“ਪਰ ਮੁੰਡਾ ਨਹੀਂ ਮੰਨਿਆ, ਕਹਿਣ ਲੱਗਾ, “ਆਹ ਦੋਂਹ ਸੂਟਾਂ ’ਚ ਹੀ ਤੁਰੀ ਫਿਰਦੀ ਐਂ ਬੀਬੀ ...”
(26 ਜਨਵਰੀ 2023)
ਮਹਿਮਾਨ: 95.
ਦਸਵੀਂ ਦੇ ਪੱਕੇ ਪੇਪਰਾਂ ਤੋਂ ਬਾਅਦ ਮੈਂ ਸੋਚਿਆ ਕਿ ਕਿਤੇ ਕੰਮ ਤੇ ਲੱਗ ਜਾਵਾਂ, ਨਾਲੇ ਅੱਗੇ ਦੇ ਦਾਖ਼ਲੇ ਜੋਗੀ ਫੀਸ ਜਮ੍ਹਾਂ ਹੋ ਜਾਊ ਤੇ ਨਾਲੇ ਕਿਤਾਬਾਂ ਕਾਪੀਆਂ ਲੈਣ ਵੇਲੇ ਘਰਦਿਆਂ ਦੀ ਮਦਦ ਹੋ ਜਾਊ।
1800 ਰੁਪਏ ਮਹੀਨੇ ’ਤੇ ਸ਼ਹਿਰ ਵਿੱਚ ਇੱਕ ਕੱਪੜੇ ਦੀ ਦੁਕਾਨ ’ਤੇ ਕੰਮ ਦੀ ਗੱਲ ਪੱਕੀ ਕਰਕੇ ਮੈਂ ਅਗਲੇ ਦਿਨ ਤੋਂ ਕੰਮ ’ਤੇ ਜਾਣ ਲੱਗ ਪਿਆ। ਇੱਕ ਮਹੀਨੇ ਵਿੱਚ ਹੀ ਕੱਪੜੇ ਦੀ ਥੋੜ੍ਹੀ ਬਹੁਤ ਪਛਾਣ ਹੋ ਗਈ ਤੇ ਵੇਚਣ ਦਾ ਢੰਗ ਆ ਗਿਆ। ਹੌਲ਼ੀ ਹੌਲ਼ੀ ਲੋੜ ਵੇਲੇ ਗਾਹਕ ਭੁਗਤਾਉਣੇ ਵੀ ਸਿੱਖ ਗਿਆ।
ਆਸ ਪਾਸ ਦੇ ਪਿੰਡਾਂ ਦੇ ਮੇਰੇ ਜਾਣਕਾਰ ਲੋਕ ਵੀ ਮੇਰੇ ਕੋਲ ਹੀ ਆਉਂਦੇ। ਇਸੇ ਤਰ੍ਹਾਂ ਹੀ ਦੁਕਾਨ ’ਤੇ ਅਕਸਰ ਨਾਲ ਦੇ ਪਿੰਡ ਦੀ ਇੱਕ ਨੂੰਹ ਆਪਣੀ ਬਜ਼ੁਰਗ ਸੱਸ ਨਾਲ ਕੱਪੜੇ ਲੈਣ ਆਇਆ ਕਰਦੀ ਸੀ। ਨੂੰਹ ਆਉਂਦਿਆਂ ਹੀ ਡਿਸਪਲੇ ’ਤੇ ਲੱਗੇ ਸੂਟਾਂ ਵਿੱਚ ਰੁੱਝ ਜਾਂਦੀ ਤੇ ਮਾਤਾ ਸੂਟਾਂ ਦੇ ਬਣੇ ਰਖਣੇ ਫੜਦੀ ਹੌਲ਼ੀ ਹੌਲ਼ੀ ਮੇਰੇ ਕੋਲ ਆ ਕੇ ਬਹਿ ਜਾਂਦੀ। ਉਹ ਮੇਰੀ ਪੱਗ ਦੀ ਸਿਫ਼ਤ ਕਰਦੀ ਪਤਾ ਨਹੀਂ ਕਿੰਨੀਆਂ ਕੁ ਅਸੀਸਾਂ ਇੱਕੋ ਸਾਹ ਮੇਰੀ ਝੋਲੀ ਵਿੱਚ ਪਾ ਦਿੰਦੀ।
