“ਜਦੋਂ ਵੀ ਅਸੀਂ ਮਾਨਵੀ ਕਦਰਾਂ ਕੀਮਤਾਂ ਅਤੇ ਦੇਸ਼ ਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕਿਸੇ ਲੁਕਵੇਂ ਅਜੰਡੇ ...”
(20 ਨਵੰਬਰ 2025)
ਅੱਜ ਸਵੇਰ ਦਾ ਦ੍ਰਿਸ਼। ਸਿਆਲ਼ ਨੇ ਦਸਤਕ ਦੇ ਦਿੱਤੀ ਹੈ। ਛੱਪੜ ਦਾ ਪਾਣੀ ਜੰਮ ਚੁੱਕਾ ਹੈ,
ਇਸ ਸਮੇਂ ਤਾਪਮਾਨ ਮਾਈਨਸ 7 ਡਿਗਰੀ ਸੈਲਸੀਅਸ ਹੈ।

ਹੁਣੇ ਹੁਣੇ ਬਿਹਾਰ ਵਿਧਾਨ ਸਭਾ ਚੋਣਾਂ ਦੇ ਹੈਰਾਨੀਜਨਕ ਨਤੀਜੇ ਆਏ ਹਨ। ਹਰਿਆਣਾ, ਮਹਾਰਾਸ਼ਟਰ, ਦਿੱਲੀ ਤੋਂ ਬਾਅਦ ਹੁਣ ਬਿਹਾਰ ਵਿੱਚ ਭਾਜਪਾ ਨੇ ਲਗਾਤਾਰ ਅਣ-ਕਿਆਸੀ ਅਤੇ ਹੈਰਾਨ ਕਰਨ ਵਾਲੀ ਜਿੱਤ ਪ੍ਰਾਪਤ ਕੀਤੀ ਹੈ। ਚੋਣਾਂ ਦੇ ਇੱਕ ਦਿਨ ਪਹਿਲਾਂ 10 ਨਵੰਬਰ ਨੂੰ ਭਾਰਤ ਦੀ ਰਾਜਧਾਨੀ ਅਤੇ ਭਾਰਤੀਆਂ ਦਾ ਦਿਲ ਕਹਾਉਣ ਵਾਲੀ ਦਿੱਲੀ ਇੱਕ ਵਾਰੀ ਫਿਰ ਬੁਰੀ ਤਰ੍ਹਾਂ ਦਹਿਲ ਗਈ, ਜਿਸਨੇ 13 ਦਸੰਬਰ 2001 ਦੇ ਭਾਰਤੀ ਸੰਸਦ ’ਤੇ ਹਮਲੇ ਦੀ ਦਹਿਸ਼ਤੀ ਯਾਦ ਅੱਖਾਂ ਸਾਹਮਣੇ ਲਿਆ ਖੜ੍ਹੀ ਕੀਤੀ। ਕੁਝ ਪੜ੍ਹੇ ਲਿਖੇ ਨੌਜਵਾਨ ਮੁਸਲਿਮ ਡਾਕਟਰਾਂ ਵੱਲੋਂ ਦਿੱਲੀ ਦੇ ਚਾਂਦਨੀ ਚੌਕ ਅਤੇ ਲਾਲ ਕਿਲੇ ਦੇ ਨਜ਼ਦੀਕ ਇੱਕ ਕਾਰ ਬਲਾਸਟ ਦੇ ਫਿਦਾਇਨ ਹਮਲੇ ਨਾਲ 13 ਲੋਕਾਂ ਦੀ ਮੌਤ ਅਤੇ ਦਰਜਨਾਂ ਜ਼ਖਮੀ ਹੋਣ ਵਾਲੇ ਵੱਡੇ ਕਾਰੇ ਨੂੰ ਅੰਜਾਮ ਦਿੱਤਾ ਗਿਆ। ਇਸਨੇ ਇੱਕ ਵਾਰੀ ਫਿਰ ਮੁਸਲਿਮ ਆਤੰਕਵਾਦ ਨੂੰ ਵਿਸ਼ਵ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਉਸਦੇ ਅਗਲੇ ਹੀ ਦਿਨ ਇਸਲਾਮਾਬਾਦ, ਪਾਕਿਸਤਾਨ ਦੀ ਇੱਕ ਅਦਾਲਤ ਦੇ ਵਿਹੜੇ ਵਿੱਚ ਵੀ ਇਸ ਤਰ੍ਹਾਂ ਦੇ ਬੰਬ ਬਲਾਸਟ ਵਿੱਚ 13 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋਏ ਹਨ। ਕੱਲ੍ਹ ਜੰਮੂ ਕਸ਼ਮੀਰ ਦੇ ਇੱਕ ਸ਼ਹਿਰ ਵਿੱਚ ਵੀ ਵੱਡਾ ਧਮਾਕਾ ਹੋਇਆ ਹੈ। ਜ਼ਾਹਿਰ ਹੈ ਇੱਕ ਦੂਜੇ ’ਤੇ ਇਲਜ਼ਾਮਬਾਜ਼ੀ ਹੋ ਰਹੀ ਹੈ ਅਤੇ ਹੁੰਦੀ ਰਹਿਣੀ ਹੈ। ਰਾਜਨੀਤਿਕ ਸਾਜ਼ਿਸ਼ੀ ਦੋਸ਼ ਲਾਏ ਜਾ ਰਹੇ ਹਨ ਅਤੇ ਲਾਏ ਜਾਂਦੇ ਰਹਿਣਗੇ। ਇਸ ਵਿੱਚ ਵੀ ਦੋ ਰਾਏ ਨਹੀਂ ਕਿ ਮਰਨ ਵਾਲੇ ਲੋਕ ਆਮ ਨਾਗਰਿਕ ਹਨ। ਅਜਿਹੇ ਦਹਿਸ਼ਤਗਰਦਾਂ ਨੂੰ ਇਹ ਵੀ ਸਮਝ ਨਹੀਂ ਆਉਂਦਾ ਕਿ ਅਜਿਹੇ ਹਮਲਿਆਂ ਵਿੱਚ ਸਾਰੇ ਧਰਮਾਂ ਦੇ ਲੋਕ ਮਾਰੇ ਜਾਂਦੇ ਹਨ, ਫਿਰ ਭਾਵੇਂ ਉਹ ਹਿੰਦੂ, ਮੁਸਲਿਮ, ਸਿੱਖ, ਇਸਾਈ, ਕੋਈ ਵੀ ਹੋਵੇ।
ਹੁਣੇ ਹੁਣੇ ਇੱਕ ਭਾਰਤੀ ਮੂਲ ਦੇ 34 ਸਾਲਾ ਜਵਾਨ ਜ਼ੋਹਰਾਨ ਮਮਦਾਨੀ ਨੇ ਇਕੱਲੇ ਅਮਰੀਕਾ ਹੀ ਨਹੀਂ ਬਲਕਿ ਸੰਸਾਰ ਭਰ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ, ਖਾਸਕਰ ਨਕਾਰਾਤਮਕ ਸਿਆਸਤ ਨੂੰ ਜਿਸ ਵਿੱਚ ‘ਮੈਂ’ ਪ੍ਰਧਾਨ ਹੁੰਦੀ ਹੈ, ਜਿਸ ਵਿੱਚ ਆਪਣੀ ਲਕੀਰ ਵੱਡੀ ਕਰਨ ਲਈ ਦੂਜੇ ਦੀ ਲਕੀਰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਧਰਮ, ਜਾਤ, ਰੰਗ, ਨਸਲ ਦੇ ਭੇਦ-ਭਾਵ ਅਤੇ ਪੈਸਾ, ਪ੍ਰਸਿਧੀ ਆਦਿ ਦੇ ਸਾਮ ਦੰਡ-ਭੇਦ ਦੇ ਸਾਰੇ ਫਾਰਮੂਲੇ ਅਪਣਾਏ ਜਾਂਦੇ ਹਨ ਅਤੇ ਕੇਵਲ ਆਪਣੇ ਲਈ ਹੀ ਤਖਤੋ-ਤਾਜ਼ ਦੀ ਲੜਾਈ ਲੜੀ ਜਾਂਦੀ ਹੈ। ਇਹ ਵੀ ਸਮਝਿਆ ਜਾਂਦਾ ਹੈ ਕਿ ਦੁਨੀਆਂ ਭਰ ਵਿੱਚ ਸਿਆਸਤ ਦੀ ਬਿਸਾਤ ਵਿਛਾਉਣ ਦਾ ਹੱਕ ਸਿਰਫ ਅਤੇ ਸਿਰਫ ਅਮੀਰਾਂ, ਅਮੀਰ ਦੇਸ਼ਾਂ ਦੇ ਹਾਕਮਾਂ, ਬਿਜ਼ਨਸਮੈਨ, ਧਾਰਮਿਕ ਐਸਟੇਟ, ਡੀਪ ਐਸਟੇਟ ਅਤੇ ਅੰਡਰਵਰਲਡ ਆਦਿ ਦੇ ਬਿਨਾਂ ਕਿਸੇ ਕੋਲ ਨਹੀਂ ਹੈ। ਪੂਰੀ ਦੁਨੀਆਂ ’ਤੇ ਕਾਬਜ਼ ਇਹ ਨੈਕਸਸ ਸੱਚੀਮੁੱਚੀ ਹੈਰਾਨ ਰਹਿ ਗਿਆ ਹੈ ਜਦੋਂ ਨਿਉਯਾਰਕ ਦੇ ਨਿਵਾਸੀਆਂ ਨੇ ਡੈਮੋਕਰੈਟਿਕ ਪਾਰਟੀ ਦੇ ਇਸ ਪ੍ਰਗਤੀਸ਼ੀਲ ਜਵਾਨ ਜ਼ੋਹਰਾਨ ਮਮਦਾਨੀ ਨੂੰ ਮੇਅਰ ਬਣਾ ਦਿੱਤਾ। ਮਹਿਜ਼ ਇੱਕ-ਅੱਧ ਸਾਲ ਵਿੱਚ ਹੀ ਮਮਦਾਨੀ ਨੇ ਸਮਾਜਵਾਦੀ ਸੋਚ ਅਤੇ ਕਮਿਉਨਿਜ਼ਮ ਵਰਗੀ ਪ੍ਰਚਾਰ, ਪ੍ਰਸਾਰ ਅਤੇ ਪ੍ਰੌਮਿਸ-ਪ੍ਰਤੀਗਿਆ ਅੰਦਾਜ਼ ਨਾਲ ਨਿਊਯਾਰਕ ਵਰਗੇ ਬਹੁ-ਸੰਸਕ੍ਰਿਤਿਕ, ਬਹੁ-ਭਾਸ਼ਾਈ, ਬਹੁ-ਧਰਮੀ ਅਤੇ ਬਹੁ-ਦੇਸ਼ੀਏ ਅਤਿ ਆਧੁਨਿਕ ਸ਼ਹਿਰ ਵਿੱਚ ਹਰ ਵਰਗ ਦੇ ਲੋਕਾਂ ਨਾਲ ਮਿਲ ਕੇ ਉਹਨਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ ਅਤੇ ਜਿੱਤ ਪ੍ਰਾਪਤ ਕਰਕੇ ਧੂਮ ਫਿਲਮ ਦੀ ਧੁਨ ਵਜਾ ਕੇ ਧੁੰਮ ਮਚਾ ਦਿੱਤੀ। ਮਮਦਾਨੀ ਨੇ ਆਪਣੇ ਪਹਿਲੇ ਸੰਬੋਧਨੀ ਸ਼ਬਦਾਂ ਵਿੱਚ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਮਰਹੂਮ ਸ਼੍ਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ ਸ਼ਬਦਾਂ ਨੂੰ ਯਾਦ ਕੀਤਾ। ਵਿਸ਼ਵ ਦੇ ਮੁਸਲਿਮ ਭਾਈਚਾਰੇ ਵਿੱਚ ਇਹ ਜਿੱਤ ਕਿਸੇ ਇਤਿਹਾਸਿਕ ਮਾਅਰਕੇ ਨਾਲੋਂ ਘੱਟ ਨਹੀਂ ਹੈ ਜਦੋਂ ਕਿ ਭਾਰਤ ਵਿੱਚ ਇਸ ਪਹਿਲੇ ਨੰਬਰ ਦੀ ਘੱਟ-ਗਿਣਤੀ ਨੂੰ ਚੋਣ ਲੜਨ ਦੀ ਟਿਕਟ ਤਕ ਨਹੀਂ ਦਿੱਤੀ ਜਾ ਰਹੀ। ਖਾਸਕਰ ਭਾਰਤੀ ਜਨਤਾ ਪਾਰਟੀ ਅਜਿਹੇ ਮਨਸੂਬੇ ਨਾਲ ਹੀ ਚੱਲ ਰਹੀ ਹੈ।
ਜ਼ੋਹਰਾਨ ਮਮਦਾਨੀ ਦੇ ਪਿਤਾ ਮਹਮੂਦ ਮਮਦਾਨੀ ਜੀ ਨੇ 2004 ਵਿਚ ‘ਗੁੱਡ ਮੁਸਲਿਮ, ਬੈਡ ਮੁਸਲਿਮ: ਅਮਰੀਕਾ ਕੋਲਡ ਵਾਰ ਐਂਡ ਦਾ ਰੂਟਸ ਆਫ ਟੈਰਰ’ ਨਾਮਕ ਪੁਸਤਕ ਲਿਖੀ। ਇਹ ਪੁਸਤਕ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਵਿੱਚ ਲਗਾਤਾਰ ਚੱਲ ਰਹੇ ਸੀਤ ਯੁੱਧ ਦੌਰਾਨ ਅਮਰੀਕਾ ਦੀ ਵਿਦੇਸ਼ ਨੀਤੀ ਅਤੇ ਦਖਲਅੰਦਾਜ਼ੀ ਦਾ ਨਤੀਜਾ ਹੈ ਕਿ ਦੁਨੀਆਂ ਭਰ ਵਿੱਚ ਚੰਗੇ ਮਸੁਲਮਾਨ ਅਤੇ ਬੁਰੇ ਮੁਸਲਮਾਨ ਦਾ ਖਿਆਲ ਬਣਾਇਆ ਗਿਆ। ਅਮਰੀਕਾ ਅਤੇ ਸੋਵੀਯਤ ਯੂਨੀਯਨ ਵਿਚਾਲੇ ਸੀਤ ਯੁੱਧ ਨੇ ਅਫਗਾਨਿਸਤਾਨ ਵਰਗੇ ਕੱਟੜਪੰਥੀ ਦੇਸ਼ਾਂ ਨੂੰ ਹਥਿਆਰ ਅਤੇ ਪੈਸਾ ਆਦਿ ਦੇ ਕੇ ਸੋਵੀਯਤ ਯੂਨੀਯਨ ਖਿਲਾਫ ਖੜ੍ਹਾ ਕੀਤਾ। ਨਤੀਜਨ ਜਿਨ੍ਹਾਂ ਮੁਸਲਮਾਨਾਂ ਨੇ ਅਮਰੀਕਾ ਦਾ ਸਾਥ ਦਿੱਤਾ, ਉਹ ਚੰਗੇ ਮੁਸਲਮਾਨ ਕਹਾਏ ਅਤੇ ਜਿਨ੍ਹਾਂ ਉਸਦਾ ਸਾਥ ਨਹੀਂ ਦਿੱਤਾ, ਉਹ ਬੁਰੇ ਮੁਲਮਾਨ ਕਹਾਏ। ਇਸ ਨਾਲ ਦੁਨੀਆਂ ਭਰ ਵਿੱਚ ਧਾਰਮਿਕ ਕੱਟੜਪੰਥੀ ਸਮੂਹਾਂ ਨੂੰ ਦੁਨੀਆਂ ਭਰ ਵਿੱਚ ਹਵਾ ਮਿਲੀ। ਅਮਰੀਕਾ ਵਿੱਚ 9/11/2001 ਵਰਲਡ ਟਾਵਰ ਦਾ ਆਤੰਕੀ ਦੁਖਾਂਤ, ਭਾਰਤ ਵਿੱਚ 26/11/2008 ਤਾਜ ਹੋਟਲ ਆਤੰਕੀ ਦੁਖਾਂਤ ਅਤੇ ਅਜਿਹੇ ਨਾ-ਭੁੱਲਣ ਵਾਲੇ ਦਰਜਨਾਂ ਲੜੀਬੱਧ ਆਤੰਕੀ ਹਮਲੇ ਦੁਖਾਂਤ ਵਾਂਗ ਸਮਕਾਲੀ ਆਧੁਨਿਕ ਵਿਸ਼ਵੀ ਰਾਜਨੀਤੀ ਨੂੰ ਸ਼ਰਮਿੰਦਾ ਕਰਦੇ ਹਨ। ਪੁਸਤਕ ਦੱਸਦੀ ਹੈ ਕਿ ਮੀਡੀਆ ਨੇ ਵੀ ਚੰਗੇ ਅਤੇ ਬੁਰੇ ਮੁਸਲਮਾਲ ਦੀ ਧਾਰਨਾ ਨੂੰ ਫੈਲਾਉਣ ਅਤੇ ਭਰਮਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਹ ਪੁਸਤਕ ਪ੍ਰਗਤੀਸ਼ੀਲ ਸਮਕਾਲੀ ਆਧੁਨਿਕ ਵਿਸ਼ਵੀ ਰਾਜਨੀਤੀ ਅਤੇ ਇਤਿਹਾਸ ਨੂੰ ਇੱਕ ਨਜ਼ਰੀਏ ਤੋਂ ਨਹੀਂ ਬਲਕਿ ਆਲੋਚਨਾਤਮਕ ਨਜ਼ਰੀਏ ਤੋਂ ਦੇਖਣ ਲਈ ਪ੍ਰੇਰਿਤ ਕਰਦੀ ਹੈ ਅਤੇ ਗੱਲ ਅੱਗੇ ਤੋਰਦੀ ਹੈ।
ਜ਼ੋਹਰਾਨ ਮਮਦਾਨੀ ਦੀ ਮਾਤਾ ਸ਼੍ਰੀਮਤੀ ਮੀਰਾ ਨਾਇਰ ਜੀ ਹਨ। ਉਹ ਪੰਜਾਬੀ ਤਹਿਸੀਰ ਦੀ ਭਾਰਤੀ ਫਿਲਮ ਨਿਰਮਾਤਾ ਹਨ, ਜਿਨ੍ਹਾਂ ਦੀ ਪਛਾਣ ਦੁਨੀਆਂ ਦੇ ਅਹਿਮ ਵਿਸ਼ਿਆਂ ਅਤੇ ਵਿਸ਼ਾ-ਵਸਤੂ ਵਾਲੀਆਂ ਫਿਲਮਾਂ ਵਿੱਚ ਮਾਨਵੀ ਕਦਰਾਂ-ਕੀਮਤਾਂ, ਪਰਿਵਾਰਿਕ ਰਿਸ਼ਤੇ, ਸਮਾਜਿਕ ਮਸਲੇ, ਖਾਸ ਕਰ ਔਰਤਾਂ ਦੇ ਅਧਿਕਾਰ ਅਤੇ ਸੱਭਿਆਚਾਰ ਆਦਿ ਦੀ ਅੰਤਰਰਾਸ਼ਟਰੀ ਕੈਨਵਸ ’ਤੇ ਗੱਲ ਪਹੁੰਚਾਈ ਹੈ। ਭਾਰਤੀ ਡਾਇਸਪੋਰਾ ਦੀ ਅਮਰੀਕਾ ਵਿੱਚ ਭਾਰਤੀ ਸੱਭਿਆਚਾਰ ਦੇ ਟਕਰਾਅ ਨੂੰ ਦਰਸਾਉਂਦੀ ਫਿਲਮ “ਮਿਸੀਸਿਪੀ ਮਸਾਲਾ” ਨੇ ਸ਼੍ਰੀਮਤੀ ਮੀਰਾ ਨਾਇਰ ਜੀ ਨੂੰ ਅੰਤਰਾਸ਼ਟਰੀ ਪਛਾਣ ਦਿੱਤੀ ਹੈ। ਮੌਨਸੂਨ ਵੈਡਿੰਗ, ਸਲਾਮ ਬੰਬੇ ਆਦਿ ਕਈ ਪ੍ਰਗਤੀਸ਼ੀਲ ਅਤੇ ਪ੍ਰਭਾਵਸ਼ਾਲੀ ਫਿਲਮਾਂ ਦਾ ਨਿਰਮਾਣ ਕੀਤਾ ਹੈ। ਵਿਸ਼ਵ ਵਿੱਚ ਚੰਗੇ ਅਤੇ ਜ਼ਿੰਮੇਵਾਰ ਨਾਗਰਿਕ ਵਾਂਗ ਜੀਵਨ ਬਤੀਤ ਕਰ ਰਹੇ ਹਨ ਅਤੇ ਭਾਰਤ ਦਾ ਨਾਮ ਰੌਸ਼ਨ ਕਰ ਰਹੇ ਹਨ।
ਵੈਸੇ ਚੰਗੇਮਾੜੇ ਅਤੇ ਬੁਰੇ-ਭਲੇ ਦੀ ਧਾਰਨਾ ਹਰ ਧਰਮ, ਹਰ ਵਰਗ, ਹਰ ਨਸਲ ਅਤੇ ਹਰ ਜਾਤੀ ਵਿੱਚ ਹੁੰਦੀ ਹੈ। ਜਿੰਨ੍ਹਾਂ ਨੇ ਹੁਣੇ-ਹੁਣੇ ਦਿੱਲੀ ਵਿੱਚ ਕਾਰ ਬੰਬ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ, ਉਹ ਸਾਰੇ ਉੱਚ ਸਿੱਖਿਆ ਪ੍ਰਾਪਤ ਡਾਕਟਰ ਹਨ। ਇਹ ਸਾਰੇ ਲਗਭਗ ਜ਼ੋਹਰਾਨ ਮਮਦਾਨੀ ਦੇ ਹਮ ਉਮਰ ਅਤੇ ਨਵੀਂ ਪੀੜ੍ਹੀ ਦੇ ਜਵਾਨ ਹਨ। ਪਰ ਮਮਦਾਨੀ ਆਪਣੇ ਸਮਾਜਵਾਦੀ, ਲੋਕ ਹਿਤੂ ਕੰਮਾਂ ਨਾਲ ਵਿਸ਼ਵ ਪੱਧਰ ’ਤੇ ਮੁਹਬੱਤ ਦੀ ਦੁਕਾਨ ਸਜ਼ਾ ਰਿਹਾ ਹੈ, ਜਦੋਂ ਕਿ ਅਜਿਹੇ ਲੋਕ ਬੰਬ ਕਾਂਡਾਂ, ਗੋਲੀ ਕਾਂਡਾਂ ਅਤੇ ਛੁਰੇ ਲਾਠੀਆਂ ਨਾਲ ਲੋਕਾਂ ਨੂੰ ਮਾਰ ਕੇ ਦਹਿਸ਼ਤ, ਨਫਰਤ ਅਤੇ ਖੌਫ ਦਾ ਬਜ਼ਾਰ ਉਸਾਰਦੇ ਹਨ। ਇਕੱਲੇ ਮੁਸਲਮਾਨਾਂ ਵਿੱਚ ਹੀ ਨਹੀਂ ਸਗੋਂ ਦੂਨੀਆਂ ਭਰ ਵਿੱਚ ਚੰਗਾ ਹਿੰਦੂ - ਬੁਰਾ ਹਿੰਦੂ, ਚੰਗਾ ਇਸਾਈ - ਬੁਰਾ ਇਸਾਈ ਅਤੇ ਚੰਗਾ ਸਿੱਖ - ਬੁਰਾ ਸਿੱਖ ਰਹਿੰਦਾ ਹੀ ਹੈ।
ਜਦੋਂ ਵੀ ਅਸੀਂ ਮਾਨਵੀ ਕਦਰਾਂ ਕੀਮਤਾਂ ਅਤੇ ਦੇਸ਼ ਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕਿਸੇ ਲੁਕਵੇਂ ਅਜੰਡੇ ਤਹਿਤ ਆਪਣੇ ਤੋਂ ਘੱਟ ਗਿਣਤੀਆਂ, ਕਮਜ਼ੋਰ ਵਰਗਾਂ, ਦਲਿਤਾਂ ਆਦਿ ਨੂੰ ਸਤਾਉਣ, ਦਬਾਉਣ ਜਾਂ ਭਜਾਉਣਾ ਦਾ ਕੰਮ ਕਰਦੇ ਹਾਂ ਤਾਂ ਬੂਰਾ ਕਰਦੇ ਹਾਂ। ਦਲਿਤ, ਕਮਜ਼ੋਰ ਅਤੇ ਗਰੀਬ ਵਰਗ ਦੀਆਂ ਧੀਆਂ-ਭੈਣਾਂ ਨੂੰ ਬਲਾਤਕਾਰ ਕਰਕੇ ਮਾਰ ਦੇਣਾ ਜਾਂ ਦਰੱਖਤਾਂ ’ਤੇ ਲਟਕਾ ਦੇਣਾ, ਔਰਤਾਂ ਨੂੰ ਨੰਗੇ ਤਨ ਸੜਕ ’ਤੇ ਪਰੇਡ ਕਰਵਾਉਣਾ ਆਦਿ ਕਿਸੇ ਗੁਨਾਹ ਨਾਲੋਂ ਘੱਟ ਨਹੀਂ ਅਤੇ ਇਹ ਕਿਸੇ ਵੀ ਧਰਮ ਵਿੱਚ ਬੁਰਾ ਹੈ। ਤਥਾਕਥਿਤ ਉੱਚੀ ਜਾਤ, ਉੱਚੇ ਸਥਾਨ ਅਤੇ ਉੱਚੇ ਵਰਗ ਦਾ ਭਰਮ ਵੀ ਚੰਗੇ ਹੋਣ ਦਾ ਸਰਟੀਫਿਕੇਟ ਨਹੀਂ ਹੈ। ਜੱਜ ਵੱਲ ਜੁੱਤੀ ਸੁੱਟਣਾ, ਕਿਸੇ ਨੂੰ ਦਲਿਤ ਕਹਿ ਕੇ ਜਾਨੋ ਮਾਰ ਦੇਣ, ਕਿਸੇ ਦੇ ਸਿਰ ਵਿੱਚ ਪਿਸ਼ਾਬ ਕਰਨਾ, ਜਬਰਦਸਤੀ ਪਿਸ਼ਾਬ ਪਿਲਾਉਣਾ ਅਤੇ ਇੱਕ ਜੱਜ ਵੱਲੋਂ ਬੱਚਿਆਂ ਆਦਿ ਨੂੰ ਦੂਜੇ ਧਰਮਾਂ ਬਾਰੇ ਬੁਰੀ ਸਿੱਖਿਆ ਦੇਣੀ ਕਿਸੇ ਵੀ ਤਰ੍ਹਾਂ ਚੰਗੀ ਹਰਕਤ ਨਹੀਂ ਹੈ ਅਤੇ ਕਿਸੇ ਵਿਸ਼ੇਸ਼ ਵਰਗ ਨੂੰ ਖੁਸ਼ ਕਰਨ ਲਈ ਘੱਟ-ਗਿਣਤੀਆਂ ਨੂੰ ਡਰਾਉਣ ਅਤੇ ਦਬਾਉਣਾ ਕਿਸੇ ਆਤੰਕਵਾਦ ਨਾਲੋਂ ਘੱਟ ਨਹੀਂ ਹੈ। ਫਿਰ ਭਾਵੇਂ ਅਜਿਹਾ ਪਾਕਿਸਤਾਨ ਵਿੱਚ ਹੋ ਰਿਹਾ ਹੈ ਜਾਂ ਭਾਰਤ ਵਿਚ, ਮਾੜਾ ਵਰਤਾਰਾ ਹੈ।
ਥੋੜ੍ਹਾ ਜਿਹਾ ਪਿੱਛੇ ਝਾਤ ਮਾਰੀਏ ਤਾਂ ਆਮ ਆਦਮੀ ਪਾਰਟੀ ਦੇ ਨਿਰਮਾਤਾ ਮਾਨਯੋਗ ਕੇਜਰੀਵਾਲ ਸਾਹਿਬ ਜੀ ਨੇ ਵੀ ਦਿੱਲੀ ਦੀ ਰਾਜਨੀਤੀ ਵਿੱਚ ਮਮਦਾਨੀ ਮਾਡਲ ਵਰਗੀ ਸ਼ੁਰੂਆਤ ਕੀਤੀ ਸੀ। ਉਹ ਦਿੱਲੀ ਦੀਆਂ ਗਲੀਆਂ ਵਿੱਚ ਸਫਾਈ ਸੇਵਕ, ਰਿਕਸ਼ੇਵਾਲੇ ਅਤੇ ਗਰੀਬਾਂ ਦੇ ਘਰਾਂ ਵਿੱਚ ਜਾਂਦੇ। ਇੱਥੋਂ ਤਕ ਕਿ ਆਪ ਪਲਾਸ ਫੜ ਕੇ ਲੋਕਾਂ ਦੀ ਬਿਜਲੀ ਠੀਕ ਕਰਦੇ ਰਹੇ ਹਨ। ਇਸ ਕਾਰਨ ਦਿੱਲੀ ਵਾਲਿਆਂ ਨੇ ਉਸਨੂੰ ਦਿਲ ਵਿੱਚ ਜਗ੍ਹਾ ਦਿੱਤੀ। ਉਸ ਤੋਂ ਬਾਅਦ ਪੰਜਾਬੀਆਂ ਨੇ ਉਸਦੇ ਇਸ ਮਾਡਲ ਨੂੰ ਸਿਰ-ਮੱਥੇ ਸਤਿਕਾਰ ਦਿੱਤਾ। ਬਿਨਾਂ ਸ਼ੱਕ ਆਮ ਆਦਮੀ ਪਾਰਟੀ ਨੇ ਚੰਗੇ ਕੰਮ ਕੀਤੇ ਪਰ ਉਹਨਾਂ ਦੇ ਮੁਫਤ ਸਹੂਲਤਾਂ ਵਾਲੇ ਵਰਤਾਰੇ ਨੇ ਦੇਸ਼ ਭਰ ਵਿੱਚ ਸੱਤਾ ਜਿੱਤਣ ਲਈ ਗਲਤ ਪਿਰਤ ਪਾਈ, ਜਿਸ ਨਾਲ ਸਾਡੀ ਆਰਥਿਕਤਾ ਤਾਂ ਕਮਜ਼ੋਰ ਹੋ ਹੀ ਰਹੀ ਹੈ, ਉੱਤੋਂ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ। ਮੁਫਤ ਸਹੂਲਤਾਂ ਦਾ ਅਜਿਹਾ ਸਿਲਸਿਲਾ ਚੱਲਣ ਨਾਲ ਬਿਹਾਰ, ਹਰਿਆਣਾ, ਦਿੱਲੀ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ ਅਸੀਂ ਚੋਣਾਂ ਤਾਂ ਜਿੱਤ ਲਈਆਂ ਪਰ ਇਸ ਨਾਲ ਆਰਥਿਕ ਸਥਿਰਤਾ ਨਹੀਂ ਰਹੇਗੀ। ਇਹ ਵੀ ਸੱਚ ਹੈ ਕਿ ਰਾਜਾਂ ਦੇ ਕਰਜ਼ੇ ਤੇਜ਼ੀ ਨਾਲ ਵਧ ਰਹੇ ਹਨ।
ਚੰਗੇ-ਮਾੜੇ ਦੇ ਵਰਤਾਰੇ ਨਾਲ ਹੀ ਸਾਡੇ ਨਾਲ ਚੰਗੇ ਭਾਰਤੀ ਅਤੇ ਮਾੜੇ ਭਾਰਤੀ ਹੋਣ ਦੀ ਧਾਰਨਾ ਜੁੜੀ ਹੋਈ ਹੈ, ਜੋ ਭਾਰਤ ਵਿੱਚ ਵੀ ਅਤੇ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਵੀ ਸਾਨੂੰ ਚੰਗੇ ਕੰਮਾਂ ਨਾਲ ਚੰਗੀ ਸਫਲਤਾ ਦੇ ਸਕਦੀ ਹੈ।
ਸ਼ੁਭ ਕਰਮ ਵੀ ਜ਼ਰੂਰੀ ਹੈਂ
ਇਬਾਦਤ ਲਈ
ਸਿਰਫ ਸਿਜਦਾ ਹੀ
ਇਬਾਦਤ ਨਹੀਂ ਹੁੰਦੀ…
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (