AmanpreetSBrarDr7ਨੌਜਵਾਨ ਬੇਰੋਜ਼ਗਾਰੀ ਅਤੇ ਘਰਦਿਆਂ ਦੇ ਤਾਹਨੇ ਮਿਹਣਿਆਂ ਤੋਂ ਨਿਰਾਸ਼ ਹੋ ਜਾਂਦਾ ਹੈ ਅਤੇ ਉਸਦਾ ...
(4 ਦਸੰਬਰ 2025)


ਅਕਸਰ ਲੋਕ ਨਸ਼ੇ ਸ਼ਬਦ ਦੀ ਵਰਤੋਂ ਕਰਦੇ ਆਮ ਸੁਣੇ ਜਾਂਦੇ ਹਨ। ਨਸ਼ਾ ਸ਼ਬਦ ਚੰਗੇ ਅਤੇ ਬੁਰੇ ਦੋਨਾਂ ਦਾ ਹੀ ਪ੍ਰਤੀਕ ਹੈ। ਪਹਿਲਾਂ ਚੰਗੇ ਪਾਸੇ ਦੀ ਉਦਾਹਰਨ
, ਅਸੀਂ ਆਮ ਹੀ ਕਹਿੰਦੇ ਹਾਂ ਉਸ ਇਨਸਾਨ ਲਈ, ਜਿਸ ਨੂੰ ਕਿਸੇ ਕੰਮ ਦੀ ਲਗਨ ਲੱਗੀ ਹੋਵੇ, ਚਾਹੇ ਉਹ ਪੜ੍ਹਾਈ-ਲਿਖਾਈ, ਵਪਾਰ, ਨੌਕਰੀ ਵਿੱਚ ਤਰੱਕੀ ਹੋਵੇ; ਇੱਥੋਂ ਤਕ ਕਿ ਕਈ ਲੋਕਾਂ ਨੂੰ ਸਵੇਰ ਦੀ ਸੈਰ ਦਾ ਵੀ ਨਸ਼ਾ ਹੈ। ਜਿੰਨਾ ਚਿਰ ਉਹ ਸੈਰ ਨਾ ਕਰ ਲੈਣ ਉਹਨਾਂ ਨੂੰ ਹੋਰ ਕੰਮਕਾਰ ਚੰਗਾ ਨਹੀਂ ਲਗਦਾ। ਇਹ ਬੰਦੇ ਆਪਣੀ ਮੰਜ਼ਲ ਹਾਸਲ ਕਰਨ ਲਈ ਦਿਨ ਰਾਤ ਇੱਕ ਕਰ ਦਿੰਦੇ ਹਨ। ਗੱਲ ਕੀ ਮਿਹਨਤੀ ਵਿਅਕਤੀ ਕਿਸੇ ਵੀ ਧੰਦੇ ਵਿੱਚ ਹੋਵੇ, ਉਸ ਨੂੰ ਆਪਣਾ ਕੰਮ ਕਰਕੇ ਜੋ ਤਸੱਲੀ ਮਿਲਦੀ ਹੈ, ਉਸ ਨਾਲ ਉਸਦੇ ਸਰੀਰ ਵਿੱਚ ਚੰਗੇ ਹਾਰਮੋਨ ਦਾ ਪੱਧਰ ਵਧ ਜਾਂਦਾ ਹੈ, ਜਿਸ ਨਾਲ ਉਸ ਨੂੰ ਅੰਦਰੂਨੀ ਖੁਸ਼ੀ ਮਿਲਦੀ ਹੈ। ਉਸਦੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਹੋਰ ਕੰਮ ਕਰਨ ਨੂੰ ਦਿਲ ਕਰਦਾ ਹੈ। ਉਦਾਹਰਨ ਦੇ ਤੌਰ ’ਤੇ ਡਾਕਟਰ ਦਾ ਮਰੀਜ਼ ਠੀਕ ਹੋ ਜਾਵੇ, ਮਕੈਨਿਕ ਦੀ ਵਿਗੜੀ ਕਾਰ ਠੀਕ ਹੋ ਜਾਵੇ, ਲਿਖਾਰੀ ਦਾ ਲੇਖ, ਕਹਾਣੀ ਜਾਂ ਨਾਵਲ ਛਪ ਜਾਵੇ ਅਤੇ ਲੋਕ ਉਸਤਤ ਕਰਨ, ਕਿਸਾਨ ਨੂੰ ਪੈਦਾਵਾਰ ਦਾ ਮੁੱਲ ਮਿਲ ਜਾਵੇ, ਸਭ ਨੂੰ ਖੁਸ਼ੀ ਹੁੰਦੀ ਹੈਨ ਹੋਰ ਕੰਮ ਕਰਨ ਨੂੰ ਜੀਅ ਕਰਦਾ ਹੈ। ਇਸੇ ਦਾ ਦੂਜਾ ਪੱਖ ਹੈ ਉਹ ਵਿਅਕਤੀ, ਜਿਹੜਾ ਕੁਝ ਖਾ ਪੀ ਕੇ ਆਪਣੇ ਸਰੀਰ ਨੂੰ ਆਰਜ਼ੀ ਤਾਕਤ ਦਿੰਦਾ ਹੈ ਜਾਂ ਫਿਰ ਆਪਣੇ ਦਿਮਾਗ ਨੂੰ ਨਕਾਰਾਤਮਕ ਸੋਚ ਕਾਰਨ ਆਰਜ਼ੀ ਤੌਰ ’ਤੇ ਧਿਆਨ ਹੋਰ ਪਾਸੇ ਲਾਉਂਦਾ ਹੈ। ਇਸ ਨਸ਼ੇ ਦੇ ਕਈ ਸਰੋਤ ਹਨ, ਜਿਵੇਂ ਕਿ ਬਨਾਸਪਤੀ ਤੋਂ ਪ੍ਰਚਲਿਤ ਡੋਡੇ, ਭੰਗ, ਅਫ਼ੀਮ ਆਦਿ। ਇਸ ਤੋਂ ਇਲਾਵਾ ਸ਼ਰਾਬ, ਜੋ ਸਰਕਾਰੀ ਤੌਰ ’ਤੇ ਵੇਚੀ ਜਾਂਦੀ ਹੈ ਅਤੇ ਸੂਬਿਆਂ ਦੀ ਆਮਦਨੀ ਦਾ ਵੱਡਾ ਸਰੋਤ ਹੈ। ਇਸ ਤੋਂ ਬਾਅਦ ਰਸਾਇਣ (ਸਿੰਥੈਟਿਕ ਪਦਾਰਥ) ਜੋ ਨਸ਼ਾ ਦਿੰਦੇ ਹਨ। ਇਹ ਸ਼ੁਰੂ ਹੁੰਦੇ ਹਨ ਥੋੜ੍ਹੇ ਤੋਂ ਪਰ ਵਧਦੇ ਜਾਂਦੇ ਹਨ ਅਤੇ ਅੰਤ ਤਕ ਇਨਸਾਨ ਨੂੰ ਲੈ ਬੈਠਦੇ ਹਨ।

ਨਸ਼ਾ ਸਿਆਸਤ ਵਿੱਚ ਹੈ, ਨਸ਼ਾ ਦੌਲਤ ਵਿੱਚ ਹੈ, ਨਸ਼ਾ ਹਕੂਮਤ/ਪਾਵਰ ਵਿੱਚ ਹੈ। ਇਨ੍ਹਾਂ ਤਿੰਨਾਂ ਨੂੰ ਭਾਵੇਂ ਨਸ਼ਿਆਂ ਵਿੱਚ ਨਹੀਂ ਗਿਣਿਆ ਜਾਂਦਾ ਪਰ ਹੈ ਇਹ ਵੀ ਤਿੰਨੋ ਹੀ ਖ਼ਤਰਨਾਕ ਹਨ। ਇਨ੍ਹਾਂ ਦਾ ਆਪਸ ਵਿੱਚ ਵੀ ਡੂੰਘਾ ਪਿਆਰ ਹੈ। ਜੋ ਕੁਝ ਪੰਜਾਬ ਵਿੱਚ 1980-90 ਵਿੱਚ ਹੋਇਆ, ਉਹ ਸੁਲਗਾਇਆ ਸਿਆਸਤ ਨੇ, ਪਾਵਰ ਨੇ ਭਾਂਬੜ ਮਚਾਇਆ ਅਤੇ ਬਾਲਣ ਪਿਆ ਬੇਰੋਜ਼ਗਾਰ ਜਵਾਨੀ ਦਾ।

ਅੰਤਰਰਾਸ਼ਟਰੀ ਪੱਧਰ ’ਤੇ ਨਸ਼ਾ:

ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਅੰਤਰਰਾਸ਼ਟਰੀ ਨਾਰਕੋਟਿਕਸ ਕੰਟਰੋਲ ਬੋਰਡ ਇੱਕ ਅੰਤਰਰਾਸ਼ਟਰੀ ਆਤਮਨਿਰਭਰ (ਸੁਤੰਤਰ) ਸੰਸਥਾ ਹੈ ਜੋ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੂੰ ਕੰਟਰੋਲ ਕਰਦੀ ਹੈ। ਇਹ ਤਕਰੀਬਨ 1961 ਵਿੱਚ ਸਥਾਪਿਤ ਕੀਤੀ ਗਈ ਸੀ ਅਤੇ ਹੁਣ ਯੂ.ਐੱਨ.ਓ.ਡੀ.ਸੀ, ਡਬਲਯੂ.ਐੱਚ.ਓ, ਇੰਟਰਪੋਲ ਅਤੇ ਡਬਲਯੂ.ਸੀ.ਓ ਨਾਲ ਮਿਲ ਕਿ ਕੰਮ ਕਰਦੀ ਹੈ। ਆਈ ਐੱਨ ਸੀ ਬੀ ਦੀ 2024 ਦੀ ਰਿਪੋਰਟ ਜੋ ਮਾਰਚ 2025 ਵਿੱਚ ਜਨਤਕ ਹੋਈ ਸੀ, ਉਸ ਮੁਤਾਬਿਕ ਦੁਨੀਆਂ ਦੇ ਸਾਰੇ ਹੀ ਮਹਾਂਦੀਪ ਅਤੇ ਉਹਨਾਂ ਦੇ ਸਾਰੇ ਦੇਸ਼ ਨਸ਼ੇ ਦੀ ਸਮੱਸਿਆ ਦਾ ਸ਼ਿਕਾਰ ਹਨ। ਉੱਤਰੀ ਅਮਰੀਕਾ ਤੋਂ ਲੈ ਕੇ ਅਫਰੀਕਾ ਦੇ ਦੇਸ਼ਾਂ ਤਕ ਸਭ ਸਿੰਥੈਟਿਕ ਨਸ਼ੇ ਤੋਂ ਪੀੜਿਤ ਹਨ। ਇਸ ਰਿਪੋਰਟ ਮੁਤਾਬਿਕ ਸਾਰਿਆਂ ਨਾਲੋਂ ਜ਼ਿਆਦਾ ਨਸ਼ਾ ਅਫਰੀਕਾ ਦੇ ਦੇਸ਼ਾਂ ਵਿੱਚ ਹੈ ਜਦਕਿ ਉਸ ਤੋਂ ਬਾਅਦ ਦੱਖਣੀ ਪੂਰਬੀ ਏਸ਼ੀਆ ਦੇ ਦੇਸ਼ ਆਉਂਦੇ ਹਨ। ਖਾਸ ਕਰਕੇ ਉਹ ਦੇਸ਼, ਜੋ ਸਮੁੰਦਰੀ ਤੱਟ ਨਾਲ ਲਗਦੇ ਹਨ।

ਇਸੇ ਰਿਪੋਰਟ ਮੁਤਾਬਿਕ ਇਸ ਸੰਸਥਾ ਨੇ ਜਦੋਂ 1972 ਵਿੱਚ ਕਾਨੂੰਨਾਂ ਵਿੱਚ ਸੋਧ ਕਰਕੇ ਬਨਾਸਪਤੀ (ਪਲਾਂਟ ਬੇਸਡ) ਨਸ਼ੇ ਬੰਦ ਕੀਤੇ, ਉਦੋਂ ਤੋਂ ਸਿੰਥੈਟਿਕ ਨਸ਼ੇ ਵਧਣੇ ਸ਼ੁਰੂ ਹੋ ਗਏ। ਸਿੰਥੇਟਿਕ ਨਸ਼ੇ ਥੋੜ੍ਹੀ ਜਗ੍ਹਾ ਵਿੱਚ ਦਵਾਈਆਂ ਵਾਂਗ ਬਣਾਏ ਜਾਂਦੇ ਹਨ ਅਤੇ ਦਵਾਈਆਂ ਨਾਲ ਹੀ ਇਨ੍ਹਾਂ ਦੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸੌਖੀ ਪਹੁੰਚ ਹੋ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਨਸ਼ਾ ਅਫਗਾਨਿਸਤਾਨ, ਅਫਰੀਕਾ ਅਤੇ ਉੱਤਰੀ ਅਮਰੀਕਾ ਤੋਂ ਵੀ ਆਉਂਦਾ ਹੈ।

ਰਾਸ਼ਟਰੀ ਪੱਧਰ ’ਤੇ ਨਸ਼ਾ:

ਸਾਡੇ ਦੇਸ਼ ਵਿੱਚ ਤਕਰੀਬਨ ਹਰ ਸੂਬੇ ਵਿੱਚ ਨਸ਼ਾ ਪ੍ਰਚਲਿਤ ਹੈ। ਐੱਨ ਸੀ ਆਰ ਬੀ ਦੇ ਸਾਲ 2024 ਦੇ ਅੰਕੜੇ ਮੁਤਾਬਿਕ ਸਭ ਤੋਂ ਵੱਧ ਨਸ਼ੇ ਦੇ ਕੇਸ ਕੇਰਲ ਵਿੱਚ ਹੋਏ। ਉੱਤਰ ਪ੍ਰਦੇਸ਼ ਵੀ ਪੰਜਾਬ ਦੇ ਨੇੜੇ ਤੇੜੇ ਹੀ ਹੈ ਜਦਕਿ ਸਾਲ 2022-2023 ਵਿੱਚ ਉੱਤਰ ਪ੍ਰਦੇਸ਼ ਵਿੱਚ ਵੀ ਨਸ਼ੇ ਖਿਲਾਫ ਜੰਗ ਵਿੱਡੀ ਗਈ ਸੀ। ਉੱਥੋਂ ਦੀ ਸਰਕਾਰ ਨੇ ਪਹਿਲੀ ਵਾਰ ਨਸ਼ਾ ਤਸਕਰਾਂ ਦੇ ਘਰ ਢਾਹੇ ਸਨ। ਬਾਵਜੂਦ ਇਸਦੇ ਕਟੌਤੀ ਜ਼ਰੂਰ ਹੋਈ ਪਰ ਨਸ਼ਾ ਬੰਦ ਨਹੀਂ ਹੋਇਆ।

ਕੇਂਦਰ ਸਰਕਾਰ ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ 15 ਅਗਸਤ 2020 ਨੂੰ ਸ਼ੁਰੂ ਕੀਤਾ ਗਿਆ। ਇਸ ਤਹਿਤ 272 ਜ਼ਿਲ੍ਹੇ, ਜਿਹੜੇ ਨਸ਼ੇ ਵਿੱਚ ਉੱਪਰ ਸਨ, ਉਹਨਾਂ ਨੂੰ ਚੁਣਿਆ ਗਿਆ। ਇਸ ਨੂੰ ਤਿੰਨ ਲੜੀ ਪ੍ਰੋਗਰਾਮ ਤਹਿਤ ਚਲਾਇਆ ਗਿਆ। ਪਹਿਲਾ, ਨਸ਼ੇ ਦੀ ਸਪਲਾਈ ’ਤੇ ਨੱਥ ਪਾਉਣਾ। ਦੂਜਾ, ਲੋਕਾਂ ਤਕ ਪਹੁੰਚ ਕਰਕੇ ਉਹਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਅਤੇ ਤੀਜਾ ਲੋਕਾਂ ਦਾ ਨਸ਼ਾ ਛਡਾਉਣ ਲਈ ਮੁਫਤ ਇਲਾਜ ਕਰਵਾਉਣਾ। ਜੇ ਨਸ਼ਾ ਸਾਰੇ ਭਾਰਤ ਵਿੱਚ ਹੀ ਹੈ ਅਤੇ ਕਈ ਸਾਡੇ ਸੂਬੇ ਤੋਂ ਉੱਪਰ ਹਨ, ਫਿਰ ਬਦਨਾਮੀ ਪੰਜਾਬ ਦੀ ਜ਼ਿਆਦਾ ਕਿਉਂ? ਕੀ ਨਸ਼ੇ ਦੀ ਆੜ ਵਿੱਚ ਸਿਆਸਤ ਤਾਂ ਨਹੀਂ ਖੇਡੀ ਜਾ ਰਹੀ? ਪੰਜਾਬ ਨੂੰ ਵੱਡੀ ਢਾਹ ਲਾਈ ਸਾਲ 2017 ਵਿੱਚ ਆਈ ਫਿਲਮ ‘ਉਡਤਾ ਪੰਜਾਬ’ ਨੇ, ਜਿਸ ਤੋਂ ਬਾਅਦ ਵਿਰੋਧੀਆਂ ਨੇ ਉਸ ਸਮੇਂ ਦੀ ਸਰਕਾਰ ਨੂੰ ਆੜ੍ਹੇ ਹੱਥੀਂ ਲਿਆ। ਜੇ ਤਕਰੀਬਨ ਪਿਛਲੇ ਢਾਈ ਦਹਾਕਿਆਂ ਤੋਂ ਲਈਏ ਤਾਂ 5 ਸਰਕਾਰਾਂ ਤਿੰਨ ਪਾਰਟੀਆਂ ਦੀਆਂ ਬਣੀਆਂ ਹਨ। ਹਰ ਸਰਕਾਰ ਨੇ ਆਪਣੇ ਬਣਨ ਵੇਲੇ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਅਤੇ ਖੂਬ ਪ੍ਰਚਾਰ ਕਰਕੇ ਵੋਟਰਾਂ/ਜਨਤਾ ਨੂੰ ਗੁਮਰਾਹ ਕੀਤਾ, ਵੋਟਾਂ ਬਟੋਰੀਆਂ ਅਤੇ ਸਰਕਾਰਾਂ ਬਣਾਈਆਂ ਪਰ ਨਸ਼ੇ ਦਾ ਪਰਨਾਲਾ ਉੱਥੇ ਦਾ ਉੱਥੇ ਹੀ ਹੈ। 2025 ਵਿੱਚ ਇੱਕ ਵੱਡਾ ਹਾਦਸਾ ਹੋਇਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ 25-30 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ ਜ਼ਿਆਦਾ ਕਰਕੇ ਨੌਜਵਾਨ ਭਾਵ 25 ਤੋਂ 34 ਸਾਲ ਦੀ ਉਮਰ ਦੇ ਸਨ। ਮੌਕੇ ਦੀ ਸਰਕਾਰ ਨੇ ਕੁਝ ਸਮੇਂ ਲਈ ਸਖਤੀ ਤਾਂ ਕੀਤੀ ਪਰ ਨਾਲ ਨਾਲ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਇੱਕ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵੱਡਾ ਐਲਾਨ ਕਰ ਦਿੱਤਾ।

ਸਾਰਨੀ ਵਿੱਚ 2002 ਤੋਂ 2025 ਤਕ ਨਸ਼ੇ ਵਿਰੁੱਧ ਮੁਹਿੰਮ ਤਹਿਤ ਕਿਹੜੀ ਸਰਕਾਰ ਨੇ ਕਿੰਨੇ ਕੇਸ ਦਰਜ ਕੀਤੇ ਅਤੇ ਕਿੰਨੇ ਲੋਕਾਂ ਨੂੰ ਫੜਿਆ ਗਿਆ, ਇਸ ’ਤੇ ਝਾਤ ਮਾਰਦੇ ਹਾਂ। 20 ਅਪਰੈਲ 2025 ਨੂੰ ਟਾਈਮ ਆਫ ਇੰਡੀਆ ਵਿੱਚ ਛਪੀ ਖ਼ਬਰ ਮੁਤਾਬਿਕ ਪਿਛਲੇ ਪੰਜਾਹ ਦਿਨਾਂ ਵਿੱਚ ਪੰਜਾਬ ਪੁਲਿਸ ਨੇ 6737 ਲੋਕ ਗ੍ਰਿਫਤਾਰ ਕੀਤੇ। ਤਰਾਸਦੀ ਦੇਖੋ ਕਿ ਇੱਕ ਪਾਸੇ ਸਿੱਧੇ ਨਸ਼ਾਂ ਤਸਕਰਾਂ ਦੇ ਘਰ ਢਾਹੇ ਜਾ ਰਹੇ ਹਨ, ਦੂਜੇ ਪਾਸੇ ਮਹਿਲਾ ਕਾਂਸਟੇਬਲ ਨੂੰ ਕੁਝ ਦਿਨਾਂ ਵਿੱਚ ਹੀ ਨਸ਼ਾ ਤਸਕਰੀ ਵਿੱਚ ਜ਼ਮਾਨਤ ਮਿਲ ਜਾਂਦੀ ਹੈ। ਉੱਧਰ ਜਦੋਂ 31 ਮਈ ਨੂੰ ਨਸ਼ਾ ਖਾਤਮਾ ਮੁਹਿੰਮ ਨੇਪਰੇ ਚੜਨੀ ਸੀ ਤਾਂ ਸਰਕਾਰ ਦੇ ਟ੍ਰੇਨਿੰਗ ਸੈਂਟਰ ਵਿੱਚ 6 ਮੁਲਾਜ਼ਮ ਡੋਪ ਟੈੱਸਟ ਵਿੱਚ ਫੇਲ ਹੁੰਦੇ ਹਨ, ਜਿਨ੍ਹਾਂ ਨੂੰ ਛੁੱਟੀ ’ਤੇ ਘਰ ਭੇਜਿਆ ਜਾਂਦਾ ਹੈ ਤਾਂ ਜੋ ਉਹਨਾਂ ਦਾ ਇਲਾਜ ਹੋ ਸਕੇ। ਸੋਚਣ ਦੀ ਗੱਲ ਹੈ ਕੀ ਡੋਪ ਟੈੱਸਟ ਫੇਲ ਹੋਣ ਤੋਂ ਅਸਲਾ ਲਾਇਸੰਸ ਤਾਂ ਦਿੱਤਾ ਨਹੀਂ ਜਾਂਦਾ ਪਰ ਨੌਕਰੀ ਵਾਲੇ ਨੂੰ ਕਿਹਾ ਜਾਂਦਾ ਹੈ, ਤੂੰ ਇਲਾਜ ਕਰਵਾ ਲੈ।

ਨਸ਼ਾ ਉਦੋਂ ਤਕ ਨਹੀਂ ਖਤਮ ਹੋ ਸਕਦਾ ਜਿਨ੍ਹਾਂ ਚਿਰ ਸਾਡੀ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਨਹੀਂ ਮਿਲਦਾ ਅਤੇ ਰੁਜ਼ਗਾਰ ਨਾਲ ਪੈਸੇ। ਜਦੋਂ ਤਕ ਇਹ ਦੋਨੋਂ ਚੀਜ਼ਾਂ ਉਸਦੇ ਹੱਥ ਵਿੱਚ ਨਹੀਂ ਆਉਂਦੀਆਂ, ਉਦੋਂ ਤਕ ਉਸ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਮੁਸ਼ਕਿਲ ਹੀ ਨਹੀਂ, ਸਗੋਂ ਨਾਮੁਮਕਿਨ ਹੈ। ਨੌਜਵਾਨ ਬੇਰੋਜ਼ਗਾਰੀ ਅਤੇ ਘਰਦਿਆਂ ਦੇ ਤਾਹਨੇ ਮਿਹਣਿਆਂ ਤੋਂ ਨਿਰਾਸ਼ ਹੋ ਜਾਂਦਾ ਹੈ ਅਤੇ ਉਸਦਾ ਫਾਇਦਾ ਨਸ਼ਾ ਤਸਕਰ ਖੂਬ ਉਠਾਉਂਦੇ ਹਨ, ਜੋ ਦੋਸਤ ਬਣ ਕੇ ਮਨ ਬਦਲਣ ਦੇ ਬਹਾਨੇ ਕਿਸੇ ਪਾਰਟੀ ਵਿੱਚ ਲੈ ਵੜਦੇ ਹਨ। ਇੱਥੋਂ ਸ਼ੁਰੂਆਤ ਹੁੰਦੀ ਹੈ ਨਸ਼ੇ ਦੀ। ਇਸ ਤੋਂ ਇਲਾਵਾ ਜਵਾਨੀ ਵਿੱਚ ਊਰਜਾ ਬਹੁਤ ਹੁੰਦੀ ਹੈ। ਜਿਹੜੇ ਬੱਚੇ ਜਿੰਮ ਲੱਗ ਜਾਂਦੇ ਹਨ, ਮਾਪੇ ਵੀ ਕਹਿੰਦੇ ਹਨ ਕਿ ਕੋਈ ਗੱਲ ਨਹੀਂ ਕਸਰਤ ਕਰਦਾ ਹੈ। ਉੱਥੇ ਜਾ ਕੇ ਨਵੀਂ ਗੱਲ ਸ਼ੁਰੂ ਹੁੰਦੀ ਹੈ ਐਨਰਜੀ ਡ੍ਰਿਕਸ ਅਤੇ ਪ੍ਰੋਟੀਨ ਪਾਊਡਰ ਦੀ। ਇਸਦੀ ਵਧਦੀ ਵਰਤੋਂ ਸਰੀਰ ਉੱਤੇ ਕਾਫੀ ਹਾਨੀਕਾਰਕ ਅਸਰ ਪਾਉਂਦੀ ਹੈ। ਜਿਵੇਂ ਬੀ.ਪੀ ਵਧਣਾ, ਹਾਰਟ ਰੇਟ ਵਧਾਉਣਾ ਅਤੇ ਹਾਰਟ ਅਟੈਕ, ਚਿੰਤਾ ਨਾਲ ਪੇਟ ਦੇ ਅੰਤੜੀਆਂ ਦੇ ਰੋਗ, ਘਬਰਾਹਟ, ਇਸਦੇ ਨਾਲ ਹੀ ਕੁਝ ਭਿਆਨਿਕ ਬਿਮਾਰੀਆਂ ਜਿਵੇਂ ਕਿਡਨੀ ’ਤੇ ਅਸਰ, ਰੈਬਡੋਮਾਇਓਲਿਸਿਸ, ਉਹ ਮੱਸਲ ਜੋ ਖੂਨ ਵਿੱਚ ਪ੍ਰੋਟੀਨ ਛੱਡਦੇ ਹਨ। ਇਸ ਨਾਲ ਪ੍ਰੋਟੀਨ ਜੋ ਘਟਦਾ ਹੈ, ਉਸਨੂੰ ਪੂਰਾ ਕਰਨ ਲਈ ਆਰਟੀਫੀਸ਼ਲ ਪ੍ਰੋਟੀਨ ਪਾਊਡਰ ਦੇ ਰੂਪ ਵਿੱਚ ਦਿੱਤੀ ਜਾਂਦੀ ਹੈ। ਇਸ ਵਿੱਚ ਹਾਰਵਰਡ ਹੈਲਥ ਪਬਲਿਸ਼ਿੰਗ ਵਿੱਚ 2022 ਵਿੱਚ ਕਲੀਨ ਲੇਬਲ ਪਰੌਜੈਕਟ ਮੁਤਾਬਿਕ 134 ਪ੍ਰੌਡਕਟਸ ਵਿੱਚੋਂ 130 ਪ੍ਰੌਡਕਟਸ ਵਿੱਚ ਹਾਨੀਕਾਰਕ ਤੱਥ ਜਿਵੇਂ ਲੈੱਡ, ਆਰਸੈਨਿਕ, ਕੈਡਮੀਅਮ ਅਤੇ ਮਰਕਰੀ, ਬਿਸਫੇਨੋਲ-ਏ, ਜਿਸ ਤੋਂ ਪਲਾਸਟਿਕ ਬਣਦਾ ਹੈ ਅਤੇ ਪੈਸਟੇਸਾਈਡ ਹੁੰਦੇ ਹਨ। ਇਹ ਸਾਰੇ ਹੀ ਵੱਡਾ ਕਾਰਨ ਹਨ ਕੈਂਸਰ ਦਾ। ਗੱਲ ਕੀ, ਅਸੀਂ ਆਪ ਵੀ ਬੱਚਿਆਂ ਨੂੰ ਨਸ਼ਿਆਂ ਵੱਲ ਧੱਕ ਰਹੇ ਹਾਂ।

ਕੀ ਪੀਲਾ ਪੰਜਾ ਨਸ਼ਾ ਬੰਦ ਕਰ ਸਕੇਗਾ? ਬਿਲਕੁਲ ਨਹੀਂ। ਮੇਰੇ ਮੁਤਾਬਿਕ ਘਰ ਢਾਹੁਣਾ ਕੋਈ ਹੱਲ ਨਹੀਂ, ਸਗੋਂ ਸਰਕਾਰ ਨੂੰ ਉਹ ਸੰਪਤੀ ਜ਼ਬਤ ਕਰਕੇ ਉਸਨੂੰ ਸਰਕਾਰੀ ਸੰਪਤੀ ਬਣਾਉਣਾ ਚਾਹੀਦਾ ਹੈ। ਢਾਹੁਣਾ ਤਾਂ ਸਾਡੇ ਸਰੋਤਾਂ (ਰਿਸੋਰਸਜ਼) ਦੀ ਕੌਮੀ ਬਰਬਾਦੀ ਹੈ। ਉਸ ਤਸਕਰ ਨੂੰ ਉਹ ਜਗ੍ਹਾ ਅਤੇ ਉਸਾਰੀ ਹਮੇਸ਼ਾ ਯਾਦ ਦਿਵਾਊਗੀ ਕਿ ਇਹ ਜਗ੍ਹਾ ਮੇਰੀ ਸੀ ਜੋ ਹੁਣ ਮੇਰੇ ਬੁਰੇ ਕੰਮਾਂ ਕਰਕੇ ਸਰਕਾਰੀ ਸੰਪਤੀ ਬਣ ਗਈ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਅਮਨਪ੍ਰੀਤ ਸਿੰਘ ਬਰਾੜ

ਡਾ. ਅਮਨਪ੍ਰੀਤ ਸਿੰਘ ਬਰਾੜ

Phone: (91 - 96537 - 90000)
Email: (dramanpreetbrar@gmail.com)