਰਨ ਨਹੀਂ ਦੇ ਰਹੇ। ਇੱਕ ਤਰ੍ਹਾਂ ਦਾ ਸ਼ਾਂਤਮਈ ਲੋਕ ਯੁੱਧ ਚੱਲ ਰਿਹਾ ਹੈ। ਇਹੀ ਤਾਂ ਇਨਕਲਾਬ ਦੀ ਸ਼ੁਰੂਆਤ ਹੈ ਜਿਸ ਨੂੰ ਅਸੀਂ ਲਿਆਉਣ ਤੁਰੇ ਸੀ।

ਜੇ ਅੱਜ ਸਾਡੀ ਉਹ ਮਾਂ ਜਿਉਂਦੀ ਹੁੰਦੀ ਤਾਂ ਅਸੀਂ ਉਸ ਨੂੰ ਕਹਿੰਦੇ, “ਮਾਂ, ਇਨਕਲਾਬ ਆਪਣੇ ਬਾਰਾਂ ਮੂਰ੍ਹਦੀ ਲੰਘੀ ਜਾਂਦੈ …।” ਤੇ ਉਸ ਨੇ ਵੀ ਇਹ ਜ਼ਰੂਰ ਕਹਿਣਾ ਸੀ ਕਿ “ਰਲ ਜੋ ਪੁੱਤ ਛੇਤੀ ਛੇਤੀ ਸਾਰੇ ਨਾਲ …।”

ਹੁਣ ਜਿਉਂਦੀਆਂ ਮਾਵਾਂ ਵੀ ਤਾਂ ਆਪਣੇ ਪੁੱਤਰਾਂ ਨੂੰ ਚਾਈਂ ਚਾਈਂ ਇਸ ਇਨਕਲਾਬ ਨਾਲ ਰਲਾ ਰਹੀਆਂ ਹਨ। ਉਹ ਆਪ ਵੀ ‘ਇਨਕਲਾਬ - ਜ਼ਿੰਦਾਬਾਦ!’ ਦੇ ਨਾਅਰੇ ਲਾ ਰਹੀਆਂ ਹਨ।

ਇਨਕਲਾਬ - ਜ਼ਿੰਦਾਬਾਦ! ... ਜ਼ਿੰਦਾਬਾਦ!! … ਜ਼ਿੰਦਾਬਾਦ!!!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2997)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨੰਦ ਸਿੰਘ ਮਹਿਤਾ

ਨੰਦ ਸਿੰਘ ਮਹਿਤਾ

Phone: (91 - 94170 - 35744)
Email: (sidhunand@gmail.com)