“ਜਦ ਲੋਕਾਂ ਦੀ ਆਵਾਜ਼ ਇਨ੍ਹਾਂ ਦੇ ਕੰਨਾਂ ਦੇ ਪਰਦੇ ਪਾੜਦੀ ਹੈ, ਫਿਰ ਹੀ ...”
(4 ਅਗਸਤ 2018)
ਸਿਆਣੇ ਕਹਿੰਦੇ ਹਨ ਕਿ ਸੱਟਾਂ ਦੇ ਫੱਟ ਭਰ ਜਾਂਦੇ ਹਨ ਪਰ ਜ਼ਬਾਨ ਦੇ ਫੱਟ ਭਰਨੇ ਔਖੇ ਹਨ। ਤੀਰ ਕਮਾਨੋਂ ਤੇ ਬੋਲ ਜ਼ਬਾਨੋਂ ਨਿਕਲੇ ਵਾਪਸ ਨਹੀਂ ਆਉਂਦੇ। ਕਹਾਵਤ ਹੈ ਕਿ ਗੁੱਸਾ ਅਕਲ ਨੂੰ ਖਾ ਜਾਂਦਾ ਹੈ। ਜਦ ਵਿਅਕਤੀ ਨੂੰ ਗੁੱਸਾ ਆ ਜਾਂਦਾ ਹੈ ਤਾਂ ਉਹ ਇਸ ਨਾਲ ਲਾਲ ਪੀਲਾ ਹੋ ਜਾਂਦਾ ਹੈ। ਫਿਰ ਉਹ ਕਿਸੇ ਨੂੰ ਅਪ ਸ਼ਬਦ ਵੀ ਬੋਲ ਦਿੰਦਾ ਹੈ। ਕਈ ਵਾਰ ਇਹ ਸ਼ਬਦ ਇੰਨੇ ਕੌੜੇ ਹੁੰਦੇ ਹਨ ਕਿ ਮਨਾਂ ਵਿੱਚ ਸਦਾ ਲਈ ਕੁੜੱਤਣ ਭਰੀ ਜਾਂਦੀ ਹੈ। ਗੁੱਸਾ ਵਿਅਕਤੀ ਦੀ ਸ਼ਖ਼ਸੀਅਤ ਨੂੰ ਭ੍ਰਿਸ਼ਟ ਕਰ ਦਿੰਦਾ ਹੈ। ਗੁੱਸੇਖੋਰ ਵਿਅਕਤੀ ਛੇਤੀ ਨਸ਼ੇ ’ਤੇ ਲੱਗ ਜਾਂਦਾ ਹੈ। ਕਈ ਵਾਰ ਵਿਅਕਤੀ ਤਣਾਅ ਮੁਕਤ ਹੋਣ ਲਈ ਨਸ਼ੇ ਦਾ ਸਹਾਰਾ ਲੈਂਦਾ ਹੈ ਪਰ ਬਾਅਦ ਵਿੱਚ ਸਾਰੀ ਉਮਰ ਤਣਾਅ ਵਿੱਚ ਗੁਜ਼ਰਦੀ ਹੈ। ਤਣਾਅ ਵਿਅਕਤੀ ਨੂੰ ਅੰਦਰੋਂ ਅੰਦਰ ਖੋਖਲਾ ਕਰ ਦਿੰਦਾ ਹੈ। ਇਸ ਨਾਲ ਵਿਅਕਤੀ ਅਨੇਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।
ਨਸ਼ੇ ਸਮਾਜ ਵਿੱਚ ਸਭ ਤੋਂ ਵੱਡੀ ਲਾਹਨਤ ਹਨ। ਇਨ੍ਹਾਂ ਕਰਕੇ ਕਿੰਨੇ ਹੀ ਹੱਸਦੇ ਵਸਦੇ ਘਰ ਉੱਜੜ ਗਏ ਹਨ। ਕਿੰਨਿਆਂ ਹੀ ਸਿਰਾਂ ’ਤੇ ਚਿੱਟੀਆਂ ਚੁੰਨੀਆਂ ਪਸਰ ਗਈਆਂ ਹਨ। ਨਸ਼ਾ ਤਸਕਰ ਸਮਾਜ ਦਾ ਬੇੜਾ ਗਰਕ ਕਰਕੇ ਆਪਣੇ ਘਰ ਚਾਂਦੀ ਦੇ ਬਣਾਉਣ ਦੀ ਸੋਚਦੇ ਹਨ। ਸਵਾਰਥ ਭਰੇ ਯੁੱਗ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਵੀ ਕੰਨਾਂ ’ਤੇ ਹੱਥ ਧਰ ਬੈਠ ਜਾਂਦੀ ਹੈ, ਜਿਸ ਤੋਂ ਉਸ ਦੀ ਕਾਰਗੁਜ਼ਾਰੀ ਉੱਪਰ ਸ਼ੱਕ ਹੋਣ ਲੱਗਦਾ ਹੈ। ਇਹ ਵੀ ਖਾਦਸ਼ਾ ਬਣਦਾ ਹੈ ਕਿ ਇਸ ਵਿੱਚ ਉਹ ਖੁਦ ਜਾਂ ਉਨ੍ਹਾਂ ਦੇ ਨਜ਼ਦੀਕੀ ਸ਼ਾਮਿਲ ਹੋਣਗੇ, ਜਿਸ ਕਰਕੇ ਉਹ ਇਸ ਨੂੰ ਖਤਮ ਕਰਨ ਲਈ ਯੋਗ ਪੈਮਾਨੇ ਦੀ ਵਰਤੋਂ ਨਹੀਂ ਕਰਦੇ। ਪਰ ਜਦ ਲੋਕਾਂ ਦੀ ਆਵਾਜ਼ ਇਨ੍ਹਾਂ ਦੇ ਕੰਨਾਂ ਦੇ ਪਰਦੇ ਪਾੜਦੀ ਹੈ, ਫਿਰ ਹੀ ਇਹਨਾਂ ਦੇ ਹੱਥ ਕੰਨਾਂ ਤੋਂ ਉੱਠਦੇ ਹਨ। ਫਿਰ ਹੀ ਇਹ ਧਿਰਾਂ ਹਰਕਤ ਵਿੱਚ ਆਉਂਦੀਆਂ ਹਨ। ਮੈਡੀਕਲ ਨਸ਼ਿਆਂ ਦੀ ਮਾਰ ਸਭ ਤੋਂ ਬੁਰੀ ਹੈ, ਜਿਸ ਨੇ ਘਰਾਂ ਦੇ ਘਰ ਖਾਲੀ ਕਰਕੇ ਰੱਖ ਦਿੱਤੇ ਹਨ। ਇਹਨਾਂ ਨਸ਼ਿਆਂ ਨੂੰ ਲੋਕਾਂ ਤਕ ਪਹੁੰਚਾਉਣ ਵਾਲੇ ਅਨਸਰਾਂ ਉੱਤੇ ਜ਼ਰੂਰ ਸਖ਼ਤੀ ਹੋਣੀ ਚਾਹੀਦੀ ਹੈ। ਇਸ ਸਮੱਸਿਆ ਦੀ ਡੂੰਘਾਈ ਨਾਲ ਤਫ਼ਤੀਸ਼ ਹੋਣੀ ਜ਼ਰੂਰੀ ਹੈ।
ਜਦ ਵਿਅਕਤੀ ਨੂੰ ਨਸ਼ੇ ਲਈ ਪੈਸੇ ਨਹੀਂ ਮਿਲਦੇ ਤਾ ਉਹ ਪੁੱਠੇ ਸਿੱਧੇ ਹੱਥਕੰਢੇ ਅਪਣਾਉਂਦਾ ਹੈ। ਨਸ਼ੇੜੀ ਵਿਅਕਤੀ ਦਾ ਸਿਰਫ ਨਸ਼ਿਆਂ ਨਾਲ ਹੀ ਰਿਸ਼ਤਾ ਹੁੰਦਾ ਹੈ, ਬਾਕੀ ਸਭ ਦੁਨੀਆਂ ਦੇ ਰਿਸ਼ਤੇ ਨਾਤੇ ਉਸ ਲਈ ਫਿੱਕੇ ਹੁੰਦੇ ਹਨ। ਨਸ਼ਾ ਨਾ ਮਿਲਣ ਦੀ ਹਾਲਤ ਵਿੱਚ ਉਸ ਨੂੰ ਕਰੋਧ ਬਹੁਤ ਜਲਦੀ ਆਉਂਦਾ ਹੈ। ਇਸ ਕਰੋਧ ਕਰਕੇ ਉਹ ਕਤਲ ਕਰਨ ਤੋਂ ਬਿਲਕੁਲ ਹੀ ਨਹੀਂ ਝਿਜਕਦਾ। ਮਾਂ-ਪਿਓ, ਭੈਣ-ਭਰਾ, ਸਭ ਉਸ ਲਈ ਪਰਾਏ ਹੁੰਦੇ ਹਨ।
ਸਮਾਜ ਦਾ ਬੇੜਾ ਗਰਕ ਕਰਨ ਲਈ ਜਿੱਥੇ ਕ੍ਰੋਧ ਅਤੇ ਨਸ਼ੇ ਜ਼ਿੰਮੇਵਾਰ ਹਨ, ਉੱਥੇ ਹਥਿਆਰ ਵੀ ਘੱਟ ਨਹੀਂ ਹਨ। ਨਿਹੱਥਾ ਵਿਅਕਤੀ ਗੁੱਸੇ ਵਿੱਚ ਬੋਲ ਕਬੋਲ ਹੀ ਕਰ ਸਕਦਾ ਹੈ ਪਰ ਜੇਕਰ ਉਸਦੇ ਹੱਥ ਵਿੱਚ ਹਥਿਆਰ ਹੋਵੇ ਤਾਂ ਗੁੱਸੇ ਦਾ ਉਬਾਲ ਮੌਤ ਜਾਂ ਕਤਲ ਵਿੱਚ ਬਦਲ ਜਾਂਦਾ ਹੈ। ਅਚਨਚੇਤ ਆਇਆ ਗੁੱਸਾ ਅਤੇ ਇਸ ਗੁੱਸੇ ਵਿੱਚ ਲਿਆ ਫ਼ੈਸਲਾ ਬਹੁਤ ਹੀ ਘਾਤਕ ਸਿੱਧ ਹੁੰਦੇ ਹਨ। ਜੇਕਰ ਹੱਥ ਵਿੱਚ ਹਥਿਆਰ ਨਾ ਹੋਵੇ ਜਾਂ ਹਥਿਆਰ ਪਹੁੰਚ ਤੋਂ ਦੂਰ ਹੋਵੇ ਤਾਂ ਵਿਅਕਤੀ ਨੂੰ ਗਲਤ ਕਦਮ ਚੁੱਕਣ ਤੋਂ ਪਹਿਲਾਂ ਕੁਝ ਸਮਾਂ ਸੋਚਣ ਲਈ ਮਿਲ ਜਾਂਦਾ ਹੈ। ਇਸ ਸਮੇਂ ਦਰਮਿਆਨ ਉਸ ਨੂੰ ਕੋਈ ਸਮਝਾ ਵੀ ਸਕਦਾ ਹੈ, ਜਿਸ ਕਰਕੇ ਉਸਦੇ ਗੁੱਸੇ ਦੀ ਜਵਾਲਾ ਠੰਢੀ ਹੋ ਸਕਦੀ ਹੈ। ਫਿਰ ਉਹ ਵਿਅਕਤੀ ਖ਼ੁਦ ਵੀ ਇਸ ਸਥਿਤੀ ਵਿੱਚੋਂ ਬਾਹਰ ਨਿਕਲਣ ਬਾਰੇ ਸੋਚ ਸਕਦਾ ਹੈ।
ਹਥਿਆਰ ਰੱਖਣ ਨੂੰ ਵਧੇਰੇ ਵਿਅਕਤੀ ਆਪਣਾ ਸ਼ੌਕ ਸਮਝਦੇ ਹਨ ਪਰ ਇਹ ਸ਼ੌਕ ਕੁੱਝ ਥਾਵਾਂ ’ਤੇ ਬਹੁਤ ਘਾਤਕ ਸਿੱਧ ਹੋ ਚੁੱਕਾ। ਗਾਇਕਾਂ ਨੂੰ ਵੀ ਲੋਕਾਂ ਨੂੰ ਸੇਧ ਦੇਣ ਵਾਲੇ ਹੀ ਗੀਤ ਗਾਉਣੇ ਚਾਹੀਦੇ ਹਨ। ਸਮਾਜ ਦਾ ਬੇੜਾ ਗਰਕ ਕਰਨ ਵਾਲੇ ਗੀਤਾਂ ’ਤੇ ਰੋਕ ਲੱਗਣੀ ਚਾਹੀਦੀ ਹੈ ਕਿਉਂਕਿ ਨੌਜਵਾਨ ਪੀੜ੍ਹੀ ਉੱਪਰ ਗੀਤਾਂ ਦਾ ਅਸਰ ਬਹੁਤ ਜਲਦੀ ਹੁੰਦਾ ਹੈ। ਇਨ੍ਹਾਂ ਖਤਰਨਾਕ ਨਤੀਜਿਆਂ ਤੋਂ ਇਲਾਵਾ ਗੁੱਸਾ ਸੌ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਅੱਜ ਹਾਰਟ ਅਟੈਕ, ਟੈਨਸ਼ਨ, ਸਿਰਦਰਦ, ਸਰੀਰਕ ਕਮਜ਼ੋਰੀ ਆਦਿ ਬਿਮਾਰੀਆਂ ਦੀ ਜੜ੍ਹ ਹੀ ਉਪਰੋਕਤ ਕਾਰਨ ਹਨ। ਸਰੀਰਕ ਅਤੇ ਮਾਨਸਿਕ ਰੂਪ ਵਿੱਚ ਬਿਮਾਰ ਆਦਮੀ ਆਪਣੀ ਜ਼ਿੰਦਗੀ ਤੋਂ ਜਲਦੀ ਹੀ ਅੱਕ ਜਾਂਦਾ ਹੈ।
ਕੁਦਰਤ ਨੇ ਸਾਨੂੰ ਕਿੰਨੀ ਸੋਹਣੀ ਕਾਇਆ ਦਿੱਤੀ ਹੈ। ਬੁਰੇ ਕੰਮਾਂ ਤੋਂ ਬਚ ਕੇ ਰਹਿਣਾ ਹੀ ਮਨੁੱਖ ਦੀ ਸੂਝਵਾਨਤਾ ਹੈ। ਉਸ ਨੂੰ ਚਾਹੀਦਾ ਹੈ ਕਿ ਉਹ ਬੇਫਿਕਰ ਹੋ ਕੇ ਖੁੱਲ੍ਹਦਿਲੀ ਨਾਲ ਆਪਣੀ ਜ਼ਿੰਦਗੀ ਬਤੀਤ ਕਰੇ। ਪਰ ਅਸੀਂ ਕਿਸ ਪਾਸੇ ਵੱਲ ਹੋ ਤੁਰੇ ਹਾਂ। ਅਸੀਂ ਤਾਂ ਕੁਦਰਤ ਦਾ ਉਜਾੜਾ ਕਰਨ ਲੱਗ ਪਏ ਹਾਂ। ਵਾਤਾਵਰਨ ਨੂੰ ਦੂਸ਼ਿਤ ਕਰਨ ਲੱਗੇ ਹੋਏ ਹਾਂ। ਕੁਦਰਤ ਦੀ ਕਾਇਆ ਦੀ ਕਦਰ ਭੁਲਾ ਦਿੱਤੀ ਹੈ। ਸਭ ਕੁਝ ਸਮਝਦੇ ਹੋਏ ਵੀ ਆਪਣੇ ਸਰੀਰ ਦੇ ਸਕੇ ਨਹੀਂ ਹਾਂ। ਅਸੀਂ ਇਸ ਦਾ ਲਗਾਤਾਰ ਉਜਾੜਾ ਕਰ ਰਹੇ ਹਾਂ। ਜੇਕਰ ਕੋਈ ਰੋਕਣ ਜਾਂ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਡੇ ਜ਼ਿਹਨ ਵਿੱਚ ਉਸ ਪ੍ਰਤੀ ਗੁੱਸਾ ਭਾਰੂ ਹੋ ਜਾਂਦਾ ਹੈ, ਨਫ਼ਰਤ ਪੈਦਾ ਹੋ ਜਾਂਦੀ ਹੈ। ਉਸ ਬਾਰੇ ਖਾਹ-ਮਖਾਹ ਸੋਚਦੇ ਅੰਦਰੋਂ ਰਿੱਝਦੇ ਰਹਿੰਦੇ ਹਾਂ, ਜਿਸ ਤੋਂ ਬਾਅਦ ਫਿਰ ਉਹੀ ਮਾਨਸਿਕ ਤਣਾਅ ਅਤੇ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਸਰੀਰਕ ਅਤੇ ਮਾਨਸਿਕ ਤੌਰ ’ਤੇ ਬੀਮਾਰ ਵਿਅਕਤੀ ਜ਼ਿੰਦਗੀ ਦੇ ਹਸੀਨ ਪਲ ਗੁਜ਼ਾਰਨ ਤੋਂ ਵਾਂਝਾ ਹੋ ਕੇ ਰਹਿ ਜਾਂਦਾ ਹੈ। ਰੱਬ ਦਾ ਭਾਣਾ ਸਮਝ ਕੇ ਸਭ ਸਹਿਣ ਕਰਦਾ ਰਹਿੰਦਾ ਹੈ। ਦੱਸੋ, ਜਦ ਇਸਦੇ ਅਸੀਂ ਖੁਦ ਜ਼ਿੰਮੇਵਾਰ ਹਾਂ ਤਾਂ ਰੱਬ ਕੀ ਕਰੇ? ਕੁਦਰਤ ਦੀ, ਕਾਦਰ ਦੀ, ਕਦਰ ਕਰਕੇ ਹੀ ਇਨ੍ਹਾਂ ਅਲਾਮਤਾਂ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ। ਬਿਮਾਰੀਆਂ ਅਤੇ ਵੈਰ ਰਹਿਤ ਹੁਸੀਨ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ। ਇਹੀ ਆਪਸੀ ਭਾਈਚਾਰੇ ਦੀ ਸਾਂਝ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਦਾ ਸਹੀ ਤਰੀਕਾ ਹੈ।
*****
(1250)
























































































































