“ਬਜ਼ੁਰਗਾਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਨ ਲਈ ਅਤੇ ਉਨ੍ਹਾਂ ਨੂੰ ...”
(18 ਨਵੰਬਰ 2025)
ਹਰ ਸਾਲ ਅਕਤੂਬਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨਜ਼ ਡੇਅ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਦਿਨ ਸਰਕਾਰਾਂ ਅਤੇ ਸਮਾਜ ਨੂੰ ਇੱਕ ਸੰਦੇਸ਼ ਦੇਣ ਲਈ ਮਨਾਇਆ ਜਾਂਦਾ ਹੈ ਕਿ ਸੀਨੀਅਰ ਸਿਟੀਜ਼ਨਜ਼ ਭਾਵ ਬਜ਼ੁਰਗ ਸਮਾਜ ਦਾ ਉਹ ਵਡਮੁੱਲਾ ਸਰਮਾਇਆ ਹੁੰਦੇ ਹਨ, ਜਿਹੜੇ ਆਪਣੇ ਅੰਦਰ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬੇ ਅਤੇ ਅਨੁਭਵ ਸਮਾਈ ਬੈਠੇ ਹਨ। ਇਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਇਸ ਲਈ ਇਸ ਸਰਮਾਏ ਨੂੰ ਬਹੁਤ ਸੰਭਾਲਣ ਦੀ ਜ਼ਰੂਰਤ ਹੈ। ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਨਵਾਂਸ਼ਹਿਰ ਵੱਲੋਂ ਵੀ ਇਸ ਦਿਹਾੜੇ ਸਬੰਧੀ ਸਮਾਗਮ 27 ਅਕਤੂਬਰ 2025 ਨੂੰ ਕਰਵਾਇਆ ਗਿਆ। ਸਮਾਗਮ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਅੰਕੁਰਜੀਤ ਸਿੰਘ ਜੀ ਬਤੌਰ ਮੁੱਖ ਮਹਿਮਾਨ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਵਦੀਪ ਕੌਰ, ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਅਤੇ ਹੋਰ ਉੱਚ ਅਧਿਕਾਰੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸਮਾਗਮ ਵਿੱਚ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਮੌਕੇ ਜਦੋਂ ਸਾਊਂਡ ਵਾਲੇ ਨੇ ਪੰਜਾਬੀ ਦੇ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਦਾ ਗਾਇਆ ਗੀਤ ‘ਨੱਚਣੇ ਤੋਂ ਪਹਿਲਾਂ ਹੋਕਾ ਦਿਆਂਗੇ’ ਲਾਇਆ ਤਾਂ ਸਭ ਤੋਂ ਪਹਿਲਾਂ ਐਸੋਸੀਏਸ਼ਨ ਦੇ ਚੇਅਰਮੈਨ ਡਾ. ਜੇਡੀ ਵਰਮਾ, ਪ੍ਰਧਾਨ ਪ੍ਰੋਫੈਸਰ ਐੱਸ ਕੇ ਬਰੂਟਾ ਅਤੇ ਜਨਰਲ ਸਕੱਤਰ ਐੱਸ ਕੇ ਪੁਰੀ ਸਟੇਜ ਤੋਂ ਉੱਤਰ ਕੇ ਨੱਚਣ ਲੱਗੇ। ਉਨ੍ਹਾਂ ਨੂੰ ਦੇਖ ਕੇ ਹਾਲ ਵਿੱਚ ਬੈਠੇ ਪੁਰਸ਼ ਅਤੇ ਮਹਿਲਾ ਮੈਂਬਰ ਵੀ ਆ ਕੇ ਉਨ੍ਹਾਂ ਵਿੱਚ ਨੱਚਦੇ ਹੋਏ ਸ਼ਾਮਲ ਹੋ ਗਏ। ਫਿਰ ਗੀਤ ‘ਢੋਲ ਜਗੀਰੋ ਦਾ’ ਅਤੇ ਪ੍ਰਸਿੱਧ ਗਾਇਕ ਅਤੇ ਗੀਤਕਾਰ ਗੁਰਦਾਸ ਮਾਨ ਦਾ ਗੀਤ ‘ਬਹਿ ਕੇ ਦੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ’ ਉੱਤੇ ਤਾਂ ਬਾਬਿਆਂ ਨੇ ਭੰਗੜੇ ਪਾ ਕੇ ਹੱਦ ਹੀ ਮੁਕਾ ਦਿੱਤੀ। ਇੰਝ ਲਗਦਾ ਸੀ ਜਿਵੇਂ ਬਾਬੇ ਨਹੀਂ, ਨੌਜਵਾਨ ਭੰਗੜਾ ਪਾ ਰਹੇ ਹੋਣ।ਬੇਸ਼ਕ ਉਨ੍ਹਾਂ ਵਿੱਚੋਂ ਘੱਟੋ ਘੱਟ 50 ਪ੍ਰਤੀਸ਼ਤ ਬਜ਼ੁਰਗ ਅਜਿਹੇ ਵੀ ਹੋ ਸਕਦੇ ਹਨ ਜਿਹੜੇ ਆਪਣੇ ਘਰਾਂ ਦੀਆਂ ਪ੍ਰੇਸ਼ਾਨੀਆਂ ਨੂੰ ਥੋੜ੍ਹੇ ਸਮੇਂ ਲਈ ਭੁਲਾ ਕੇ ਆਪਣਾ ਮਨੋਰੰਜਨ ਕਰ ਰਹੇ ਹੋਣਗੇ ਪਰ ਜਿੰਨਾ ਸਮਾਂ ਉਹ ਸਮਾਗਮ ਵਿੱਚ ਰਹੇ, ਉਹ ਸਮਾਂ ਉਨ੍ਹਾਂ ਲਈ ਸੁਖਮਈ ਰਿਹਾ ਹੋਵੇਗਾ।
ਕਹਿੰਦੇ ਨੇ ਕਿ ਮਨੁੱਖ ਵਧ ਰਹੀ ਉਮਰ ਕਾਰਨ ਬੁੱਢਾ ਨਹੀਂ ਹੁੰਦਾ ਬਲਕਿ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਉਸ ਨੂੰ ਉਮਰ ਤੋਂ ਪਹਿਲਾਂ ਹੀ ਬੁੱਢਾ ਕਰ ਦਿੰਦੀਆਂ ਹਨ। ਪਰ ਸਕਾਰਾਤਮਕ ਸੋਚ ਰੱਖਣ ਵਾਲੇ ਲੋਕ ਵਧ ਰਹੀ ਉਮਰ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦੇ। ਇਸਦੀ ਮਿਸਾਲ 1 ਅਪਰੈਲ 1911 ਨੂੰ ਜ਼ਿਲ੍ਹਾ ਜਲੰਧਰ (ਪੰਜਾਬ) ਦੇ ਬਿਆਸ ਪਿੰਡ ਵਿੱਚ ਜਨਮੇ 114 ਸਾਲਾ ਬਾਪੂ ਫੌਜਾ ਸਿੰਘ ਤੋਂ ਪਰੇ ਹੋਰ ਕੋਈ ਨਹੀਂ ਹੋ ਸਕਦੀ। ਬਾਪੂ ਫੌਜਾ ਸਿੰਘ ਨੇ ਆਪਣੇ ਪੁੱਤਰ ਦੀ ਮੌਤ ਕਾਰਨ ਪੈਦਾ ਹੋਏ ਹਾਲਾਤ ਵਿੱਚੋਂ ਨਿਕਲਣ ਲਈ 89 ਸਾਲ ਦੀ ਉਮਰ ਵਿੱਚ ਦੌੜਾਕ ਬਣਨ ਦਾ ਫੈਸਲਾ ਕੀਤਾ ਅਤੇ ਇਹ ਬਜ਼ੁਰਗ ਅਥਲੀਟ ਵਿਸ਼ਵ ਦਾ ਸਭ ਤੋਂ ਉਮਰਦਰਾਜ ਮੈਰਾਥਨ ਦੌੜਾਕ ਬਣਿਆ ਜੋ 114 ਸਾਲ ਦੀ ਉਮਰ ਵਿੱਚ 14 ਜੁਲਾਈ 2025 ਨੂੰ ਇੱਕ ਸੜਕ ਹਾਦਸੇ ਵਿੱਚ ਇਸ ਜਹਾਨ ਤੋਂ ਰੁਖਸਤ ਹੋ ਗਿਆ।
ਉਮਰਾਂ ਅਤੇ ਰੋਗ ਉੱਥੇ ਰਾਹਾਂ ਦੇ ਰੋੜੇ ਨਹੀਂ ਬਣਦੇ ਜਿੱਥੇ ਹੌਸਲੇ ਬੁਲੰਦ ਹੋਣ। ਪਿਛਲੇ ਕਰੀਬ 18 ਸਾਲਾਂ ਤੋਂ ਜਾਨਲੇਵਾ ਬਿਮਾਰੀ ਕੈਂਸਰ ਤੋਂ ਪੀੜਿਤ ਅਤੇ ਸਟੇਟ ਬੈਂਕ ਆਫ ਇੰਡੀਆ ਤੋਂ ਬਤੌਰ ਮੈਨੇਜਰ ਸੇਵਾ ਮੁਕਤ ਰੂਪਨਗਰ ਵਾਸੀ 67 ਸਾਲਾ ਊਸ਼ਾ ਦੇਵੀ ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ 2023’ ਦੌਰਾਨ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਓਪਨ ਵਰਗ ਵਿੱਚ 100 ਮੀਟਰ ਦੌੜ ਅਤੇ ਸ਼ਾਟਪੁੱਟ (ਗੋਲਾ ਸੁੱਟਣ) ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸੇ ਤਰ੍ਹਾਂ ਹਾਲ ਹੀ ਵਿੱਚ ਪੂਨਾ (ਮਹਾਰਾਸ਼ਟਰ) ਦੀ 88 ਸਾਲਾ ਮਾਰਸ਼ਲ ਆਰਟ ਦੀ ਮਾਹਿਰ ਮਹਿਲਾ ਸ਼ਾਂਤਾ ਪੰਵਾਰ ਨੂੰ ਮੁੰਬਈ ਵਿਖੇ ਇੱਕ ਪ੍ਰੋਗਰਾਮ ਦੇ ਗ੍ਰੈਂਡ ਫਿਨਾਲੇ ਵਿੱਚ ਉੱਭਰਦੇ ਮਾਰਸ਼ਲ ਆਰਟ ਕਲਾਕਾਰਾਂ ਨੂੰ ਪ੍ਰੇਰਿਤ ਕਰਨ ਲਈ ਬੁਲਾਇਆ ਗਿਆ ਸੀ, ਜਿੱਥੇ ਉਸਦੇ ਕਰਤਵ ਦੇਖ ਕੇ ਅਕਸ਼ੈ ਕੁਮਾਰ ਅਤੇ ਜੈਕੀ ਸ਼ਰਾਫ ਆਦਿ ਵਰਗੇ ਫਿਲਮੀ ਕਲਾਕਾਰ ਵੀ ਦੰਗ ਰਹਿ ਗਏ ਸਨ। ਇਸ ਬਜ਼ੁਰਗ ਮਹਿਲਾ ਵਿੱਚ ਤਲਵਾਰਬਾਜ਼ੀ ਅਤੇ ਲਾਠੀ ਘੁਮਾਉਣ ਦੀ ਵੀ ਜ਼ਬਰਦਸਤ ਤਾਕਤ ਹੈ।
ਪੰਜਾਬੀ ਦੀ ਅਖ਼ਬਾਰ ਵਿੱਚ 8 ਨਵੰਬਰ 2025 ਨੂੰ ਪ੍ਰਕਾਸ਼ਿਤ ਇੱਕ ਖ਼ਬਰ ਅਨੁਸਾਰ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਇਤਿਹਾਸਕ ਪਿੰਡ ਕਲਾਨੌਰ ਦੇ ਸੇਵਾ ਮੁਕਤ ਮਾਸਟਰ 75 ਸਾਲਾ ਬਜ਼ੁਰਗ ਸਰਬਜੀਤ ਸਿੰਘ ਕਾਹਲੋਂ ਵੱਲੋਂ ਚੇਨਈ ਵਿੱਚ ਹੋਈ 23ਵੀਂ ਚਾਰ ਰੋਜ਼ਾ ਏਸ਼ੀਆਈ ਅਥਲੈਟਿਕਸ ਮੀਟ ਵਿੱਚ 75 ਸਾਲਾ ਵਰਗ ਵਿੱਚ 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਗੋਲਡ ਮੈਡਲ ਜਿੱਤਿਆ ਹੈ। ਅਜਿਹੀਆਂ ਹੋਰ ਮਿਸਾਲਾਂ ਵੀ ਹੋ ਸਕਦੀਆਂ ਹਨ। ਪਰ ਸਾਰੇ ਬਜ਼ੁਰਗ ਇਹੋ ਜਿਹੇ ਨਹੀਂ ਹੋ ਸਕਦੇ। ਅੱਜ ਕੱਲ੍ਹ ਸਮਾਜ ਵਿੱਚ ਬਜ਼ੁਰਗਾਂ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਹ ਕਿਸੇ ਤੋਂ ਛੁਪਿਆ ਹੋਇਆ ਨਹੀਂ। ਨੌਜਵਾਨ ਪੀੜ੍ਹੀ ਇੰਨੀ ਪਦਾਰਥਵਾਦੀ ਹੋ ਗਈ ਹੈ ਕਿ ਉਨ੍ਹਾਂ ਲਈ ਰਿਸ਼ਤਿਆਂ ਦੀ ਅਹਿਮੀਅਤ ਮਨਫ਼ੀ ਹੁੰਦੀ ਜਾ ਰਹੀ ਹੈ। ਮਾਤਾ ਪਿਤਾ, ਜਿਨ੍ਹਾਂ ਨੇ ਖੁਦ ਤੰਗੀਆਂ ਤੁਰਸ਼ੀਆਂ ਝੱਲ ਕੇ ਵੀ ਸ਼ਹਿਜ਼ਾਦਿਆਂ ਦੀ ਤਰ੍ਹਾਂ ਆਪਣੇ ਬੱਚਿਆਂ ਨੂੰ ਪਾਲਿਆ ਪੋਸਿਆ ਅਤੇ ਪੜ੍ਹਾ ਲਿਖਾ ਕੇ ਰੋਟੀ ਰੋਜ਼ੀ ਕਮਾਉਣ ਦੇ ਯੋਗ ਬਣਾਇਆ, ਅੱਜ ਉਹੀ ਬੱਚੇ ਆਪਣੇ ਬਜ਼ੁਰਗ ਅਤੇ ਲਾਚਾਰ ਮਾਤਾ ਪਿਤਾ ਨੂੰ ਘਰ ਵਿੱਚ ਰੱਖਣ ਅਤੇ ਰੋਟੀ ਦੇਣ ਤੋਂ ਵੀ ਔਖੇ ਹਨ। ਇਹੋ ਜਿਹੇ ਖੁਦਗਰਜ਼ ਬੱਚੇ ਆਪਣੇ ਮਾਤਾ ਪਿਤਾ ਦੀ ਕੁੱਟਮਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ।
ਬੱਚਿਆਂ ਵੱਲੋਂ ਆਪਣੇ ਮਾਂ ਬਾਪ ਨੂੰ ਜਾਨੋਂ ਮਾਰਨ ਦੀਆਂ ਖ਼ਬਰਾਂ ਵੀ ਅਕਸਰ ਪੜ੍ਹਨ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਇਹੋ ਜਿਹੇ ਬਜ਼ੁਰਗਾਂ ਨਾਲ ਦੇਸ਼ ਅੰਦਰ ਬਣੇ ਬਿਰਧ ਆਸ਼ਰਮ ਅਤੇ ਓਲਡ ਏਜ ਹੋਮ ਭਰੇ ਪਏ ਹਨ, ਜਿੱਥੇ ਬਹੁਤ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਉਨ੍ਹਾਂ ਦੀ ਦੇਖ ਭਾਲ ਵਿੱਚ ਲੱਗੀਆਂ ਹੋਈਆਂ ਹਨ। ਇੱਥੇ ਮੈਂ ਲਾਇਲਪੁਰ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਨਵਜੋਤ ਦੇ ਲਿਖੇ ਇੱਕ ਲੇਖ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸਮਝਦਾ ਹਾਂ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਜਾਣ ਪਛਾਣ ਵਾਲੇ ਇੱਕ ਪੁੱਤ ਨੇ ਆਪਣੇ ਬਜ਼ੁਰਗ ਮਾਪਿਆਂ ਤੋਂ ਉਨ੍ਹਾਂ ਦੇ ਤਿਣਕਾ ਤਿਣਕਾ ਚੁਣ ਕੇ ਬਣਾਏ ਹੋਏ ਆਲ੍ਹਣੇ ਨੂੰ ਖੋਹ ਲਿਆ, ਜਿਸ ਤੋਂ ਬਾਅਦ ਉਸ ਬਜ਼ੁਰਗ ਜੋੜੇ ਨੇ ਇੱਕ ਗੁਰਦੁਆਰਾ ਸਾਹਿਬ ਵਿੱਚ ਪਨਾਹ ਲਈ। ਇਹ ਮਾਨਵੀ ਰਿਸ਼ਤਿਆਂ ਦੇ ਪਤਨ ਦੀ ਚਰਮ ਸੀਮਾ ਹੈ। ਦੂਜੇ ਪਾਸੇ ਇੱਕ ਧੀ ਕੰਨਿਆ ਮਹਾਂਵਿਦਿਆਲਾ ਜਲੰਧਰ ਦੇ ਪ੍ਰਿੰਸੀਪਲ ਡਾ. ਅਤਿਮਾ ਸ਼ਰਮਾ ਵਰਗੀ ਨੇਕ ਦਿਲ ਧੀ, ਜਿਸਨੇ ਨਾ ਸਿਰਫ ਆਪਣੀ ਮਾਂ ਦੀ ਜ਼ਿੰਦਗੀ ’ਤੇ ਇੱਕ ਕਿਤਾਬ ਲਿਖੀ ਸਗੋਂ ਆਪਣੇ ਪੱਲਿਓਂ ਪੈਸੇ ਖਰਚ ਕਰ ਕੇ ਵਿਦਿਆਲਾ ਦੇ ਅੰਦਰ ਮਾਂ ਦੇ ਨਾਂ ’ਤੇ “ਪ੍ਰਕਾਸ਼ ਆਡੀਟੋਰੀਅਮ” ਦਾ ਨਿਰਮਾਣ ਕਰਵਾ ਕੇ ਸਮਾਜ ਨੂੰ ਇੱਕ ਵੱਡਾ ਸੰਦੇਸ਼ ਵੀ ਦਿੱਤਾ ਹੈ। ਮਾਂ ਦੇ ਨਾਂ ਦੀ ਇਹ ਇਮਾਰਤ ਜਿੱਥੇ ਇੱਕ ਕਰਮਯੋਗੀ ਮਾਂ ਨੂੰ ਅਮਰ ਕਰੇਗੀ, ਉੱਥੇ ਹੀ ਮਾਨਵੀ ਰਿਸ਼ਤਿਆਂ ਦੀ ਮਹਿਕ ਨਾਲ ਲਬਰੇਜ਼ ਇਹ ਥਾਂ ਉੱਥੇ ਪੜ੍ਹਦੀਆਂ ਬੱਚੀਆਂ ਅਤੇ ਹਰ ਆਉਣ ਜਾਣ ਵਾਲੇ ਲਈ ਵੀ ਚਾਨਣ ਮਨਾਰਾ ਹੋਵੇਗੀ।
ਡਾ. ਨਵਜੋਤ ਅਨੁਸਾਰ ਜੇਕਰ ਵਿਆਹ ਤੋਂ ਬਾਅਦ ਧੀਆਂ ਨੂੰ ਆਪਣੇ ਬਜ਼ੁਰਗ ਮਾਪਿਆਂ ਨੂੰ ਆਪਣੇ ਕੋਲ ਰੱਖਣ ਦਾ ਹੱਕ ਹੋਵੇ ਤਾਂ ਦੁਨੀਆਂ ਵਿੱਚ ਕਿਤੇ ਵੀ ਬਿਰਧ ਆਸ਼ਰਮਾਂ ਦੀ ਲੋੜ ਨਹੀਂ ਹੋਵੇਗੀ। ਸਮਾਜ ਦੇ ਬੁੱਧੀਜੀਵੀਆਂ ਦਾ ਇਹ ਮੰਨਣਾ ਹੈ ਕਿ ਅਕਸਰ ਦੁੱਖ ਸੁੱਖ ਵੇਲੇ ਪੁੱਤਾਂ ਨਾਲੋਂ ਵਧੇਰੇ ਧੀਆਂ ਹੀ ਆਪਣੇ ਬਜ਼ੁਰਗ ਮਾਪਿਆਂ ਦੀ ਸਾਂਭ ਸੰਭਾਲ ਕਰਦੀਆਂ ਹਨ। ਪੰਜਾਬੀ ਦੇ ਸੂਝਵਾਨ ਗੀਤਕਾਰਾਂ ਨੇ ਵੀ ਆਪਣੇ ਗੀਤਾਂ ਵਿੱਚ ਲਿਖਿਆ ਹੈ ਕਿ “ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ”, ਜਾਂ “ਦੁੱਧਾਂ ਨਾਲ ਪੁੱਤ ਪਾਲ ਕੇ ਹੁਣ ਪਾਣੀ ਨੂੰ ਤਰਸਦੀਆਂ ਮਾਵਾਂ।” ਇਹ ਸਾਡੇ ਸਮਾਜ ਦੀ ਬਹੁਤ ਵੱਡੀ ਤਰਾਸਦੀ ਹੈ। ਬਜ਼ੁਰਗਾਂ ਦੀ ਭਲਾਈ ਲਈ ਬਣਾਏ ਗਏ ਕਾਨੂੰਨ ਵੀ ਜ਼ਮੀਨੀ ਪੱਧਰ ’ਤੇ ਕਾਰਗਾਰ ਸਾਬਤ ਨਹੀਂ ਹੋ ਰਹੇ। ਸਰਕਾਰ ਵੱਲੋਂ ਬਜ਼ੁਰਗਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ, ਜਿਨ੍ਹਾਂ ਵਿੱਚ ਰੇਲ ਕਿਰਾਏ ਵਿੱਚ ਛੋਟ ਵੀ ਕੇਂਦਰ ਸਰਕਾਰ ਵੱਲੋਂ ਕੋਰੋਨਾ ਕਾਲ ਦੌਰਾਨ ਬੰਦ ਕਰ ਦਿੱਤੀ ਗਈ ਸੀ ਜੋ ਹਾਲੇ ਤਕ ਵੀ ਬਹਾਲ ਨਹੀਂ ਕੀਤੀ ਗਈ। ਸਰਕਾਰ ਵੱਲੋਂ ਦਿੱਤੀਆਂ ਗਈਆਂ ਹੋਰ ਸਹੂਲਤਾਂ ਵੀ ਜ਼ਮੀਨੀ ਪੱਧਰ ’ਤੇ ਬਜ਼ੁਰਗਾਂ ਨੂੰ ਨਹੀਂ ਮਿਲ ਰਹੀਆਂ।
ਦੇਸ਼ ਵਿੱਚ ਬੇਸ਼ਕ ਬਜ਼ੁਰਗਾਂ ਦੀ ਸੁਰੱਖਿਆ ਅਤੇ ਭਲਾਈ ਲਈ ਸਰਕਾਰ ਵੱਲੋਂ ਕਾਨੂੰਨਾਂ ਦੀ ਵਿਵਸਥਾ ਵੀ ਕੀਤੀ ਗਈ ਹੈ ਪਰ ਵਧ ਰਹੇ ਬਿਰਧ ਆਸ਼ਰਮਾਂ ਨੂੰ ਦੇਖ ਕੇ ਲਗਦਾ ਹੈ ਕਿ ਜਾਂ ਤਾਂ ਬਜ਼ੁਰਗ ਆਪਣੇ ਨਾਲ ਹੁੰਦੇ ਦੁਰਵਿਹਾਰ ਨੂੰ ਰੋਕਣ ਲਈ ਇਨ੍ਹਾਂ ਕਾਨੂੰਨਾਂ ਦਾ ਸਹਾਰਾ ਨਹੀਂ ਲੈਂਦੇ ਜਾਂ ਫਿਰ ਇਹ ਕਾਨੂੰਨ ਬਜ਼ੁਰਗਾਂ ਨੂੰ ਇਨਸਾਫ ਦੇਣ ਲਈ ਕਾਫ਼ੀ ਨਹੀਂ ਹਨ। ਪਿਛਲੇ ਲੰਬੇ ਸਮੇਂ ਤੋਂ ਬਜ਼ੁਰਗ ਜਥੇਬੰਦੀਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਦੇਖਦੇ ਹੋਏ ਉਨ੍ਹਾਂ ਲਈ ਕੇਂਦਰ ਅਤੇ ਸੂਬਾ ਪੱਧਰ ’ਤੇ ਇੱਕ ਵੱਖਰਾ ਡਾਇਰੈਕਟੋਰੇਟ ਅਤੇ ਇੱਕ ਵੱਖਰਾ ਕਮਿਸ਼ਨ ਬਣਾਇਆ ਜਾਵੇ ਪਰ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਇਸ ਨੂੰ ਅਣਗੌਲਿਆ ਕੀਤਾ ਗਿਆ ਹੈ। ਇਸੇ ਕਾਰਨ ਸਮਾਜ ਵਿੱਚ ਬਜ਼ੁਰਗਾਂ ਦੇ ਹਿਤਾਂ ਦੀ ਅਣਦੇਖੀ ਹੁੰਦੀ ਆ ਰਹੀ ਹੈ ਅਤੇ ਬਿਰਧ ਆਸ਼ਰਮਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਹੁਣ ਪਿਛਲੇ ਦਿਨੀਂ ਪੰਜਾਬੀ ਦੀ ਇੱਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਇਹ ਖ਼ਬਰ ਪੜ੍ਹ ਕੇ ਬਜ਼ੁਰਗਾਂ ਵਿੱਚ ਆਸ ਦੀ ਕਿਰਨ ਜਾਗੀ ਹੈ ਕਿ ਕੇਰਲ ਸਰਕਾਰ ਵੱਲੋਂ ਬਜ਼ੁਰਗਾਂ ਦੇ ਅਧਿਕਾਰਾਂ ਦੀ ਰਾਖੀ ਅਤੇ ਅਣਦੇਖੀ ਅਤੇ ਉਨ੍ਹਾਂ ਪ੍ਰਤੀ ਮਾੜੇ ਵਤੀਰੇ ਵਰਗੇ ਮੁੱਦਿਆਂ ਦੇ ਹੱਲ ਲਈ ਦੇਸ਼ ਦਾ ਪਹਿਲਾ ਸੀਨੀਅਰ ਸਿਟੀਜ਼ਨਜ਼ ਕਮਿਸ਼ਨ ਬਣਾਇਆ ਗਿਆ ਹੈ। ਕੇਰਲ ਸਰਕਾਰ ਵੱਲੋਂ ਕੀਤੀ ਗਈ ਇਸ ਪਹਿਲ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਬਜ਼ੁਰਗਾਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਨ ਲਈ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਬਣਦਾ ਮਾਣ ਸਤਿਕਾਰ ਦੇਣ ਲਈ ਦੇਸ਼ ਦੇ ਹਰੇਕ ਸੂਬੇ ਵਿੱਚ ਸੂਬਾ ਪੱਧਰੀ ਅਤੇ ਕੇਂਦਰ ਵਿੱਚ ਕੇਂਦਰ ਸਰਕਾਰ ਵੱਲੋਂ ਕੌਮੀ ਪੱਧਰ ’ਤੇ ਸੀਨੀਅਰ ਸਿਟੀਜ਼ਨਜ਼ ਕਮਿਸ਼ਨ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਮਾਜ ਵਿੱਚ ਹੋ ਰਹੇ ਬਜ਼ੁਰਗਾਂ ਦੇ ਤ੍ਰਿਸਕਾਰ ਨੂੰ ਰੋਕਿਆ ਜਾ ਸਕੇ। ਰੱਬ ਕਰੇ ਸਮਾਜ ਦੇ ਇਸ ਵਡਮੁੱਲੇ ਸਰਮਾਏ ਦੀ ਜ਼ਿੰਦਗੀ ਦੇ ਸਫਰ ਦਾ ਆਖਰੀ ਪੜਾਅ ਵੀ ਖੁਸ਼ਗਵਾਰ ਗੁਜ਼ਰੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (