ParkashSJaito7“ਉਸਦੀਆਂ ਬਾਹਰ ਨਿਕਲੀਆਂ ਆਂਦਰਾਂ ਨੂੰ ਉਸਦੇ ਢਿੱਡ ਵਿੱਚ ਉਵੇਂ ਹੀ ਪਾ ਕੇ ਉੱਪਰੋਂ ...”
(25 ਮਈ 2019)

 

“ਹਮ ਆਦਮੀ ਹਾਂ ਇੱਕ ਦਮੀ ਮੁਹਲਤਿ ਮੁਹਤੁ ਨ ਜਾਣਾ॥” ਭਾਵ ਮਨੁੱਖ ਦੀ ਜ਼ਿੰਦਗੀ ਇੱਕ ਦਮ ਜਾਂ ਸਾਹ ਤੇ ਟਿਕੀ ਹੋਈ। ਜਿੰਨਾ ਸਮਾਂ ਸਾਹ ਆ ਰਿਹਾ ਹੈ, ਜਿੰਦਾ ਹਾਂ, ਸਾਹ ਆਉਣਾ ਬੰਦ, ਜ਼ਿੰਦਗੀ ਖਤਮ। ਜ਼ਿੰਦਗੀ ਦੀ ਮਿਆਦ ਕਿੰਨੀ ਹੈ, ਇਹ ਦੱਸਿਆ ਨਹੀਂ ਜਾ ਸਕਦਾ।

1988 ਵਿੱਚ ਬਰਨਾਲਾ ਜੇਲ ਉਦੋਂ ਪੁਰਾਣੇ ਕਿਲੇ ਵਿੱਚ ਚਲਦੀ ਸੀ। ਰਾਇਫਲ ਲੈ ਕੇ ਡਿਉਟੀ ’ਤੇ ਖੜ੍ਹੇ ਇੱਕ ਮੁਲਾਜ਼ਮ ਦਾ ਦੂਸਰੇ ਮੁਲਾਜ਼ਮ ਨਾਲ ਤਕਰਾਰ ਹੋ ਗਿਆ। ਗੱਲ ਜ਼ਿਆਦਾ ਵਧ ਗਈ। ਡਿਉਟੀ ’ਤੇ ਖੜ੍ਹੇ ਮੁਲਾਜ਼ਮ ਨੇ ਬਿਨਾਂ ਨਿਸ਼ਾਨਾ ਲਏ ਗੁੱਸੇ ਵਿੱਚ ਕੁਝ ਦੂਰੀ ਤੇ ਖੜ੍ਹੇ ਮੁਲਾਜ਼ਮ ਵੱਲ ਗੋਲੀ ਚਲਾ ਦਿੱਤੀ। ਕਹਿੰਦੇ ਹਨ, ਗੁੱਸੇ ਵਿੱਚ ਮਨੁੱਖ ਅੰਨ੍ਹਾ ਹੋ ਜਾਂਦਾ ਹੈ, ਉਸਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ। ਗੋਲੀ ਨੇੜੇ ਹੀ ਕੰਮ ਕਰਦੇ ਦੋ ਕੈਦੀਆਂ ਵਿੱਚੋਂ ਇੱਕ ਦੇ ਢਿੱਡ ਨੂੰ ਚੀਰਦੀ ਤੇ ਦੂਸਰੇ ਕੈਦੀ ਦੇ ਮੋਢੇ ਨੂੰ ਛੂਹੰਦੀ ਹੋਈ, ਮੁਲਾਜ਼ਮ ਦੀ ਲੱਤ ਵਿੱਚ ਜਾ ਲੱਗੀ। ਜੇਲ ਵਿੱਚ ਰੌਲਾ ਪੈ ਗਿਆ ਤੇ ਇਕੱਠ ਹੋ ਗਿਆ। ਸਾਰੇ ਜਣੇ ਜ਼ਖਮੀਆਂ ਨੂੰ ਚੱਕਣ ਲਈ ਭੱਜੇ।

ਜਿਸ ਕੈਦੀ ਦੇ ਢਿੱਡ ਵਿੱਚ ਗੋਲੀ ਲੱਗੀ ਸੀ, ਉਸਦੀਆਂ ਆਂਦਰਾਂ ਬਾਹਰ ਨਿੱਕਲ ਆਈਆਂ ਸਨ। ਉਹ ਚੀਕਾਂ ਮਾਰ ਰਿਹਾ ਸੀ। ਜਿਸ ਮੁਲਾਜ਼ਮ ਦੀ ਲੱਤ ਉੱਤੇ ਗੋਲੀ ਲੱਗੀ ਸੀ, ਉਸਦੀ ਲੱਤ ਦਾ ਵੀ ਬੁਰਾ ਹਾਲ ਸੀ। ਜਿਸ ਕੈਦੀ ਦੇ ਮੋਢੇ ਉੱਤੇ ਗੋਲੀ ਲੱਗੀ ਸੀ, ਉਸ ਦੇ ਖੂਨ ਤਾਂ ਵਗ ਰਿਹਾ ਸੀ, ਪ੍ਰੰਤੂ ਉਹ ਦੂਸਰੇ ਜ਼ਖਮੀਆਂ ਨਾਲੋਂ ਠੀਕ ਸੀ। ਜਦੋਂ ਜ਼ਖਮੀਆਂ ਨੂੰ ਚੁੱਕ ਕੇ ਗੱਡੀ ਵਿੱਚ ਪਾਉਣ ਲੱਗੇ ਤਾਂ ਸਭ ਦੀ ਇੱਕੋ ਰਾਇ ਸੀ ਕਿ ਜਿਸਦੇ ਢਿੱਡ ਵਿੱਚ ਗੋਲੀ ਲੱਗੀ ਹੈ, ਉਹਨੂੰ ਚੁੱਕਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਕੁਝ ਕੁ ਪਲਾਂ ਦਾ ਮਹਿਮਾਨ ਹੈ। ਪ੍ਰੰਤੂ ਉਹ ਵਾਸਤੇ ਪਾ ਰਿਹਾ ਸੀ - ਮੈਂਨੂੰ ਵੀ ਹਸਪਤਾਲ ਲੈ ਚੱਲੋ, ਸ਼ਾਇਦ ਮੈਂ ਬਚ ਜਾਵਾਂ। ਇੱਕ ਮੁਲਾਜ਼ਮ ਨੇ ਛੇਤੀ ਦੇਣੇ ਉਸਦੀਆਂ ਬਾਹਰ ਨਿਕਲੀਆਂ ਆਂਦਰਾਂ ਨੂੰ ਉਸਦੇ ਢਿੱਡ ਵਿੱਚ ਉਵੇਂ ਹੀ ਪਾ ਕੇ ਉੱਪਰੋਂ ਉਸੇ ਦੇ ਸਿਰ ਵਾਲੇ ਪਰਨੇ ਨਾਲ ਬੰਨ੍ਹ ਦਿੱਤਾ। ਤਿੰਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸਿਵਲ ਹਸਪਤਾਲ ਵਾਲਿਆਂ ਨੇ ਮੁਲਾਜ਼ਮ (ਜਿਸਦੇ ਲੱਤ ’ਤੇ ਗੋਲੀ ਲੱਗੀ ਸੀ) ਅਤੇ ਕੈਦੀ, ਜਿਸਦੇ ਢਿੱਡ ਵਿੱਚ ਗੋਲੀ ਲੱਗੀ ਸੀ, ਨੂੰ ਮੁੱਢਲੀ ਸਹਾਇਤਾ ਦੇ ਕੇ ਸੀ ਐੱਮ ਸੀ ਲੁਧਿਆਣਾ ਰੈਫਰ ਕਰ ਦਿੱਤਾ। ਦੋਨਾਂ ਦਾ ਇਲਾਜ ਤਾਂ ਲੰਬਾ ਚੱਲਿਆ ਪਰ ਦੋਨੋ ਤੰਦਰੁਸਤ ਹੋ ਗਏ।

ਮੇਰਾ ਮਿੱਤਰ ਕਰਨਜੀਤ ਸਿੰਘ ਫਰੀਦਕੋਟ ਖੇਤੀ ਵਿਭਾਗ ਵਿੱਚ ਗਜ਼ਟਿਡ ਅਫਸਰ ਹੈ। ਉਸ ਦਾ ਪਿੰਡ ਫਰੀਦਕੋਟ ਤੋਂ ਕੁਝ ਕੁ ਦੂਰ ਹੈ। ਆਪ ਉਹ ਪ੍ਰੀਵਾਰ ਨਾਲ ਫਰੀਦਕੋਟ ਹੀ ਰਹਿੰਦਾ ਹੈ। ਇੱਕ ਵਾਰ ਅਸੀਂ ਕਿਸੇ ਪ੍ਰੋਗਰਾਮ ’ਤੇ ਇਕੱਠੇ ਹੋਏ ਤਾਂ ਸਾਡਾ ਗੱਲਾਂ ਦਾ ਵਿਸ਼ਾ ਜ਼ਿੰਦਗੀ ਅਤੇ ਮੌਤ ਬਾਰੇ ਸੀ। ਮੈਂ ਉਸ ਨੂੰ ਉੱਪਰ ਵਾਲੀ ਘਟਨਾ ਸੁਣਾਈ ਤਾਂ ਉਸਨੇ ਮੈਂਨੂੰ ਕੁਝ ਮਹੀਨੇ ਪਹਿਲਾਂ ਵਾਪਰੀ ਘਟਨਾ ਸੁਣਾਈ। ਕਰਨਜੀਤ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਖੇਤਾਂ ਵਿੱਚ ਜੋ ਕਾਮਾਂ ਕੰਮ ਕਰਦਾ ਹੈ, ਉਸਨੂੰ ਨਸ਼ੇ ਦੀ ਲਤ ਲੱਗ ਗਈ। ਉਹਨਾਂ ਦੇ ਘਰ ਰੋਜ਼ ਦਾ ਕਲੇਸ਼ ਰਹਿੰਦਾ। ਇੱਕ ਦਿਨ ਉਸਨੇ ਘਰਦਿਆਂ ਨਾਲ ਲੜ ਕੇ ਸਪਰੇਅ ਪੀ ਲਈ। ਘਰ ਵਾਲਿਆਂ ਛੇਤੀ ਚੁੱਕ ਕੇ ਫਰੀਦਕੋਟ ਮੈਡੀਕਲ ਕਾਲਜ ਪਹੁੰਚਾ ਦਿੱਤਾ। ਡਾਕਟਰਾਂ ਨੇ ਉਸ ਦੀ ਹਾਲਤ ਵੇਖੀ ਤਾਂ ਇੱਕ ਤਰ੍ਹਾਂ ਨਾਲ ਸਿਰ ਜਿਹਾ ਫਿਰ ਦਿੱਤਾ। ਉਹ ਬੈੱਡ ਤੋਂ ਉੱਪਰ ਬੁੜ੍ਹਕ ਰਿਹਾ ਸੀ। ਉਸਨੂੰ ਮੁਸ਼ਕਲ ਨਾਲ ਨੱਪ ਕੇ ਰੱਖਿਆ ਹੋਇਆ ਸੀ। ਮੇਰੇ ਮਿੱਤਰ ਨੇ ਦੱਸਿਆ ਕਿ ਮੈਂ ਡਾਕਟਰਾਂ ਨੂੰ ਆਪਣਾ ਤੁਆਰਫ ਕਰਾਇਆ ਤੇ ਉਸਦੇ ਬੱਚਿਆਂ ਦਾ ਵਾਸਤਾ ਦੇ ਕੇ ਇਲਾਜ ਸ਼ੁਰੂ ਕਰਵਾ ਦਿੱਤਾ। ਪ੍ਰੰਤੂ ਮੈਂ ਉਸਦੀ ਹਾਲਤ ਵੇਖ ਕੇ ਇਹ ਸੋਚ ਰਿਹਾ ਸੀ ਕਿ ਉਸਦੀ ਮੌਤ ਦੀ ਖਬਰ ਕਿਸੇ ਸਮੇਂ ਵੀ ਆ ਸਕਦੀ ਸੀ। ਫਿਰ ਮੇਰੇ ਮਿੱਤਰ ਨੇ ਦੱਸਣਾ ਸ਼ੁਰੂ ਕੀਤਾ ਕਿ ਮੈਂ ਦੋ ਦਿਨ ਬਾਅਦ ਹਸਪਤਾਲ ਗਿਆ ਤਾਂ ਉਹ ਸ਼ਾਂਤ ਸੀ, ਕੋਈ-ਕੋਈ ਸਾਹ ਚੱਲ ਰਿਹਾ ਸੀ। ਹਰੇਕ ਨੂੰ ਇਹੀ ਲੱਗ ਰਿਹਾ ਸੀ ਕਿ ਸ਼ਾਇਦ ਇਹੀ ਸਾਹ ਆਖਰੀ ਹੈ।

ਹੁਣ ਮੇਰਾ ਮਿੱਤਰ ਮੇਰੇ ਮੂੰਹ ਵੱਲ ਵੇਖ ਕੇ ਬੋਲਿਆ, “ਹੁਣ ਤੂੰ ਦੱਸ, ਉਹ ਬੱਚ ਗਿਆ ਸੀ ਜਾਂ ਮਰ ਗਿਆ?” ਮੇਰਾ ਜਵਾਬ ਉਡੀਕੇ ਬਿਨਾਂ ਹੀ ਮੇਰੇ ਮਿੱਤਰ ਨੇ ਬੋਲਣਾ ਸ਼ੁਰੂ ਕੀਤਾ, “ਮੈਂ ਪੰਜਾਂ ਦਿਨਾਂ ਬਾਅਦ ਉਹਨਾਂ ਦੇ ਘਰ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਸ ਨੂੰ ਅੱਜ ਹੀ ਹਸਪਤਾਲ ਤੋਂ ਛੁੱਟੀ ਮਿਲੀ ਹੈ, ਉਹ ਹੁਣ ਬਿਲਕੁਲ ਠੀਕ ਹੈ।”

ਫਰੀਦਕੋਟ ਮੈਡੀਕਲ ਕਾਲਜ ਵਿਖੇ ਆਈ ਸੀ ਯੂ ਵਿੱਚ ਦਾਖਲ ਕੈਦੀ ’ਤੇ ਮੇਰੀ ਡਿਉਟੀ ਸੀ। ਨਾਲ ਦੇ ਬੈੱਡ ਉੱਤੇ ਇੱਕ ਭਈਆ ਦਾਖਲ ਸੀ। ਬਿਹਾਰ ਤੋਂ ਬਿਚਾਰਾ ਸਾਥੀਆਂ ਨਾਲ ਝੋਨਾ ਲਾਉਣ ਆਇਆ ਸੀ, ਖੇਤ ਵਿੱਚ ਭੁੰਜੇ ਪਏ ਦੇ ਸੱਪ ਲੜ ਗਿਆ। ਉਹ ਬੇਸੁਰਤ ਆਕਸੀਜ਼ਨ ਦੇ ਸਹਾਰੇ ਪਿਆ ਸੀ।

ਦੋ ਦਿਨਾਂ ਬਾਅਦ ਉਸ ਨੂੰ ਸੁਰਤ ਆਈ। ਉਸਦਾ ਸਾਥੀ ਹੁਣ ਉਸਨੂੰ ਕੁਝ ਖੁਆ-ਪਿਲਾ ਰਿਹਾ ਸੀ। ਮੈਂਨੂੰ ਵੇਖ ਕੇ ਉਹ ਬੋਲਿਆ, “ਹੌਲਦਾਰ ਜੀ, ਡਾਕਟਰ ਸਾਹਿਬ ਬੋਲਾ ਕਿ ਇਸ ਕੋ ਕੱਲ੍ਹ ਛੁੱਟੀ ਮਿਲ ਜਾਏਗਾ।”

ਮੈਂ ਤਰਸ ਭਰੀਆਂ ਨਿਗਾਹਾਂ ਨਾਲ ਉਸ ਵੱਲ ਵੇਖਿਆ। ਅਸੀਂ ਦੋ ਮੁਲਾਜ਼ਮ ਵਾਰੀ ਨਾਲ ਇੱਕ-ਇੱਕ ਦਿਨ ਡਿਊਟੀ ਕਰਦੇ ਸਾਂ। ਜਦ ਮੈਂ ਦੂਸਰੇ ਦਿਨ ਡਿਉਟੀ ’ਤੇ ਗਿਆ ਤਾਂ ਉਸ ਭਈਏ ਵਾਲਾ ਬੈੱਡ ਖਾਲੀ ਵੇਖਿਆ। ਨਰਸ ਨੂੰ ਖਾਲੀ ਬੈੱਡ ਵੱਲ ਇਸ਼ਾਰਾ ਕਰਕੇ ਪੁੱਛਿਆ, ਇਸ ਨੂੰ ਛੁੱਟੀ ਮਿਲ ਗਈ?”

ਨਰਸ ਨੇ ਦੱਸਿਆ, “ਉਸਦੀ ਤਾਂ ਰਾਤ ਮੌਤ ਗਈ।”

ਮੈਂ ਹੁਣ ਇਹ ਸੋਚਾਂ ਵਿੱਚ ਪੈ ਗਿਆ ...।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1604)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਪਰਕਾਸ਼ ਸਿੰਘ ਜੈਤੋ

ਪਰਕਾਸ਼ ਸਿੰਘ ਜੈਤੋ

Retired Assistant Superintendent Jail.
Phone: (91 - 97805 - 01017)
Email (sidhuparkash.84@gmail.com)