“ਸੀ ਐੱਨ ਐੱਨ ਦੀ ਰਿਪੋਰਟ ਅਨੁਸਾਰ ਰਿਚਰਡ ਕਾਫੀ ਦੇਰ ਤੋਂ ਡਾਇਬਟੀਜ਼ ਦਾ ਮਰੀਜ਼ ਸੀ ਅਤੇ ਗੁਰਦੇ ਖਰਾਬ ...”
(17 ਅਗਸਤ 2024)
ਮੈਡੀਕਲ ਖੇਤਰ ਦਾ ਇੱਕ ਕ੍ਰਿਸ਼ਮਾ ਸਾਹਮਣੇ ਆਇਆ ਹੈ। ਪਹਿਲੀ ਵਾਰ ਡਾਕਟਰਾਂ ਨੇ ਇੱਕ ਸੂਰ ਦਾ ਗੁਰਦਾ ਅਨੁਵੰਸ਼ਿਕ ਤੌਰ ’ਤੇ ਸੋਧ ਕੇ ਇੱਕ ਇਨਸਾਨ ਵਿੱਚ ਟਰਾਂਸਪਲਾਂਟ ਕੀਤਾ ਸੀ। ਇਹ ਕਮਾਲ ਅਮਰੀਕਾ ਦੇ ਮੈਸਾਚਿਊਸਸ (Massachusetts) ਹਸਪਤਾਲ ਦੇ ਡਾਕਟਰਾਂ ਨੇ ਕਰ ਵਿਖਾਇਆ ਹੈ। ਹਸਪਤਾਲ ਦੇ ਡਾਕਟਰਾਂ ਨੇ ਕਿਹਾ ਸੀ ਕਿ 62 ਸਾਲਾ ਰਿਚਰਡ ਸਲੇਮੈਨ ਦੇ ਗੁਰਦੇ ਦਾ ਸਫ਼ਲ ਟਰਾਂਸਪਲਾਂਟ ਹੋ ਗਿਆ ਹੈ ਅਤੇ ਉਸ ਨੂੰ ਹੁਣ ਡਾਇਲੈਸਿਸ ਦੀ ਜ਼ਰੂਰਤ ਨਹੀਂ। ਅਮਰੀਕਾ ਦੇ ਬੌਸਟਨ ਸ਼ਹਿਰ ਵਿੱਚ ਡਾਕਟਰਾਂ ਨੇ ਰਿਚਰਡ ਦਾ ਅਪਰੇਸ਼ਨ 16 ਮਾਰਚ ਨੂੰ ਕੀਤਾ ਸੀ ਪਰ ਦੋ ਮਹੀਨੇ ਬਾਅਦ ਰਿਚਰਡ ਦੀ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਰਿਚਰਡ ਦੀ ਮੌਤ ਗੁਰਦੇ ਦੇ ਟ੍ਰਾਂਸਪਲਾਂਟੇਸ਼ਨ ਕਾਰਣ ਨਹੀਂ ਹੋਈ ਕਿਉਂਕਿ ਮੌਤ ਤੋਂ ਪਹਿਲਾਂ ਗੁਰਦੇ ਦੇ ਫੇਲ ਹੋਣ ਜਾਂ ਇਨਫੈਕਸ਼ਨ ਦੇ ਕੋਈ ਸੰਕੇਤ ਨਹੀਂ ਮਿਲੇ। ਰਿਚਰਡ ਦੇ ਪਰਿਵਾਰ ਨੂੰ ਰਿਚਰਡ ਦੀ ਮੌਤ ’ਤੇ ਦੁੱਖ ਤਾਂ ਹੋਇਆ ਪਰ ਉਹਨਾਂ ਤਸੱਲੀ ਪ੍ਰਗਟਾਈ ਕਿ ਇਹ ਅਪਰੇਸ਼ਨ ਸੰਸਾਰ ਦੇ ਲੋਕਾਂ ਲਈ ਇੱਕ ਆਸ ਦੀ ਕਿਰਨ ਹੈ। ਕਿਸੇ ਜਾਨਵਰ ਦਾ ਕੋਈ ਅੰਗ ਕਿਸੇ ਇਨਸਾਨ ਵਿੱਚ ਟਰਾਂਸਪਲਾਂਟ ਕਰਨ ਦੀਆਂ ਇਹ ਪਹਿਲੀਆਂ ਕੋਸ਼ਿਸ਼ਾਂ ਹਨ। ਪਹਿਲੀ ਕੋਸ਼ਿਸ਼ ਵਿੱਚ ਤਾਂ ਮਨੁੱਖ ਚੰਨ ’ਤੇ ਵੀ ਨਹੀਂ ਜਾ ਸਕਿਆ ਸੀ। ਕਈ ਅਸਫਲ ਕੋਸ਼ਿਸ਼ਾਂ ਤੋਂ ਕੁਝ ਸਿੱਖਦਾ ਹੋਇਆ ਚੰਨ ’ਤੇ ਪਹੁੰਚਿਆ ਸੀ।
ਰਿਚਰਡ ਦੀ ਮੌਤ ਭਾਵੇਂ ਕਿਸੇ ਕਾਰਣ ਵੀ ਹੋਈ ਹੋਵੇ, ਭਾਵੇਂ ਉਸ ਦੀ ਲੰਮੀ ਬਿਮਾਰੀ ਕਾਰਣ ਬਾਕੀ ਅੰਗ ਕਮਜ਼ੋਰ ਹੋ ਗਏ ਹੋਣ ਪਰ ਡਾਕਟਰ ਇਸ ਤੋਂ ਕੁਝ ਸਿੱਖ ਰਹੇ ਹਨ ਅਤੇ ਹੋਰ ਖੋਜ ਕਰ ਰਹੇ ਹਨ ਤਾਂ ਕਿ ਸੌ ਪ੍ਰਤੀਸ਼ਤ ਸਫਲਤਾ ਹਾਸਲ ਕਰ ਸਕਣ। ਇਹ ਖਬਰ ਆਪਣੇ ਆਪ ਵਿੱਚ ਬਹੁਤ ਵੱਡੀ ਹੈ ਕਿਉਂਕਿ ਸੰਸਾਰ ਵਿੱਚ ਲੋਕਾਂ ਦੇ ਗੁਰਦੇ ਬੜੀ ਤੇਜ਼ੀ ਨਾਲ ਖਰਾਬ ਹੋ ਰਹੇ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਗੁਰਦਾ ਬਦਲਾਉਣ ਦੀ ਜ਼ਰੂਰਤ ਹੁੰਦੀ ਹੈ। ਖਰਾਬ ਗੁਰਦਾ ਬਦਲਾਉਣ ਲਈ ਕਿਸੇ ਗੁਰਦਾ ਦਾਨੀ ਦੀ ਲੋੜ ਹੁੰਦੀ ਹੈ ਅਤੇ ਇਹ ਗੁਰਦਾ ਜ਼ਿਆਦਾਤਰ ਕਿਸੇ ਰਿਸ਼ਤੇਦਾਰ ਨਾਲ ਹੀ ਮੈਚ ਕਰਦਾ ਹੈ ਪਰ ਰਿਸ਼ਤੇਦਾਰ ਗੁਰਦਾ ਦੇਣ ਲਈ ਰਾਜ਼ੀ ਨਹੀਂ ਹੁੰਦੇ। ਸੂਰ ਦਾ ਗੁਰਦਾ ਸੋਧ ਕੇ ਇਨਸਾਨ ਵਿੱਚ ਟਰਾਂਸਪਲਾਂਟ ਹੋਣਾ ਗੁਰਦੇ ਦੇ ਮਰੀਜ਼ਾਂ ਲਈ ਇੱਕ ਆਸ ਦੀ ਖਬਰ ਹੈ।
ਸੀ ਐੱਨ ਐੱਨ ਦੀ ਰਿਪੋਰਟ ਅਨੁਸਾਰ ਰਿਚਰਡ ਕਾਫੀ ਦੇਰ ਤੋਂ ਡਾਇਬਟੀਜ਼ ਦਾ ਮਰੀਜ਼ ਸੀ ਅਤੇ ਗੁਰਦੇ ਖਰਾਬ ਹੋਣ ਕਾਰਨ ਸੱਤ ਸਾਲ ਡਾਇਲਸਿਸ ਕਰਵਾਉਂਦਾ ਰਿਹਾ ਅਤੇ 2018 ਵਿੱਚ ਉਸ ਵਿੱਚ ਇੱਕ ਇਨਸਾਨੀ ਗੁਰਦਾ ਟਰਾਂਸਪਲਾਂਟ ਕੀਤਾ ਗਿਆ ਪਰ ਉਹ ਗੁਰਦਾ ਪੰਜ ਸਾਲ ਵਿੱਚ ਹੀ ਫੇਲ ਹੋ ਗਿਆ। ਜਿਹੜਾ ਗੁਰਦਾ ਰਿਚਰਡ ਵਿੱਚ ਇਸ ਤੋਂ ਬਾਅਦ ਲਗਾਇਆ ਗਿਆ ਸੀ ਉਹ ਮੈਸਾਚਿਊਸਸ ਦੇ ਇੰਜੇਨੇਸਿਸ ਆਫ ਕੈਂਬਰਿਜ ਨੇ ਸੂਰ ਦਾ ਗੁਰਦਾ ਵਿਕਸਿਤ ਕਰਕੇ ਲਗਾਇਆ ਸੀ। ਵਿਗਿਆਨਕਾਂ ਨੇ ਸੂਰ ਦੇ ਗੁਰਦੇ ਵਿੱਚੋਂ ਉਹ ਜੀਨ ਕੱਢ ਦਿੱਤਾ ਜਿਸ ਤੋਂ ਇਨਸਾਨ ਨੂੰ ਖਤਰਾ ਸੀ। ਇਸਦੇ ਨਾਲ ਹੀ ਕੁਝ ਇਨਸਾਨ ਦੇ ਜੀਨ ਜੋੜੇ ਗਏ, ਜਿਸ ਨਾਲ ਇਸਦੀ ਕਾਰਜ ਕੁਸ਼ਲਤਾ ਵੱਧ ਗਈ। ਇੰਜੇਨੇਸਿਸ ਕੰਪਨੀ ਨੇ ਸੂਰ ਦੇ ਗੁਰਦੇ ਵਿੱਚੋਂ ਉਹ ਵਾਇਰਸ ਕੱਢ ਦਿੱਤਾ, ਜਿਸ ਨਾਲ ਇਨਸਾਨ ਨੂੰ ਇਨਫੈਕਸ਼ਨ ਹੋ ਜਾਂਦੀ ਹੈ। ਸੂਰ ਦਾ ਗੁਰਦਾ ਇਨਸਾਨ ਅੰਦਰ ਸਫਲਤਾ ਪੂਰਵਕ ਲੱਗਣਾ, ਜਿਸ ਵਿੱਚ ਸੂਰ ਦੇ ਗੁਣ ਘਟ ਹੀ ਹਨ, ਇੱਕ ਮੈਡੀਕਲ ਵਿਗਿਆਨ ਦਾ ਕ੍ਰਿਸ਼ਮਾ ਹੈ।
ਇਸ ਤੋਂ ਪਹਿਲਾਂ ਇੱਕ ਹੋਰ ਸੂਰ ਦੇ ਗੁਰਦੇ ’ਤੇ ਜੀਨ ਇੰਜਨੀਰਿੰਗ ਕੀਤੀ ਗਈ ਅਤੇ ਤਜਰਬੇ ਦੇ ਤੌਰ ’ਤੇ ਇੱਕ ਬਾਂਦਰ ਵਿੱਚ ਟਰਾਂਸਪਲਾਂਟ ਕੀਤਾ ਗਿਆ, ਜਿਸ ਨੂੰ 176 ਦਿਨ ਤਕ ਜਿਊਂਦਾ ਰੱਖਿਆ ਗਿਆ। ਇੱਕ ਹੋਰ ਕੇਸ ਵਿੱਚ ਬਾਂਦਰ ਨੂੰ ਦੋ ਸਾਲ ਤੋਂ ਵੱਧ ਸਮੇਂ ਲਈ ਜਿਊਂਦਾ ਰੱਖਿਆ ਗਿਆ। ਬਾਂਦਰ ਤੋਂ ਬਾਅਦ ਇਨਸਾਨ ਵਿੱਚ ਸੂਅਰ ਦੇ ਗੁਰਦੇ ਦਾ ਸਫ਼ਲ ਟ੍ਰਾਂਸਪਲਾਂਟ ਹੋਣਾ ਗੁਰਦੇ ਫੇਲ ਹੋਣ ਵਾਲੇ ਮਰੀਜ਼ਾਂ ਲਈ ਇੱਕ ਵਰਦਾਨ ਹੈ। ਅਜੇ ਇਸ ਤਰ੍ਹਾਂ ਦਾ ਇਲਾਜ ਕੇਵਲ ਅਮਰੀਕਾ ਵਿੱਚ ਹੀ ਛੋਟੇ ਪੱਧਰ ’ਤੇ ਸਫ਼ਲ ਹੋਇਆ ਹੈ ਜਾਂ ਕਹਿ ਲਓ ਕਿ ਅਜੇ ਸ਼ੁਰੂਆਤੀ ਤਜਰਬਿਆਂ ਦੀ ਸਟੇਜ ’ਤੇ ਹੈ। ਆਸ ਕਰ ਸਕਦੇ ਹਾਂ ਕਿ ਵੱਡੇ ਪੱਧਰ ’ਤੇ ਵੀ ਇਸ ਤਰ੍ਹਾਂ ਦਾ ਇਲਾਜ ਹੋਵੇਗਾ ਅਤੇ ਕਿਸੇ ਜਾਨਵਰ ਦਾ ਗੁਰਦਾ ਟਰਾਂਸਪਲਾਂਟ ਹੋਣ ਤੋਂ ਬਾਅਦ ਮਨੁੱਖ ਕਾਫੀ ਸਾਲਾਂ ਤਕ ਜੀਏਗਾ।
ਛੇਤੀ ਹੀ ਅਜਿਹੇ ਟਰਾਂਸਪਲਾਂਟਾਂ ਦੀਆਂ ਲੇਟੈਸਟ ਖੋਜਾਂ ਬਾਰੇ ਜਾਣਕਾਰੀ ਭਾਰਤ ਵਿੱਚ ਵੀ ਪਹੁੰਚ ਜਾਏਗੀ ਅਤੇ ਭਾਰਤ ਵਿੱਚ ਵੀ ਅਜਿਹੇ ਇਲਾਜ ਸੰਭਵ ਹੋ ਜਾਣਗੇ। ਅਜੇ ਅਮਰੀਕਾ ਵਿੱਚ ਜਾ ਕੇ ਇਹ ਟ੍ਰਾਂਸਪਲਾਂਟ ਕਰਵਾਉਣਾ ਆਮ ਏਸ਼ੀਆਈ ਵਿਅਕਤੀ ਛੱਡ ਕੇ ਮੱਧ ਵਰਗੀ ਇਨਸਾਨ ਲਈ ਵੀ ਅਸੰਭਵ ਲਗਦਾ ਹੈ। ਅਮਰੀਕਾ ਵਿੱਚ ਇਲਾਜ ਐਨਾ ਮਹਿੰਗਾ ਹੈ ਕਿ ਕਈ ਅਮਰੀਕਾ ਵਸੇ ਭਾਰਤੀ ਕਿਸੇ ਮਾੜੇ ਮੋਟੇ ਇਲਾਜ ਲਈ ਭਾਰਤ ਆਉਂਦੇ ਹਨ। ਆਉਣ ਜਾਣ ਦੇ ਖਰਚੇ ਤੋਂ ਇਲਾਵਾ, ਇੱਥੇ ਇਲਾਜ ਕਰਵਾਉਣ ਅਤੇ ਰਿਸ਼ਤੇਦਾਰੀ ਵਿੱਚ ਹੋਣ ਵਾਲੇ ਖਰਚਿਆਂ ਸਮੇਤ ਕੁੱਲ ਖਰਚੇ ਅਮਰੀਕਾ ਵਿੱਚ ਕਰਵਾਏ ਇਲਾਜ ਦੇ ਖਰਚਿਆਂ ਤੋਂ ਬਹੁਤ ਘੱਟ ਹੁੰਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5223)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.