AvtarSBilling7“ਆਪਣੇ ਜਵਾਕਾਂ ’ਤੇ ਤਰਸ ਕਰ। ਮੇਰੇ ਵੱਲ ਦੇਖ। ਮੈਂ ਤੇਰੇ ਪਿੱਛੇ ...”
(26 ਜੁਲਾਈ 2021)

 

ਉਹ ਮੇਰਾ ਕੋਲੀਗ ਸੀ - ਮੇਰੀ ਸਰਵਿਸ ਦਾ ਸਾਥੀ। ਹਿੰਦੀ ਵਾਲੇ ਜਿਸ ਨੂੰ ਸਹਿਕਰਮੀ ਆਖਦੇ। ਬਹੁਤ ਸਾਊ ਸ਼ਰੀਫ਼। ਮਿਹਨਤੀ। ਮਿੱਠ ਬੋਲੜਾ। ਡਿਊਟੀ ਦਾ ਪਾਬੰਦ। ਉਮਰ ਵਿੱਚ ਮੈਥੋਂ ਵੱਡਾ। ਐਪਰ ਮੇਰਾ ਮਤਹਿਤ ਅਧਿਆਪਕ। ਜਦੋਂ ਸਾਡਾ ਇਹ ਸੰਬੰਧ ਬਣਿਆ, ਉਹ ਬੇਹੱਦ ਪਰੇਸ਼ਾਨ ਰਹਿੰਦਾ। ਹਰ ਵਕਤ ਚਿੰਤਾਗ੍ਰਸਤ। ਫੇਰ ਵੀ ਪੀਰੀਅਡ ਕਦੇ ਨਾ ਛੱਡਦਾ। ਬੱਸ ਜਮਾਤ ਵਿੱਚ ਜਾ ਬਹਿੰਦਾ। ਪੜ੍ਹਾਉਣ ਨੂੰ ਉਸ ਦਾ ਮਨ ਨਾ ਮੰਨਦਾ। ਉਸ ਨਾਲ ਹਮਦਰਦੀ ਹੀ ਦਿਖਾਈ ਜਾ ਸਕਦੀ ਸੀ। ਪੜ੍ਹਨਾ ਜਾਂ ਪੜ੍ਹਾਉਣਾ ਮਨ ਮੰਨਦੇ ਦੀਆਂ ਗੱਲਾਂ ਹਨ। ਹੋਰ ਕਿੱਤਿਆਂ ਵਾਂਗ ਇਸ ਵਿੱਚ ਸਖਤੀ ਕੀਤੀ ਕਾਰਗਰ ਸਾਬਤ ਨਹੀਂ ਹੁੰਦੀ। ਜੇ ਟੀਚਰ ਦਾ ਮਨ ਨਹੀਂ ਰਾਜ਼ੀ, ਉੱਪਰਲਾ ਅਫਸਰ ਉਸ ਨੂੰ ਕਲਾਸ ਵਿੱਚ ਤਾਂ ਜ਼ਬਰਦਸਤੀ ਭੇਜ ਦੇਵੇਗਾ ਪਰ ਦਿਲ ਲਗਾ ਕੇ ਪੜ੍ਹਾਉਣ ਲਈ ਮਜਬੂਰ ਨਹੀਂ ਕਰ ਸਕਦਾ। ਇਹੀ ਹਾਲ ਵਿੱਦਿਆ ਗ੍ਰਹਿਣ ਕਰਨ ਵਾਲੇ ਦਾ ਹੁੰਦਾ ।

ਉਸ ਨੂੰ ਆਪਣੇ ਇਕਲੌਤੇ ਪੁੱਤਰ ਦੀ ਚਿੰਤਾ ਸੀ ਜਿਹੜਾ ਕਿਸੇ ਲੋਕ ਕਲਿਆਣ ਮਹਿਕਮੇ ਵਿੱਚ ਘਾਟਾ ਖਾ ਕੇ ਮਸਾਂ ਮਿਲੀ ਨੌਕਰੀ ਗਵਾ ਚੁੱਕਾ ਸੀ। ਉਸ ਦੇ ਬੱਚੇ ਸਨ। ਘਰਵਾਲੀ ਸੀ। ਪਰ ਉਹ ਕਬੀਲਦਾਰੀ ਦੀਆਂ ਜਿੰਮੇਵਾਰੀਆਂ ਤੋਂ ਭਗੌੜਾ ਹੋਇਆ, ਠੇਕੇ ਵਾਲਿਆਂ ਦਾ ਪੱਕਾ ਗਾਹਕ ਤੇ ਸ਼ਰਾਬ ਦਾ ਪੱਕਾ ਪਿਆਕੜ ਬਣਿਆ, ਸਵੇਰੇ ਸਾਝਰੇ ਘੂਕ ਸੁੱਤੇ ਕਾਰਿੰਦੇ ਨੂੰ ਜਗਾ ਕੇ ਬਹੁਣੀ ਕਰਵਾਉਂਦਾ। ਸ਼ਰਾਬ ਦੇ ਨਸ਼ੇ ਵਿੱਚ ਗੁੱਟ ਹੋਇਆ, ਉੱਥੇ ਹੀ ਸੂਏ ਕੰਢੇ ਲਿਟਦਾ, ਸ਼ਾਮ ਨੂੰ ਧੱਕੇ ਧੌਲੇ ਖਾਂਦਾ ਡੰਗਰਾਂ ਵਾਲੇ ਸ਼ੈੱਡ ਅੰਦਰ ਵੜ ਕੇ ਸੌਂ ਜਾਂਦਾ। ਜੇ ਵਾਸੂ ਘਰ ਵਿੱਚ ਵੜਦਾ ਤਾਂ ਘਰਵਾਲੀ ਦੀ ਕੁੱਟ ਮਾਰ ਕਰ ਦਿੰਦਾ। ਆਪਣੇ ਪੁੱਤਰ ਦੀ ਅਜਿਹੀ ਦੁਰਦਸ਼ਾ ਦੇਖ ਕੇ ਉਹ ਵੈਸ਼ਨੂੰ ਅਧਿਆਪਕ ਮਨ ਹੀ ਮਨ ਖਿਝਦਾ-ਖਪਦਾ, ਚੁੱਲ੍ਹੇ ਉੱਤੇ ਤਪਦੀ ਤੌੜੀ ਵਾਂਗ ਰਿੱਝਦਾ ਆਪਣੇ ਕੰਢੇ ਫੂਕਦਾ। ਸਵੇਰ ਵੇਲੇ ਹੋਸ਼ ਵਿੱਚ ਆਏ ਪੁੱਤਰ ਨੂੰ ਨਸੀਹਤਾਂ ਦਿੰਦਾ। ਲੜਕੇ ਦੇ ਸੁਹਿਰਦ ਮਿੱਤਰਾਂ ਤੇ ਕੁਝ ਸੂਝਵਾਨ ਰਿਸ਼ਤੇਦਾਰਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਡਾਕਟਰ ਕੋਲ ਜਾਣਾ ਉਹ ਮੰਨਿਆ ਨਹੀਂ। ਨੀਮ ਹਕੀਮ ਕੋਲੋਂ ਪੁੜੀਆਂ ਖਾ ਕੇ ਦੇਖੀਆਂ ਪਰ ਕੋਈ ਅਸਰ ਨਹੀਂ। ਆਰਥਿਕ ਪੱਖ ਤੋਂ ਵੀ ਪਰਿਵਾਰ ਨੂੰ ਖੋਰਾ ਲੱਗ ਰਿਹਾ ਸੀ।

ਉਸ ਅਧਿਆਪਕ ਨੂੰ ਸਟਾਫ ਨੇ ਚੰਗੇ ਡਾਕਟਰ ਨੂੰ ਵੀ ਮਿਲਾਇਆ। ਮਨੋ ਰੋਗਾਂ ਦੇ ਮਾਹਿਰ ਨਾਲ ਰਾਇ ਮਸ਼ਵਰਾ ਕਰਵਾਇਆ। ਪਰ ਡਾਕਟਰ ਦੀਆਂ ਦਿਲਬਰੀਆਂ ਤੇ ਮਿੱਠੀਆਂ ਗੱਲਾਂ ਨਾਲ ਕੋਈ ਫ਼ਰਕ ਨਾ ਪਿਆ। ਗੋਲੀਆਂ ਦਾ ਫੱਕਾ ਮਾਰਿਆਂ ਨੀਂਦ ਆਉਂਦੀ। ਜਾਗਣ ਉੱਤੇ ਉਹੀ ਬੇਚੈਨੀ। ਹਾਲਾਤ ਬਦਲੇ ਨਹੀਂ ਸੀ ਜਾ ਸਕਦੇ। ਚੰਗੇ ਕਿਰਦਾਰ ਵਾਲੇ ਪਿਤਾ ਦਾ ਮੰਦੇ ਹਾਲਾਤ ਨਾਲ ਸਮਝੌਤਾ ਕਰਵਾਉਣ ਵਾਲੀ ਦਵਾਈ ਕਿਸੇ ਡਾਕਟਰ ਜਾਂ ਵੈਦ ਹਕੀਮ ਕੋਲ ਨਹੀਂ ਸੀ। ਟੀਚਰ ਦੇ ਪੁਰਾਣੇ ਸਤਿਕਾਰ ਤੇ ਰਿਟਾਇਰਮੈਂਟ ਵਿੱਚ ਰਹਿੰਦੇ ਇੱਕ ਦੋ ਸਾਲਾਂ ਕਰ ਕੇ ਸਾਥੀ ਅਧਿਆਪਕਾਂ ਦੀ ਉਸ ਨਾਲ ਵੱਧ ਹਮਦਰਦੀ ਸੀ। ਚਿੰਤਾ ਰੋਗ ਦਿਨੋ ਦਿਨ ਘਾਤਕ ਹੁੰਦਾ ਜਾ ਰਿਹਾ ਸੀ। ਅਧਿਆਪਕ ਹਰ ਵਕਤ ਆਪਣੇ ਨਾਲਾਇਕ ਪੁੱਤਰ ਦੇ ਰੋਣੇ ਰੋਂਦਾ, ਆਪ ਮਰਨਾ ਚਾਹੁੰਦਾ। ਇਕੱਲਾ ਬੈਠਾ ਆਪ ਗੱਲਾਂ ਕਰਦਾ: ਮੇਰੇ ਪੋਤੇ ਪੋਤੀਆਂ ਦਾ ਕੀ ਬਣੂੰ? ਜਿਹੜੀ ਸਾਊ ਸ਼ਰੀਫ਼ ਧੀ ਅਗਲਿਆਂ ਸਾਡੇ ਖਾਨਦਾਨ ਦੇ ਮੂੰਹ ਕਰ ਕੇ ਇਸ ਦੇ ਲੜ ਲਾਈ ਹੈ, ਉਹ ਕੀ ਕਰੂ?”

ਮੈਂ ਉਸ ਨੂੰ ਡੇਲ ਕਾਰਨੀਗੀ ਦੀ ਪੁਸਤਕ ‘ਹਾਉ ਟੂ ਸਟੌਪ ਵਰੀਇੰਗ ਐਂਡ ਸਟਾਰਟ ਲਿਵਿੰਗ’ ਦਿੱਤੀ ਪਰ ਉਸ ਦਾ ਪੜ੍ਹਨ ਨੂੰ ਮਨ ਨਾ ਮੰਨਦਾ।

“ਸਤਿਪੁਰਸ਼ ਹੋ। ਪ੍ਰਭੂ ਸਿਮਰਨ ਵਿੱਚ ਮਨ ਲਗਾਉ” ਉਸ ਦੇ ਮਿੱਤਰ ਦੋਸਤ ਸਮਝਾਉਂਦੇ। ਪਰ ਭਜਨ ਬੰਦਗੀ ਵੀ ਮਾਨਸਿਕ ਅਤੇ ਸਰੀਰਕ ਪੱਖ ਤੋਂ ਤੰਦਰੁਸਤ ਬੰਦਾ ਹੀ ਕਰ ਸਕਦਾ ਹੈ। ਬਿਮਾਰ ਕੋਲ ਤਾਂ ਰੱਬ ਨੂੰ ਕੱਢਣ ਵਾਸਤੇ ਵੀ ਅਕਸਰ ਗਾਲ਼ਾਂ ਹੀ ਹੁੰਦੀਆਂ ਹਨ।

ਸਾਰੇ ਸਟਾਫ ਦੇ ਸਹਿਯੋਗ ਨਾਲ ਅਸੀਂ ਉਸ ਨੂੰ ਛੋਟੀਆਂ ਕਲਾਸਾਂ ਦੇ ਦਿੰਦੇ। ਉਸ ਦੀ ਹਰ ਮਦਦ ਕਰਦੇ। ਉਸ ਨੂੰ ਘਰ ਤਕ ਛੱਡ ਕੇ ਆਉਂਦੇ ਤਾਂ ਕਿ ਮਸੋਸਿਆ ਹੋਇਆ ਰਾਹ ਵਿੱਚ ਕੋਈ ਕਾਰਾ ਨਾ ਕਰ ਲਵੇ।

ਇੱਕ ਸਵੇਰ ਅਜੀਬ ਘਟਨਾ ਵਾਪਰੀ। ਐਤਵਾਰ ਦੀ ਸਵੇਰ ਡਿਪਰੈਸ਼ਨ ਦੀ ਜਕੜ ਵਿੱਚ ਆਏ, ਰੋਣਹਾਕੇ ਹੋਏ ਉਸ ਅਧਿਆਪਕ ਨੇ ਪੁੱਤਰ ਨੂੰ ਸੋਫ਼ੀ ਦੇਖ ਕੇ ਝੰਜੋੜਨਾ ਚਾਹਿਆ। “ਕਿਉਂ ਨਿੱਤ ਹੀ ਜ਼ਹਿਰ ਪੀ ਕੇ ਆਪਣੀ ਕੰਚਨ ਕਾਇਆ ਗਾਲ਼ੀ ਜਾਂਦੈਂ? ਕਿਉਂ ਮੇਰੀ ਲਹੂਰਾਂ ਨਾਲ ਕਮਾਈ ਮਾਇਆ ਨੂੰ ਮੂਤ ਰਾਹ ਹੜ੍ਹਾਈ ਜਾਦੈਂ? ਆਪਣੇ ਜਵਾਕਾਂ ’ਤੇ ਤਰਸ ਕਰ। ਮੇਰੇ ਵੱਲ ਦੇਖ। ਮੈਂ ਤੇਰੇ ਪਿੱਛੇ ਰੋਗੀ ਹੋ ਗਿਆ। ਲੱਪ ਦਵਾਈਆਂ ਦੀ ਨਿੱਤ ਹੀ ਖਾਣੀ ਪੈਂਦੀ ਐ।” ਪਿਉ ਨੇ ਵਾਸਤਾ ਪਾਇਆ।

“ਕਿਉਂ ਖਾਂਦਾ ਹੈਂ ਦਵਾਈ? ਮੇਰੇ ਨਾਲ ਬਹਿ ਕੇ ਦੋ ਘੁੱਟਾਂ ਦਾਰੂ ਦੀਆਂ ਤੂੰ ਲਾ ਲਿਆ ਕਰ।” ਮੁੰਡਾ ਬੇਸ਼ਰਮ ਹਾਸਾ ਹੱਸਿਆ।

“ਬੇਅਕਲ ਪੁੱਤਰਾ। ਤੇਰੇ ਪਿੱਛੇ ਮੈਂ ਕਿਸੇ ਦਿਨ ਮਰ ਜਾਣਾ ਹੈ, ਓਏ।” ਪਿਉ ਨੇ ਜਿਵੇਂ ਭੁੱਬ ਮਾਰੀ।

“ਤੂੰ ਨਹੀਂ ਮਰਨਾ। ਤੇਰੇ ਤਾਂ ਮੈਂ ਡੱਕਰੇ ਕਰ ਕੇ ਨਹਿਰ ਵਿੱਚ ਸਿਟੂੰਗਾ। ਜੇ ਤੂੰ ਕਿਸੇ ਚੱਜ ਹਾਲ ਦਾ ਹੁੰਦਾ, ਕਿੱਦਣ ਦਾ ਮੈਂਨੂੰ ਬਿਦੇਸ਼ ਨਾ ਭੇਜ ਦਿੰਦਾ? ਦੱਸ ਤੇਰੇ ਵਰਗੇ ਨਿਕੰਮੇ ਮਾਪੇ ਨੂੰ ਰਗੜ ਕੇ ਫੋੜੇ ’ਤੇ ਲਾਉਣਾ?” ਪੁੱਤਰ ਗਰਜਿਆ।

“ਅੱਛਾ, ਇਹ ਗੱਲ ਹੈ। ਲੈ ਬਈ ਤੂੰ ਮੇਰੇ ਡੱਕਰੇ ਹੀ ਕਰ ਲਵੀਂ।” ਮਾਯੂਸ ਪਿਤਾ ਨੇ ਆਪਣੇ ਮੋਹ ਮਮਤਾ ਵਾਲੇ ਅੱਥਰੂ ਪੂੰਝੇ। ਆਪਣੀ ਦਵਾਈ ਵਾਲਾ ਲਿਫ਼ਾਫ਼ਾ ਵਗਾਹ ਕੇ ਬਾਹਰ ਮਾਰਿਆ। ਅਜਿਹੇ ਨਾਸ਼ੁਕਰੇ ਪੁੱਤ ਲਈ ਉਹ ਆਪਣੇ ਅੰਦਰ ਹੀ ਅੰਦਰ ਘੁਲ ਕੇ ਕਿਉਂ ਮਰਦਾ ਰਿਹਾ? ਉਸ ਨੇ ਆਪਣੇ ਮਨ ਨੂੰ ਫਿਟਕਾਰ ਪਾਈ। ਤੇ ਉਸ ਨੇ ਚਿੰਤਾ ਹਮੇਸ਼ਾ ਵਾਸਤੇ ਤਿਆਗ ਦਿੱਤੀ। ਉਹ ਇੱਕ ਡਾਕਟਰ ਕੋਲ ਪਹੁੰਚਿਆ।

“ਕਿਸੇ ਮਾਨਸਿਕ ਰੋਗੀ ਨੂੰ ਤੁਸੀਂ ਆਪ ਬਿਮਾਰ ਹੋ ਕੇ ਰਾਜ਼ੀ ਕਿੰਜ ਕਰ ਸਕਦੇ ਹੋ? ਡਾਕਟਰੀ ਰਾਇ ਜ਼ਰੂਰੀ ਹੈ।” ਡਾਕਟਰ ਨੇ ਆਖਿਆ।

ਉਸ ਅਧਿਆਪਕ ਦੀ ਬਦਲੀ ਅਸੀਂ ਉਸ ਦੇ ਪਿੰਡ ਦੇ ਬਿਲਕੁਲ ਨੇੜੇ ਕਰਵਾ ਦਿੱਤੀ। ਕਈ ਮਹੀਨਿਆਂ ਬਾਅਦ ਜਦੋਂ ਉਹ ਮੈਂਨੂੰ ਮਿਲਿਆ, ਪੂਰਾ ਨੌ ਬਰ ਨੌ ਸੀ।

“ਮੁੰਡੇ ਦਾ ਕੀ ਹਾਲ ਹੈ?” ਮੈਂ ਪੁੱਛਿਆ।

“ਡਾਕਟਰ ਤੋਂ ਮਿਲੀ ਇੱਕ ਗੋਲ਼ੀ ਉਸ ਨੂੰ ਭੁਲੇਖੇ ਨਾਲ ਦੇ ਕੇ ਰਿਸ਼ਤੇਦਾਰਾਂ ਦੀ ਮਦਦ ਨਾਲ ਚੁੱਕ ਕੇ ਹਸਪਤਾਲ ਲੈ ਗਏ ਸੀ। ਹੁਣ ਨਸ਼ੇ ਨੂੰ ਮੂੰਹ ਨਹੀਂ ਲਾਉਂਦਾ। ਟਰੈਕਟਰ ਨਾਲ ਵਧੀਆ ਖੇਤੀ ਕਰਦਾ ਹੈ।” ਉਸ ਨੇ ਮਾਣ ਨਾਲ ਆਖਿਆ। ਕਿੰਨੇ ਅਰਸੇ ਬਾਅਦ ਮੈਂ ਇੱਕ ਪਿਤਾ ਦੇ ਚਿਹਰੇ ਉੱਪਰ ਖੇੜਾ ਦੇਖਿਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2919)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਅਵਤਾਰ ਸਿੰਘ ਬਿਲਿੰਗ

ਅਵਤਾਰ ਸਿੰਘ ਬਿਲਿੰਗ

Phone: (USA 206 - 353 - 9882)
Whatsapp (91 - 82849 - 09596)
Email: (avtarsinghbilling@gmail.com)