ਬਿਨਾਂ ਦੰਦਾਂ ਤੋਂ ਬੱਚੇ ਵਰਗਾ ਮਾਤਾ ਦਾ ਹੱਸਦਾ ਰੂੰ ਵਰਗਾ ਸਫ਼ੇਦ ਚਿਹਰਾ, ਤੇ ਝੁਰੜੀਆਂ ਨਾਲ ਭਰੇ ਪੋਲੇ ਪੋਲੇ ਹੱਥਾਂ ਪੈਰਾਂ ਤੋਂ ਉਹ ਮੈਨੂੰ ਮੇਰੀ ਦਾਦੀ ਵਰਗੀ ਲੱਗਦੀ। ਇਸੇ ਲਾਡ ਕਰਕੇ ਮੈਂ ਮਾਤਾ ਨੂੰ ਪਿਆਰ ਨਾਲ ‘ਮਾਤੇ’ ਕਹਿ ਦਿੰਦਾ।
ਮੇਰੇ ਨਾਲ ਪਏ ਮੋਹ ਕਰਕੇ ਮਾਤੇ ਦੁਕਾਨ ਤੇ ਆਉਂਦੀ ਮੇਰੇ ਨਾਲ ਢਿੱਡ ਫਰੋਲਣ ਬਹਿ ਜਾਂਦੀ। ਘਰ ਪਰਿਵਾਰ ਦੀਆਂ ਗੱਲਾਂ ਕਰਦੀ ਦੱਸਦੀ ਕਿ ਕਿੰਝ ਕੈਂਸਰ ਦੀ ਬਿਮਾਰੀ ਕਰਕੇ ਉਸਦੇ ਘਰਵਾਲਾ ਛੇਤੀ ਹੀ ਤੁਰ ਗਿਆ ਸੀ ਤੇ ਕੱਲੀ ਨੇ ਕਿਵੇਂ ਪੈਨਸ਼ਨ ਸਹਾਰੇ ਪੁੱਤ ਪਾਲ਼ਿਆ, ਜਿਹੜਾ ਕਿਸੇ ਅਰਬ ਦੇਸ ਰਹਿੰਦਾ ਹੈ ਤੇ ਡੇਢ ਦੋ ਸਾਲਾਂ ਬਾਅਦ ਪਿੰਡ ਆਉਂਦਾ ਹੈ। ਮਾਤਾ ਹੋਰ ਵੀ ਘਰ ਪਰਿਵਾਰ ਦੀਆਂ ਗੱਲਾਂ ਕਰਦੀ ਪਰ ਕਦੇ ਨੂੰਹ ਦੇ ਬਾਰੇ ਕੋਈ ਗੱਲ ਨਾ ਕਰਦੀ। ਨੂੰਹ ਦੇ ਥੋੜ੍ਹੇ ਰੁੱਖੇ ਸੁਭਾਅ ਦਾ ਸਭ ਨੂੰ ਪਤਾ ਸੀ ਪਰ ਮਾਤੇ ਕਦੇ ਵੀ ਇਸ ਗੱਲ ਦਾ ਗਿਲਾ ਨਾ ਕਰਦੀ।
ਅਕਸਰ ਦੀ ਤਰ੍ਹਾਂ ਹੀ ਨੂੰਹ ਸੱਸ ਇੱਕ ਦਿਨ ਦੁਕਾਨ ਤੇ ਆਈਆਂ ਪਰ ਇਸ ਵਾਰ ਨਾਲ ਮੁੰਡਾ ਵੀ ਸੀ, ਜਿਹੜਾ ਦੋ ਦਿਨ ਪਹਿਲਾਂ ਹੀ ਪਿੰਡ ਪਰਤਿਆ ਸੀ। ਮਾਤਾ ਨੇ ਬੜੇ ਚਾਅ ਨਾਲ ਮੈਨੂੰ ਆਪਣੇ ਮੁੰਡੇ ਨਾਲ ਮਿਲਵਾਇਆ ਤੇ ਉਸਨੂੰ ਵੀ ਮੇਰੇ ਬਾਰੇ ਬੜੇ ਚਾਅ ਨਾਲ ਦੱਸਿਆ, “ਇਹ ਬਲਜੀਤ ਆ ... ਆਪਣੇ ਨਾਲ ਦੇ ਪਿੰਡ ਤੋਂ।”
ਗੱਲਾਂ ਕਰਦਿਆਂ ਕਰਦਿਆਂ ਮੁੰਡੇ ਨੇ ਕਿਹਾ, “ਭਾਜੀ, ਮਾਤਾ ਲਈ ਵੀ ਕੋਈ ਸੂਟ ਦਿਖਾਉ, ਕਢਾਈ ਵਾਲਾ, ਵਧੀਆ ਜਿਹਾ।”
ਮੈਂ ਪੁੱਛਣ ਲੱਗਿਆ, “ਮਾਤੇ, ਕਿਵੇਂ ਦਾ ਸੂਟ ਪਾਉਣਾ?”
ਮਾਤਾ ਨਾ ਨਾ ਕਰਦੀ ਕਹਿਣ ਲੱਗੀ, “ਮੇਰੇ ਕੋਲ ਹੈਗੇ ਪੁੱਤ, ਮੈਂ ਕੀ ਕਰਨਾ ਸੂਟ? ਤੂੰ ਕੁੜੀ ਨੂੰ ਦਿਖਾ।”
ਪਰ ਮੁੰਡਾ ਨਹੀਂ ਮੰਨਿਆ, ਕਹਿਣ ਲੱਗਾ, “ਆਹ ਦੋਂਹ ਸੂਟਾਂ ’ਚ ਹੀ ਤੁਰੀ ਫਿਰਦੀ ਐਂ ਬੀਬੀ, ਕੋਈ ਚੱਜ ਦਾ ਲੈ, ਕਿਤੇ ਆਉਣ ਜਾਣ ਵਾਲਾ।”
ਆਖਿਰ ਨੂੰ ਪੰਜ ਸੱਤ ਬਿਸਕੁਟੀ, ਬਦਾਮੀ ਜਿਹੇ ਸੂਟ ਦਿਖਾਏ ਮਾਤਾ ਨੂੰ। ਅਣਚਾਹੇ ਜਿਹੇ ਮਨ ਨਾਲ ਥੋੜ੍ਹਾ ਚਿਰ ਸੂਟਾਂ ਨੂੰ ਹੇਠ ਉੱਤੇ ਕਰਦਿਆਂ ਉਸਦੇ ਇੱਕ ਬਦਾਮੀ ਰੰਗ ਦਾ ਕਢਾਈ ਵਾਲਾ ਸੂਟ ਪਸੰਦ ਆ ਹੀ ਗਿਆ। ਸੂਟ ਦੇ ਪੱਲੇ ’ਤੇ ਬਣੀਆਂ ਫਿੱਕੇ ਸਲੇਟੀ ਰੰਗ ਦੀਆ ਤਿੰਨ ਪੱਤੀਆਂ ਵਾਲੀਆਂ ਬੂਟੀਆਂ ਤੇ ਚੁੰਨੀ ਦੇ ਚਾਰੇ ਪਾਸੇ ਬਾਡਰ ’ਤੇ ਕੀਤੀ ਹਲਕੀ ਜਿਹੀ ਕਢਾਈ ਮਾਤਾ ਨੂੰ ਬਹੁਤ ਹੀ ਪਸੰਦ ਆਈ। ਮਾਤਾ ਨੇ ਸੂਟ ਵਿੱਚੋਂ ਓਪਰਾ ਜਿਹਾ ਧਾਗਾ ਕੱਢ ਕੇ ਤੇ ਉਂਗਲਾਂ ਵਿੱਚ ਫਸਾ ਕੇ ਤੋੜਦਿਆਂ ਕਿਹਾ, “ਕੱਪੜਾ ਵੀ ਮੇਰੀ ਪਸੰਦ ਦਾ ਆ ਸੂਤੀ, ਇਹ ਦੇਹ ਨੂੰ ਚੁਭਦਾ ਨੀਂ।”
ਮਾਤਾ ਨੇ ਉਹ ਸੂਟ ਗੋਦੀ ਵਿੱਚ ਹੀ ਰੱਖ ਛੱਡਿਆ ਕਿ ਕਿਤੇ ਰਲ਼ ਨਾ ਜਾਵੇ ਹੋਰ ਸੂਟਾਂ ਵਿੱਚ। ਬਾਕੀ ਕੱਪੜਿਆਂ ਦਾ ਬਿੱਲ ਬਣਦਿਆਂ ਬਦਾਮੀ ਸੂਟ ਦਾ ਭਾਅ ਪੁੱਛ ਕੇ ਨੂੰਹ ਨੇ ਸੂਟ ਚੁੱਕ ਕੇ ਪਾਸੇ ਕਰ ਦਿੱਤਾ ਕਿ ਇਹਦੇ ਨਾਲ ਦਾ ਤਾਂ ਹੈਗਾ ਮੰਮੀ ਜੀ ਤੁਹਾਡੇ ਕੋਲ, ਤੇ ਉਸ ਸੂਟ ਦੀ ਜਗ੍ਹਾ ਫੁੱਲਾਂ ਵਾਲਾ ਸਾਦਾ ਸੂਟ ਲੈ ਛੱਡਿਆ। ਮਾਤਾ, ਮੁੰਡਾ ਤੇ ਮੈਂ ਸਭ ਕੁੱਝ ਦੇਖ ਰਹੇ ਸੀ ਪਰ ਆਪੋ ਆਪਣੀ ਮਜਬੂਰੀ ਕਰਕੇ ਕੁਝ ਬੋਲ ਨਹੀਂ ਸਕੇ।
ਜਾਣ ਲੱਗਿਆਂ ਮਾਤਾ ਨੇ ਮੇਰਾ ਹੱਥ ਘੁੱਟਦਿਆਂ ਕਿਹਾ, “ਮੇਰਾ ਪੁੱਤ ਬਣਕੇ ਸੂਟ ਦਵੀਂ ਨਾ ਕਿਸੇ ਨੂੰ, ਪਾਸੇ ਰੱਖ ਲਵੀਂ। ਜਦ ਫਿਰ ਕਿਤੇ ਮੌਕਾ ਲੱਗਾ, ਮੈਂ ਲੈ ਜੂ ਗੀ।”
ਮਾਤਾ ਦੀ ਨਿਗਾਹ ਜਾਂਦਿਆ ਹੋਇਆ ਵੀ ਉਸ ਸੂਟ ਉੱਤੇ ਹੀ ਸੀ। ਅਗਲੀ ਵਾਰੀ ਆਪਣੇ ਵੱਲੋਂ ਮਾਤਾ ਨੂੰ ਇਹ ਸੂਟ ਦੇ ਦਿਆਂਗਾ, ਇਹ ਸੋਚ ਕੇ ਮੈਂ ਦੁਕਾਨ ਦੇ ਮਾਲਕ ਨੂੰ ਮੇਰੀ ਤਨਖ਼ਾਹ ਵਿੱਚੋਂ ਪੈਸੇ ਕੱਟਣ ਦਾ ਆਖ ਕੇ ਸੂਟ ਲਿਫਾਫੇ ਵਿੱਚ ਸਾਂਭ ਕੇ ਪਾਸੇ ਰੱਖ ਲਿਆ।
ਹੌਲ਼ੀ ਹੌਲ਼ੀ ਦਿਨ ਬੀਤਦੇ ਗਏ ਪਰ ਮਾਤਾ ਮੁੜ ਕੇ ਦੁਕਾਨ ’ਤੇ ਨੀ ਆਈ। ਬਹੁਤ ਦਿਨਾਂ ਬਾਅਦ ਮਾਤਾ ਦੀ ਨੂੰਹ ਤੇ ਮੁੰਡਾ ਦੁਕਾਨ ’ਤੇ ਆਏ। ਮੁੰਡੇ ਦੀਆਂ ਸੁੱਜੀਆਂ ਅੱਖਾਂ ਤੇ ਨੂੰਹ ਦੇ ਸਿਰ ’ਤੇ ਚਿੱਟੀ ਚੁੰਨੀ ਦੇਖ ਕੇ ਮੇਰਾ ਦਿਲ ਬੈਠ ਗਿਆ। ਇਸ ਤੋਂ ਪਹਿਲਾਂ ਕਿ ਮਾਤਾ ਬਾਰੇ ਮੈਂ ਕੁਝ ਪੁੱਛਦਾ, ਮੁੰਡੇ ਨੇ ਭਰੇ ਦਿਲ ਨਾਲ ਮਾਤਾ ਦੇ ਤੁਰ ਜਾਣ ਬਾਰੇ ਦੱਸ ਦਿੱਤਾ।
ਕਾਹਲੀ ਕਾਹਲੀ ਵਿੱਚ ਉਹਨਾਂ ਨੇ ਮਾਤਾ ਦੀਆਂ ਆਖ਼ਰੀ ਰਸਮਾਂ ਲਈ ਜ਼ਰੂਰੀ ਕੱਪੜੇ ਲਏ ਤੇ ਜਾਣ ਲੱਗਿਆਂ ਨੂੰਹ ਨੂੰ ਯਾਦ ਆਇਆ ਕਿ ਮਾਤਾ ਦੇ ਆਖ਼ਰੀ ਵਾਰੀ ਪਾਉਣ ਲਈ ਇੱਕ ਸੂਟ ਚਾਹੀਦਾ ਹੈ। ਤੇ ਉਹ ਸੂਟ ਦੇਖਣ ਲੱਗ ਪਈ।
ਮੈਨੂੰ ਅਚਾਨਕ ਕੁਝ ਯਾਦ ਆਇਆ ਤੇ ਮੈਂ ਸਾਂਭ ਕੇ ਰੱਖਿਆ ਮਾਤਾ ਦੇ ਉਹ ਸੂਟ ਵਾਲਾ ਲਿਫਾਫਾ ਚੁੱਕ ਲਿਆਇਆ। ਨੂੰਹ ਦੇ ਹੱਥ ਲਿਫਾਫਾ ਫੜਾਉਂਦਿਆਂ ਮੈਂ ਉਸ ਨੂੰ ਬੱਸ ਲੈ ਜਾਣ ਲਈ ਕਿਹਾ।
ਲਿਫਾਫੇ ਵਿੱਚ ਉਹੀ ਬਦਾਮੀ ਸੂਟ ਦੇਖ ਨੂੰਹ ਦੀਆਂ ਅੱਖਾਂ ਦੇ ਕੋਇਆ ਵਿੱਚ ਹੰਝੂ ਕੰਬਣ ਲੱਗੇ, ਜਿਹਨਾਂ ਨੂੰ ਉਹ ਰੋਕਣ ਦੀ ਕੋਸ਼ਿਸ਼ ਕਰਦੀ ਰਹੀ ਪਰ ਕਿਸੇ ਡੂੰਘੇ ਪਛਤਾਵੇ ਵਿੱਚ ਗੁਆਚੀ ਉਹ ਛੇਤੀ ਹੀ ਫਿੱਸ ਪਈ। ਸੂਟ ਨੂੰ ਛਾਤੀ ਨਾਲ ਲਾਈ ਅੱਖਾਂ ਪੂੰਝਦੀ ਪੂੰਝਦੀ ਉਹ ਦੁਕਾਨ ਦੀਆਂ ਪੌੜੀਆਂ ਉੱਤਰ ਗਈ।
ਤੇ ਮੈਂ ਵੀ ਮਾਤੇ ਦੀਆਂ ਗੱਲਾਂ ਨੂੰ ਯਾਦ ਕਰਦਿਆਂ ਕੱਪੜੇ ਸਮੇਟਣ ਲੱਗ ਪਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3760)
(ਸਰੋਕਾਰ ਨਾਲ ਸੰਪਰਕ ਲਈ: