“ਮੈਡਮ ਅਕਸਰ ਸੋਚਦੀ ਕਿਉਂ ਨਾ ਪਰਵਾਸੀ ਪਰਿਵਾਰ ਕੋਲੋਂ ਦੋ ਲੜਕੀਆਂ ਮੈਂ ਲੈ ਲਵਾਂ ਤੇ ਉਨ੍ਹਾਂ ਨੂੰ ...”
(19 ਨਵੰਬਰ 2025)
ਕਹਿੰਦੇ ਨੇ ਜੇਕਰ ਇੱਕ ਕੁੜੀ ਪੜ੍ਹ ਜਾਂਦੀ ਹੈ ਤਾਂ ਉਹ ਆਪਣੀਆਂ ਸੱਤ ਕੁਲਾਂ (ਪੀੜ੍ਹੀਆਂ) ਚਮਕਾ ਦਿੰਦੀ ਹੈ। ਫਿਰ ਜੇ ਇੱਕ ਦੀ ਥਾਂ ’ਤੇ ਦੋ ਕੁੜੀਆਂ ਪੜ੍ਹਾ ਦਿੱਤੀਆਂ ਜਾਣ, ਫਿਰ ਤਾਂ ਸਮਝੋ ਅਣਗਿਣਤ ਜ਼ਿੰਦਗੀਆਂ ਰੋਸ਼ਨ ਹੋ ਜਾਂਦੀਆਂ ਹਨ। ਸੋ ਇਹ ਵੱਡਾ ਪਰਉਪਕਾਰ ਕਰਨ ਦਾ ਕੰਮ ਮੈਡਮ ਹਰਬੀਰ ਕੌਰ ਦੇ ਹਿੱਸੇ ਆਇਆ ਹੈ ਕਿਉਂਕਿ ਪਰਉਪਕਾਰ ਕਰਨਾ ਵੀ ਇੱਕ ਰੱਬੀ ਗੁਣ ਹੈ।
ਲਗਭਗ 40 ਸਾਲਾਂ ਤੋਂ ਇੱਕ ਪਰਵਾਸੀ ਵਿਅਕਤੀ ਪੰਜਾਬ ਵਿੱਚ ਹਰ ਸਾਲ ਝੋਨਾ ਲਾਉਣ ਲਈ ਆਉਂਦਾ ਸੀ। ਉਹ ਇੱਕੋ ਪੰਜਾਬੀ ਪਰਿਵਾਰ ਦੇ ਖੇਤ ਪਿੰਡ ਚਨਾਰਥਲ ਕਲਾਂ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਵਿੱਚ ਠਹਿਰਦਾ। ਪੂਰੀ ਇਮਾਨਦਾਰੀ ਨਾਲ ਕੰਮ ਕਰਦਾ। ਹੌਲੀ ਹੌਲੀ ਉਸਦੇ ਲੜਕੇ ਵੀ ਕੰਮ ਲਈ ਪੰਜਾਬ ਆਉਣ ਲੱਗ ਪਏ। ਉਸਦੇ ਇੱਕ ਲੜਕੇ ਕੋਲ ਪੰਜ ਲੜਕੀਆਂ ਹੋਈਆਂ। ਇਸ ਪੰਜਾਬੀ ਪਰਿਵਾਰ ਨਾਲ ਪਰਵਾਸੀ ਪਰਿਵਾਰ ਦੀ ਲੰਮੇ ਸਮੇਂ ਦੀ ਸਾਂਝ ਵਧੀਆ ਚੱਲ ਰਹੀ ਸੀ।
ਇੱਧਰ ਪੰਜਾਬੀ ਪਰਿਵਾਰ ਦਾ ਇੱਕ ਬੇਟਾ ਅਤੇ ਉਸਦੀ ਅਧਿਆਪਕ ਪਤਨੀ ਆਪਣੇ ਇੱਕ ਪੁੱਤਰ ਸਮੇਤ ਪਟਿਆਲੇ ਰਹਿੰਦੇ ਸਨ। ਪਟਿਆਲੇ ਵਾਲੀ ਮੈਡਮ ਅਕਸਰ ਸੋਚਦੀ ਕਿਉਂ ਨਾ ਪਰਵਾਸੀ ਪਰਿਵਾਰ ਕੋਲੋਂ ਦੋ ਲੜਕੀਆਂ ਮੈਂ ਲੈ ਲਵਾਂ ਤੇ ਉਨ੍ਹਾਂ ਨੂੰ ਪੜ੍ਹਾ ਦੇਵਾਂ। ਨਾਲੇ ਪੁੰਨ, ਨਾਲੇ ਫਲੀਆਂ। ਨਾਲੇ ਪਰਿਵਾਰ ਦੀ ਮਦਦ ਹੋ ਜਾਵੇਗੀ, ਨਾਲੇ ਮੇਰਾ ਮਨ ਵੀ ਲੱਗਾ ਰਹੇਗਾ। ਇਸ ਸਬੰਧੀ ਜਦੋਂ ਮੈਡਮ ਨੇ ਆਪਣੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਹੀ ਕਿਹਾ, “ਲੜਕੀਆਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ।” ਪਰ ਮੈਡਮ ਨੇ ਕਿਹਾ, “ਜਦੋਂ ਕਿਸੇ ਕੰਮ ਨੂੰ ਕਰਨ ਲਈ ਇਰਾਦੇ ਨੇਕ ਹੋਣ ਤਾਂ ਪਰਮਾਤਮਾ ਵੀ ਮਦਦ ਕਰਦਾ ਹੈ।”
ਸੋ ਅੱਜ ਤੋਂ ਦਸ ਕੁ ਸਾਲ ਪਹਿਲਾਂ ਮੈਡਮ ਨੇ ਪਰਵਾਸੀ ਪਰਿਵਾਰ ਦੀਆਂ ਦੋ ਲੜਕੀਆਂ, ਉਮਰ ਸਾਢੇ ਕੁ ਸੱਤ ਸਾਲ ਅਤੇ 6 ਸਾਲ, ਆਪਣੇ ਕੋਲ ਪਟਿਆਲੇ ਬੁਲਾ ਲਈਆਂ। ਆਪਣੇ ਘਰ ਬੜੇ ਪਿਆਰ ਨਾਲ ਆਪਣੇ ਕੋਲ ਰੱਖੀਆਂ। ਪਰਵਾਸੀ ਪਰਿਵਾਰ ਦੋਵਾਂ ਬੱਚੀਆਂ ਨੂੰ ਮੈਡਮ ਕੋਲ ਛੱਡਕੇ ਆਪਣੇ ਰਾਜ ਬਿਹਾਰ ਚਲਾ ਗਿਆ। ਪਹਿਲਾਂ ਤਾਂ ਮੈਡਮ ਨੇ ਅਤੇ ਪਰਿਵਾਰ ਨੇ ਉਨ੍ਹਾਂ ਦਾ ਦਿਲ ਲਵਾਇਆ। ਇੱਥੋਂ ਤਕ ਕਿ ਮੈਡਮ ਨੇ ਉਨਾਂ ਦੇ ਪਿਸ਼ਾਬ ਵਾਲੇ ਕੱਪੜੇ-ਲੀੜੇ ਵੀ ਆਪ ਧੋਣੇ, ਵਾਲ ਵਾਹੁਣੇ, ਨਾਲ ਥੋੜ੍ਹਾ-ਥੋੜ੍ਹਾ ਸਿਖਾਉਣਾ ਸ਼ੁਰੂ ਕੀਤਾ। ਉਨ੍ਹਾਂ ਨੂੰ ਮਾਂ ਵਾਂਗ ਛੋਟੀਆਂ ਛੋਟੀਆਂ ਮੱਤਾਂ ਦੇਣੀਆਂ। ਉਨ੍ਹਾਂ ਦੇ ਸੋਹਣੇ ਸੋਹਣੇ ਕੱਪੜੇ ਪਾਉਣੇ। ਉਸੇ ਦਿਨ ਇਸ ਅਨੋਖੇ ਅਤੇ ਮੋਹ ਭਰੇ ਰਿਸ਼ਤੇ ਦੀ ਸ਼ੁਰੂਆਤ ਹੋ ਗਈ ਜਦੋਂ ਪਹਿਲੀ ਵਾਰੀ ਬੱਚੀਆਂ ਨੇ ਮੈਡਮ ਨੂੰ “ਬੀਬੀ ਜੀ!” ਕਹਿਕੇ ਬੁਲਾਇਆ।
ਮੈਡਮ ਹਰਬੀਰ ਕੌਰ ਦੱਸਦੇ ਹਨ ਕਿ ਸ਼ੁਰੂ ਸ਼ੁਰੂ ਵਿੱਚ ਦੋਵੇਂ ਕੁੜੀਆਂ ਬਹੁਤ ਸ਼ਰਾਰਤੀ ਵੀ ਸਨ। ਇੱਕ ਵਾਰੀ ਦੋਵੇਂ ਭੈਣਾਂ ਨੇ ਕੱਚੇ ਅੰਬ ਤੋੜ-ਤੋੜਕੇ ਬਾਲਟੀ ਭਰ ਦਿੱਤੀ। ਮੈਡਮ ਨੇ ਉਨ੍ਹਾਂ ਨੂੰ ਆਪਣੇ ਤਰੀਕੇ ਨਾਲ ਸਮਝਾਇਆ। ਉਨ੍ਹਾਂ ਨੇ ਜਿੱਥੇ ਵੀ ਕਿਤੇ ਰਿਸ਼ਤੇਦਾਰੀ ਵਿੱਚ ਜਾਂ ਬਜ਼ਾਰ ਵੀ ਜਾਣਾ, ਉਨ੍ਹਾਂ ਨੂੰ ਆਪਣੇ ਨਾਲ ਰੱਖਣਾ। ਉਨ੍ਹਾਂ ਬੱਚੀਆਂ ਨੂੰ ਪੰਜਾਬੀ ਜਾਂ ਹਿੰਦੀ ਵੀ ਨਹੀਂ ਸੀ ਆਉਂਦੀ। ਕੋਈ ਸਕੂਲ ਦਾਖਲਾ ਨਹੀਂ ਸੀ ਦਿੰਦਾ। ਪਹਿਲਾਂ ਤਾਂ ਮੈਡਮ ਨੇ ਉਨ੍ਹਾਂ ਨੂੰ ਘਰ ਬਹੁਤ ਪੜ੍ਹਾਇਆ। ਥੋੜ੍ਹੇ ਸਮੇਂ ਤੋਂ ਸ਼ੁਰੂ ਕਰਕੇ ਉਹ ਛੇ-ਸੱਤ ਘੰਟੇ ਰੋਜ਼ ਪੜ੍ਹਾਉਂਦੇ। ਉਨ੍ਹਾਂ ਤੋਂ ਵੱਧ ਤੋਂ ਵੱਧ ਲਿਖਾਉਣਾ ਸ਼ੁਰੂ ਕੀਤਾ। ਹੁਣ ਉਨ੍ਹਾਂ ਦੀ ਪੜ੍ਹਾਈ ਵਿੱਚ ਦਿਲਚਸਪੀ ਵਧ ਗਈ। ਫਿਰ ਮੈਡਮ ਨੇ ਪਟਿਆਲੇ ਆਪਣੇ ਸਕੂਲ ਸ. ਸ. ਸ. ਮਲਟੀਪਰਪਜ਼ ਪਟਿਆਲਾ ਵਿੱਚ ਹੀ ਦਾਖਲਾ ਦਿਵਾ ਦਿੱਤਾ। ਪੜ੍ਹਾਈ ਤੋਂ ਇੱਲਾਵਾ ਉਹ ਸਕੂਲ ਦੀ ਹਰ ਗਤੀਵਿਧੀ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲੱਗੀਆਂ। ਮੈਡਮ ਹਰਬੀਰ ਕੌਰ ਖੁਦ ਫਿਜ਼ੀਕਲ ਐਜੂਕੇਸ਼ਨ ਦੇ ਲੈਕਚਰਾਰ ਹਨ। ਸੋ ਇਹ ਕਿਵੇਂ ਹੋ ਸਕਦਾ ਏ ਕਿ ਉਨ੍ਹਾਂ ਦੀਆਂ ਲਾਡਲੀਆਂ ਧੀਆਂ ਖੇਡਾਂ ਵਿੱਚ ਹਿੱਸਾ ਨਾ ਲੈਣ। ਇਸਤੋਂ ਇਲਾਵਾ ਕਰਾਟੇ, ਯੋਗਾ, ਗਿੱਧਾ, ਭੰਗੜਾ, ਸਪੀਚ, ਪੇਂਟਿੰਗ ਆਦਿ ਸਭ ਗਤੀਵਿਧੀਆਂ ਵਿੱਚ ਉਹ ਬੱਚੀਆਂ ਮੋਹਰੀ ਰਹੀਆਂ ਹਨ। ਮੈਡਮ ਉਨ੍ਹਾਂ ਨੂੰ ਨੈਤਿਕਤਾ ਦਾ ਪਾਠ ਰੋਜ਼ ਪੜ੍ਹਾਉਂਦੇ ਰਹਿੰਦੇ ਹਨ। ਕਲਾਸ ਵਿੱਚ ਉਨ੍ਹਾਂ ਬੱਚੀਆਂ ਦੀ ਭੂਮਿਕਾ ਪਹਿਲੇ-ਦੂਜੇ ਸਥਾਨਾਂ ’ਤੇ ਹੀ ਰਹੀ ਹੈ। ਉਨ੍ਹਾਂ ਦੋਨਾਂ ਬੱਚੀਆਂ ਸੋਨੀਆ ਅਤੇ ਸਿਲਪੀ ਦੀ ਅਧਿਆਪਕਾ ਹੋਣ ’ਤੇ ਮੈਂ ਖ਼ੁਦ ਵੀ ਬਹੁਤ ਮਾਣ ਮਹਿਸੂਸ ਕਰਦੀ ਹਾਂ। ਉਨ੍ਹਾਂ ਦੀ ਮਾਪੇ-ਅਧਿਆਪਕ ਮਿਲਣੀ ’ਤੇ ਅਕਸਰ ਹੀ ਮੈਡਮ ਜਾਂ ਉਨ੍ਹਾਂ ਦੇ ਪਤੀ ਆਉਂਦੇ, ਸਕੂਲ ਦੇ ਹਰ ਅਧਿਆਪਕ ਨੂੰ ਮਿਲਕੇ ਬੱਚੀਆਂ ਦੀ ਕਾਰਗੁਜ਼ਾਰੀ ਵਾਰੇ ਜਾਣਕਾਰੀ ਪ੍ਰਾਪਤ ਕਰਦੇ।
ਹੁਣ ਵੱਡੀ ਬੱਚੀ ਨੇ 10+2 ਮੈਡੀਕਲ ਦੀ ਪੜ੍ਹਾਈ ਕਰਕੇ ਮੈਰਿਟ ਵਿੱਚ ਚੰਗਾ ਰੈਂਕ ਪ੍ਰਾਪਤ ਕਰਕੇ ਸਰਕਾਰੀ ਹਸਪਤਾਲ (ਪਟਿਆਲਾ) ਵਿੱਚ ਸਟਾਫ ਨਰਸਿੰਗ ਵਿੱਚ ਦਾਖਲਾ ਲੈਣ ਵਿੱਚ ਸਫਲਤਾ ਹਾਸਲ ਕੀਤੀ ਹੈ। ਛੋਟੀ ਨੇ ਵੀ 10+2 ਮੈਡੀਕਲ ਦੀ ਪੜ੍ਹਾਈ ਬਹੁਤ ਚੰਗੇ ਅੰਕ ਪ੍ਰਾਪਤ ਕਰਕੇ ਸਫਲਤਾ ਹਾਸਲ ਕੀਤੀ ਹੈ। ਉਹ ਵੀ ਕਿਸੇ ਚੰਗੇ ਕੋਰਸ ਵਿੱਚ ਦਾਖਲਾ ਲੈਣ ਲਈ ਤਿਆਰੀ ਕਰ ਰਹੀ ਹੈ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਪਰਵਾਸੀ ਪਰਿਵਾਰ ਦੇ ਬੱਚੇ-ਬੱਚੀਆਂ ਲਿਆ ਕੇ ਨੌਕਰ, ਨੌਕਰਾਣੀਆਂ ਤਾਂ ਬਹੁਤ ਲੋਕ ਰੱਖ ਲੈਂਦੇ ਨੇ ਪਰ ਇਸ ਤਰ੍ਹਾਂ ਬੱਚੀਆਂ ਲਿਆ ਕੇ, ਚੰਗੀ ਪਰਵਰਿਸ਼ ਕਰਨੀ, ਉਨ੍ਹਾਂ ਨੂੰ ਪੜ੍ਹਾਉਣਾ-ਲਿਖਾਉਣਾ, ਉਨ੍ਹਾਂ ਦੀ ਜ਼ਿੰਦਗੀ ਸੰਵਾਰ ਦੇਣੀ, ਉਨ੍ਹਾਂ ਨੂੰ ਫਰਸ਼ ਤੋਂ ਅਰਸ਼ ’ਤੇ ਪਹੁੰਚਾ ਦੇਣਾ ਹਰੇਕ ਦੇ ਹਿੱਸੇ ਨਹੀਂ ਆਉਂਦਾ। ਅੱਜ ਮਹਿੰਗਾਈ ਦੇ ਜ਼ਮਾਨੇ ਵਿੱਚ ਤੇ ਸਮੇਂ ਦੀ ਘਾਟ ਕਾਰਨ ਆਮ ਨੌਕਰੀ-ਪੇਸ਼ਾ ਔਰਤਾਂ ਨੂੰ ਤਾਂ ਆਪਣੇ ਬੱਚੇ ਪਾਲਣ-ਪੋਸਣ ਅਤੇ ਪੜ੍ਹਾਉਣ ਵਿੱਚ ਵੀ ਬੜੀ ਮੁਸ਼ਕਿਲ ਆਉਂਦੀ ਹੈ। ਫਿਰ ਦੂਜਿਆਂ ਦੇ ਬੱਚੇ, ਉਹ ਵੀ ਦੋ-ਦੋ ਕੁੜੀਆਂ, ਜਿਨ੍ਹਾਂ ਨੂੰ ਮੈਡਮ ਨੇ ਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਬੱਚਿਆਂ ਤੋਂ ਵੱਧ ਰੱਖਿਆ ਹੈ। ਸੱਚਮੁੱਚ ਇਹ ਬਿਲਕੁਲ ਨਿਰਸੁਆਰਥ ਅਤੇ ਪਰਉਪਕਾਰ ਦਾ ਕੰਮ ਦੂਜਿਆਂ ਲਈ ਪ੍ਰੇਰਨਾ-ਸਰੋਤ ਹੈ। ਪੁੱਛਣ ’ਤੇ ਮੈਡਮ ਹਰਬੀਰ ਕੌਰ ਨੇ ਇਹੀ ਕਿਹਾ, “ਇਹ ਮੇਰੇ ਤੋਂ ਪ੍ਰਮਾਤਮਾ ਹੀ ਕਰਵਾ ਰਿਹਾ ਹੈ।” ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ॥”
ਮੈਡਮ ਦੀ ਇਹ ਦਿਲੀ ਇੱਛਾ ਹੈ ਕਿ ਪਹਿਲਾਂ ਉਹ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਜਾਣ, ਫਿਰ ਚੰਗੇ ਮੁੰਡੇ ਲੱਭਕੇ ਉਨ੍ਹਾਂ ਦਾ ਵਿਆਹ ਕਰ ਦੇਵਾਂਗੇ। ਮੈਡਮ ਦੀ ਜਾਨ ਉਨ੍ਹਾਂ ਵਿੱਚ ਤੇ ਉਨ੍ਹਾਂ ਦੀ ਜਾਨ ਮੈਡਮ ਵਿੱਚ ਵਸਦੀ ਹੈ। ਉਹ ਬੱਚੀਆਂ ਵੀ ਆਪਣੇ ਪਾਲਣਹਾਰ ਮਾਪਿਆਂ ਦਾ ਬਹੁਤ ਪਿਆਰ ਅਤੇ ਸਤਿਕਾਰ ਕਰਦੀਆਂ ਹਨ। ਇਹ ਮੇਰਾ ਦਾਅਵਾ ਹੈ ਕਿ ਕੱਲ੍ਹ ਨੂੰ ਜਦੋਂ ਮੈਡਮ ਉਨ੍ਹਾਂ ਨੂੰ ਇੱਕ ਅਵਾਜ਼ ਮਾਰਨਗੇ ਤਾਂ ਉਹ ਵੀ ਅਵਾਜ਼ ਮਾਰਨ ਤੋਂ ਪਹਿਲਾਂ ਆਪਣੇ ਮਸੀਹੇ ਕੋਲ ਜ਼ਰੂਰ ਹਾਜ਼ਰ ਹੋਣਗੀਆਂ ਕਿਉਂਕਿ ਮੈਡਮ ਨੇ ਬੀਜਿਆ ਹੀ ਇੰਨਾ ਹੈ ਕਿ ਉਹ ਜਿੰਨਾ ਮਰਜ਼ੀ ਵੱਢੀ ਜਾਣ ਤਾਂ ਵੀ ਤੋਟ ਨਹੀਂ ਆਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (