MohanSharma7“ਥੋੜ੍ਹੀ ਜਿਹੀ ਭੱਜ-ਦੌੜ ਤੋਂ ਬਾਅਦ ਲੜਕੀ ਅਤੇ ਗੋਦੀ ਚੁੱਕਿਆ ਬੱਚਾ ਤਾਂ ਮਿਲ ਗਏ ਪਰ ਵਿਚਕਾਰਲਾ ਲੜਕਾ ...”
(30 ਅਗਸਤ 2017)

 

ਬਾਪ ਦੀ ਗਲਤੀ ਦਾ ਖ਼ਮਿਆਜ਼ਾ ਔਲਾਦ ਨੂੰ ਕਿੰਝ ਖੱਜਲ-ਖੁਆਰੀ ਅਤੇ ਗਲੀਆਂ ਵਿੱਚ ਰੁਲ ਕੇ ਮਿਲਦਾ ਹੈ, ਇਸ ਗੱਲ ਦਾ ਅਹਿਸਾਸ ਉਸ ਵੇਲੇ ਸ਼ਿੱਦਤ ਨਾਲ ਹੋਇਆ ਜਦੋਂ ਅਖ਼ਬਾਰ ਵਿੱਚ ਤਿੰਨ ਮਾਸੂਮ ਬੱਚਿਆਂ ਦੀ ਫੋਟੋ ਵੇਖੀ ਅਤੇ ਨਾਲ ਹੀ ਖ਼ਬਰ ਜਿਸ ਵਿੱਚ ਲਿਖਿਆ ਸੀ ਕਿ ਇਨ੍ਹਾਂ ਬਦ-ਨਸੀਬ ਬੱਚਿਆਂ ਦੀ ਮਾਂ ਮਰ ਚੁੱਕੀ ਹੈ ਅਤੇ ਬਾਪ ਪਬਲਿਕ ਹੈਲਥ ਵਿਭਾਗ ਦੀਆਂ ਪਾਈਪਾਂ ਚੋਰੀ ਕਰਦਾ ਫੜiਆ ਗਿਆ ਅਤੇ ਹੁਣ ਸੰਗਰੂਰ ਦੀ ਜੇਲ੍ਹ ਵਿੱਚ ਹੈ। ਖ਼ਬਰ ਮੇਰੇ ਸ਼ਹਿਰ ਦੀ ਸੀ, ਜਿਸ ਨੂੰ ਪੜ੍ਹ ਕੇ ਮੇਰਾ ਆਪਣਾ-ਆਪ ਵਲੂੰਧਰਿਆ ਗਿਆ। ਫੋਟੋ ਵਿੱਚ ਦਿਖਾਏ ਗਏ ਬੱਚਿਆਂ ਵਿੱਚ ਵੱਡੀ ਕੁੜੀ ਅੰਦਾਜ਼ਨ 12 ਕੁ ਸਾਲ ਦੀ ਸੀ। ਉਸ ਤੋਂ ਛੋਟਾ ਮੁੰਡਾ 7 ਕੁ ਸਾਲ ਦਾ ਅਤੇ ਕੁੜੀ ਦੇ ਗੋਦੀ ਚੁੱਕਿਆ ਬੱਚਾ ਅੰਦਾਜ਼ਨ ਡੇਢ-ਦੋ ਸਾਲ ਦਾ ਲੱਗਦਾ ਸੀ। ਉਨ੍ਹਾਂ ਦੇ ਠਹਿਰਣ ਦਾ ਥਹੁ ਠਿਕਾਣਾ ਇੱਕ ਮੰਦਿਰ ਦਾ ਚਬੂਤਰਾ ਦੱਸਿਆ ਗਿਆ ਸੀ। ਉਹ ਮੰਦਿਰ ਬਿਰਧ ਆਸ਼ਰਮ ਦੇ ਲਾਗੇ ਹੀ ਸੀ। ਬਿਰਧ ਆਸ਼ਰਮ ਦਾ ਮੁਖੀ ਹੋਣ ਦੇ ਨਾਤੇ ਮੈਂ ਉੱਥੋਂ ਦੇ ਸੇਵਾਦਾਰਾਂ ਨੂੰ ਮੰਦਿਰ ਕੋਲ ਪੁੱਜਣ ਲਈ ਕਹਿ ਕੇ ਆਪ ਵੀ ਉਸ ਠਿਕਾਣੇ ਵੱਲ ਸਕੂਟਰ ਤੇ ਚੱਲ ਪਿਆ। ਥੋੜ੍ਹੀ ਜਿਹੀ ਭੱਜ-ਦੌੜ ਤੋਂ ਬਾਅਦ ਲੜਕੀ ਅਤੇ ਗੋਦੀ ਚੁੱਕਿਆ ਬੱਚਾ ਤਾਂ ਮਿਲ ਗਏ ਪਰ ਵਿਚਕਾਰਲਾ ਲੜਕਾ ਨਹੀਂ ਮਿਲਿਆ। ਪੁੱਛ-ਗਿੱਛ ਉਪਰੰਤ ਪਤਾ ਲੱਗਿਆ ਕਿ ਉਹ ਲੜਕਾ ਨੇੜੇ ਦੇ ਹੋਟਲ ’ਤੇ ਭਾਂਡੇ ਮਾਂਜਣ ਦਾ ਕੰਮ ਕਰਦਾ ਹੈ ਅਤੇ ਬਦਲੇ ਵਿੱਚ ਹੋਟਲ ਵਾਲਾ ਭੈਣ ਭਰਾਵਾਂ ਨੂੰ ਹੋਟਲ ਦੀ ਜੂਠ ਖਾਣ ਲਈ ਦੇ ਦਿੰਦਾ ਹੈ। ਤਿੰਨਾਂ ਬੱਚਿਆਂ ਨੂੰ ਮੈਂ ਅਤੇ ਮੇਰੇ ਸਾਥੀਆਂ ਨੇ ਸਾਂਭ ਲਿਆ ਅਤੇ ਬਿਰਧ ਆਸ਼ਰਮ ਲੈ ਆਏ। ਬੱਚਿਆਂ ਦੇ ਸਰੀਰ ਵਿੱਚੋਂ ਆ ਰਹੀ ਦੁਰਗੰਧ ਕਾਰਨ ਲੱਗਦਾ ਸੀ ਕਿ ਇਨ੍ਹਾਂ ਨੂੰ ਨਹਾਤਿਆਂ ਵੀ ਕਾਫੀ ਸਮਾਂ ਹੋ ਗਿਆ ਹੈ ਅਤੇ ਕੱਪੜਿਆਂ ਨੂੰ ਵੀ ਸਾਬਣ ਨਸੀਬ ਨਹੀਂ ਸੀ ਹੋਇਆ।

ਪਹਿਲਾਂ ਇਨ੍ਹਾਂ ਨੂੰ ਬਾਥਰੂਮ ਵਿੱਚ ਭੇਜ ਕੇ ਨਹਾਉਣ ਲਈ ਕਿਹਾ ਗਿਆ। ਬਦਲਵੇਂ ਕਪੜਿਆਂ ਦੇ ਪ੍ਰਬੰਧ ਉਪਰੰਤ ਉਨ੍ਹਾਂ ਨੂੰ ਆਸ਼ਰਮ ਦੀ ਰਸੋਈ ਵਿੱਚ ਬਿਠਾ ਕੇ ਰੋਟੀ ਖਾਣ ਲਈ ਦਿੱਤੀ ਗਈ। ਰੋਟੀ ਵੱਲ ਉਹ ਇੰਝ ਹਾਬੜ ਕੇ ਪਏ ਜਿਵੇਂ ਬਹੁਤ ਚਿਰਾਂ ਬਾਅਦ ਇਸ ਤਰ੍ਹਾਂ ਦੀ ਤਾਜ਼ੀ ਰੋਟੀ ਉਨ੍ਹਾਂ ਦੇ ਹਿੱਸੇ ਆਈ ਹੋਵੇ। ਗੱਲਾਂ-ਗੱਲਾਂ ਵਿੱਚ ਕੁੜੀ ਤੋਂ ਮੈਂ ਉਸ ਦੇ ਬਾਪ ਦਾ ਨਾਂ ਵੀ ਪਤਾ ਕਰ ਲਿਆ ਸੀ। ਜੇਲ੍ਹ ਅਧਿਕਾਰੀਆਂ ਨਾਲ ਸੰਪਰਕ ਕਰਕੇ ਮੈਂ ਉਸ ਰਾਮਦੀਨ ਨਾਂ ਦੇ ਵਿਅਕਤੀ ਨਾਲ ਮੁਲਾਕਾਤ ਕੀਤੀ। ਗੱਲਾਂ-ਗੱਲਾਂ ਵਿੱਚ ਉਸ ਨੇ ਦੱਸਿਆ ਕਿ ਉਹ ਸ਼ਰਾਬ ਪੀਣ ਦਾ ਆਦੀ ਹੈ। ਪਤਨੀ ਦੀ ਮੌਤ ਉਪਰੰਤ ਉਹ ਹੋਰ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਅਤੇ ਰਾਤ ਨੂੰ ਟੱਲੀ ਹੋ ਕੇ ਕਿਰਾਏ ਦੇ ਮਕਾਨ ਵਿੱਚ ਵੜਦਾ ਸੀ। ਨਸ਼ੇ ਵਿੱਚ ਗਲਤਾਨ ਹੋਣ ਕਾਰਨ ਉਹ ਬੱਚਿਆਂ ਪ੍ਰਤੀ ਬਿਲਕੁਲ ਹੀ ਲਾਪਰਵਾਹ ਹੋ ਗਿਆ। ਇੱਕ ਦਿਨ ਨਸ਼ੇ ਲਈ ਪੈਸਿਆਂ ਦਾ ਕੋਈ ਜੁਗਾੜ ਨਾ ਹੋਣ ਕਾਰਨ ਉਹਨੇ ਪਬਲਿਕ ਹੈਲਥ ਮਹਿਕਮੇ ਦੇ ਸਟੋਰ ਵਿੱਚੋਂ ਤਿੰਨ ਪਾਈਪਾਂ ਚੋਰੀ ਕਰਕੇ ਰਿਕਸ਼ੇ ’ਤੇ ਲੱਦ ਲਈਆਂ ਅਤੇ ਕਬਾੜੀਏ ਨੂੰ ਵੇਚਣ ਲਈ ਜਾ ਰਿਹਾ ਸੀ ਕਿ ਰਾਹ ਵਿੱਚ ਪੁਲਸ ਦੇ ਕਾਬੂ ਆ ਗਿਆ। ਉਨ੍ਹਾਂ ਨੇ ਉਸ ’ਤੇ ਤਿੰਨ ਪਾਈਪਾਂ ਚੋਰੀ ਕਰਨ ਦਾ ਕੇਸ ਪਾ ਕੇ ਜੇਲ ਭਿਜਵਾ ਦਿੱਤਾ। ਜ਼ਮਾਨਤ ਕਿਸੇ ਨੇ ਕਰਵਾਈ ਨਹੀਂ। ਹੁਣ ਉਸ ਨੂੰ ਪਤਾ ਨਹੀਂ ਸੀ ਕਿ ਕਿੰਨਾ ਚਿਰ ਜੇਲ ਵਿਚ ਕੱਟੇਗਾ। ਉਸ ਦੇ ਨੈਣਾਂ ਦੇ ਕੋਇਆਂ ਵਿੱਚ ਅੱਥਰੂ ਉਮਡ ਆਏ ਸਨ। ਉਸ ਨੇ ਹਟਕੋਰੇ ਭਰਦਿਆਂ ਦੱਸਿਆ ਕਿ ਇੱਕ ਦਿਨ ਪਹਿਲਾਂ ਮਕਾਨ ਦਾ ਪਿਛਲੇ ਤਿੰਨ ਮਹੀਨਿਆਂ ਦਾ ਕਿਰਾਇਆ ਨਾ ਦੇਣ ਕਾਰਨ ਮਾਲਕ ਮਕਾਨ ਨੇ ਸਮਾਨ ਬਾਹਰ ਸੁੱਟ ਦਿੱਤਾ ਸੀ। ਹੁਣ ਨਿਆਣੇ ਪਤਾ ਨਹੀਂ ਕਿੱਥੇ ...?

ਥੋਨੂੰ ਕੁਝ ਪਤਾ ਹੈ ਜੀ ਜਵਾਕਾਂ ਦਾ, ਕਿਵੇਂ ਨੇ ਹੁਣ ਉਹ?” ਉਹ ਬੋਲਿਆ।

ਉਹਦੇ ਪ੍ਰਸ਼ਨ ਦੇ ਜਵਾਬ ਵਿੱਚ ਬੱਚਿਆਂ ਦੇ ਸਹੀ ਸਲਾਮਤ ਹੋਣ ਸਬੰਧੀ ਦੱਸਣ ਉਪਰੰਤ ਮੈਂ ਉਹਨੂੰ ਪੁੱਛਿਆ, “ਇੰਝ ਸ਼ਰਾਬ ਡੱਫਣ ਅਤੇ ਆਪਣੇ ਆਪ ਨੂੰ ਬਰਬਾਦ ਕਰਨ ਸਮੇਂ ਤੂੰ ਉਨ੍ਹਾਂ ਮਾਸੂਮ ਬੱਚਿਆਂ ਬਾਰੇ ਕੁੱਝ ਨਾ ਸੋਚਿਆ? ਕੀ ਜ਼ਿੰਦਗੀ ਵਿੱਚ ਆਈਆਂ ਮੁਸ਼ਕਲਾਂ ਅਤੇ ਔਕੜਾਂ ਦਾ ਹੱਲ ਨਸ਼ਾ ਹੈ? ਜਵਾਕਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਕਿਹਦੀ ਹੈ? ਇਨ੍ਹਾਂ ਪ੍ਰਸ਼ਨਾਂ ਦੇ ਜਵਾਬ ਵਿੱਚ ਉਹ ਨੀਵੀਂ ਪਾ ਕੇ ਗੁੰਮ-ਸੁੰਮ ਬੈਠਾ ਰਿਹਾ। ਉਹਦੇ ਵਹਿ ਰਹੇ ਅੱਥਰੂ ਪਛਤਾਵੇ ਦੇ ਪ੍ਰਤੀਕ ਸਨ।

ਜੇਲ ਵਿੱਚੋਂ ਵਾਪਸ ਆ ਕੇ ਮੇਰੀਆਂ ਅੱਖਾਂ ਸਾਹਮਣੇ ਬਾਪ-ਵਿਹੂਣੇ ਬੱਚਿਆਂ ਦੀ ਜ਼ਿੰਦਗੀ ਅਤੇ ਬਾਪ ਦਾ ਜੇਲ ਦਾ ਸੰਤਾਪ ਘੁੰਮ ਰਿਹਾ ਸੀ। ਥਾਣੇ ਵਿੱਚੋਂ ਰਾਮਦੀਨ ਦੇ ਦਰਜ ਮੁਕੱਦਮੇ ਦੀ ਐਫ.ਆਈ.ਆਰ ਲੈਣ ਉਪਰੰਤ ਸੁਲਝੇ ਹੋਏ ਵਕੀਲ ਨਾਲ ਉਹਦੀ ਜ਼ਮਾਨਤ ਕਰਵਾਉਣ ਸਬੰਧੀ ਸੰਪਰਕ ਕੀਤਾ ਗਿਆ। ਵਕੀਲ ਸਾਹਿਬ ਦੇ ਕਹਿਣ ਉਪਰੰਤ ਜ਼ਮਾਨਤ ਲਈ ਦੋ ਵਿਅਕਤੀਆਂ ਦੀ ਲੋੜ ਸੀ। ਇੱਕ ਹੋਰ ਸੁਹਿਰਦ ਇਨਸਾਨ ਨੂੰ ਬੇਨਤੀ ਕੀਤੀ। ਫੋਟੋਆਂ ਵਗੈਰਾ ਖਿਚਵਾ ਕੇ ਜ਼ਮਾਨਤੀ ਬੌਂਡ ਨਾਲ ਲਾਈਆਂ ਗਈਆਂ। ਜਦੋਂ ਵਕੀਲ ਨੂੰ ਫੀਸ ਸਬੰਧੀ ਪੁੱਛਿਆ ਤਾਂ ਉਹਦਾ ਜਵਾਬ ਸੀ, “ਥੋਡਾ ਕਿਹੜਾ ਮਾਸੀ ਦਾ ਪੁੱਤ ਹੈ। ਭਲੇ ਕੰਮ ਲਈ ਮੇਰੇ ਕੋਲ ਆ ਗਏ। ਕੁਛ ਨਹੀਂ ਲਵਾਂਗਾ ਮੈਂ। ਬਸ ਇਹਦੀ ਜ਼ਮਾਨਤ ਕਰਵਾ ਕੇ ਇਹਨੂੰ ਇਹਦੇ ਬੱਚਿਆਂ ਨਾਲ ਮਿਲਾ ਦਿਓ।”

ਦੋ ਕੁ ਪੇਸ਼ੀਆਂ ਤੋਂ ਬਾਅਦ ਰਾਮਦੀਨ ਦੀ ਜ਼ਮਾਨਤ ਕਰਵਾਉਣ ਵਿੱਚ ਸਫਲ ਹੋਣ ਤੋਂ ਬਾਅਦ ਉਸ ਨੂੰ ਜੇਲ੍ਹ ਵਿੱਚੋਂ ਲੈ ਕੇ ਵੀ ਮੈਂ ਆਪ ਆਇਆ। ਜਦੋਂ ਬੱਚੇ ਆਪਣੇ ਬਾਪ ਨੂੰ ਗੱਲਵਕੜੀ ਪਾ ਕੇ ਮਿਲ ਰਹੇ ਸਨ, ਉਹ ਦ੍ਰਿਸ਼ ਦੇਖ ਕੇ ਆਸ਼ਰਮ ਦੇ ਦੂਜੇ ਪ੍ਰਬੰਧਕਾਂ ਦੀਆਂ ਅੱਖਾਂ ਵਿੱਚ ਵੀ ਅੱਥਰੂ ਆ ਗਏ। ਰਾਮਦੀਨ ਨੂੰ ਬੱਚੇ ਸਪੁਰਦ ਕਰਨ ਤੋਂ ਬਾਅਦ ਇੱਕ ਦੋ ਦਿਨ ਆਸ਼ਰਮ ਵਿੱਚ ਹੀ ਠਹਿਰਨ ਲਈ ਕਹਿਣ ਉਪਰੰਤ ਜਦੋਂ ਮੈਂ ਆਪਣੀ ਕਰਮ-ਭੂਮੀ ਨਸ਼ਾ ਛੁਡਾਊ ਕੇਂਦਰ ਵੱਲ ਜਾ ਰਿਹਾ ਸੀ ਤਾਂ ਰਾਹ ਵਿੱਚ ਮੈਂ ਸੋਚ ਰਿਹਾ ਸੀ ਕਿ ਰਾਮਦੀਨ ਦਾ ਜੇਲ੍ਹ ਵਿੱਚ ਜਾਣ ਦਾ ਮੁੱਖ ਕਾਰਨ ਤਾਂ ਨਸ਼ਾ ਹੀ ਸੀ। ਜ਼ਮਾਨਤ ਕਰਵਾ ਕੇ ਬੱਚਿਆਂ ਨੂੰ ਮਿਲਾਉਣ ਨਾਲ ਤਾਂ ਇੱਕ ਮਸਲਾ ਹੀ ਹੱਲ ਹੋਇਆ ਹੈ, ਅਸਲੀ ਮਸਲਾ ਜਿਉਂ ਦਾ ਤਿਉਂ ਕਾਇਮ ਹੈ। ਇਹ ਸ਼ਰਾਬ ਪੀ ਕੇ ਫਿਰ ਉਸੇ ਜੁਰਮ ਦੀ ਦੁਨੀਆਂ ਵੱਲ ਵਧੇਗਾ ... ਫਿਰ ਜੇਲ ਦੀ ਯਾਤਰਾ ... ਫਿਰ ਬੱਚਿਆਂ ਦਾ ਰੁਲਣਾ ... ਨਹੀਂ-ਨਹੀਂ ...। ਮੈਂ ਤੁਰੰਤ ਫੈਸਲਾ ਕਰਕੇ ਉਸ ਨੂੰ ਅਗਲੇ ਦਿਨ ਹੀ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰ ਲਿਆ। ਉਸ ਦੇ ਪੂਰੀ ਤਰ੍ਹਾਂ ਨਸ਼ਾ ਰਹਿਤ ਹੋਣ ਤੱਕ ਬੱਚਿਆਂ ਨੂੰ ਪਹਿਲਾਂ ਵਾਂਗ ਹੀ ਬਿਰਧ ਆਸ਼ਰਮ ਵਿੱਚ ਸੰਭਾਲ ਲਿਆ ਗਿਆ।

ਰਾਮਦੀਨ ਨੂੰ ਨਸ਼ੇ ਦੀ ਲੱਤ ਕਾਰਨ ਪਹਿਲਾਂ ਹੀ ਕਰੜੀ ਸਜ਼ਾ ਮਿਲ ਚੁੱਕੀ ਸੀ। ਮਹੀਨਾ ਕੁ ਹੋਰ ਨਸ਼ਾ ਛੁਡਾਊ ਕੇਂਦਰ ਵਿਚ ਗੁਜ਼ਾਰ ਕੇ ਉਹ ਇੱਕ ਚੰਗਾ ਇਨਸਾਨ ਬਣਨ ਦੇ ਨਾਲ-ਨਾਲ ਚੰਗਾ ਬਾਪ ਬਣਨ ਲਈ ਹਰ ਸੰਭਵ ਯਤਨ ਕਰਨ ਲੱਗ ਪਿਆ। ਮਹੀਨੇ ਕੁ ਦੀ ਤਪੱਸਿਆ ਉਪਰੰਤ ਉਹਨੂੰ ਨਸ਼ਾ ਰਹਿਤ ਕਰਕੇ ਭੇਜਣ ਤੋਂ ਪਹਿਲਾਂ ਜ਼ਰੂਰੀ ਸੀ ਕਿ ਉਸ ਨੂੰ ਕਿਰਤ ਨਾਲ ਜੋੜਿਆ ਜਾਵੇ। ਜਦੋਂ ਉਸ ਨੂੰ ਭਵਿੱਖ ਵਿੱਚ ਕੋਈ ਕੰਮ ਕਰਕੇ ਬੱਚਿਆਂ ਨੂੰ ਪਾਲਣ-ਪੋਸਣ ਦੀ ਜ਼ਿੰਮੇਵਾਰੀ ਸਬੰਧੀ ਪੁੱਛਿਆ ਤਾਂ ਉਹਦਾ ਜਵਾਬ ਸੀ, “ਮੈਂ ਜੀ ਕੱਪੜਿਆਂ ’ਤੇ ਪ੍ਰੈੱਸ ਵਧੀਆ ਕਰ ਲੈਂਦਾ ਹਾਂ, ਜੇ ਤੁਸੀਂ ਇੱਕ ਪ੍ਰੈੱਸ, ਵੱਡਾ ਮੇਜ਼ ਅਤੇ ਰਹਿਣ ਲਈ ਕਮਰੇ ਦਾ ਪ੍ਰਬੰਧ ਕਰ ਦਿਉਂ ਤਾਂ ਮੈਂ ਪ੍ਰਣ ਕਰਦਾ ਹਾਂ ਕਿ ਥੋਡੀ ਪਾਈ-ਪਾਈ ਮੋੜ ਦਿਆਂਗਾ।”

ਰਾਮਦੀਨ ਲਈ ਇਸ ਸਭ ਕੁਝ ਦਾ ਜੁਗਾੜ ਵੀ ਫਿੱਟ ਕਰ ਦਿੱਤਾ ਗਿਆ। ਕਿਰਾਏ ’ਤੇ ਲਏ ਕਮਰੇ ਵਿੱਚ ਹੀ ਉਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਵੱਡੀ ਕੁੜੀ ਵੀ ਉਸ ਨੇ ਆਪਣੇ ਨਾਲ ਕੰਮ ’ਤੇ ਲਾ ਲਈ। ਵਿਚਕਾਰਲਾ ਮੁੰਡਾ ਸਕੂਲ ਵਿੱਚ ਦਾਖ਼ਲ ਕਰਵਾ ਦਿੱਤਾ ਅਤੇ ਸਭ ਤੋਂ ਛੋਟੇ ਮੁੰਡੇ ਨੂੰ ਕੁੜੀ ਘਰ ਵਿੱਚ ਹੀ ਸੰਭਾਲਣ ਲੱਗ ਪਈ ਸੀ। ਕੁਝ ਸਮਾਂ ਪਹਿਲਾਂ ਵਾਲਾ ‘ਨਸ਼ਈ ਰਾਮਦੀਨਹੁਣ ‘ਧੋਬੀ ਰਾਮਦੀਨ’ ਦੇ ਤੌਰ ’ਤੇ ਆਪਣੀ ਪਹਿਚਾਣ ਬਣਾ ਰਿਹਾ ਸੀ।

ਹੌਲੀ ਹੌਲੀ ਵਾਅਦੇ ਅਨੁਸਾਰ ਉਸ ਨੇ ਮੇਰੇ ਕੋਲੋਂ ਲਿਆ ਉਧਾਰ ਵੀ ਮੌੜ ਦਿੱਤਾ। ਇੱਕ ਦਿਨ ਮੈਂ ਮਿੱਥ ਕੇ ਰਾਮਦੀਨ ਦੇ ਘਰ ਚਲਾ ਗਿਆ। ਆਪਣੇ ਕੰਮ ਵਿੱਚ ਉਹ ਇੰਨਾ ਖੁੱਭਿਆ ਹੋਇਆ ਸੀ ਕਿ ਉਸ ਨੂੰ ਮੇਰੀ ਹੋਂਦ ਦਾ ਵੀ ਪਤਾ ਨਹੀਂ ਲੱਗਿਆ। ਜਦੋਂ ਉਸ ਨੇ ਨਜ਼ਰ ਉੱਪਰ ਚੁੱਕੀ ਤਾਂ ਉਹ ਆਪ ਮੁਹਾਰੇ ਬੋਲ ਉੱਠਿਆ, “ਸਾਹਿਬ... ਤੁਸੀਂ?” ਨੇੜੇ ਪਈ ਕੁਰਸੀ ’ਤੇ ਕੱਪੜਾ ਮਾਰਨ ਉਪਰੰਤ ਮੈਨੂੰ ਬੈਠਣ ਲਈ ਕਹਿ ਕੇ ਉਹ ਜਜ਼ਬਾਤੀ ਵਹਾ ਵਿੱਚ ਬੋਲਿਆ, “ਤੁਸੀਂ ਸਾਨੂੰ ਰੁਲਣੋ ਬਚਾ ਲਿਆ। ਬੱਚੇ ਪਤਾ ਨਹੀਂ ਕਿੱਥੇ ਧੱਕੇ ਖਾਂਦੇ ਫਿਰਦੇ। ਮੈਂ ਜੇਲ੍ਹ ਵਿੱਚ ...। ਮੈਂ ਤਾਂ ਹੋਰਾਂ ਨੂੰ ਵੀ ਕਹਿੰਦਾ ਹੁੰਨਾ ਕਿ ਨਸ਼ਈ ਆਪ ਤਾਂ ਤਿਲ-ਤਿਲ ਕਰਕੇ ਮਰਦਾ ਈ ਐ ... ਬਾਕੀ ਸਾਰੇ ਟੱਬਰ ਨੂੰ ਵੀ ਸੂਲੀ ’ਤੇ ਟੰਗਦੈ। ਘਰ ਵਾਲੀ ਦਾ ਵੀ ਮੈਂ ਨਸ਼ਿਆਂ ਦੀ ਲੱਤ ਕਾਰਨ ਇਲਾਜ ਨਹੀਂ ਕਰਵਾ ਸਕਿਆ। ਨਹੀਂ ਉਹ ਕਾਹਨੂੰ ...।” ਉਹ ਮੇਰੇ ਸਾਹਮਣੇ ਅੱਥਰੂ ਕੇਰਨ ਲੱਗ ਪਿਆ।

‘ਨਸ਼ਈ ਰਾਮਦੀਨ’ ਤੋਂ ਕਿਰਤ ਨਾਲ ਜੁੜੇ ‘ਧੋਬੀ ਰਾਮਦੀਨ’ ਬਣਨ ਦੇ ਸੁਖਦ ਅਹਿਸਾਸ ਨਾਲ ਮੈਨੂੰ ਆਪਣੇ-ਆਪ ’ਤੇ ਮਾਣ ਮਹਿਸੂਸ ਹੋਇਆ।

*****

(815)

ਆਪਣੇ ਵਿਚਾਰ ਸਾਂਝੇ ਕਰੋ:(This email address is being protected from spambots. You need JavaScript enabled to view it.)

About the Author

ਮੋਹਨ ਸ਼ਰਮਾ

ਮੋਹਨ ਸ਼ਰਮਾ

Project Director, Drug de-addiction Centre.
Sangroor, Punjab, India.
Email: (fularamanish@gmail.com)

Phone: (91 - 94171 - 48866)

More articles from this author