MandipKhurmi7ਇੱਕ ਦੂਜੇ ਨੂੰ ਅੱਖਾਂ ਕੱਢ ਕੱਢ ਵੰਗਾਰਨ ਵਾਲੇ ਨੇਤਾ ...
(8 ਨਵੰਬਰ 2016)

 

ਅਮਰੀਕਾ ਦਾ ਰਾਜਨੀਤਕ ਮਾਹੌਲ ਵਿਸ਼ਵ ਭਰ ਦੇ ਲੋਕਾਂ ਦਾ ਧਿਆਨ ਸਿਰਫ਼ ਇਸੇ ਗੱਲੋਂ ਖਿੱਚ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਰਾਜਨੀਤਕ ਵਿਰੋਧੀ ਇੱਕ ਦੂਜੇ ਨਾਲ ਸੰਵਾਦ ਰਚਾਉਂਦੇ ਹਨ। ਉਹਨਾਂ ਦੀ ਬੋਲ-ਚਾਲ ਦੀ ਭਾਸ਼ਾ ਦਾ ਪੱਧਰ, ਦਲੀਲਬਾਜ਼ੀ, ਲੋਕ ਸਮੱਸਿਆਵਾਂ ਦਾ ਗਿਆਨ ਸੰਵਾਦ ਦੌਰਾਨ ਨਿੱਤਰ ਕੇ ਸਾਹਮਣੇ ਆ ਰਿਹਾ ਹੈ। ਲੋਕ ਜਿਸ ਨੇਤਾ ਦੇ ਸਾਰੇ ਪੱਖਾਂ ਤੋਂ ਸੰਤੁਸ਼ਟ ਹੋਣਗੇ, ਉਸੇ ਨੂੰ ਹੀ ਲੋਕਾਂ ਦਾ ਪਿਆਰ ਵੋਟਾਂ ਦੇ ਰੂਪ ਵਿੱਚ ਮਿਲੇਗਾ। ਇਸ ਪਿਰਤ ਦੀਆਂ ਗੱਲਾਂ ਭਾਰਤੀ ਮੀਡੀਆ ਸਾਧਨਾਂ ਰਾਹੀਂ ਲੋਕਾਂ ਅੱਗੇ ਪ੍ਰਸਾਰਿਤ ਹੋਣ ਉਪਰੰਤ ਭਾਰਤੀ ਲੋਕ ਵੀ ਅਜਿਹੀ “ਰੀਤ” ਪ੍ਰਤੀ ਆਸਵੰਦ ਨਜ਼ਰ ਆਉਂਦੇ ਹਨ। ਹੁਣ ਤੱਕ ਦੀ ਭਾਰਤੀ ਰਾਜਨੀਤੀ ਵਿੱਚ ਬੇਸ਼ੱਕ ਕਿਸੇ ਵੀ ਦੋ ਵਿਰੋਧੀ ਰਾਜਨੀਤਕ ਦਲਾਂ ਦੇ ਆਗੂ ਇੱਕ ਮੰਚ ਤੋਂ ਸਿਆਸੀ ਤੌਰ ’ਤੇ ਮੁਖ਼ਾਤਿਬ ਨਾ ਹੋਏ ਹੋਣ ਪਰ ਬੀਤੇ ਦਿਨੀਂ ਟਵਿੱਟਰ ਰਾਹੀਂ ਆਮ ਆਦਮੀ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਦੂਜੇ ਨਾਲ ਮਿਹਣੋ-ਮਿਹਣੀ ਹੋਣ ਵਾਂਗ ਟਵਿਟਰੋ-ਟਵਿਟਰੀ ਹੋਣ ਮੌਕੇ ਜਨਤਕ ਸੰਵਾਦ ਰਚਾਉਣ ਦੇ ਚੈਲਿੰਜਾਂ ਨੇ ਲੋਕਾਂ ਵਿੱਚ ਇਸ ਆਸ ਦਾ ਬੀਅ ਬੀਜ ਦਿੱਤਾ ਹੈ ਕਿ ਸੰਵਾਦ ਰਚਾਉਣ ਦੀ ਪਿਰਤ ਭਾਰਤ ਵਿੱਚ ਵੀ ਕਿਸੇ ਨਾ ਕਿਸੇ ਜਗ੍ਹਾ ਜ਼ਰੂਰ ਅਮਲੀ ਰੂਪ ਵਿੱਚ ਦੇਖਣ ਨੂੰ ਮਿਲੇਗੀ।

ਇਹ ਵੀ ਸੱਚ ਹੈ ਕਿ ਅਕਸਰ ਹੀ ਭਾਰਤੀ ਨੇਤਾਵਾਂ (ਪੰਜਾਬ ਸਮੇਤ) ਵੱਲੋਂ ਅਜਿਹੀਆਂ ਬਹਿਸਾਂ ਕਰਨ ਲਈ ਵੰਗਾਰਨ ਦੇ ਬਿਆਨ ਦਾਗੇ ਤਾਂ ਅਨੇਕਾਂ ਵਾਰ ਪੜ੍ਹੇ ਸੁਣੇ ਹਨ ਪਰ ਅਸਲੀਅਤ ਵਿੱਚ ਵੰਗਾਰਾਂ ਨੂੰ ਕਬੂਲ ਕਿਸੇ ਨਹੀਂ ਕੀਤਾ। ਲੋਕਾਂ ਕੋਲੋਂ ਅਜਿਹੀਆਂ ਭਾਵੁਕਤਾ ਭਰਪੂਰ ਵੰਗਾਰਾਂ ਕਰਕੇ ਵੋਟਾਂ ਤਾਂ ਹਾਸਲ ਕਰ ਲਈਆਂ ਜਾਂਦੀਆਂ ਹਨ ਪਰ ਲੋਕਾਂ ਨੂੰ ਜਨਤਕ ਬਹਿਸ ਦੇਖਣ ਨੂੰ ਨਹੀਂ ਮਿਲਦੀ। ਇੱਕ ਦੂਜੇ ਨੂੰ ਅੱਖਾਂ ਕੱਢ ਕੱਢ ਵੰਗਾਰਨ ਵਾਲੇ ਨੇਤਾ ਪੰਜ ਸਾਲਾਂ ਬਾਅਦ ਹੁੰਦੀਆਂ ਚੋਣਾਂ ਤੋਂ ਕੁਝ ਕੁ ਮਹੀਨੇ ਪਹਿਲਾਂ ਹੀ ਲੋਕਾਂ ਵਿੱਚ ਵਿਚਰਣਾ ਸ਼ੁਰੂ ਕਰਦੇ ਹਨ ਤਾਂ ਜੋ ਜਿੱਤ ਕੇ ਅਗਲੇ ਸਾਢੇ ਚਾਰ ਸਾਲ ਫੇਰ ਸੁਰੱਖਿਆ ਕਰਮੀਆਂ ਦੇ ਘੇਰੇ ਦਾ ਨਿੱਘ ਮਾਣਿਆ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਵੰਗਾਰਨ ਤੋਂ ਬਾਅਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਚਾਰ ਆਗੂਆਂ ਦੇ ਨਾਂਅ ਸੁਝਾਏ ਕਿ ਇਹਨਾਂ ਚਾਰਾਂ ਵਿੱਚੋਂ ਕਿਸੇ ਨਾਲ ਵੀ ਜਨਤਕ ਬਹਿਸ ਕਰਨ ਲਈ ਸਮਾਂ ਸਥਾਨ ਦੱਸ ਦਿਓ। ਬੇਸ਼ੱਕ ਇਸ ਵੰਗਾਰ ਕਰਕੇ ਫਿਲਹਾਲ ਰਾਜਾ ਸਾਹਿਬ ਇਹਨਾਂ ਚੋਣਾਂ ਤੋਂ ਪਹਿਲਾਂ ਚੰਗਾ ਮੁੱਢ ਬੰਨ੍ਹਣ ਦਾ ਯਤਨ ਕਰਨ ਲਈ ਵਧਾਈ ਦੇ ਪਾਤਰ ਹਨ ਉੱਥੇ ਉਹਨਾਂ ਦੀ ਕਹਿਣੀ ਕਰਨੀ ਦਾ ਸਬੂਤ ਦੇਣਾ ਲੋਕਾਂ ਵਿੱਚ ਸਤਿਕਾਰ ਦੇ ਪਾਤਰ ਬਣਨ ਲਈ ਬੇਹੱਦ ਜ਼ਰੂਰੀ ਹੈ ਕਿ ਉਹ ਕੇਜਰੀਵਾਲ ਵੱਲੋਂ ਸੁਝਾਏ ਗਏ ਚਾਰੇ ਨੇਤਾਵਾਂ ਵਿੱਚੋਂ ਕਿਸੇ ਇੱਕ ਨਾਲ ਜਨਤਕ ਬਹਿਸ ਕਰਨ ਨੂੰ ਕਬੂਲ ਕਰਨ। ਲੋਕ ਵੀ ਇਹ ਦੇਖਣ ਲਈ ਬੇਹੱਦ ਉਤਸੁਕ ਹਨ ਕਿ ਉਹਨਾਂ ਦੇ ਮਹਿਬੂਬ ਨੇਤਾ ਆਪਣੀ ਜ਼ੁਬਾਨ ’ਤੇ ਖ਼ਰੇ ਉੱਤਰਨ ਦਾ ਕਿੰਨਾ ਕੁ ਦਮ ਰੱਖਦੇ ਹਨ? ਤੇ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਕਿੰਨੀ ਕੁ ਗੰਭੀਰਤਾ ਨਾਲ ਸੋਚਦੇ ਹਨ?

ਬੇਸ਼ੱਕ ਇਹ ਵੰਗਾਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੀ ਹੈ ਪਰ ਅਸਲ ਲੋਕਤੰਤਰਿਕ ਚੋਣ ਪ੍ਰਣਾਲੀ ਗਿਣੀ ਹੀ ਉਦੋਂ ਜਾਵੇਗੀ ਜਦੋਂ ਖਾਸ ਕਰਕੇ ਪੰਜਾਬ ਚੋਣਾਂ ਦੇ ਮੱਦੇਨਜ਼ਰ ਇਸ ਤਰ੍ਹਾਂ ਦੀ ਜਨਤਕ ਬਹਿਸ ਦਾ ਪ੍ਰਬੰਧ ਕੀਤਾ ਜਾਵੇ, ਜਿਸ ਵਿੱਚ ਪੰਜਾਬ ਦੇ ਸਮੁੱਚੇ ਰਾਜਨੀਤਕ ਦਲਾਂ ਦੇ ਇੱਕ ਇੱਕ ਪ੍ਰਤੀਨਿਧ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਲੋਕ ਜਾਂ ਲੋਕਾਂ ਦੁਆਰਾ ਪ੍ਰਵਾਣਿਤ ਨੁਮਾਇੰਦਾ ਉਹਨਾਂ ਰਾਜਨੀਤਕ ਦਲਾਂ ਦੇ ਪ੍ਰਤੀਨਿਧਾਂ ਤੋਂ ਲੋਕਾਂ ਦੇ ਜੀਵਨ ਨਾਲ ਜੁੜੇ ਸਵਾਲਾਂ ਦੇ ਜਵਾਬ ਮੰਗੇ। ਸਭ ਤੋਂ ਵੱਡੀ ਗੱਲ ਕਿ ਅਜਿਹੀ ਜਨਤਕ ਬਹਿਸ ਨੂੰ ਉਸ ਸੂਬੇ ਅੰਦਰ ਪ੍ਰਸਾਰਿਤ ਹੁੰਦੇ ਸਾਰੇ ਟੈਲੀਵਿਜ਼ਨ ਚੈੱਨਲਾਂ ਰਾਹੀਂ ਦਿਖਾਉਣਾ ਵੀ ਜਰੂਰੀ ਬਣਾਇਆ ਜਾਵੇ ਤਾਂ ਜੋ ਘਰੀਂ ਬੈਠੇ ਲੋਕ ਵੀ ਆਪਣੇ ਆਪਣੇ ਮਹਿਬੂਬ ਨੇਤਾ ਦੇ ਮੁਖਾਰਬਿੰਦ ਵਿੱਚੋਂ ਇਹ ਸੁਣ ਸਕਣ ਕਿ ਉਹ ਆਪਣੇ ਲੋਕਾਂ ਲਈ ਕੀ ਕੀ ਸੋਚਦੇ ਹਨ? ਇਸ ਪਿਰਤ ਨਾਲ ਜਿੱਥੇ ਲੋਕ ਇੱਕ ਦੂਜੇ ਦੇ ਆਹਮੋ ਸਾਹਮਣੇ ਬੈਠੇ ਨੇਤਾਵਾਂ ਦੀ ਬੋਲਬਾਣੀ ਦੇ ਦਰਸ਼ਨ-ਦੀਦਾਰੇ ਕਰ ਸਕਣਗੇ, ਉੱਥੇ ਉਹ ਚੋਣਾਂ ਦੇ ਨਿਯੁਕਤ ਦਿਨ ਤੱਕ ਇਹ ਤੈਅ ਕਰਨ ਜੋਕਰਾ ਮਨ ਜਰੂਰ ਬਣਾ ਸਕਣਗੇ ਕਿ ਕਿਸ ਨੇਤਾ ਨੇ ਉਹਨਾਂ ਦੇ ਭਲੇ ਦਿਨਾਂ ਲਈ ਵਜ਼ਨਦਾਰ ਗੱਲ ਕਹੀ ਸੀ? ਜੇ ਅਮਰੀਕਾ ਵਿਚ ਹਿਲੇਰੀ ਕਲਿੰਟਨ ਅਤੇ ਡੋਨਾਲਡ ਟਰੰਪ ਦੀਆਂ ਬਹਿਸਾਂ ਤੋਂ ਬਾਅਦ ਨਜ਼ਰ ਮਾਰੀਏ ਤਾਂ ਕੀ ਕਦੇ ਸੁਣਿਆ ਹੈ ਕਿ ਅਮਰੀਕੀ ਨੇਤਾਵਾਂ ਨੇ ਜਾਂ ਕਿਸੇ ਪਾਰਟੀ ਦੇ ਹੇਠਲੇ ਪੱਧਰ ਦੇ ਨੇਤਾਵਾਂ ਨੇ ਨਸ਼ੇ ਵੰਡ ਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ? ਬਿਲਕੁਲ ਨਹੀਂ, ਜ਼ਾਹਿਰ ਹੈ ਕਿ ਜੇ ਪੰਜਾਬ ਦੇ ਸਮੁੱਚੇ ਰਾਜਨੀਤਕ ਦਲ ਚੋਣਾਂ ਮੌਕੇ ਹੁੰਦੀ ਗੁੰਡਾਗਰਦੀ, ਨਸ਼ਾ ਵੰਡ ਕੇ ਵੋਟਾਂ ਹਾਸਲ ਕਰਨ ਦੀ ਖੇਡ, ਬੂਥ ਲੁੱਟਣ ਵਰਗੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਹਨ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਦਿਲ ਖੋਲ੍ਹ ਕੇ ਲੋਕਾਂ ਸਾਹਮਣੇ ਰੱਖਣੇ ਹੋਣਗੇ। ਜੇਕਰ ਇਸ ਵਾਰ ਦੀਆਂ ਚੋਣਾਂ ਤੋਂ ਪਹਿਲਾਂ ਇਸ ਪਿਰਤ ਲਈ ਸ਼੍ਰੋਮਣੀ ਅਕਾਲੀ ਦਲ (ਬ) ਆਪਣਾ ਹੱਥ ਅੱਗੇ ਵਧਾ ਕੇ ਬਾਕੀ ਸਭ ਧਿਰਾਂ ਨੂੰ ਇੱਕ ਮੰਚ ਤੇ ਬੈਠ ਕੇ ਜਨਤਕ ਬਹਿਸ ਕਰਨ ਲਈ ਸੱਦਾ ਦਿੰਦਾ ਹੈ ਤਾਂ ਇਹ ਗੱਲ ਇਤਿਹਾਸ ਦੇ ਪੰਨਿਆਂ ਤੇ ਅੰਕਿਤ ਹੋਣ ਵਾਂਗ ਹੋਵੇਗੀ। ਕਿਉਂਕਿ ਲਗਾਤਾਰ ਦੋ ਪਾਰੀਆਂ ਪੰਜਾਬ ਉੱਪਰ ਰਾਜ ਕਰਨ ਉਪਰੰਤ ਸ਼ਾਇਦ ਅਕਾਲੀ ਦਲ ਇੰਨਾ ਕੁ ਸਮਰੱਥ ਤਾਂ ਹੋਵੇਗਾ ਹੀ ਕਿ ਇੱਕ ਮੰਚ ’ਤੇ ਬੈਠੇ ਵਿਰੋਧੀਆਂ ਨੂੰ ਆਪਣੇ ਕੀਤੇ ਕੰਮਾਂ ਰਾਹੀਂ ਜਵਾਬ ਦੇ ਸਕੇ?

ਪੰਜਾਬ ਦੇ ਆਵਾਮ ਤਰਫ਼ੋਂ ਰਾਜਨੀਤਕ ਦਲਾਂ ਤੋਂ ਉਮੀਦ ਪ੍ਰਗਟਾਈ ਜਾ ਸਕਦੀ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਮੈਦਾਨ ਵਿੱਚ ਥਾਪੀ ਮਾਰ ਕੇ ਕਦੋਂ ਨਿੱਤਰਦੇ ਹਨ? ਫਿਰ ਹੀ ਲੋਕ ਯਕੀਨ ਕਰਨ ਲੱਗਣਗੇ ਕਿ ਸਿਆਸਤਦਾਨਾਂ ਦੀ ਕਹਿਣੀ ਕਰਨੀ ਇੱਕ ਹੈ ਨਹੀਂ ਤਾਂ ਉਹਨਾਂ ਦੇ ਦਿਮਾਗਾਂ ਵਿਚ ਇਹ ਧਾਰਨਾ ਹੋਰ ਵਧੇਰੇ ਪਕੇਰੀ ਹੋਵੇਗੀ ਕਿ ਸਿਆਸੀ ਲੋਕ ਕਹਿੰਦੇ ਕੁਝ ਹਨ ਤੇ ਕਰਦੇ ਕੁਝ ਹਨ। ਜਿਹੜਾ ਵੀ ਦਲ ਇਸ ਨਰੋਏ ਰੁਝਾਨ ਲਈ ਬਾਂਹ ਖੜ੍ਹੀ ਕਰਕੇ ਹਾਮੀ ਭਰਦਿਆਂ ਅੱਗੇ ਆਵੇਗਾ, ਉਸਦਾ ਨਾਂ ਭਾਰਤੀ ਰਾਜਨੀਤਕ ਇਤਿਹਾਸ ਵਿੱਚ ਮਾਣ ਨਾਲ ਲਿਆ ਜਾਂਦਾ ਰਹੇਗਾ। ਦੇਖਣਾ ਇਹ ਹੈ ਕਿ “ਕਿਸ ਮੇਂ ਹੈ ਕਿਤਨਾ ਦਮ?”

*****

(489)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

 

About the Author

ਮਨਦੀਪ ਖੁਰਮੀ

ਮਨਦੀਪ ਖੁਰਮੀ

Mandeep Khurmi Himmatpura.
Phone: (44 - 75191 - 12312)

Email: (mandeepkhurmi4u@gmail.com)

 

More articles from this author