“ਜਿਉਂ ਜਿਉਂ ਘਰ ਨੇੜੇ ਆ ਰਿਹਾ ਸੀ, ਸਾਡੇ ਸਾਹ ਸੂਤੇ ਜਾ ਰਹੇ ਸਨ। ਘਰ ਤਕ ਪੁੱਜਦਿਆਂ ...”
(6 ਦਸੰਬਰ 2025)
ਸਵੇਰੇ ਮੂੰਹ-ਹਨੇਰੇ ਮੈਂ ਚਾਹ ਦੀਆਂ ਚੁਸਕੀਆਂ ਲੈ ਰਿਹਾ ਸਾਂ। ਬੂਹੇ ਤੋਂ ਅਖਬਾਰ ਵਾਲੇ ਨੇ ਅਵਾਜ਼ ਮਾਰੀ। ਜਦੋਂ ਤਕ ਚਾਹ ਦੀ ਪਿਆਲੀ ਰੱਖ ਕੇ ਮੈਂ ਅਖਬਾਰ ਚੁੱਕਣ ਦੀ ਸੋਚਦਾ, ਉਸਤੋਂ ਪਹਿਲਾਂ ਹੀ ਵਿਹੜੇ ਵਿੱਚ ਮਾਂਜਾ ਮਾਰਦੀ ਬੀਬੀ ਨੇ ਅਖਬਾਰ ਚੁੱਕ ਕੇ ਮੇਰੇ ਹੱਥ ’ਤੇ ਧਰ ਦਿੱਤਾ। ਫਿਰ ਬੀਤੇ ਕੱਲ੍ਹ ਹੋਏ ਸਾਹਿਤਕ ਸਮਾਗਮ ਦੀ ਖ਼ਬਰ ਪੜ੍ਹਨ ਦੀ ਕਾਹਲ ਪੈ ਗਈ ਸੀ, ਚਾਹ ਦਾ ਘੁੱਟ ਚੇਤੇ ਵਿੱਚੋਂ ਵਿਸਰ ਗਿਆ। ਅੰਦਰਲੇ ਪੰਨੇ ਖੋਲ੍ਹਦਿਆਂ ਹੀ ਅਖਬਾਰ ਦੇ ਤੀਜੇ ਕਾਲਮ ’ਤੇ ਸਮੇਤ ਫੋਟੋ ਲੱਗੀ ਖ਼ਬਰ ਦੇ ਚਾਅ ਨੇ ਬਾਕੀ ਬਚਦੀ ਚਾਹ ਦੇ ਘੁੱਟ ਭਰਨ ਤੋਂ ਧਿਆਨ ਹਟਾ ਦਿੱਤਾ। ਖੁਸ਼ੀ ਵਿੱਚ ਵੱਡੇ ਲਿਖਾਰੀਆਂ ਨਾਲ ਖੜ੍ਹਕੇ ਖਿਚਾਈ ਅਤੇ ਅਖਬਾਰ ਵਿੱਚ ਛਪੀ ਤਸਵੀਰ ਦਾ ਚਾਅ ਵਿਹੜਾ ਸੁੰਬਰਦੀ ਮਾਂ ਨਾਲ ਸਾਂਝਾ ਕਰਨ ਲੱਗ ਗਿਆ। ਤਸਵੀਰ ਵੱਲ ਝਾਕਦਿਆਂ ਹੀ ਮਾਂ ਨੇ ਇੱਕ ਵਾਰ ਫਿਰ ਫੋਟੋ ਵਿੱਚ ਖੜ੍ਹੇ ਮੁਸਕਰਾਉਂਦੇ ਚਿਹਰੇ ਵੱਲ ਦੇਖ ਕੇ ਅੱਖਾਂ ਵਿੱਚ ਖੁਸ਼ੀ ਦੀ ਚਮਕ ਲੈ ਆਂਦੀ। ਗਲ ਨੂੰ ਘੁਮਾਕੇ ਚੁੰਨੀ ਨਾਲ ਸਿਰ ਢੱਕ ਕੇ ਕੜਾਹੀ ਵਿੱਚ ਕੂੜਾ ਪਾਉਂਦੀ ਨਾਲੋ ਨਾਲ ਬੋਲ ਰਹੀ ਸੀ, “ਬਥੇਰਾ ਸੋਹਣਾ ਲਗਦੈਂ ’ਖਬਾਰ ਵਿੱਚ ਖੜ੍ਹਾ, ਹੁਣ ਫੋਟੂ ਦੇਖ ਕੇ ਢਿੱਡ ਭਰਲੇਂਗਾ? ...ਚਾਹ ਤਾਂ ਡੁੱਬੜੀ ਬਰਫ ਵਰਗੀ ਠੰਢੀ ਠਾਰ ਹੋਈ ਪਈ ਐ।” ਪਤਾ ਨਹੀਂ ਹੋਰ ਕੀ-ਕੀ ਬੋਲਦੀ ਮਾਂ ਕਮਰੇ ਵਿੱਚ ਚਲੀ ਗਈ। ਪਤੀਲੀ ਵਿੱਚੋਂ ਚਾਹ ਦਾ ਘੁੱਟ ਪਾ ਕੇ ਅੰਦਰ ਵੜਿਆ ਤਾਂ ਦੇਖਿਆ ਬੀਬੀ ਸਿਲਫ ’ਤੇ ਪਈਆਂ ਟਰਾਫੀਆਂ ਨੂੰ ਸਾਫ ਕਰਨ ਲੱਗ ਹੋਈ ਸੀ।
ਅਖਬਾਰ ਦੇ ਹੋਰਨਾਂ ਪੰਨਿਆਂ ਤੋਂ ਖ਼ਬਰਾਂ ਪੜ੍ਹਦਿਆਂ ਮੇਰਾ ਧਿਆਨ ਇੱਕ ਹੋਰ ਖ਼ਬਰ ਵੱਲ ਚਲਾ ਗਿਆ। ਖ਼ਬਰ ਰਾਜਨੀਤਕ ਮੁੱਦੇ ਨਾਲ ਜੁੜੀ ਹੋਈ ਸੀ ਪਰ ਇੱਕ ਖਾਸ ਕਾਰਨ ਕਰਕੇ ਮੇਰਾ ਧਿਆਨ ਖਿੱਚਣ ਵਿੱਚ ਸਫਲ ਰਹੀ। ਖ਼ਬਰ ਨਾਲ ਲੱਗੀ ਤਸਵੀਰ ਵਿੱਚ ਸੰਘਰਸ਼ਾਂ ਦੇ ਮੁੱਢਲੇ ਦੌਰ ਦਾ ਬੇਲੀ ਅਤੇ ਹਲਕਾ ਨਿਹਾਲ ਸਿੰਘ ਵਾਲਾ (ਮੋਗਾ) ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੀ ਖੜ੍ਹਾ ਸੀ। ਭਾਵੇਂ ਰਾਜਨੀਤਕ ਮਸਲਿਆਂ ਵਿੱਚ ਦਿਲਚਸਪੀ ਨਾ ਹੋਣ ਕਾਰਨ ਖ਼ਬਰ ਪੂਰੇ ਧਿਆਨ ਨਾਲ ਤਾਂ ਨਹੀਂ ਪੜ੍ਹੀ ਪਰ ਫੋਟੋ ਨੂੰ ਵਾਰ ਵਾਰ ਦੇਖਣ ਦੀ ਖਿੱਚ ਨੇ ਮੇਰੀਆਂ ਅੱਖਾਂ ਵਿੱਚ ਵਿਲੱਖਣ ਖੁਸ਼ੀ ਲੈ ਆਂਦੀ। ਮੈਂ ਅਜੀਬ ਜਿਹਾ ਅਹਿਸਾਸ ਮਹਿਸੂਸ ਕੀਤਾ। ਜਿਊਂਦੇ ਜੀਅ ਕਿਤਾਬਾਂ, ਅਖ਼ਬਾਰਾਂ ਅਤੇ ਹੋਰਨਾਂ ਥਾਂਵਾਂ ’ਤੇ ਤਸਵੀਰਾਂ ਦਾ ਪ੍ਰਕਾਸ਼ਿਤ ਹੋਣਾ ਡਾਢੇ ਮਾਣ ਵਾਲੀ ਗੱਲ ਹੈ। ਜ਼ਾਹਿਰ ਹੈ ਕਿ ਅਜਿਹਾ ਵਿਹਲੜ ਅਤੇ ਆਲਸੀ ਲੋਕਾਂ ਦੇ ਹਿੱਸੇ ਨਹੀਂ ਆਇਆ, ਇਸ ਪਿੱਛੇ ਸੰਘਰਸ਼ਾਂ ਦਾ ਲੰਮਾ ਇਤਿਹਾਸ ਛੁਪਿਆ ਹੁੰਦਾ ਹੈ। ਤਦ ਹੀ ਤਾਂ ਆਪਣਿਆਂ ਨੂੰ ਅਜਿਹੇ ਵਿਅਕਤੀਆਂ ’ਤੇ ਮਾਣ ਮਹਿਸੂਸ ਹੁੰਦਾ ਹੈ।
ਸੋਚਾਂ ਵਿੱਚ ਗੁਆਚਿਆ ਮੈਂ ਅਤੀਤ ਵੱਲ ਪਰਤ ਗਿਆ। ਗੱਲ ਕੋਈ ਵੀਹ ਵਰ੍ਹੇ ਪੁਰਾਣੀ ਹੈ, ਮੋਗਾ ਦੇ ਬਹੋਨਾ ਚੌਕ ਵਿੱਚ ਇੱਕ ਸਾਹਿਤਕ ਮੈਗਜ਼ੀਨ ਦੇ ਲੋਕ ਅਰਪਣ ਸਮਾਗਮ ਵਿੱਚ ਜਾਣ ਦਾ ਮੌਕਾ ਮਿਲਿਆ। ਸਮਾਗਮ ਦੀ ਸਮਾਪਤੀ ਤੋਂ ਬਾਅਦ ਸੂਰਜ ਅਸਤ ਹੋ ਚੁੱਕਾ ਸੀ। ਸਭ ਆਪੋ ਆਪਣੇ ਸਾਧਨ ਚੁੱਕ ਕੇ ਘਰਾਂ ਵੱਲ ਮੋੜੇ ਪਾ ਰਹੇ ਸਨ। ਮਨਜੀਤ ਸਿੰਘ ਉਦੋਂ ਮਨਜੀਤ ਬਿਲਾਸਪੁਰੀ ਦੇ ਨਾਂ ਹੇਠ ਲਿਖਦਾ ਹੁੰਦਾ ਸੀ। ਅਸੀਂ ਇੱਕ ਦੂਜੇ ਨਾਲ ਅੱਖਾਂ ਮਿਲਾ ਕੇ ਬਹੋਨਾ ਚੌਕ ਤੋਂ ਲਿਫਟ ਲੈ ਕੇ ਔਖੇ ਸੌਖੇ ਬੁੱਗੀਪੁਰਾ ਚੌਕ ਤਕ ਅੱਪੜ ਗਏ। ਵਿਚਾਰ ਕਰਕੇ ਅਸੀਂ ਉਹ ਰਾਤ ਬਿਲਾਸਪੁਰ ਮਨਜੀਤ ਦੇ ਘਰ ਕੱਟਣ ਦਾ ਫੈਸਲਾ ਕਰ ਲਿਆ। ਬੁੱਗੀਪੁਰਾ ਚੌਕ ਤੋਂ ਇੱਕ ਟਰੱਕ ਨੂੰ ਹੱਥ ਦੇ ਕੇ ਦੇਰ ਰਾਤ ਬਿਲਾਸਪੁਰ ਅੱਡੇ ਤੋਂ ਬੜੇ ਹੀ ਚਾਅ ਨਾਲ ਘਰ ਵੱਲ ਚਾਲੇ ਪਾ ਦਿੱਤੇ। ਘਰਦਿਆਂ ਦੀਆਂ ਗਾਲ੍ਹਾਂ ਤੋਂ ਡਰਦਿਆਂ ਸਮਾਗਮ ਤੋਂ ਮਿਲੇ ਯਾਦਗਾਰੀ ਚਿੰਨ੍ਹ ਰਸਤੇ ਵਿੱਚ ਹੀ ਲੁਕੋ ਛੱਡੇ। ਮਨਜੀਤ ਸਿੰਘ ਦੇ ਪਿਤਾ ਬੜੇ ਹੀ ਸਖਤ ਸੁਭਾਅ ਅਤੇ ਅਸੂਲਾਂ ਦੇ ਪੱਕੇ ਬੰਦੇ ਹਨ। ਗਾਹੇ ਬਗਾਹੇ ਜਦੋਂ ਕਦੇ ਬਿਲਾਸਪੁਰ ਇਸ ਤਰ੍ਹਾਂ ਦੇ ਸਨਮਾਨ ਚਿੰਨ੍ਹ ਘਰੇ ਲੈ ਵੜਦੇ ਤਾਂ ਖੁਸ਼ ਹੋਣ ਦੀ ਬਜਾਏ ਗੁੱਸੇਖੋਰ ਸੁਭਾਅ ਵਾਲਾ ਬਾਪੂ ਆਖਦਾ, “ਦੇਖ ਲਵੀਂ, ਤੇਰੇ ਆਹ ਲੱਕੜ ਦੇ ਟਊਇਆਂ ਨੂੰ ਬਾਲ਼ ਕੇ ਇੱਕ ਵੇਲੇ ਦੀ ਚਾਹ ਨਹੀਂ ਬਣਨੀ, ਵਿਹਲੜ ਨਾ ਹੋਵੇ ਕਿਸੇ ਥਾਂ ਦਾ।” ਬਾਪ ਦਾ ਗੁੱਸਾ ਆਪਣੀ ਥਾਂ ਵਾਜਬ ਸੀ। ਉਹ ਅੱਧੀਓਂ ਵੱਧ ਜ਼ਿੰਦਗੀ ਫੌਜ ਵਿੱਚ ਦੇਸ਼ ਕੌਮ ਦੇ ਲੇਖੇ ਲਾ ਆਇਆ ਸੀ। ਉੱਚ ਅਹੁਦਿਆਂ ’ਤੇ ਹੁੰਦਿਆਂ ਅਨੁਸ਼ਾਸਨ ਅਤੇ ਬੇਦਾਗ ਸੇਵਾ ਕਾਰਜਾਂ ਬਦਲੇ ਹਾਸਲ ਕੀਤੇ ਰਾਸ਼ਟਰਪਤੀ ਤਕ ਦੇ ਸਨਮਾਨਾਂ ਮੁਕਾਬਲੇ ਪੁੱਤ ਦੇ ਇਨ੍ਹਾਂ ਸਨਮਾਨਾਂ ਦੀ ਹੋਂਦ ਛੋਟੀ ਪੈ ਰਹੀ ਸੀ। ਬਾਪ ਨੂੰ ਇਨ੍ਹਾਂ ਸਨਮਾਨਾਂ ਦੀ ਖੁਸ਼ੀ ਨਾਲੋਂ ਵਧੇਰੇ ਚਿੰਤਾ ਤਾਂ ਸਾਡੇ ਭਵਿੱਖ ਦੀ ਸੀ।
ਜਿਉਂ ਜਿਉਂ ਘਰ ਨੇੜੇ ਆ ਰਿਹਾ ਸੀ, ਸਾਡੇ ਸਾਹ ਸੂਤੇ ਜਾ ਰਹੇ ਸਨ। ਘਰ ਤਕ ਪੁੱਜਦਿਆਂ ਹੀ ਘਰਾਂ ਦੇ ਬੂਹੇ ਤਾਂ ਲਗਭਗ ਪਹਿਲਾਂ ਹੀ ਬੰਦ ਹੋ ਗਏ ਸਨ ਤੇ ਹੁਣ ਚਾਨਣ ਵਾਲੇ ਲਾਟੂ ਵੀ ਸਾਥ ਛੱਡ ਗਏ ਸਨ। ਘਰ ਦੇ ਬੂਹੇ ਅੱਗੇ ਜਾ ਕੇ ਅਨੇਕਾਂ ਵਾਰ ਬੂਹਾ ਖੜਕਾਇਆ, ਪਰ ਅੰਦਰੋਂ ਕੋਈ ਜਵਾਬ ਨਾ ਆਇਆ। ਅਸੀਂ ਉਨ੍ਹੀਂ ਪੈਰੀਂ ਹੀ ਵਾਪਸ ਪਰਤ ਆਏ। ਅੱਧੀ ਰਾਤ ਦੂਰ-ਦੂਰ ਤਕ ਪਸਰੀ ਚੁੱਪ ਅਤੇ ਡੱਡੂਆਂ ਦੀ ਟਰਰ ਟਰਰ ਸਾਡੇ ਜਜ਼ਬੇ ਨੂੰ ਮੱਠਾ ਪਾਉਣ ਲਈ ਜ਼ੋਰ ਅਜ਼ਮਾਈ ਕਰ ਰਹੀ ਸੀ ਪਰ ਸਫਲ ਨਾ ਹੋ ਸਕੀ। ਘਰ ਤੋਂ ਮੁੜ ਅੱਡੇ ਤਕ ਪਹੁੰਚਦਿਆਂ ਹੀ ਟੁੱਟ ਚੁੱਕੇ ਸਰੀਰਾਂ ਨਾਲ ਅਸੀਂ ਬੱਸ ਅੱਡੇ ਵਿੱਚ ਸਵਾਰੀਆਂ ਲਈ ਬਣੇ ਸ਼ੈੱਡ ਵਿੱਚ ਬੈਠਣ ਲੱਗੇ ਅਸੀਂ ਇੱਕ ਦੂਜੇ ਵੱਲ ਦੇਖਦਿਆਂ ਪਾਗਲਾਂ ਵਾਂਗ ਉੱਚੀ-ਉੱਚੀ ਹੱਸਣ ਲੱਗ ਪਏ। ਕੈਪਟਨ ਸਾਹਿਬ ਦੀਆਂ ਝਿੜਕਾਂ ਤੋਂ ਬਚ ਜਿਉਂ ਗਏ ਸਾਂ।
ਕੁਝ ਹੀ ਮਿੰਟਾਂ ਬਾਅਦ ਰਸਤਿਓਂ ਭਟਕੇ ਇੱਕ ਟਰੱਕ ਡਰਾਈਵਰ ਨੇ ਰਾਹ ਪੁੱਛਣ ਲਈ ਉੱਥੇ ਟਰੱਕ ਰੋਕ ਲਿਆ। ਅਸੀਂ ਮਜਬੂਰੀ ਦੱਸਕੇ ਮੋਗੇ ਤਕ ਲਿਫਟ ਦੇਣ ਦੀ ਗੱਲ ਆਖੀ ਤਾਂ ਉਸ ਵਿਚਾਰੇ ਨੇ ਭਰੇ ਮਨ ਨਾਲ ਨਾ ਚਾਹੁੰਦੇ ਹੋਏ ਨਾਲ ਲੈਕੇ ਜਾਣ ਦੀ ਹਾਮੀ ਭਰ ਦਿੱਤੀ। ਮੋਗਿਓਂ ਸਵਖਤੇ ਹੀ ਜਗਰਾਵਾਂ ਅਤੇ ਫਿਰ ਮੇਰੇ ਪਿੰਡ ਅਖਾੜੇ ਦੀ ਬੱਸ ਲੈ ਕੇ ਘਰ ਪਹੁੰਚ ਗਏ। ਜਗਰਾਵਾਂ ਤੋਂ ਅਖ਼ਬਾਰ ਖਰੀਦੇ ਤੇ ਗੁਜ਼ਰੇ ਕੱਲ੍ਹ ਦੇ ਸਮਾਗਮ ਦੀਆਂ ਖ਼ਬਰਾਂ ਪੜ੍ਹ ਅਤੇ ਤਸਵੀਰਾਂ ਦੇਖ ਰਾਤ ਦੀ ਬੇਅਰਾਮੀ ਅਤੇ ਖੱਜਲ ਖੁਆਰੀ ਦਾ ਸਾਰਾ ਥਕੇਵਾਂ ਲਹਿ ਗਿਆ। ਜਿਵੇਂ ਕੀੜੀ ਲਈ ਠੂਠਾ ਹੀ ਦਰਿਆ ਹੁੰਦਾ ਹੈ, ਬਿਲਕੁਲ ਉਵੇਂ ਉਦੋਂ ਇਹ ਖੁਸ਼ੀ ਸਾਡੇ ਲਈ ਬਹੁਤ ਹੁੰਦੀ ਸੀ। ਅਖਬਾਰਾਂ ਦੀਆਂ ਖਬਰਾਂ ਘਰਦਿਆਂ ਤੋਂ ਵੀ ਲੁਕੋ ਕੇ ਰੱਖਣੀਆਂ ਪੈਂਦੀਆਂ ਸਨ ਤੇ ਸਨਮਾਨ ਚਿੰਨ੍ਹ ਵੀ। ਅੱਜ ਇਹੀ ਖ਼ਬਰਾਂ ਅਤੇ ਤਸਵੀਰਾਂ ਮਾਣ ਸਤਿਕਾਰ ਦਾ ਹਿੱਸਾ ਨੇ। ਤਸਵੀਰਾਂ ਅਤੇ ਖ਼ਬਰਾਂ ਵਿੱਚ ਖੜ੍ਹੇ ਲੋਕਾਂ ਦੇ ਨਾਲ ਆਪਣਿਆਂ ਦਾ ਨਜ਼ਰੀਆ ਵੀ ਤਬਦੀਲ ਹੋਇਆ ਹੈ, ਕਿਉਂਕਿ ਇਨ੍ਹਾਂ ਵਿੱਚੋਂ ਸਾਡਾ ਵਰਤਮਾਨ ਨਹੀਂ ਅਤੀਤ ਝਲਕਦਾ ਹੈ ਅੱਜ ਵੀ।
***
ਪਿੰਡ ਅਤੇ ਡਾਕ: ਅਖਾੜਾ (ਲੁਧਿਆਣਾ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (