“ਬੱਚੀ ਦੀ ਇਹ ਗੱਲ ਸੁਣ ਕੇ ਮੇਰੀਆਂ ਵੀ ਅੱਖਾਂ ਨਮ ਹੋ ਗਈਆਂ ਤੇ ਮੈਂ ਉਸਦਾ ਮੱਥਾ ਚੁੰਮਦੇ ਹੋਏ ...”
(20 ਨਵੰਬਰ 2025)
ਜਦੋਂ ਅਸੀਂ ਪੜ੍ਹਦੇ ਸੀ, ਉਸ ਸਮੇਂ ਅਧਿਆਪਕ ਦਾ ਬਹੁਤ ਮਾਣ ਸਤਿਕਾਰ ਹੁੰਦਾ ਸੀ। ਬੱਚੇ, ਬਜ਼ੁਰਗ ਸਾਰੇ ਹੀ ਅਧਿਆਪਕ ਨੂੰ ਗੁਰੂ ਕਹਿ ਕੇ ਵੀ ਬੁਲਾਉਂਦੇ ਸਨ। ਹੁਣ ਕਈ ਵਾਰ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਮਾਣ ਸਤਿਕਾਰ ਕਿਤੇ ਗੁੰਮ ਹੋ ਗਿਆ ਹੈ। ਪਰ ਨਹੀਂ, ਮੇਰੀ ਸੋਚ ਨੂੰ ਮੇਰੇ ਕੋਲੋਂ ਹੀ ਪੜ੍ਹ ਕੇ ਗਈ ਇੱਕ ਬੱਚੀ ਨੇ ਗ਼ਲਤ ਸਾਬਤ ਕਰ ਦਿੱਤਾ। ਪੰਜਵੀਂ ਪਾਸ ਕਰਕੇ ਗਏ ਬਹੁਤ ਸਾਰੇ ਬੱਚੇ ਜਦੋਂ ਵੱਡੇ ਸਕੂਲ ਵਿੱਚ ਗਏ ਤਾਂ ਕੁਝ ਦਿਨਾਂ ਬਾਅਦ ਮੈਨੂੰ ਮਿਲਣ ਲਈ ਆਉਂਦੇ ਅਤੇ ਆਖਦੇ ਕਿ ਮੈਡਮ ਜੀ, ਤੁਸੀਂ ਇਸ ਸਕੂਲ ਵਿੱਚ ਹੀ ਹੋਰ ਕਮਰੇ ਬਣਾ ਕੇ ਵੱਡੀਆਂ ਜਮਾਤਾਂ ਇੱਥੇ ਹੀ ਸ਼ੁਰੂ ਕਰ ਲਓ, ਉੱਥੇ ਸਾਡਾ ਜੀਅ ਨਹੀਂ ਲਗਦਾ। ਮੈਂ ਉਹਨਾਂ ਨੂੰ ਆਖਦੀ ਕਿ ਕੋਈ ਨਾ ਕੋਸ਼ਿਸ਼ ਕਰਦੇ ਹਾਂ, ਓਨੀ ਦੇਰ ਉੱਥੇ ਹੀ ਦਿਲ ਲਾ ਕੇ ਪੜ੍ਹਾਈ ਕਰੋ। ਇਹ ਸੁਣ ਕੇ ਬੱਚੇ ਇੱਕ ਆਸ ਜਿਹੀ ਲੈ ਕੇ ਮੁੜ ਜਾਂਦੇ। ਮੈਂ ਗੇਟ ਤਕ ਉਹਨਾਂ ਬੱਚਿਆਂ ਨੂੰ ਜਾਂਦੇ ਦੇਖਦੀ ਰਹਿੰਦੀ। ਉਹਨਾਂ ਵਿੱਚੋਂ ਹੀ ਇੱਕ ਬੱਚੀ ਹਰ ਰੋਜ਼ ਸਵੇਰ ਨੂੰ ਜਾਂ ਛੁੱਟੀ ਵੇਲੇ ਮੈਨੂੰ ਸਕੂਲ ਦੇ ਗੇਟ ਦੇ ਬਾਹਰ ਮਿਲਦੀ ਤੇ ਆਖਦੀ ਕਿ ਮੈਡਮ ਜੀ, ਮੇਰਾ ਉੱਥੇ ਜੀਅ ਨਹੀਂ ਲਗਦਾ। ਮੈਂ ਉਸ ਨੂੰ ਆਖਦੀ ਕਿ ਕੋਈ ਨਾ ਬੇਟਾ, ਜਦੋਂ ਵੀ ਅਸੀਂ ਨਵੀਂ ਥਾਂ ਜਾਂਦੇ ਹਾਂ ਤਾਂ ਇੰਝ ਹੀ ਲਗਦਾ ਹੈ। ਹੌਲੀ-ਹੌਲੀ ਜੀਅ ਲੱਗ ਜਾਵੇਗਾ। ਤੇ ਉਹ ਚਲੀ ਜਾਂਦੀ।
ਇੱਕ ਵਾਰ ਉਹ ਅੱਧੀ ਛੁੱਟੀ ਵੇਲੇ ਆਈ ਅਤੇ ਪੇਸਟਰੀ ਦਾ ਡੱਬਾ ਵੀ ਨਾਲ ਲੈ ਕੇ ਆਈ। ਉਸਨੇ ਮੈਨੂੰ ਸ਼ੁਭ ਇੱਛਾਵਾਂ ਦਿੱਤੀਆਂ ਤਾਂ ਮਨ ਖੁਸ਼ੀ ਨਾਲ ਬਾਗੋ-ਬਾਗ ਹੋ ਗਿਆ। ਉਸ ਨੂੰ ਮੇਰੇ ਜਨਮ ਦਿਨ ਦੀ ਤਾਰੀਖ ਯਾਦ ਸੀ। ਉਸਨੇ ਕਿਹਾ, “ਮੈਡਮ ਜੀ ਅੱਜ ਤਾਂ ਮੈਂ ਅਰਜ਼ੀ ਦੇ ਕੇ ਤੁਹਾਨੂੰ ਮਿਲਣ ਆਈ ਹਾਂ।”
ਮੈਂ ਪੁੱਛਿਆ, “ਓ ਕਿਉਂ?”
ਉਸਨੇ ਜਵਾਬ ਦਿੱਤਾ ਕਿ ਅੱਜ ਸਾਡੇ ਅਧਿਆਪਕ ਨੇ ਮੈਨੂੰ ਬਿਲਕੁਲ ਮਨ੍ਹਾ ਕਰ ਦਿੱਤਾ ਕਿ ਤੂੰ ਨਾਲ ਦੇ ਸਕੂਲ ਵਿੱਚ ਨਹੀਂ ਜਾ ਸਕਦੀ। ਉਹਨਾਂ ਮੈਨੂੰ ਕਿਹਾ ਕਿ ਹੁਣ ਤੂੰ ਪੁਰਾਣੇ ਅਧਿਆਪਕ ਨੂੰ ਭੁੱਲ ਜਾ। ਉਦੋਂ ਅੱਗੋਂ ਉਸ ਬੱਚੀ ਨੇ ਆਪਣੇ ਅਧਿਆਪਕ ਨੂੰ ਹੀ ਪੁੱਛਿਆ, “ਕੀ ਤੁਸੀਂ ਆਪਣੇ ਮਾਂ ਬਾਪ ਨੂੰ ਭੁੱਲ ਸਕਦੇ ਹੋ?”
ਅਧਿਆਪਕ ਨੇ ਜਵਾਬ ਦਿੱਤਾ, “ਨਹੀਂ।”
ਫਿਰ ਅਧਿਆਪਕ ਨੇ ਪੁੱਛਿਆ, “ਇਸ ਗੱਲ ਦਾ ਕੀ ਮਤਲਬ?” ਤਾਂ ਬੱਚੀ ਨੇ ਜਵਾਬ ਦਿੱਤਾ ਕਿ ਮੈਡਮ ਜੀ ਮੈਨੂੰ ਆਪਣੇ ਉਹ ਅਧਿਆਪਕ ਮਾਂ ਬਾਪ ਤੋਂ ਵੀ ਵਧਕੇ ਹਨ। ਮੈਂ ਉਹਨਾਂ ਨੂੰ ਕਦੇ ਵੀ ਭੁਲਾ ਨਹੀਂ ਸਕਦੀ। ਮੈਂ ਜਦੋਂ ਦੇਸ ਤੋਂ ਆਈ ਸੀ ਤਾਂ ਮੈਨੂੰ ਸਿਰਫ ਹਿੰਦੀ ਭਾਸ਼ਾ ਦਾ ਕੁਝ-ਕੁਝ ਗਿਆਨ ਸੀ ਪਰ ਉਹਨਾਂ ਦੀ ਬਦੌਲਤ ਅੱਜ ਮੈਨੂੰ ਤਿੰਨੇ ਭਾਸ਼ਾਵਾਂ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਦਾ ਵੀ ਗਿਆਨ ਹੈ। ਅੱਜ ਵੀ ਜੇ ਪੜ੍ਹਾਈ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਮੇਰੀ ਉਸ ਮੁਸ਼ਕਿਲ ਦਾ ਹੱਲ ਫੋਨ ’ਤੇ ਹੀ ਕਰ ਦਿੰਦੇ ਹਨ। ਅੱਜ ਮੇਰੇ ਉਸ ਅਧਿਆਪਕ ਦਾ ਜਨਮ ਦਿਨ ਹੈ ਤੇ ਅੱਜ ਤਾਂ ਮੈਂ ਉਹਨਾਂ ਕੋਲ ਜਾਣਾ ਹੀ ਹੈ। ਉਸਦੇ ਅਧਿਆਪਕ ਨੇ ਆਖਿਆ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਸਕੂਲ ਦੇ ਵਿਚਲੇ ਸਮੇਂ ਵਿੱਚ ਨਹੀਂ ਭੇਜ ਸਕਦੀ। ਉਹ ਅਧਿਆਪਕ ਆਪਣੇ ਥਾਂ ’ਤੇ ਬਿਲਕੁਲ ਸਹੀ ਸੀ, ਕਿਉਂ ਜੋ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਬੱਚੇ ਨੂੰ ਇੰਝ ਭੇਜਣਾ ਵੀ ਨਹੀਂ ਚਾਹੀਦਾ। ਉਸਦੇ ਅਧਿਆਪਕ ਨੇ ਕਿਹਾ ਕਿ ਤੂੰ ਅਰਜ਼ੀ ਦੇ ਜਾ ਤੇ ਫਿਰ ਚਲੇ ਜਾਣਾ। ਉਸ ਬੱਚੀ ਦੇ ਮਾਤਾ ਜੀ ਉਸੇ ਹੀ ਸਕੂਲ ਵਿੱਚ ਮਿੱਡ ਡੇ ਮੀਲ ਸੇਵਿਕਾ ਸਨ। ਉਹ ਭੱਜ ਕੇ ਆਪਣੀ ਮੰਮੀ ਕੋਲ ਗਈ, ਅਰਜ਼ੀ ਲਿਖੀ ਤੇ ਮਾਤਾ ਜੀ ਦੇ ਦਸਤਖ਼ਤ ਕਰਵਾ ਕੇ ਆਪਣੇ ਅਧਿਆਪਕ ਨੂੰ ਅਰਜ਼ੀ ਦਿੰਦੀ ਹੋਈ ਪੁੱਛਦੀ ਹੈ, “ਮੈਡਮ ਜੀ, ਹੁਣ ਮੈਂ ਜਾਵਾਂ?”
ਅਧਿਆਪਕ ਨੇ ਅਰਜ਼ੀ ਪੜ੍ਹੀ। ਉਸ ਵਿੱਚ ਲਿਖਿਆ ਸੀ,“ ਅੱਜ ਮੇਰੇ ਗੁਰੂ ਦਾ ਜਨਮ ਦਿਨ ਹੈ, ਇਸ ਲਈ ਮੈਨੂੰ ਛੁੱਟੀ ਦਿੱਤੀ ਜਾਵੇ।” ਇਹ ਪੜ੍ਹ ਕੇ ਉਸ ਅਧਿਆਪਕ ਦੀਆਂ ਅੱਖਾਂ ਨਮ ਹੋ ਗਈਆਂ ਤੇ ਮੁਸਕਰਾ ਕੇ ਆਖਿਆ, “ਜਾਓ ਬੇਟਾ ਜੀ, ਮਿਲ ਆਉ ਆਪਣੇ ਗੁਰੂ ਨੂੰ।”
ਬੱਚੀ ਦੀ ਇਹ ਗੱਲ ਸੁਣ ਕੇ ਮੇਰੀਆਂ ਵੀ ਅੱਖਾਂ ਨਮ ਹੋ ਗਈਆਂ ਤੇ ਮੈਂ ਉਸਦਾ ਮੱਥਾ ਚੁੰਮਦੇ ਹੋਏ, ਉਸਦਾ ਧੰਨਵਾਦ ਕੀਤਾ। ਉਸਨੇ ਮੇਰੇ ਜਨਮ ਦਿਨ ’ਤੇ ਮੈਨੂੰ ਅਨਮੋਲ ਤੋਹਫਾ ਦੇ ਕੇ ਉਸ ਦਿਨ ਨੂੰ ਯਾਦਗਾਰੀ ਬਣਾ ਦਿੱਤਾ ਤੇ ਮੇਰੀ ਉਸ ਸੋਚ ਨੂੰ ਵੀ ਗ਼ਲਤ ਸਾਬਤ ਕਰ ਦਿੱਤਾ ਕਿ ਅੱਜ ਕੱਲ੍ਹ ਦੇ ਬੱਚੇ ਅਧਿਆਪਕ ਦਾ ਸਤਿਕਾਰ ਨਹੀਂ ਕਰਦੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (