GurmitPalahi7ਬਦਲਾਅ ਦੇ ਅਧਾਰ ਉੱਤੇ ਬਣੀ ‘ਆਪ’ ਲੋਕਾਂ ਵਿੱਚ ਆਪਣਾ ਉਹ ਅਕਸ ...10 Feb 25
(10 ਫਰਵਰੀ 2025)

 

10 Feb 25

 

ਕੀ ਆਪ’ ਲੋਕਾਂ ਦੇ ਦਿਲ ਤੋਂ ਉੱਤਰ ਗਈ ਹੈ? ਜਿਸ ਚਮਤਕਾਰ ਨਾਲ ‘ਆਪ’ ਰਾਜਨੀਤੀ ਵਿੱਚ ਆਈ ਸੀ, ਉਸੇ ਚਮਤਕਾਰ ਨਾਲ ਹੀ ਵਾਪਸ ਜਾ ਰਹੀ ਹੈ? ਉਹ ਰਾਜਨੀਤੀ ਦੇ ਜਿਸ ਉੱਜਲੇ ਪੱਖ ਨੂੰ ਫੜ ਕੇ ਸੱਤਾ ਵਿੱਚ ਆਏ ਸਨ, ਉਸ ਉੱਤੇ ਟਿਕੇ ਰਹਿੰਦੇ ਤਾਂ ਐਤਕਾਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਗੱਲ ਕੁਝ ਹੋਰ ਹੀ ਹੁੰਦੀ

ਇਸ ਸੰਦਰਭ ਵਿੱਚ ਸਮਾਜਿਕ ਕਾਰਜਕਰਤਾ ਅੰਨਾ ਹਜ਼ਾਰੇ, ਜੋ ਕਿ ਅਰਵਿੰਦ ਕੇਜਰੀਵਾਲ ਦੇ ਗੁਰੂ ਰਹਿ ਚੁੱਕੇ ਹਨ, ਦੇ ਉਹ ਸ਼ਬਦ ਸਮਝਣ ਵਾਲੇ ਹਨ, ਜਿਹੜੇ ਉਹਨਾਂ ਦਿੱਲੀ ਵਿੱਚ ਭਾਜਪਾ ਦੀ 27 ਸਾਲਾਂ ਬਾਅਦ ਸੱਤਾ ਵਾਪਸੀ ’ਤੇ ਕਹੇ ਹਨ, “ਆਪ ਸ਼ਰਾਬ ਨੀਤੀ ਤੇ ਪੈਸੇ ਕਾਰਨ ਡੁੱਬੀ ਹੈ।”

ਅੰਨਾ ਹਜ਼ਾਰੇ ਨੇ ਕੇਜਰੀਵਾਲ ’ਤੇ ਵਿਅੰਗ ਕਰਦੇ ਹੋਏ ਕਿਹਾ ਕਿ ਉਮੀਦਵਾਰ ਦਾ ਚਰਿੱਤਰ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੇ ਉਸ ਵਿੱਚ ਤਿਆਗ ਦੀ ਭਾਵਨਾ ਹੋਣੀ ਚਾਹੀਦੀ ਹੈ ਉਹਨਾਂ ਇਹ ਵੀ ਕਿਹਾ ਕਿ ਸ਼ਰਾਬ ਨੀਤੀ ਨਾਲ ਆਏ ਪੈਸੇ ਵਿੱਚ ‘ਆਪ’ ਡੁੱਬ ਗਈ ਸੀ। ‘ਆਪਦੀ ਸਾਖ ਕਲੰਕਿਤ ਹੋ ਗਈ ਸੀਉਹਨਾਂ ਕਿਹਾ ਕਿ ‘ਆਪਇਸ ਲਈ ਹਾਰੀ, ਕਿਉਂਕਿ ਇਹ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਦੀ ਲੋੜ ਨੂੰ ਸਮਝਣ ਵਿੱਚ ਅਸਫ਼ਲ ਰਹੀ ਤੇ ਗਲਤ ਰਸਤੇ ’ਤੇ ਚੱਲ ਪਈ

ਬਿਨਾਂ ਸ਼ੱਕ ‘ਆਪ’ ਨੂੰ ਹਰਾਉਣ ਵਾਲੀ ਭਾਜਪਾ ਨੇ ਰਿਓੜੀਆਂ ਦੇ ਵੱਡਾ ਪੈਕਟ ਵੰਡੇਕਿਹਾ ਜਾ ਰਿਹਾ ਹੈ ਕਿ ਦਿੱਲੀ ਦੇ ਦਿਲਵਾਲਿਆਂ ਨੇ ਇਸੇ ਕਰਕੇ ਆਪਣੇ ਮਨ ਬਦਲੇਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੁਦ ਚੋਣ ਮੰਚਾਂ ਤੋਂ ਐਲਾਨ ਕੀਤਾ ਕਿ ਮੁਫ਼ਤ ਬਿਜਲੀ-ਪਾਣੀ ਦੀ ਕਿਸੇ ਵੀ ਯੋਜਨਾ ਨੂੰ ਬੰਦ ਨਹੀਂ ਕੀਤਾ ਜਾਏਗਾਔਰਤਾਂ ਨੂੰ ਹਰ ਮਹੀਨੇ 2500 ਰੁਪਏ, 500 ਰੁਪਏ ਵਿੱਚ ਰਸੋਈ ਗੈਸ ਸਿਲੰਡਰ ਅਤੇ ਅਟੱਲ ਕੰਟੀਨ ਦੇ ਰਾਹੀਂ 5 ਰੁਪਏ ਵਿੱਚ ਭੋਜਨ ਦਿੱਤਾ ਜਾਏਗਾਆਮ ਬੱਜਟ ਵਿੱਚ 12 ਲੱਖ ਤਕ ਦੀ ਆਮਦਨ ਕਰ ’ਤੇ ਟੈਕਸ ਛੋਟ ਕਰਕੇ ਅਤੇ 8ਵੇਂ ਤਨਖ਼ਾਹ ਆਯੋਗ ਦਾ ਐਲਾਨ ਕਰਕੇ ਉਹਨਾਂ ਨੇ ਮੱਧਵਰਗੀ ਲੋਕਾਂ ਦਾ ਦਿਲ ਜਿੱਤ ਲਿਆਪਰ ਕਈ ਹੋਰ ਅਜਿਹੇ ਕਾਰਨ ਹਨ, ਜਿਹੜੇ ‘ਆਪਦੀ ਹਾਰ ਦਾ ਕਾਰਨ ਬਣੇ

ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਕੇਜਰੀਵਾਲ ਨੇ ਸਾਫ਼-ਸੁਥਰੀ ਰਾਜਨੀਤੀ ਅਤੇ ਅਲੱਗ ਤਰ੍ਹਾਂ ਦੀ ਰਾਜਨੀਤੀ ਦਾ ਬੇੜਾ ਚੁੱਕਿਆ, ਇਹ ਕੁਝ ਸਾਲ ਚੱਲਿਆ ਵੀਲੋਕਾਂ ਨੇ ਇਸਦਾ ਸਵਾਗਤ ਵੀ ਕੀਤਾਕਿਉਂਕਿ ਦਲਦਲੀ ਸਿਆਸਤ ਨੇ ਹਿੰਦੋਸਤਾਨ ਦਾ ਚਿਹਰਾ-ਮੋਹਰਾ ਵਿਗਾੜ ਦਿੱਤਾ ਹੋਇਆ ਸੀਪਰ ਕੁਝ ਸਮੇਂ ਬਾਅਦ ਹੀ ‘ਆਪਇਸੇ ਦਲਦਲੀ ਸਿਆਸਤ ਦਾ ਸ਼ਿਕਾਰ ਹੋ ਗਈ, ਰਵਾਇਤੀ ਪਾਰਟੀਆਂ ਦੀ ਤਰ੍ਹਾਂ ਹੀ ਵਿਵਹਾਰ ਕਰਨ ਲੱਗੀਕੇਜਰੀਵਾਲ ਨੇ ਆਪਣੀ ਹੀ ਪਾਰਟੀ ਵਿੱਚ ਬੈਠੇ ਕੱਦਾਵਰ ਨੇਤਾਵਾਂ ਨੂੰ ਹੌਲੀ ਹੌਲੀ ਕਰਕੇ ਬਾਹਰ ਧੱਕ ਦਿੱਤਾ ਅਤੇ ‘ਆਪ’ ਦੇ ਸਰਵੋ-ਸਰਵਾ ਹੋ ਬੈਠੇ, ਜਿੱਥੇ ਕੋਈ ਉਹਨਾਂ ਨੂੰ ਸਵਾਲ ਨਹੀਂ ਕਰ ਸਕਦਾ

ਇਸ ਤਰ੍ਹਾਂ ਬਾਕੀ ਦਲਾਂ ਵਾਂਗ ਵਿਵਹਾਰ ਕਰਨ ਨਾਲ ‘ਆਪਦਾ ਪਤਨ ਸ਼ੁਰੂ ਹੋ ਗਿਆ। ‘ਆਪਦੇ ਆਗੂ ਐਕਸਾਈਜ਼ ਪਾਲਿਸੀ ਘੁਟਾਲੇ, ਸ਼ੀਸ਼ ਮਹਿਲ ਘੁਟਾਲਿਆਂ ਵਿੱਚ ਫਸ ਗਏ2024 ਵਿੱਚ ਦੇਸ਼ ਵਿਆਪੀ ‘ਇੰਡੀਆ ਗੱਠਜੋੜ’ ਦਾ ਹਿੱਸਾ ਬਣਕੇ ਵੀ ‘ਆਪਨੇ ਕੁਝ ਸੂਬਿਆਂ ਵਿੱਚ ਆਪਣੀ ਵੱਖਰੀ ਡਫਲੀ ਵਜਾਈਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਸਾਂਝ ਭਿਆਲੀ ਨਾ ਪਾ ਕੇ ਇਕੱਲਿਆਂ ਚੋਣ ਲੜੀ ਅਤੇ ਕਾਂਗਰਸ ਦੀ ਹਾਰ ਦਾ ਕਾਰਨ ਬਣੀਦਿੱਲੀ ਵਿੱਚ ਵੀ ਕਾਂਗਰਸ ਨਾਲ ਰਲਕੇ ਚੋਣ ਲੜਨ ਦੀ ਬਜਾਏ, ਇਕੱਲਿਆਂ ਚੋਣ ਲੜੀ

ਚੋਣ ਨਤੀਜੇ ਦੱਸਦੇ ਹਨ ਕਿ ਕਾਂਗਰਸ ਦਾ ਵੋਟ ਬੈਂਕ ਦਿੱਲੀ ਵਿੱਚ ਦੋ ਪ੍ਰਤੀਸ਼ਤ ਵਧਣ ਨਾਲ ‘ਆਪ’ ਨੂੰ ਢਾਹ ਲੱਗੀ ਅਤੇ ਉਹ 13 ਸੀਟਾਂ ਉੱਤੇ ਕਾਂਗਰਸ ਦੇ ਉਮੀਦਵਾਰਾਂ ਕਾਰਨ ਹਾਰ ਗਈਕਾਂਗਰਸ ਦੇ 70 ਵਿੱਚੋਂ 67 ਉਮਦੀਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਜਿਨ੍ਹਾਂ 13 ਸੀਟਾਂ ਤੇ ‘ਆਪਕਾਂਗਰਸ ਕਾਰਨ ਹਾਰੀ ਉਹਨਾਂ ਸੀਟਾਂ ’ਤੇ ਭਾਜਪਾ ਉਮੀਦਵਾਰਾਂ ਦੀ ਜਿੱਤ ਦਾ ਜਿੰਨਾ ਫ਼ਰਕ ਰਿਹਾ, ਉਹ ਕਾਂਗਰਸ ਨੂੰ ਮਿਲੀਆਂ ਵੋਟਾਂ ਨਾਲੋਂ ਘੱਟ ਸੀਵਿਧਾਨ ਸਭਾ ਚੋਣਾਂ ਵਿੱਚ ਭਾਜਪਾ 48 ਸੀਟਾਂ ਅਤੇ ‘ਆਪਨੇ 22 ਸੀਟਾਂ ਜਿੱਤੀਆਂ ਹਨਭਾਜਪਾ ਦੇ ਪਿਛਲੇ 10 ਸਾਲਾਂ ਵਿੱਚ 13 ਫ਼ੀਸਦੀ ਵੋਟ ਵਧੇ ਜਦਕਿ ਇਸੇ ਅਰਸੇ ਦੌਰਾਨ ‘ਆਪਨੇ 10 ਫ਼ੀਸਦੀ ਵੋਟ ਗੁਆ ਲਏ

ਉਂਜ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ‘ਆਪ’ ਦੇ ਕੇਜਰੀਵਾਲ, ਮਨੀਸ਼ ਸਿਸੋਦੀਆ, ਦੁਰਗੇਸ਼ ਪਾਠਕ ਚੋਣ ਹਾਰ ਗਏ ਹਨ ਕਿਉਂਕਿ ਭਾਜਪਾ ਵੱਲੋਂ ਇਸ ਉੱਚ ਲੀਡਰਸ਼ਿੱਪ ਨੂੰ ਹਰਾਉਣ ਲਈ ਪੂਰੀ ਵਾਹ ਲਾਈ ਹੋਈ ਸੀਇਸ ਮੰਤਵ ਲਈ ਪਹਿਲਾਂ ਕੇਂਦਰ ਸਰਕਾਰ ਨੇ ਸਾਮ-ਦਾਮ-ਦੰਡ ਦੀ ਖੁੱਲ੍ਹੇਆਮ ਵਰਤੋਂ ਕੀਤੀਵੋਟਾਂ ਦੀ ਆਖ਼ਰੀ ਸਮੇਂ ਕੱਟ-ਵੱਢ ਕੀਤੀ ਗਈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਚੋਣ ਨੂੰ ਜਿੱਤਣ ਲਈ ਕੋਈ ਕਸਰ ਨਹੀਂ ਛੱਡੀ

ਪਰ ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਨਵੀਂ ਪਾਰਟੀ ‘ਆਪਜਿਸਨੇ ਲੋਕਾਂ ਦੀ ਹਰਮਨ ਪਿਆਰਤਾ ਕਾਰਨ ਰਾਸ਼ਟਰੀ ਪਾਰਟੀ ਦਾ ਰੁਤਬਾ ਕੁਝ ਸਾਲਾਂ ਵਿੱਚ ਪ੍ਰਾਪਤ ਕਰ ਲਿਆ ਸੀ, ਲੋਕਾਂ ਦੇ ਮਨਾਂ ਤੋਂ ਕਿਉਂ ਲੱਥ ਰਹੀ ਹੈ? ਕਾਰਨ ਸਿੱਧਾ ਤੇ ਸਪਸ਼ਟ ਹੈ ਕਿ ਇਹ ਪਾਰਟੀ ਵੀ ਰਿਵਾਇਤੀ ਪਾਰਟੀਆਂ ਵਾਂਗ ਵੋਟਾਂ ਬਟੋਰਨ, ਤਾਕਤ ਹਥਿਆਉਣ ਦੇ ਰਾਹ ਪੈ ਗਈ ਅਤੇ ਇਸਦੇ ਨੇਤਾ ਪੰਜ ਤਾਰਾ ਕਲਚਰ ਦਾ ਸ਼ਿਕਾਰ ਹੋ ਗਏਪੰਜਾਬ ਇਸਦੀ ਉਦਾਹਰਨ ਹੈਪੰਜਾਬ ਵਿੱਚ 117 ਵਿੱਚੋਂ 92 ਸੀਟਾਂ ਇਸ ਪਾਰਟੀ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਨਾਂਅ ’ਤੇ ਜਿੱਤੀਆਂਪਰ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਚਰਮ ਸੀਮਾ ’ਤੇ ਹੈਰੇਤ-ਬਜਰੀ ਮਾਫੀਆਂ ਉੱਤੇ ਸਰਕਾਰ ਦਾ ਕੰਟਰੋਲ ਹੀ ਨਹੀਂਕਮਿਸ਼ਨ ਦੇਣ-ਲੈਣ ਵਾਲਿਆਂ ਦੇ ‘ਪਾਲੇਬਦਲ ਗਏ ਹਨ

ਆਪ ਨੇ ਸਥਾਨਕ ਪੰਚਾਇਤੀ ਚੋਣਾਂ ਅਤੇ ਨਗਰਪਾਲਿਕਾ ਚੋਣਾਂ ਵਿੱਚ ਜਿਸ ਕਿਸਮ ਦਾ ਵਿਵਹਾਰ ਕੀਤਾ, ਉਸ ਨਾਲ ਲੋਕਾਂ ਦੇ ਮਨਾਂ ਵਿੱਚ ਇਹ ਧਾਰਨਾ ਬਣ ਗਈ ਕਿ ਇਸ ਨਾਲੋਂ ਤਾਂ ਪੰਜਾਬ ਸਰਕਾਰ ਸਥਾਨਕ ਸਰਕਾਰਾਂ ਦੀਆਂ ਚੋਣਾਂ ਨਾ ਕਰਵਾਕੇ, ਕਿਸੇ ਨਵੇਂ ਬਿੱਲ ਜਾਂ ਨੋਟੀਫੀਕੇਸ਼ਨ ਰਾਹੀਂ ਇਨ੍ਹਾਂ ਪੰਚਾਇਤਾਂ, ਨਗਰਪਾਲਿਕਾਵਾਂ ਵਿੱਚ ਆਪਣੇ ਲੋਕਾਂ ਨੂੰ ਨੌਮੀਨੇਟ ਕਰ ਦਿੰਦੀਅੰਮ੍ਰਿਤਸਰ, ਫਗਵਾੜਾ ਨਗਰ ਨਿਗਮ ਤੇ ਹੋਰ ਕਈ ਪਾਲਿਕਾਵਾਂ ਵਿੱਚ ਜਿਸ ਢੰਗ ਨਾਲ ਕਾਂਗਰਸ ਦੀਆਂ ਵਾਧੂ ਸੀਟਾਂ ਹੋਣ ਦੇ ਬਾਵਜੂਦ ਆਪ ਨੇ ਜੁਗਾੜ ਲਗਾ ਕੇ ਆਪਣੇ ਮੇਅਰ ਬਣਾਏ ਅਤੇ ਜਿਵੇਂ ਬਹੁਤ ਸਾਰੀਆਂ ਹੋਰ ਨਗਰ ਕੌਂਸਲਾਂ ਵਿੱਚ ਆਪਣੇ ਪ੍ਰਧਾਨ ਬਣਾਉਣ ਲਈ ਸਾਮ-ਦਾਮ-ਦੰਡ ਦੀ ਵਰਤੋਂ ਕੀਤੀ, ਉਸ ਨਾਲ ‘ਆਪ’ ਦਾ ਚਿਹਰਾ-ਮੋਹਰਾ ਵੀ ਰਿਵਾਇਤੀ ਪਾਰਟੀਆਂ ਵਾਲਾ ਹੋ ਗਿਆ

ਪੰਜਾਬ ਵਿੱਚ ‘ਆਪਦੇ ਕਾਂਗਰਸ ਨਾਲ ਵਰਤਾਰੇ ਦਾ ਪ੍ਰਭਾਵ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਵੇਖਣ ਨੂੰ ਮਿਲਿਆ, ਜਦੋਂ ਕਾਂਗਰਸ ਨੇ ‘ਆਪ’ ਵਿਰੁੱਧ ਉੰਨੀ ਚੋਣ ਜੰਗ ਆਰੰਭੀ, ਜਿੰਨੀ ਭਾਜਪਾ ਵਿਰੁੱਧ ਅਤੇ ਇਸਦਾ ਖਾਮਿਆਜ਼ਾ ‘ਆਪ’ ਨੂੰ ਭੁਗਤਣਾ ਪਿਆ

ਹੁਣ ਸਵਾਲ ਪੈਦਾ ਹੁੰਦੇ ਹੈ ਕਿ ਦਿੱਲੀ ਦੀ ਹਾਰ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਦਾ ਕੀ ਹਾਲ ਹੋਏਗਾ? ਕੀ ਇਸਦਾ ਮਨੋਬਲ ਨਹੀਂ ਡੋਲੇਗਾ, ਕਿਉਂਕਿ ‘ਆਪਮੰਤਰੀ ਮੰਡਲ, ਮੁੱਖ ਮੰਤਰੀ ਸਮੇਤ ਦਿੱਲੀ ਦੀਆਂ ਚੋਣਾਂ ਵਿੱਚ ਰੁੱਝਿਆ ਰਿਹਾ ਅਤੇ ‘ਆਪ’ ਦੇ ਖਾਸ ਵਰਕਰ ਉੱਥੇ ਪ੍ਰਚਾਰ ਕਰਦੇ ਵੇਖੇ ਗਏ2022 ਵਿੱਚ ‘ਆਪਨੇ ਪੰਜਾਬ ਵਿੱਚ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਾਈ ਸੀਮੁਫ਼ਤ ਦੀਆਂ ਯੋਜਨਾਵਾਂ ਦਾ ਲਾਭ ਪੰਜਾਬ ਵਿੱਚ ਆਮ ਲੋਕਾਂ ਨੂੰ ਦਿੱਤਾ ਗਿਆ। ਉਸਦਾ ਪ੍ਰਚਾਰ ਕਰਕੇ ਦਿੱਲੀ ਵਿੱਚ ‘ਆਪ’ 43.5 ਫੀਸਦੀ ਵੋਟ ਬਚਾਉਣ ਵਿੱਚ ਕਾਮਯਾਬ ਵੀ ਹੋਈਹਾਲਾਂ ਕਿ ਭਾਜਪਾ ਉਸ ਤੋਂ ਸਿਰਫ਼ 2.25 ਫੀਸਦੀ ਵੱਧ ਵੋਟਾਂ ਲੈ ਕੇ ਵੱਧ ਸੀਟਾਂ ਪ੍ਰਾਪਤ ਕਰ ਗਈ

ਪੰਜਾਬ ਵਿੱਚ ਆਉਣ ਵਾਲੇ ਦਿਨ ‘ਆਪ’ ਲਈ ਖ਼ਤਰਨਾਕ ਹੋ ਸਕਦੇ ਹਨ ਕਿਉਂਕਿ ਪੰਜਾਬ ਵਿੱਚ ਸਰਕਾਰੀ ਸੱਤਾ ਅਤੇ ਸੰਗਠਨ, ਦੋਨਾਂ ਵਿਚਕਾਰ ਵੱਡਾ ਪਾੜਾ ਹੈ93 ਵਿਧਾਇਕਾਂ ਦੀ ਸਰਕਾਰ ਵਿੱਚ ਸੁਣਵਾਈ ਨਹੀਂਲੋਕਸਭਾ ਚੋਣਾਂ ਵਿੱਚ ਕਮਜ਼ੋਰ ਪ੍ਰਦਰਸ਼ਨ ਦੇ ਬਾਅਦ ਭਾਵੇਂ ਵਿਧਾਨ ਸਭਾ ਦੀਆਂ 4 ਸੀਟਾਂ ’ਤੇ ਉਸਦੀ ਕਾਰਗੁਜ਼ਾਰੀ ਚੰਗੀ ਰਹੀਸੂਬੇ ਵਿੱਚ ਸਰਕਾਰੀ ਪ੍ਰਬੰਧਨ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਅਤੇ ਪੁਲਿਸ ਪ੍ਰਸ਼ਾਸਨ ’ਤੇ ਵੀ ਸਵਾਲ ਉੱਠ ਰਹੇ ਹਨ

ਆਪ’ ਪਾਰਟੀ ਉੱਤੇ ਪਿਛਲੇ ਸਮੇਂ ਤੋਂ ਵੱਡੇ ਸਵਾਲ ਉੱਠ ਰਹੇ ਹਨਪਾਰਟੀ ਭ੍ਰਿਸ਼ਟਾਚਾਰ ਨਾਲ ਲੜਨ ਦਾ ਦਾਅਵਾ ਕਰ ਰਹੀ ਸੀ, ਪਰ ਉਸ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ। ‘ਆਪਉੱਤੇ ਇਹ ਇਲਜ਼ਾਮ ਵੀ ਲੱਗਾ ਅਤੇ ਇਹ ਤੱਥ ਵੀ ਸਹੀ ਹੈ ਕਿ ਰਿਓੜੀਆਂ ਵੰਡਣ ਦੀ ਸਿਆਸਤ ਵਿੱਚ ਉਸਨੇ ਵੱਡਾ ਯੋਗਦਾਨ ਪਾਇਆ ਅਤੇ ਉਸੇ ਦੀ ਇਸ ਸਿਆਸਤ ਨੂੰ ਹੋਰਨਾਂ ਪਾਰਟੀਆਂ ਨੇ ਅਪਣਾਇਆ ਅਤੇ ਇਸੇ ਅਧਾਰ ’ਤੇ ਭਾਜਪਾ ਨੇ ਉਸ ਨੂੰ ਮਾਤ ਦਿੱਤੀ

ਬਿਨਾਂ ਸ਼ੱਕ ਕੇਜਰੀਵਾਲ ਨੇ ਆਪਣਾ ਅਕਸ ਇੱਕ ਜੁਝਾਰੂ ਵਾਲਾ ਬਣਾਇਆ ਪਰ ਉਹਨਾਂ ਦੇ ਇਸ ਅਕਸ ਨੇ ਉਹਨਾਂ ਨੂੰ ਨੁਕਸਾਨ ਵੀ ਪਹੁੰਚਾਇਆ ਅਤੇ ਇਹ ਧਾਰਨਾ ਬਣੀ ਕਿ ਉਹ ਕੇਂਦਰ ਸਰਕਾਰ ਨਾਲ ਸਦਾ ਉਲਝਦੇ ਹੀ ਰਹਿੰਦੇ ਹਨਹਾਲਾਂ ਕਿ ਭਾਜਪਾ ਦੀ ਕੇਂਦਰ ਸਰਕਾਰ ਆਪਣੇ ਵਿਰੋਧੀਆਂ ਨੂੰ ਠਿੱਠ ਕਰਨ ਲਈ ਪ੍ਰੇਸ਼ਾਨ ਕਰਦੀ ਹੈ ਅਤੇ ਉਹਨਾਂ ਰਾਜਾਂ ਦੇ ਕੰਮਕਾਰ ਵਿੱਚ ਜ਼ਿਆਦਾ ਦਖਲ ਆਪਣੇ ਗਵਰਨਰਾਂ ਰਾਹੀਂ ਦਿੰਦੀ ਹੈ, ਜਿਸ ਰਾਜ ਵਿੱਚ ਉਸਦਾ ਰਾਜ-ਭਾਗ ਨਹੀਂ

ਇਹ ਵੀ ਠੀਕ ਹੈ ਕਿ ਕੇਜਰੀਵਾਲ ਨੇ ਆਪਣੀ ਪਾਰਟੀ ਨੂੰ ਰਾਸ਼ਟਰੀ ਪਾਰਟੀ ਬਣਾਉਣ ਲਈ ਮਿਹਨਤ ਕੀਤੀਇਸ ਕੰਮ ਲਈ ਉਹਨਾਂ ਗੁਜਰਾਤ, ਹਰਿਆਣਾ ਅਤੇ ਕਈ ਹੋਰ ਰਾਜਾਂ ਵਿੱਚ ਚੋਣਾਂ ਲੜੀਆਂਪੰਜਾਬ ਦੇ ਸਰਕਾਰੀ ਧਨ ਦੀ ਵਰਤੋਂ ਦੇ ਇਨ੍ਹਾਂ ਚੋਣਾਂ ਵਿੱਚ ‘ਆਪ’ ’ਤੇ ਇਲਜ਼ਾਮ ਵੀ ਲੱਗੇ, ਕਿਉਂਕਿ ਪੰਜਾਬ ਦੀ ‘ਆਪਸਰਕਾਰ ਦੀਆਂ ਪ੍ਰਾਪਤੀਆਂ ਦੇ ਵੱਡੇ ਇਸ਼ਤਿਹਾਰ ਇਨ੍ਹਾਂ ਚੋਣਾਂ ਸਮੇਂ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਛਾਪੇ ਗਏਪਰ ਇਨ੍ਹਾਂ ਚੋਣਾਂ ਵਿੱਚ ਰੁੱਝਣ, ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹ ਕੱਟਣ ਕਾਰਨ ਦਿੱਲੀ ਦੀ ਅਣਦੇਖੀ ਹੁੰਦੀ ਗਈ, ਜਿਸ ਕਾਰਨ ਕੇਜਰੀਵਾਲ ਦਾ ਅਧਾਰ ਖੁਰਨ ਲੱਗ ਪਿਆ

ਭਾਵੇਂ ਕਿ ਸਿੱਖਿਆ ਅਤੇ ਸਿਹਤ ਖੇਤਰ ਵਿੱਚ ‘ਆਪਸਰਕਾਰ ਨੇ ਉਲੇਖਯੋਗ ਕੰਮ ਵੀ ਕੀਤੇਕੇਜਰੀਵਾਲ ਅਤੇ ਉਹਨਾਂ ਦੇ ਕਈ ਨੇਤਾਵਾਂ ਦਾ ਇਹ ਵਿਸ਼ਵਾਸ ਬਣ ਗਿਆ ਕਿ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾਉਹਨਾਂ ਦਾ ਇਹ ਵਹਿਮ ਹੀ ਪਾਰਟੀ ਨੂੰ ਡੁਬੋ ਗਿਆ ਉਂਜ ਵੀ ਕਿਉਂਕਿ ਦਿੱਲੀ ਸਰਕਾਰ ਨੂੰ ਕੇਂਦਰੀ ਸਰਕਾਰ ਨੇ ਵਿਕਾਸ ਅਤੇ ਭਲਾਈ ਦੇ ਕੰਮਾਂ ਵਿੱਚ ਸਹਿਯੋਗ ਨਹੀਂ ਦਿੱਤਾ, ਇਸ ਨਾਲ ਦਿੱਲੀ ਦੇ ਵਿਕਾਸ ਵਿੱਚ ਰੁਕਾਵਟ ਆਈ

ਆਪਦੀ ਇੱਕ ਹੋਰ ਸਮੱਸਿਆ ਹੈ ਕਿ ‘ਆਪਦੇ ਕੇਂਦਰੀ ਆਗੂਆਂ ਨੇ ਇਸ ਨੂੰ ਕਾਡਰ ਅਧਾਰਤ ਪਾਰਟੀ ਨਹੀਂ ਬਣਨ ਦਿੱਤਾਦਿੱਲੀ ਵਿੱਚ ਵੀ ਅਤੇ ਪੰਜਾਬ ਵਿੱਚ ਵੀ ਕੇਜਰੀਵਾਲ ਆਪਣੇ ਸ਼ਖਸੀ ਉਭਾਰ ਲਈ ਜਾਣੇ ਜਾਂਦੇ ਰਹੇ ਹਨਉਹਨਾਂ ਨੇ ਆਪਣੀ ਪਾਰਟੀ ਦੀ ਵਿਚਾਰਧਾਰਾ ਸਪਸ਼ਟ ਨਹੀਂ ਕੀਤੀਉਹਨਾਂ ਪਾਰਟੀ ਵਰਕਰਾਂ ਨੂੰ ਲੋਕਾਂ ਵਿੱਚ ਪਾਰਟੀ ਦਾ ਮੰਤਵ ਸਮਝਾਉਣ ਲਈ ਕੋਈ ਪ੍ਰੋਗਾਮ ਨਹੀਂ ਦਿੱਤਾਜਿਵੇਂ ਕਿ ਆਮ ਤੌਰ ’ਤੇ ਕਾਡਰ ਅਧਾਰਤ ਪਾਰਟੀਆਂ ਦਿੰਦੀਆਂ ਹਨ ਕੋਈ ਵੀ ਸਿਆਸੀ ਪਾਰਟੀ ਆਪਣੇ ਨਿਸ਼ਾਨੇ ਨੂੰ ਲੋਕਾਂ ਸਾਹਵੇਂ ਪੇਸ਼ ਕਰਦੀ ਹੈਕਮਿਊਨਿਸਟ ਸੋਸ਼ਲਿਸਟ ਵਿਚਾਰਧਾਰਾ ਪੇਸ਼ ਕਰਦੇ ਹਨਕਾਂਗਰਸ ਲੋਕਤੰਤਰ ਦੀ ਹਾਮੀ ਹੈਭਾਜਪਾ ਆਪਣੀ ਵਿਚਾਰਧਾਰਾ ਜੋ ਆਰ.ਐੱਸ.ਐੱਸ ਦੀ ਵਿਚਾਰਧਾਰਾ ਹੈ, ਉਸ ’ਤੇ ਖੜ੍ਹੀ ਦਿਸਦੀ ਹੈਸ਼੍ਰੋਮਣੀ ਅਕਾਲੀ ਦਲ ਇਲਾਕਾਈ ਪਾਰਟੀ ਵਜੋਂ ਆਪਣਾ ਦਾਅਵਾ ਪੇਸ਼ ਕਰਦਾ ਹੈਪਰ ‘ਆਪ’ ਸਿਰਫ਼ ਕੁਝ ਮੁੱਦਿਆਂ ਨੂੰ ਲੈ ਕੇ ਜਦੋਂ ਸਿਆਸਤ ਕਰਦੀ ਰਹੀ, ਉਸ ਨਾਲ ਕੁਝ ਸਮਾਂ ਤਾਂ ਉਹ ਵੱਡੇ ਨਾਅਰਿਆਂ ਕਾਰਨ ਲੋਕ ਪ੍ਰਵਾਨਤ ਹੋਈ, ਪਰ ਲੰਮੇ ਸਮੇਂ ਤਕ ਉਹ ਆਪਣਾ ਲੋਕ ਅਧਾਰ, ਪਾਰਟੀ-ਕਾਡਰ ਬਣਾਉਣ ਵਿੱਚ ਅਸਫ਼ਲ ਰਹੀ ਹੈ

ਇਹੋ ਹੀ ਕਾਰਨ ਹੈ ਕਿ ਉਸਦੇ ਵਰਕਰ ਜਾਂ ਨੇਤਾ ਕਿਸੇ ਸੇਧ ਵਿੱਚ ਨਹੀਂ ਤੁਰਦੇਉਂਜ ਵੀ ਦਿੱਲੀ ਵਿੱਚ ਦਿੱਲੀ ਹਿਤੈਸ਼ੀ, ਪੰਜਾਬ ਵਿੱਚ ਪੰਜਾਬ ਹਿਤੈਸ਼ੀ ਪਾਲਿਸੀਆਂ ਜਿਵੇਂ ਉਸ ਨੂੰ ਲਾਗੂ ਕਰਨੀਆਂ ਚਾਹੀਦੀਆਂ ਸਨ, ਉਹਨਾਂ ਪ੍ਰਤੀ ਉਸਨੇ ਚੁੱਪੀ ਵੱਟੀ ਰੱਖੀ, ਜਿਸਦਾ ਉਸ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ

ਬਦਲਾਅ ਦੇ ਅਧਾਰ ਉੱਤੇ ਬਣੀ ‘ਆਪ’ ਲੋਕਾਂ ਵਿੱਚ ਆਪਣਾ ਉਹ ਅਕਸ ਬਣਾਈ ਰੱਖਣ ਵਿੱਚ ਨਾ-ਕਾਮਯਾਬ ਰਹੀ, ਜਿਸਦੇ ਅਧਾਰ ’ਤੇ ਪਾਰਟੀ ਸਥਾਪਿਤ ਕੀਤੀ ਗਈ ਸੀਇਹ ਅਧਾਰ ਰਿਵਾਇਤੀ ਪਾਰਟੀ ਤੋਂ ਹਟਵਾਂ ਸੀਪਰ ਪਾਰਟੀ ਰਿਵਾਇਤੀ ਪਾਰਟੀ ਵਰਗੀ ਦਿੱਖ ਬਣਾਕੇ ਅਤੇ ਉਹਨਾਂ ਜਿਹੀਆਂ ਕਾਰਵਾਈਆਂ ਕਰਕੇ, ਵੱਡਾ ਨੁਕਸਾਨ ਕਰਾ ਬੈਠੀ ਅਤੇ ਦਿੱਲੀ ਦੇ ਲੋਕਾਂ ਨੇ ਉਸ ਨੂੰ ਸ਼ੀਸ਼ਾ ਵਿਖਾ ਦਿੱਤਾ, ਬਾਵਜੂਦ ਇਸਦੇ ਕਿ ਦਿੱਲੀ ਦੀ ਵੱਡੀ ਅਬਾਦੀ ‘ਆਪਸਰਕਾਰ ਤੋਂ ਬਹੁਤੀ ਨਾ-ਖੁਸ਼ ਨਹੀਂ ਸੀ, ਪ੍ਰੰਤੂ ਉਹਨਾਂ ਵਿੱਚੋਂ ਕਾਫ਼ੀ ਲੋਕ ਇਸ ਵਾਰ ਬਦਲਾਅ ਚਾਹੁੰਦੇ ਸਨ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Gurmit S Palahi

Gurmit S Palahi

Journalist. (Phagwara, Punjab, India)
Phone:  (91 - 98158 - 02070)
Email: (gurmitpalahi@yahoo.com)

More articles from this author