“ਬਿਹਾਰ ਦਾ ਦਸ਼ਰਥ ਮਾਂਝੀ ਹਿੰਮਤ, ਹੌਸਲੇ, ਦ੍ਰਿੜਤਾ ਅਤੇ ਆਤਮ ਵਿਸ਼ਵਾਸ ਦੀ ਵਿਲੱਖਣ ਮਿਸਾਲ ...”
(19 ਨਵੰਬਰ 2025)
ਮਨੁੱਖ ਨੂੰ ਆਪਣੀ ਜੀਵਨ-ਰੂਪੀ ਗੱਡੀ ਨੂੰ ਨਿਰੰਤਰ ਚਲਦਾ ਰੱਖਣ ਲਈ ਕਿਸੇ ਨਾ ਕਿਸੇ ਕਿਰਤ ਦੇ ਰਾਹ ਤੁਰਨਾ ਹੀ ਪੈਂਦਾ ਹੈ। ਜੇ ਮਨੁੱਖ ਅਜਿਹਾ ਨਾ ਕਰੇ ਤਾਂ ਰੋਜ਼ੀ-ਰੋਟੀ ਦਾ ਮਸਲਾ ਬਹੁਤ ਵੱਡਾ ਸੰਕਟ ਬਣ ਜਾਂਦਾ ਹੈ। ਜ਼ਿੰਦਗੀ ਵਿੱਚੋਂ ਜੇਕਰ ਮਿਹਨਤ ਲਫਜ਼ ਨੂੰ ਮਨਫੀ ਕਰ ਦਿੱਤਾ ਜਾਵੇ ਤਾਂ ਬਾਕੀ ਜੋ ਬਚਦਾ ਹੈ, ਉਹ ਕੇਵਲ ਜਿਊਂਦੀ ਲਾਸ਼ ਹੀ ਹੁੰਦੀ ਹੈ। ਜੀਵਨ ਦੇ ਸਾਹਾਂ ਨੂੰ ਚਲਦਾ ਰੱਖਣ ਲਈ ਕੁਦਰਤ ਨੇ ਮਨੁੱਖ ਨੂੰ ਹੱਥੀਂ ਕਿਰਤ ਕਰਨ ਦਾ ਵਰਦਾਨ ਬਖਸ਼ਿਆ ਹੈ। ਬਿਨਾਂ-ਸ਼ੱਕ ਦੇਸ਼ ਵਿੱਚ ਪਸਰੀ ਅੰਤਾਂ ਦੀ ਗਰੀਬੀ ਦੇ ਹੋਰ ਵੀ ਅਨੇਕਾਂ ਕਾਰਨ ਹਨ, ਪਰ ਇਸ ਦੇਸ਼ ਦੇ ਲੱਖਾਂ ਲੋਕ ਆਲਸੀ ਅਤੇ ਦਲਿੱਦਰੀ ਬਣ ਕੇ ਜਿਊਂਦੀਆਂ ਲਾਸ਼ਾਂ ਵਾਂਗ ਵਿਚਰਦੇ ਆਪਣੀ ਗਰੀਬੀ ਲਈ ਜ਼ਿੰਮੇਵਾਰ ਹਨ। ਜਿਨ੍ਹਾਂ ਦੇ ਕਿਰਦਾਰ ਵਿੱਚ ਮਿਹਨਤ ਨਾਲ ਕਿਰਤ ਕਰਕੇ ਜੀਵਨ ਜਿਊਣ ਦਾ ਗੁਣ ਸਮੋਇਆ ਹੁੰਦਾ ਹੈ, ਉਹ ਕਦੇ ਜ਼ਿੰਦਗੀ ਨੂੰ ਪਿੱਠ ਨਹੀਂ ਦਿਖਾਉਂਦੇ। ਇਹ ਸੰਸਾਰ ਜੇ ਸੁਹਾਵਣਾ ਅਤੇ ਖੁਸ਼ਹਾਲ ਨਜ਼ਰ ਆਉਂਦਾ ਹੈ ਤਾਂ ਇਹ ਕੇਵਲ ਮਿਹਨਤਕਸ਼ਾਂ ਦੀ ਬਦੌਲਤ ਹੀ ਹੈ। ਜੀਵਨ ਵਿੱਚ ਕੋਈ ਵੀ ਪ੍ਰਾਪਤੀ ਮਿਹਨਤ ਦੇ ਰਾਹ ਤੁਰਨ ਤੋਂ ਬਿਨਾਂ ਸੰਭਵ ਨਹੀਂ ਹੁੰਦੀ।
ਵਿਹਲੇ ਮਨ ਨੂੰ ਸ਼ੈਤਾਨ ਦਾ ਚਰਖਾ ਕਿਹਾ ਜਾਂਦਾ ਹੈ। ਸਮਾਜ ਵਿੱਚ ਵਿਚਰਦਿਆਂ ਅਕਸਰ ਦੇਖਿਆ ਗਿਆ ਹੈ ਕਿ ਵਿਹਲੜ ਬੰਦੇ ਦਾ ਕੋਈ ਦੋਸਤ ਨਹੀਂ ਹੁੰਦਾ। ਕਿਰਤ ਨੂੰ ਜੀਵਨ ਦਾ ਸਿਰਨਾਵਾਂ ਸਮਝਣ ਵਾਲਾ ਮਨੁੱਖ ਵਿਹਲੜ ਕੋਲੋਂ ਪਾਸਾ ਵੱਟ ਕੇ ਲੰਘਣ ਦਾ ਯਤਨ ਕਰਦਾ ਹੈ। ਜੀਵਨ ਵਿੱਚ ਪਸਰੀ ਅਨੁਸ਼ਾਸਨਹੀਣਤਾ, ਆਲਸ, ਦਲਿੱਦਰ ਅਤੇ ਵਿਹਲੜਪੁਣਾ ਜ਼ਿੰਦਗੀ ਨੂੰ ਚਿੰਬੜੇ ਅਜਿਹੇ ‘ਰੋਗ’ ਹਨ, ਜਿਹੜੇ ਜ਼ਿੰਦਗੀ ਨਰਕ ਬਣਾ ਦਿੰਦੇ ਹਨ। ਅਜਿਹੀ ਸੋਚ ਨਕਾਰਾਤਮਿਕ ਤਾਂ ਹੈ ਹੀ, ਸਗੋਂ ਮਨੁੱਖੀ ਆਪੇ ਨੂੰ ਪੋਟਾ-ਪੋਟਾ ਕਰਕੇ ਮਾਰਨ ਵਾਲੀ ਵੀ ਹੈ। ਜੀਵਨ ਦਾ ਮਾਰਗ ਇੰਨਾ ਸਿੱਧ-ਪੱਧਰਾ ਨਹੀਂ ਕਿ ਬਿਨਾਂ ਹੱਥ-ਪੈਰ ਹਿਲਾਇਆਂ ਹੀ ਸਫਰ ’ਤੇ ਚੜ੍ਹਿਆ ਜਾ ਸਕੇ। ਹਿੰਮਤ, ਆਤਮ-ਵਿਸ਼ਵਾਸ, ਸਿਦਕਦਿਲੀ ਅਤੇ ਸਖਤ ਮਿਹਨਤ ਨਾਲ ਹੀ ਜ਼ਿੰਦਗੀ ਨੂੰ ਸੁਚਾਰੂ ਅਤੇ ਸੁਹਾਵਣੀ ਬਣਾਇਆ ਜਾ ਸਕਦਾ ਹੈ।
ਕਿਸੇ ਵੀ ਕੰਮ ਵਿੱਚ ਸਫਲਤਾ ਪ੍ਰਾਪਤ ਕਰਕੇ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਸਹੀ ਮੌਕਿਆਂ ਦੀ ਤਲਾਸ਼, ਯੋਗ ਅਤੇ ਅਨੁਕੂਲ ਪ੍ਰਸਥਿਤੀਆਂ ਦਾ ਹੋਣਾ ਤਾਂ ਲਾਜ਼ਮੀ ਹੈ ਹੀ, ਪਰ ਸਭ ਤੋਂ ਵੱਡੀ ਭੂਮਿਕਾ ਮਨੁੱਖ ਦੁਆਰਾ ਕੀਤੀ ਮਿਹਨਤ ਦੀ ਹੈ। ਅਸਲ ਗੱਲ ਤਾਂ ਇਹ ਹੈ ਕਿ ਮਿਹਨਤ ਦਾ ਕੋਈ ਬਦਲ ਹੀ ਨਹੀਂ। ਕਈ ਵਾਰ ਅਨੇਕਾਂ ਦੁਸ਼ਵਾਰੀਆਂ ਅਤੇ ਰੁਕਾਵਟਾਂ ਦੇ ਬਾਵਜੂਦ ਮਨੁੱਖ ਕਿਸੇ ਪ੍ਰੇਰਨਾ, ਹੌਸਲੇ ਅਤੇ ਮਜ਼ਬੂਤ ਇਰਾਦੇ ਸਦਕਾ ਸਖਤ ਮਿਹਨਤ ਦੇ ਬਲਬੂਤੇ ਹੀ ਆਪਣੀ ਮਨਚਾਹੀ ਮੰਜ਼ਿਲ ਹਾਸਲ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ। ‘ਪਰਬਤ ਪੁਰਸ਼’ ਵਜੋਂ ਜਾਣਿਆ ਜਾਂਦਾ ਬਿਹਾਰ ਦਾ ਦਸ਼ਰਥ ਮਾਂਝੀ ਹਿੰਮਤ, ਹੌਸਲੇ, ਦ੍ਰਿੜਤਾ ਅਤੇ ਆਤਮ ਵਿਸ਼ਵਾਸ ਦੀ ਵਿਲੱਖਣ ਮਿਸਾਲ ਕਹੀ ਜਾ ਸਕਦੀ ਹੈ। ਪਹਾੜੀ ਕਾਰਨ ਲੋਕਾਂ ਨੂੰ ਬਹੁਤ ਦਿੱਕਤਾਂ ਸਨ। ਕਿਸੇ ਬਿਮਾਰ ਨੂੰ ਇਲਾਜ ਲਈ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਬਹੁਤ ਮੁਸ਼ਕਿਲ ਸੀ। ਪਹਾੜ ਕਾਰਨ ਪੈਂਡਾ ਲੰਮਾ ਹੋਣ ਕਾਰਨ ਹੀ ਉਹ ਆਪਣੀ ਬਿਮਾਰ ਪਤਨੀ ਨੂੰ ਸਮੇਂ ਸਿਰ ਹਸਪਤਾਲ ਨਾ ਪਹੁੰਚਾ ਸਕਿਆ ਤੇ ਪਤਨੀ ਦੀ ਮੌਤ ਹੋ ਗਈ। ਦਸ਼ਰਥ ਮਾਂਝੀ ਨੇ ਲੋਕਾਂ ਨੂੰ ਇਸ ਮੁਸੀਬਤ ਵਿੱਚੋਂ ਕੱਢਣ ਲਈ 300 ਫੁੱਟ ਉੱਚੇ ਪਹਾੜ ਨੂੰ ਕੱਟ ਕੇ ਰਾਹ ਬਣਾਉਣ ਦਾ ਪੱਕਾ ਇਰਾਦਾ ਧਾਰ ਲਿਆ। ਉਹ 22 ਸਾਲਾਂ ਤਕ ਆਪਣੇ ਕੰਮ ਵਿੱਚ ਨਿਰੰਤਰ ਜੁਟਿਆ ਰਿਹਾ। ਲੋਕ ਉਸਦੇ ਉੱਦਮ ਨੂੰ ਸਲਾਹੁਣ ਦੀ ਥਾਂ ਉਸ ਨੂੰ ਮੂਰਖ ਕਹਿਣ ਲੱਗੇ। ਪਰ ਉਸਦੀ ਹਿੰਮਤ ਅੱਗੇ ਪਹਾੜ ਵੀ ਬੌਨਾ ਹੋ ਗਿਆ। ਆਖਰ ਉਸਨੇ ਪਹਾੜੀ ਨੂੰ ਕੱਟ ਕੇ 350 ਫੁੱਟ ਲੰਮਾ ਤੇ 30 ਫੁੱਟ ਚੌੜਾ ਰਾਹ ਬਣਾ ਕੇ ਦੁਨੀਆਂ ਨੂੰ ਅਚੰਭਿਤ ਕਰ ਦਿੱਤਾ ਹੈ।
ਕਿਰਤ ਤੋਂ ਦੂਰ ਭੱਜਣ ਵਾਲੇ ਬੰਦੇ ਨੂੰ ਅਕਸਰ ਹੀ ਧਰਤੀ ’ਤੇ ਭਾਰ ਸਮਝਿਆ ਜਾਂਦਾ ਹੈ। ਕੋਈ ਵੀ ਉਸ ਕੋਲ ਖੜ੍ਹੇ ਹੋਣ ਲਈ ਤਿਆਰ ਨਹੀਂ ਹੁੰਦਾ ਕਿਉਂਕਿ ਹਰ ਕੋਈ ਸਮਝਦਾ ਹੈ ਕਿ ਇਸਨੇ ਨਾ ਆਪ ਕੋਈ ਕੰਮ ਕਰਨਾ ਹੈ ਅਤੇ ਨਾ ਹੀ ਕਿਸੇ ਦੂਜੇ ਨੂੰ ਕਰਨ ਦੇਣਾ ਹੈ। ਬਿਨਾਂ ਹੱਥ-ਪੈਰ ਹਿਲਾਇਆਂ, ਕਿਸੇ ਦੂਜੇ ਦੇ ਆਸਰੇ ਜ਼ਿੰਦਗੀ ਦੀ ਗੱਡੀ ਨੂੰ ਤੋਰਨਾ ਚੰਗੇ-ਭਲੇ ਸਿਹਤਮੰਦ ਮਨੁੱਖ ਲਈ ਲਾਹਣਤ ਸਮਾਨ ਹੈ। ਸਾਡਾ ਭਾਰਤ ਮਹਾਨ, ਅਜਿਹੇ ਲੱਖਾਂ ਲੋਕਾਂ ਨਾਲ ਭਰਿਆ ਪਿਆ ਹੈ, ਜਿਹੜੇ ਡੱਕਾ ਭੰਨ ਕੇ ਦੁਹਰਾ ਨਹੀਂ ਕਰਦੇ ਤੇ ਦੂਜਿਆਂ ਦੇ ਸਹਾਰੇ ਜੀਵਨ ਦੇ ਦਿਨ ਕੱਟਦੇ ਹਨ। ਧਾਰਮਿਕ ਅਸਥਾਨਾਂ ’ਤੇ ਹਮੇਸ਼ਾ ਹੀ ਸ਼ਰਧਾਲੂਆਂ ਦੀਆਂ ਵੱਡੀਆਂ ਭੀੜਾਂ ਦਿਖਾਈ ਦਿੰਦੀਆਂ ਹਨ। ਅਜਿਹੇ ਲੋਕ ਮਿਹਨਤ ਕਰਨ ਤੋਂ ਕੰਨੀ ਕਤਰਾਉਂਦੇ ਹਨ ਅਤੇ ਧਾਰਮਿਕ ਮੇਲਿਆਂ-ਮੁਸਾਹਬਿਆਂ ਵਿੱਚ ਸ਼ਾਮਲ ਹੋ ਕੇ ਮੁਫਤ ਦਾ ਰਾਸ਼ਨ-ਪਾਣੀ ਛਕੀ ਜਾਂਦੇ ਹਨ।
ਮਿਹਨਤ ਕਰਨ ਵਾਲੇ ਕੋਲ ਤਾਂ ਇੰਨਾ ਵਕਤ ਹੀ ਨਹੀਂ ਹੁੰਦਾ ਕਿ ਉਹ ਅਜਿਹੇ ਸਥਾਨਾਂ ’ਤੇ ਜਾ ਕੇ ਆਪਣਾ ਸਮਾਂ ਬਰਬਾਦ ਕਰੇ। ਹਰ ਥਾਂ ਘੁੰਮਦੀਆਂ ਮੰਗਤਿਆਂ ਦੀਆਂ ਧਾੜਾਂ ਵੀ ਹੱਥੀਂ ਕਿਰਤ ਕਰਨ ਨੂੰ ਪਿੱਠ ਦੇ ਕੇ, ਆਪਣੀ ਜ਼ਮੀਰ ਨੂੰ ਮਾਰ ਕੇ ਰੋਜ਼ੀ-ਰੋਟੀ ਲਈ ਦੂਜਿਆਂ ਅੱਗੇ ਹੱਥ ਅੱਡਣ ਲਈ ਨਿਕਲ ਤੁਰਦੀਆਂ ਹਨ। ਜੇਕਰ ਇਹ ਲੱਖਾਂ ਲੋਕ ਮਿਹਨਤ ਦੇ ਰਾਹ ਤੁਰ ਪੈਣ ਤਾਂ ਇਹ ਨਾ ਕੇਵਲ ਆਪਣੀ ਸਗੋਂ ਦੇਸ਼ ਦੀ ਤਕਦੀਰ ਵੀ ਬਦਲਣ ਦੇ ਸਮਰੱਥ ਹਨ। ਕਿਸੇ ਥਾਂ ਰਹਿਣ ਵਾਲੇ ਲੋਕ ਜੇਕਰ ਕੰਮਚੋਰ ਅਤੇ ਵਿਹਲੜ ਹੋਣ ਤਾਂ ਉਸ ਦੇਸ਼ ਦੀ ਹਾਲਤ ਬਹੁਤ ਖਸਤਾ ਹੋ ਜਾਣੀ ਸੁਭਾਵਿਕ ਹੈ।
ਕੋਈ ਵੀ ਦੇਸ਼ ਆਪਣੇ ਕਿਰਤੀਆਂ-ਕਾਮਿਆਂ, ਕਿਸਾਨਾਂ ਦੀ ਸਖਤ ਮਿਹਨਤ ਅਤੇ ਵਹਾਏ ਪਸੀਨੇ ਦਾ ਕਰਜ਼ ਨਹੀਂ ਉਤਾਰ ਸਕਦਾ। ਸਮਾਜ ਵਿੱਚ ਜਿਹੜੀ ਖੁਸ਼ਹਾਲੀ ਨਜ਼ਰ ਆਉਂਦੀ ਹੈ, ਉਹ ਜ਼ਿੰਦਗੀ ਦੇ ਇਨ੍ਹਾਂ ਨਾਇਕਾਂ ਦੀ ਬਦੌਲਤ ਹੀ ਹੈ। ਕਿਸਾਨ ਰਾਤ-ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਹੈ। ਜੇਠ ਹਾੜ੍ਹ ਦੀਆਂ ਲੂੰਹਦੀਆਂ ਧੁੱਪਾਂ, ਪੋਹ ਮਾਘ ਦੀਆਂ ਕਕਰੀਲੀਆਂ ਰਾਤਾਂ ਵੀ ਕਿਸਾਨ ਦੇ ਹੌਸਲੇ ਅਤੇ ਸਿਰੜ ਨੂੰ ਡੁਲਾ ਨਹੀਂ ਸਕਦੀਆਂ। ਇਹ ਵੱਖਰੀ ਗੱਲ ਹੈ ਕਿ ਇੰਨੀ ਮਿਹਨਤ ਦੇ ਬਾਵਜੂਦ ‘ਅੰਨਦਾਤਾ’ ਦੀ ਸਥਿਤੀ ਹੁਣ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕਿਰਤੀ-ਕਾਮੇ ਵੀ ਭਾਵੇਂ ਲੋੜਾਂ-ਥੁੜਾਂ ਵਿੱਚ ਜਕੜੇ ਰਹਿਣ ਪਰ ਉਨ੍ਹਾਂ ਦੇ ਜੀਵਨ ਦਾ ਸਿਰਨਾਵਾਂ ਵੀ ਮਿਹਨਤ ਤੇ ਕੇਵਲ ਮਿਹਨਤ ਹੀ ਹੁੰਦੀ ਹੈ।
ਕੋਈ ਪ੍ਰੀਖਿਆ ਹੋਵੇ ਜਾਂ ਖੇਡਾਂ ਜਾਂ ਕੋਈ ਹੋਰ ਮੁਹਿੰਮ ਸਫਲਤਾ ਲਈ ਮਿਹਨਤ ਅਤੇ ਲਗਨ ਤੋਂ ਵੱਡੀ ਕੋਈ ਜੁਗਤ ਨਹੀਂ ਹੈ। ਜਿਹੜੇ ਇੱਕ ਨਿਸ਼ਾਨਾ ਮਿੱਥ ਕੇ ਮਿਹਨਤ ਦੀ ਮਾਲਾ ਫੇਰਨ ਲੱਗ ਜਾਂਦੇ ਹਨ ਅਤੇ ਆਪਣੇ ਸੁਖ-ਆਰਾਮ ਨੂੰ ਤਿਆਗ ਕੇ ਦਿਨ-ਰਾਤ ਇੱਕ ਕਰ ਦਿੰਦੇ ਹਨ, ਉਨ੍ਹਾਂ ਦੀਆਂ ਝੋਲੀਆਂ ਹੀ ਸਫਲਤਾ ਦੇ ਮੋਤੀਆਂ ਨਾਲ ਭਰਦੀਆਂ ਹਨ। ਅਜੋਕੇ ਮੁਕਾਬਲੇ ਦੇ ਯੁਗ ਵਿੱਚ ਤਾਂ ਆਪਣੇ ਜੀਵਨ ਨੂੰ ਨਿਯਮਾਂ, ਅਨੁਸ਼ਾਸਨ ਅਤੇ ਤਰਤੀਬ ਦੇ ਸੂਤਰ ਵਿੱਚ ਬੰਨ੍ਹ ਕੇ ਸਖਤ ਮਿਹਨਤ ਤੋਂ ਬਿਨਾਂ ਸਫਲਤਾ ਦਾ ਹੋਰ ਕੋਈ ਬਦਲ ਹੀ ਨਹੀਂ ਹੈ। ਜ਼ਿੰਦਗੀ ਦਾ ਕੋਈ ਵੀ ਖੇਤਰ ਹੋਵੇ, ਮਿਥੀ ਹੋਈ ਮੰਜ਼ਿਲ ’ਤੇ ਪਹੁੰਚਣ ਲਈ ਤਿਆਰੀ ਅਤੇ ਆਤਮਵਿਸ਼ਵਾਸ਼ ਪਹਿਲੀ ਸ਼ਰਤ ਹਨ। ਮਿਹਨਤ ਅਤੇ ਸਿਰੜ ਦੇ ਰਾਹ ਪੈ ਕੇ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ।
ਕਿਸੇ ਅਸਫਲਤਾ ਦੇ ਸਿੱਟੇ ਵਜੋਂ ਢੇਰੀ ਢਾਹ ਕੇ ਨਿਰਾਸ਼ਾ ਦੇ ਆਲਮ ਵਿੱਚ ਬੈਠ ਜਾਣਾ ਨਿਰਾਰਥਕ ਸੋਚ ਹੈ। ਹਾਰਾਂ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਹਨ, ਇਸਦਾ ਇਹ ਮਤਲਬ ਨਹੀਂ ਕਿ ਤੁਸੀਂ ਆਪਣੀ ਯੋਗਤਾ ਅਤੇ ਸਮਰੱਥਾ ਨੂੰ ਘਟਾ ਕੇ ਦੇਖਣ ਲੱਗ ਜਾਉ। ਤੁਹਾਡੇ ਅੰਦਰਲੀ ਮਿਹਨਤ ਦੀ ਚਿਣਗ ਮੱਠੀ ਨਹੀਂ ਪੈਣੀ ਚਾਹੀਦੀ। ਹਾਰਾਂ ਅਤੇ ਅਸਫਲਤਾਵਾਂ ਵਿੱਚੋਂ ਹੀ ਜਿੱਤਾਂ ਦਾ ਰਾਹ ਨਿਕਲਦਾ ਹੈ, ਅਤੇ ਗਲ਼ ਵਿੱਚ ਫੁੱਲਾਂ ਦੇ ਹਾਰ ਪੈਂਦੇ ਹਨ।
ਜੇ ਮਨ ਵਿੱਚ ਕਿਸੇ ਮੰਜ਼ਿਲ ’ਤੇ ਪਹੁੰਚਣ ਦੀ ਤਾਂਘ ਹੋਵੇ ਤਾਂ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਅਤੇ ਰੁਕਾਵਟਾਂ ਵੀ ਮਨੁੱਖ ਦਾ ਰਾਹ ਨਹੀਂ ਰੋਕ ਸਕਦੀਆਂ। ਅਬਰਾਹਿਮ ਲਿੰਕਨ ਅਨੇਕਾਂ ਹਾਰਾਂ, ਦੁਸ਼ਵਾਰੀਆਂ ਨਾਲ ਜੂਝਦਾ ਆਪਣੀ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਦੇ ਬੱਲਬੂਤੇ ਹੀ ਅਮਰੀਕਾ ਦਾ ਰਾਸ਼ਟਰਪਤੀ ਬਣਨ ਵਿੱਚ ਸਫਲ ਹੋਇਆ। ਜ਼ਿੰਦਗੀ ਦੇ ਅਨੇਕਾਂ ਅਜਿਹੇ ਨਾਇਕ ਹਨ ਜਿਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਦੂਰ ਦਿਸਦੀ ਮੰਜ਼ਿਲ ਵੀ ਨੇੜੇ ਆਈ ਪ੍ਰਤੀਤ ਹੁੰਦੀ ਹੈ। ਮਿਹਨਤ ਦੀ ਜੁਗਤ ਤੋਂ ਬਿਨਾਂ ਹੋਰ ਸਾਧਨ ਵੀ ਵਿਅਰਥ ਹੋ ਜਾਂਦੇ ਹਨ। ਅਨੇਕਾਂ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਹਿੰਮਤ ਅਤੇ ਆਤਮਵਿਸ਼ਵਾਸ਼ ਦਾ ਪੱਲਾ ਫੜ ਕੇ ਅਜਿਹੇ ਕਾਰਜ ਕਰ ਦਿੱਤੇ ਹਨ, ਜਿਹੜੇ ਹਮੇਸ਼ਾ ਦੂਜਿਆਂ ਦਾ ਰਾਹ ਰੁਸ਼ਨਾਉਂਦੇ ਰਹਿਣਗੇ। ਅਜਿਹੇ ਹਿੰਮਤੀ ਲੋਕ ਹੀ ਦੂਜਿਆਂ ਲਈ ਪ੍ਰੇਰਨਾ ਬਣਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (