“ਅਧਿਆਪਕ ਹੋਣ ਦੇ ਨਾਤੇ ਉਸ ਕੁੜੀ ਦੇ ਵਿਵਹਾਰ ਨੂੰ ਦੇਖਕੇ ਮੇਰੇ ਅੰਦਰ ਉਸਦੇ ਪਰਿਵਾਰ ...”
(5 ਦਸੰਬਰ 2025)
ਸਾਡਾ ਦਫ਼ਤਰੀ ਸੱਭਿਆਚਾਰ ਅਜਿਹਾ ਵਿਕਸਿਤ ਹੋ ਗਿਆ ਹੈ ਕਿ ਕਦੇ ਹਮਾਤੜ ਨੂੰ ਕਿਸੇ ਦਫ਼ਤਰ ਵਿੱਚ ਕੰਮ ਕਰਵਾਉਣ ਲਈ ਜਾਣਾ ਪੈ ਜਾਵੇ ਤਾਂ ਪਹਿਲੀ ਵਾਰ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਦਾ। ਪੁੱਛ-ਗਿੱਛ ਕਰਨ ’ਤੇ ਪਹਿਲਾਂ ਤਾਂ ਸਿੱਧਾ ਦੱਸਿਆ ਹੀ ਨਹੀਂ ਜਾਂਦਾ; ਜੇ ਦੱਸਿਆ ਵੀ ਜਾਂਦਾ ਹੈ ਤਾਂ ਐਨੇ ਵਲ-ਵਲੇਵੇਂ ਹੁੰਦੇ ਹਨ ਕਿ ਕੰਮ ਕਰਵਾਉਣ ਵਾਲਾ ਭੰਬਲਭੂਸੇ ਵਿੱਚ ਪੈ ਜਾਂਦਾ ਹੈ। ਸੋਚਦਾ ਹੈ ਕਿ ਹੁਣ ਕਿੱਧਰ ਨੂੰ ਜਾਵਾਂ, ਕਿੱਧਰ ਨੂੰ ਨਾ ਜਾਵਾਂ। ਅਸੀਂ ਸਾਰੇ ਇਸ ਸਿਸਟਮ ਦਾ ਹਿੱਸਾ ਹਾਂ। ਪਿਛਲੇ ਦਿਨੀਂ ਮੈਨੂੰ ਇੱਕ ਕੰਮ ਕਰਵਾਉਣ ਲਈ ਕਿਸੇ ਦਫ਼ਤਰ ਜਾਣਾ ਪਿਆ। ਦਫਤਰ ਵਿੱਚ ਭਾਵੇਂ ਕਈ ਵਾਕਫ਼ ਬੰਦੇ ਸਨ ਅਤੇ ਇਹ ਵੀ ਆਸ ਸੀ ਕਿ ਮੇਰਾ ਕੰਮ ਸੌਖਾ ਅਤੇ ਜਲਦੀ ਹੋ ਜਾਵੇਗਾ। ਜੇਕਰ ਸੀਟਾਂ ’ਤੇ ਬਿਰਾਜਮਾਨ ਬੰਦੇ ਕੰਮ ਸੌਖਾ ਕਰ ਦੇਣ ਤਾਂ ਉਹਨਾਂ ਦੀ ਵੁੱਕਤ ਕਿਵੇਂ ਵਧੂ? ਉਹਨਾਂ ਦੀਆਂ ਮਿੰਨਤਾਂ ਕੌਣ ਕਰੂ, ਸਿਫ਼ਾਰਸ਼ਾਂ ਕੌਣ ਪੁਆਊ? ਉਹਨਾਂ ਨੂੰ ਇਸ ਗੱਲ ਦਾ ਮਾਣ ਮਹਿਸੂਸ ਕਿਵੇਂ ਹੋਊ ਕਿ ਸਾਡੀ ਵੀ ਕੋਈ ਹਸਤੀ ਹੈ, ਕੋਈ ਵਜੂਦ ਹੈ। ਨੌਕਰੀ ’ਤੇ ਨਵਾਂ ਆਇਆ ਕਰਮਚਾਰੀ ਵੀ ਹੌਲ਼ੀ-ਹੌਲ਼ੀ ਭੇਤੀ ਹੋ ਜਾਂਦਾ ਹੈ ਅਤੇ ਇਸ ਵਰਤਾਰੇ ਦਾ ਹਿੱਸਾ ਬਣ ਜਾਂਦਾ ਹੈ।
ਸਾਰੇ ਬੰਦਿਆਂ ਨੂੰ ਇੱਕ ਤੱਕੜੀ ਵਿੱਚ ਤੋਲਣਾ ਵੀ ਠੀਕ ਨਹੀਂ। ਸਿਆਣੇ ਕਹਿੰਦੇ ਹਨ ਕਿ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਜੇ ਮਾੜੇ ਲੋਕਾਂ ਨਾਲ ਵਾਹ ਪੈਂਦਾ ਹੈ ਤਾਂ ਚੰਗਿਆਈ ਵੀ ਕਿਤੇ ਨਾ ਕਿਤੇ ਜਿਊਂਦੀ ਮਿਲ ਜਾਂਦੀ ਹੈ। ਚੰਗਿਆਈ ਦੀ ਅਹਿਮੀਅਤ ਦਾ ਵੀ ਮਾੜੇ ਲੋਕਾਂ ਨਾਲ ਵਰਤਕੇ ਹੀ ਪਤਾ ਲਗਦਾ ਹੈ।
ਮੈਂ ਆਪਣੇ ਵਾਕਫ਼ਕਾਰਾਂ ਕੋਲ਼ੋਂ ਮੁਫਤ ਦੀਆਂ ਸਲਾਹਾਂ ਲੈਂਦਾ-ਲੈਂਦਾ ਇੱਕ ਨਵੀਂ ਆਈ ਕਰਮਚਾਰੀ ਕੁੜੀ ਕੋਲ ਪਹੁੰਚਿਆ। ਮਨ ਵਿੱਚ ਛਾਪ ਉਹੀ ਸੀ ਕਿ ਘੜਿਆ-ਘੜਾਇਆ ਟਾਲਣ ਵਾਲ਼ਾ ਜਵਾਬ ਹੀ ਮਿਲੇਗਾ। ਦੁਆ-ਸਲਾਮ ਕਰਨ ਤੋਂ ਬਾਅਦ ਮੇਰੇ ਕੰਮ ਬਾਰੇ ਦੱਸਣ ਉਪਰੰਤ ਉਸਦੇ ਜਵਾਬ ਦੇਣ ਦੇ ਲਹਿਜੇ ਤੋਂ ਲੱਗਿਆ ਕਿ ਉਹ ਆਪਣੀ ਡਿਊਟੀ ਪ੍ਰਤੀ ਸੰਜੀਦਾ ਹੈ। ਜਿਵੇਂ ਘਰ ਦੇ ਭਾਗ ਡਿਓੜੀ ਤੋਂ ਹੀ ਪਤਾ ਲੱਗ ਜਾਂਦੇ ਹਨ, ਇਸ ਕੁੜੀ ਦੀ ਹਲੀਮੀ ਭਰੀ ਬੋਲਚਾਲ ਅਤੇ ਹਾਂ-ਪੱਖੀ ਵਤੀਰੇ ਨੇ ਮੇਰੇ ਮਨ ਅੰਦਰ ਧਰਵਾਸ ਪੈਦਾ ਕਰ ਦਿੱਤਾ। ਉਹ ਮੇਰੇ ਵਲੋਂ ਦੱਸਿਆ ਕੰਮ ਕਰਨ ਵਿੱਚ ਮਸ਼ਰੂਫ਼ ਹੋ ਗਈ ਸੀ। ਸ਼ਿਸ਼ਟਾਚਾਰ ਵਜੋਂ ਮੇਰੇ ਲਈ ਚਾਹ ਮੰਗਵਾਉਣ ਦੀ ਪੇਸ਼ਕਸ਼ ਵੀ ਕੀਤੀ ਪਰ ਮੈਂ ਧੰਨਵਾਦ ਸਹਿਤ ਨਾਂਹ ਕਰ ਦਿੱਤੀ। ਮੇਰਾ ਕੰਮ ਕਰਦਿਆਂ ਉਸ ਕੈਬਿਨ ਵਿੱਚ ਕੰਮ ਕਰਵਾਉਣ ਲਈ ਇੱਕ ਮੁੰਡਾ ਆ ਗਿਆ। ਇਹ ਮੁੰਡਾ ਬਾਰ੍ਹਵੀਂ ਜਮਾਤ ਪਾਸ ਕਰਨ ਉਪਰੰਤ ਅਗਲੇਰੀ ਪੜ੍ਹਾਈ ਲਈ ਲੋੜੀਂਦੇ ਕਾਗਜ਼ ਬਣਵਾਉਣ ਲਈ ਫਾਰਮਾਂ ਨੂੰ ਤਸਦੀਕ ਕਰਵਾਉਣ ਆਇਆ ਸੀ। ਕਰਮਚਾਰੀ ਕੁੜੀ ਨੇ ਉਸਨੂੰ ਬੇਟਾ ਜੀ ਕਹਿਕੇ ਬੈਠਣ ਦਾ ਇਸ਼ਾਰਾ ਕਰਦਿਆਂ ਉਡੀਕ ਕਰਨ ਲਈ ਕਿਹਾ। ਇਸੇ ਦੌਰਾਨ ਹੀ ਕਿਸੇ ਕੰਮ ਲਈ ਆਏ ਇੱਕ ਬਜ਼ੁਰਗ ਨੂੰ ਉਸ ਕੁੜੀ ਨੇ ਸਤਿਕਾਰ ਨਾਲ ਬਿਠਾਇਆ ਅਤੇ ਕੁਝ ਸਮਾਂ ਉਡੀਕਣ ਬਾਰੇ ਦੱਸਿਆ। ਕੁੜੀ ਦੇ ਚਿਹਰੇ ’ਤੇ ਨਾ ਕੋਈ ਅਚਵੀ ਸੀ ਅਤੇ ਨਾ ਹੀ ਕੋਈ ਖਾਊਂ-ਵਢੂੰ ਵਰਗਾ ਵਿਵਹਾਰ, ਜਿਵੇਂ ਬਹੁਤ ਵਾਰ ਦੇਖਣ ਨੂੰ ਮਿਲਦਾ ਹੈ।
ਕਿੰਨੇ ਹੀ ਖਿਆਲ ਮੇਰੇ ਮਨ ਵਿੱਚ ਉਸਲਵੱਟੇ ਲੈਣ ਲੱਗੇ ਪਏ। ਕਈਆਂ ਨੂੰ ਕਿਸੇ ਦੇ ਕੰਮ ਆ ਕੇ ਸਕੂਨ ਮਿਲਦਾ ਹੈ ਅਤੇ ਕਈ ਦੂਜਿਆਂ ਦੀ ਖੱਜਲ-ਖੁਆਰੀ ਕਰਨ ਵਿੱਚ ਹੀ ਆਪਣੀ ਵਡਿਆਈ ਸਮਝਦੇ ਹਨ। ਇਹੋ ਫਰਕ ਹੈ ਜੋ ਇਹਨਾਂ ਭਲੇ ਇਨਸਾਨਾਂ ਨੂੰ ਕਲੱਕੜਾਂ ਤੋਂ ਗੁੜ ਨੂੰ ਗੋਹੇ ਤੋਂ ਅਲੱਗ ਕਰਦਾ ਹੈ। ਮੇਰਾ ਕੰਮ ਹੋ ਗਿਆ ਸੀ। ਮੈਂ ਦਿਲੋਂ ਧੰਨਵਾਦ ਕੀਤਾ। ਮੈਨੂੰ ਮਹਿਸੂਸ ਹੋਇਆ ਕਿ ਉਸਨੇ ਮੇਰੇ ਕੰਮ ਲਈ ਕੋਈ ਉਚੇਚ ਨਹੀਂ ਸੀ ਕੀਤੀ ਸਗੋਂ ਇਹ ਉਸਦੇ ਸੁਭਾਅ ਦਾ ਹਿੱਸਾ ਸੀ।
ਸੁਭਾਅ ਵਿਕਸਿਤ ਹੋਣ ਪਿੱਛੇ ਵੀ ਕਾਰਨ ਹੁੰਦੇ ਹਨ। ਅਧਿਆਪਕ ਹੋਣ ਦੇ ਨਾਤੇ ਉਸ ਕੁੜੀ ਦੇ ਵਿਵਹਾਰ ਨੂੰ ਦੇਖਕੇ ਮੇਰੇ ਅੰਦਰ ਉਸਦੇ ਪਰਿਵਾਰ ਬਾਰੇ ਜਾਣਨ ਦੀ ਜਗਿਆਸਾ ਵਧ ਗਈ। ਜਦੋਂ ਕੋਈ ਬੱਚਾ ਸਮਾਜ ਵਿੱਚ ਵਧੀਆ ਕੰਮ ਕਰਦਾ ਹੈ, ਚੰਗਾ ਵਿਵਹਾਰ ਕਰਦਾ ਹੈ ਤਾਂ ਧਿਆਨ ਉਸਦੇ ਪਰਿਵਾਰ ਵੱਲ ਜਰੂਰ ਜਾਂਦਾ ਹੈ ਕਿ ਬੱਚਾ ਕਿਹੋ-ਜਿਹੇ ਮਾਹੌਲ ਵਿੱਚ ਜੰਮ-ਪਲ਼ ਕੇ ਵੱਡਾ ਹੋਇਆ ਹੈ, ਪਰਿਵਾਰ ਵਲੋਂ ਉਸਨੂੰ ਕਿਹੋ-ਜਿਹੇ ਸੰਸਕਾਰ ਮਿਲੇ ਹਨ। ਪਰਿਵਾਰ ਬਾਰੇ ਜਾਣਕੇ ਉਸਦੇ ਮਾਪਿਆਂ ਨੂੰ ਮਨ ਵਿੱਚ ਨਮਸਕਾਰ ਕੀਤੀ।
ਦਫ਼ਤਰ ਦੀਆਂ ਪੌੜੀਆਂ ਉੱਤਰਦਿਆਂ ਪ੍ਰਿੰਸੀਪਲ ਤੇਜਾ ਸਿੰਘ ਦੇ ਲੇਖ “ਘਰ ਦਾ ਪਿਆਰ” ਦੀਆਂ ਸਤਰਾਂ ਆਪ-ਮੁਹਾਰੇ ਚੇਤੇ ਦੀ ਚੰਗੇਰ ਵਿੱਚੋਂ ਫੁੱਟ ਪਈਆਂ ਸਨ। ਲੇਖਕ ਅਨੁਸਾਰ, “ਕਈ ਵਾਰ ਜਦ ਮੈਂ ਕਿਸੇ ਸੱਜਣ ਨੂੰ ਕੋਝੇ, ਸੜੀਅਲ ਜਾਂ ਖਿਝੂ ਸੁਭਾਅ ਵਾਲ਼ਾ ਦੇਖਦਾ ਹਾਂ ਤਾਂ ਮੈਂ ਦਿਲ ਵਿੱਚ ਕਹਿੰਦਾ ਹਾਂ, ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ।” ਕਿਸੇ ਦੁਆਰਾ ਕੀਤਾ ਜਾਂਦੇ ਵਿਵਹਾਰ ਅਤੇ ਫ਼ਰਜ਼ਾਂ ਦੀ ਪਾਲਣਾ ਵਿੱਚੋਂ ਉਸ ਵਿਅਕਤੀ ਨੂੰ ਪਰਿਵਾਰ ਵਲੋਂ ਮਿਲੇ ਸੰਸਕਾਰਾਂ ਦੀ ਝਲਕ ਜ਼ਰੂਰ ਹੁੰਦੀ ਹੈ, ਜਿਵੇਂ ਅੱਜ ਇਸ ਕੁਰਸੀ ’ਤੇ ਬੈਠੀ ਕੁੜੀ ਦੇ ਵਿਵਹਾਰ ਵਿੱਚੋਂ ਪ੍ਰਤੱਖ ਦਿਖਾਈ ਦੇ ਰਹੀ ਸੀ।
ਪਿੰਡ ਅਤੇ ਡਾ: ਕਾਲੇਵਾਲ ਬੀਤ, ਤਹਿਸੀਲ: ਗੜ੍ਹਸ਼ੰਕਰ (ਹੁਸ਼ਿਆਰਪੁਰ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (