MandipKhurmi7ਸੱਤਾਧਾਰੀ ਧਿਰ ਨਾਲ ਸੰਬੰਧਤ ਕਿਸੇ ਵੀ ਵਿਧਾਇਕ ਜਾਂ ਮੰਤਰੀ ਦੀਆਂ ਬੱਸਾਂ ਵਿੱਚ ਕੰਮ ਕਰਨ ਵਾਲੇ ਵੀ ਆਪਣੇ ਆਪ ਨੂੰ ...
(22 ਅਕਤੂਬਰ 2016)


ਸੂਬੇ ਦੇ ਲੋਕਾਂ ਵਲੋਂ ਦਿਲ ਖੋਲ੍ਹ ਕੇ ਪਾਈਆਂ ਵੋਟਾਂ ਦਾ ਨਤੀਜਾ ਸੀ ਕਿ ਬਾਦਲ ਪਰਿਵਾਰ ਨੂੰ ਸੂਬੇ ਦੇ ਰਾਜੇ ਦਾ ਮੁਕਟ ਹਾਸਲ ਹੋਇਆ। ਬੇਸ਼ੱਕ ਬਾਦਲ ਪਰਿਵਾਰ ਵੱਲੋਂ ਵੀ ਪੰਜਾਬ ਦੇ “ਵਿਕਾਸ” ਨੂੰ ਮੁੱਖ ਪ੍ਰਾਪਤੀ ਵਜੋਂ ਗਿਣਾਇਆ ਜਾ ਰਿਹਾ ਹੈ ਪਰ ਵਿਕਾਸ ਸ਼ਬਦ ਕਿਸ ਹੱਦ ਤਕ ਆਮ ਲੋਕਾਂ ਕੋਲ ਪਹੁੰਚਿਆ ਹੈ
, ਉਹ ਆਮ ਲੋਕ ਹੀ ਜਾਣਦੇ ਹਨ। ਇੱਕ ਰਾਜੇ ਲਈ ਤਾਂ ਸੂਬੇ ਦੇ ਰੇਤ ਦੇ ਕਣ ਤੋਂ ਲੈ ਕੇ ਪਹਾੜਾਂ ਤੱਕ ਦੀ ਸੰਪਤੀ ਜਾਨੋਂ ਪਿਆਰੀ ਹੋਣੀ ਚਾਹੀਦੀ ਹੈ ਪਰ ਇਹ ਕਿਸ ਤਰ੍ਹਾਂ ਦਾ ਰਾਜਕਾਲ ਹੋਇਆ ਕਿ ਰਾਜ ਦੇ ਮੁਨਾਫੇ ਵਿੱਚ ਵਾਧਾ ਕਰਨ ਵਾਲੇ ਸਾਰੇ ਅਦਾਰਿਆਂ ਦਾ ਠੈਂਗੇ ਨਾਲ ਠੈਂਗਾ ਖੜਕਦਾ ਹੋਵੇ ਪਰ ਸਰਕਾਰੀ ਪਦਵੀਆਂ ਉੱਪਰ ਬਿਰਾਜਮਾਨ ਲੋਕਾਂ ਦੇ ਕਾਰੋਬਾਰ ਸਰਕਾਰੀ ਅਦਾਰਿਆਂ ਉੱਪਰ ਹੀ ਅਮਰਵੇਲ ਵਾਂਗ ਵਲੇਵਾਂ ਮਾਰ ਲੈਣ?

ਚਾਹੀਦਾ ਤਾਂ ਇਹ ਸੀ ਕਿ ਪੰਜਾਬ ਦੇ ਲੋਕਾਂ ਲਈ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੇ ‘ਅੱਛੇ ਦਿਨ’ ਲਿਆਂਦੇ ਜਾਂਦੇ ਪਰ ਹੋਇਆ ਇਸ ਤੋਂ ਉਲਟ। ਅੱਜ ਤੋਂ ਦਸ ਪੰਦਰਾਂ ਵਰ੍ਹੇ ਪਹਿਲਾਂ ਜਿਹੜੀਆਂ ਸਰਕਾਰੀ ਬੱਸਾਂ ਪਿੰਡਾਂ ਤੋਂ ਸ਼ਹਿਰਾਂ ਤੱਕ ਲੋਕਾਂ ਨੂੰ ਢੋਣ ਦੇ ਕਾਰਜ ਵਿਚ ਰੁੱਝੀਆਂ ਰਹਿੰਦੀਆਂ ਸਨ, ਉਹਨਾਂ ਦਾ ਬਿਲਕੁਲ ਹੀ ਗੁੱਗਾ ਪੂਜਿਆ ਜਾ ਚੁੱਕਾ ਹੈ ਤੇ ਉਹਨਾਂ ਦੀ ਜਗ੍ਹਾ ਰੰਗ ਬਿਰੰਗੀਆਂ ਚਮਕਾਂ ਮਾਰਦੀਆਂ, “ਮਾਰੋ-ਮਾਰ ਕਰਦੀਆਂ”, ਹੈਲਪਰਾਂ ਦੇ ਨਾਂ ਹੇਠ ਲੱਠਮਾਰਾਂ ਨਾਲ ਤਾਇਨਾਤ, ਪ੍ਰੈੱਸ਼ਰ ਹਾਰਨ ਮਾਰ ਮਾਰ ਲੋਕਾਂ ਦਾ ਜਿਉਣਾ ਦੁੱਭਰ ਕਰਦੀਆਂ ਘਰਾਣਿਆਂ ਦੀਆਂ ਬੱਸਾਂ ਨੇ ਲੈ ਲਈ। ਸਰਕਾਰੀ ਅਦਾਰੇ ਇਸ ਕਦਰ ਕੰਗਾਲੀ ਦੀ ਹਾਲਤ ਦੇ ਸ਼ਿਕਾਰ ਹੋ ਗਏ ਹਨ ਕਿ ਖੜਖੜ ਕਰਦੀਆਂ ਬੱਸਾਂ ਨੂੰ ਮੁਰੰਮਤ ਲਈ ਪੁਰਜੇ ਮਿਲਣੇ ਵੀ ਨਦਾਰਦ ਹੋ ਗਏ ਤੇ ਪੇਚਾਂ ਦੀ ਜਗ੍ਹਾ ਵੀ ਪੱਕੀ ਵੈਲਡਿੰਗ ਦੇ ਟੁੱਚ ਲਗਾ ਕੇ ਡੰਗ ਟਪਾਇਆ ਜਾਂਦਾ ਇਹਨਾਂ ਅੱਖਾਂ ਨਾਲ ਦੇਖਿਆ ਹੈ।

ਇਹਨਾਂ ਸਤਰਾਂ ਦੇ ਲੇਖਕ ਵੱਲੋਂ ਕੁਝ ਸਮਾਂ ਟਰਾਂਸਪੋਰਟ ਮਹਿਕਮੇ ਵਿਚ ਨੌਕਰੀ ਕਰਦੇ ਸਮੇਂ ਹੋਏ ਕੌੜੇ ਤਜ਼ਰਬੇ ਇਸ ਲਿਖਤ ਦਾ ਆਧਾਰ ਨਾ ਬਣਦੇ ਜੇਕਰ ਅੱਜ ਪੰਜਾਬ ਦੀਆਂ ਸੜਕਾਂ ਉੱਪਰ “ਸੜਕੀ ਅੱਤਵਾਦ” ਦੇ ਪਸਾਰੇ ਦੀ ਇੰਤਹਾ ਨਾ ਹੁੰਦੀ। ਨੌਕਰੀ ਦੇ ਦਿਨਾਂ ਵੇਲੇ ਵੀ ਇਹੀ ਮਹਿਸੂਸ ਕੀਤਾ ਸੀ ਕਿ ਜਿਵੇਂ ਥਾਣੇਦਾਰ ਦਾ ਭਾਰ ਢੋਅ ਕੇ ਗਧੀ ਗਧੀਆਂ ਵਿੱਚ ਨਹੀਂ ਰਲਦੀ, ਬਿਲਕੁਲ ਉਸੇ ਤਰ੍ਹਾਂ ਹੀ ਸੱਤਾਧਾਰੀ ਧਿਰ ਨਾਲ ਸੰਬੰਧਤ ਕਿਸੇ ਵੀ ਵਿਧਾਇਕ ਜਾਂ ਮੰਤਰੀ ਦੀਆਂ ਬੱਸਾਂ ਵਿੱਚ ਕੰਮ ਕਰਨ ਵਾਲੇ ਵੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਅਲੱਗ ਸਮਝਦੇ ਆ ਰਹੇ ਹਨ। ਸੜਕ ਉੱਪਰ ਚਲਦਿਆਂ ਸ਼ਾਇਦ ਇਹ ਮਹਿਸੂਸ ਕਰਦੇ ਹਨ ਜਿਵੇਂ ਸੜਕਾਂ ਸਿਰਫ਼ ਉਹਨਾਂ ਲਈ ਹੀ ਬਣਾਈਆਂ ਗਈਆਂ ਹੋਣ।

ਇਸ ਨੂੰ ਸੱਤਾ ਦਾ ਨਸ਼ਾ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ ਕਿ ਆਏ ਦਿਨ ਕੋਈ ਅਜਿਹੀ ਖ਼ਬਰ ਪੜ੍ਹਨ ਨੂੰ ਮਿਲਦੀ ਹੈ ਜਿਸ ਵਿੱਚ ਕਿਸੇ ਨਾ ਕਿਸੇ ਨੂੰ ਦਰੜ ਦੇਣ ਤੋਂ ਬਾਅਦ ਲੋਕਾਂ ਵੱਲੋਂ ਬੱਸ ਨੂੰ ਫੂਕ ਦੇਣ, ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ, ਇੱਕ ਜੀਅ ਨੂੰ ਸਰਕਾਰੀ ਨੌਕਰੀ ਦਾ “ਸਰਕਾਰੀ ਵਾਅਦਾ” ਮਿਲਣ ਤੋਂ ਬਾਅਦ ਉਹ ਖ਼ਬਰ ਭੁੱਲ ਭੁਲਾ ਜਾਂਦੀ ਹੈ ਤੇ ਨਵੀਂ ਖ਼ਬਰ ਦੀ ਉਡੀਕ ਸ਼ੁਰੂ ਹੋ ਜਾਂਦੀ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਨਿੱਜੀ ਬੱਸਾਂ ਦਾ ਮੁਨਾਫ਼ਾ ਇਕ ਪਰਿਵਾਰ ਦੇ ਖਾਤੇ ਵਿੱਚ ਜਾਂਦਾ ਹੈ ਪਰ ਖਮਿਆਜ਼ਾ ਉਹਨਾਂ ਹੀ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਜਿਹਨਾਂ ਨੇ ਰਾਜ-ਭਾਗ ਬਖਸ਼ਿਆ ਹੈ। ਉਦਾਹਰਣ ਦੇ ਤੌਰ ’ਤੇ ਜੇਕਰ ਬੱਸ ਕਿਸੇ ਨੂੰ ਦਰੜ ਕੇ ਮਾਰ ਜਾਂਦੀ ਹੈ ਤਾਂ ਹਰ ਵਾਰ ਦੀ ਤਰ੍ਹਾਂ ਲੋਕ ਬੱਸ ਨੂੰ ਫੂਕ ਵੀ ਦਿੰਦੇ ਹਨ ਤਾਂ ਬੱਸ ਦੀ ਮਾਲਕੀ ਵਾਲਾ ਪਰਿਵਾਰ ਕਿਸੇ ਵੀ ਪੱਖੋਂ ਘਾਟੇ ਵਿਚ ਨਹੀਂ ਰਹਿੰਦਾ। ਸਾੜੀ ਗਈ ਬੱਸ ਦੀ ਬੀਮਾ ਰਾਸ਼ੀ ਮਿਲ ਜਾਂਦੀ ਹੈ। ਪੀੜਤ ਪਰਿਵਾਰ ਨੂੰ ਮੁਆਵਜ਼ਾ ਰੂਪੀ “ਸਹਾਇਤਾ ਰਾਸ਼ੀ” ਸਰਕਾਰੀ ਖ਼ਜ਼ਾਨੇ ਵਿੱਚੋਂ ਦੇ ਦਿੱਤੀ ਜਾਂਦੀ ਹੈ ਤੇ ਕਿਸੇ ਨਾ ਕਿਸੇ ਜੀਅ ਨੂੰ ਸਰਕਾਰੀ ਨੌਕਰੀ।

ਬੇਸ਼ੱਕ ਅਸੀਂ ਇਸ ਨੌਕਰੀ ਮਿਲਣ ਦੇ ਖਿਲਾਫ ਨਹੀਂ ਹਾਂ ਪਰ ਇਸ ਗਲਤ ਪਾਈ ਜਾ ਰਹੀ ਪਿਰਤ ਦੇ ਜ਼ਰੂਰ ਖਿਲਾਫ਼ ਹਾਂ ਕਿ ਲੱਖਾਂ ਪੜ੍ਹੇ ਲਿਖੇ ਬੇਰੁਜ਼ਗਾਰ ਨੌਕਰੀਆਂ ਲਈ ਲੇਲੜ੍ਹੀਆਂ ਕੱਢਦੇ ਫਿਰਦੇ ਹਨ ਪਰ ਆਪਣੀ ਖੱਲ੍ਹ ਬਚਾਉਣ ਲਈ ਅਜਿਹੇ ਕਾਂਡ ਵਾਪਰਨ ਤੋਂ ਬਾਅਦ ਸਰਕਾਰੀ ਮੁਆਵਜ਼ਾ ਤੇ ਨੌਕਰੀ ਸਰਕਾਰੀ ਖ਼ਜਾਨੇ ਵਿੱਚੋਂ ਝੱਟ ਪਰੋਸ ਕੇ ਦੇ ਦਿੱਤੇ ਜਾਂਦੇ ਹਨ। ਗਲਤੀ ਇੱਕ ਨਿੱਜੀ ਕੰਪਨੀ ਦੇ ਬੱਸ ਚਾਲਕ ਦੀ, ਪਰ ਸਰਕਾਰੀ ਖ਼ਜ਼ਾਨੇ ਦਾ ਕੀ ਦੋਸ਼? ਨਿੱਜੀ ਕੰਪਨੀ ਦੀ ਬੱਸ ਵੱਲੋਂ ਹੁਣ ਤੱਕ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਮੁਆਵਜ਼ਾ ਅਤੇ ਨੌਕਰੀਆਂ ਦੇਣ ਦੀ ਕੀ ਤੁਕ? ਉਹਨਾਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਜਾਂ ਨੌਕਰੀ ਦੀ ਸਾਲਾਂਬੱਧੀ ਤਨਖਾਹ ਦਾ ਬੋਝ ਸਰਕਾਰੀ ਖਜ਼ਾਨੇ ’ਤੇ ਪਾਉਣ ਦੀ ਬਜਾਏ ਉਸ ਨਿੱਜੀ ਬੱਸ ਕੰਪਨੀ ਦੇ ਖਾਤੇ ਕਿਉਂ ਨਹੀਂ ਪਾਇਆ ਜਾਂਦਾ? ਜੇਕਰ ਅਜਿਹਾ ਪਹਿਲੇ ਹਾਦਸੇ ਵੇਲੇ ਹੀ ਹੋ ਜਾਂਦਾ ਤਾਂ ਕੰਪਨੀ ਮਾਲਕਾਂ ਨੂੰ ਇੰਨਾ ਕੁ ਸੇਕ ਲੱਗਣਾ ਸੀ ਕਿ ਅਗਲਾ ਹਾਦਸਾ ਵਾਪਰਨ ਦੀ ਨੌਬਤ ਹੀ ਨਹੀਂ ਸੀ ਆਉਣੀ, ਪਰ ਰਾਣੀ ਨੂੰ ਕੌਣ ਆਖੇ ਕਿ “ਰਾਣੀਏ ਅੱਗਾ ਢਕ।”

ਨਿੱਜੀ ਕੰਪਨੀਆਂ ਦੀਆਂ ਬੱਸ ਦੇ ਹਾਦਸਿਆਂ ਦੇ ਇਵਜ਼ ਵਿਚ ਪੀੜਤ ਪਰਿਵਾਰਾਂ ਨੂੰ ਮਾਇਕ ਸਹਾਇਤਾ ਦੇਣ ਦੀ ਗੱਲ ਦਿਮਾਗ ਦੇ ਖਾਨੇ ਵਿਚ ਫਿੱਟ ਨਹੀਂ ਬੈਠਦੀ। ਜੇ ਪਿੰਡ ਦੀ ਪੰਚਾਇਤ ਨੂੰ ਸਰਕਾਰ ਦਾ ਛੋਟਾ ਰੂਪ ਮੰਨ ਲਈਏ ਤੇ ਸਰਪੰਚ ਨੂੰ ਮੁੱਖ ਮੰਤਰੀ ਦਾ ਛੋਟਾ ਰੂਪ। ਪਿੰਡ ਦੇ ਕਿਸੇ ਵਿਅਕਤੀ ਤੋਂ ਸਾਈਕਲ ਬੇਕਾਬੂ ਹੋ ਕੇ ਕਿਸੇ ਦੀ ਲੱਤ ਬਾਂਹ ਤੋੜ ਦੇਵੇ, ਪੰਚਾਇਤ ਦਾ ਇਕੱਠ ਹੋਵੇ ਤਾਂ ਕਮਲਾ ਬੰਦਾ ਵੀ ਸਮਝ ਜਾਵੇਗਾ ਕਿ ਸੱਟ ਵੱਜੀ ਵਾਲੇ ਦੇ ਇਲਾਜ ਦਾ ਖਰਚਾ ਸਾਈਕਲ ਚਾਲਕ ਦੇ ਸਿਰ ਪਵੇਗਾ ਪਰ ਧੰਨ ਹੈ ਬਾਦਲ ਸਰਕਾਰ! ਜਿਸਨੇ ਆਪਣੇ ਫੈਸਲੇ ਰਾਹੀਂ ਇਹ ਸੰਕੇਤ ਦਿੱਤੇ ਹਨ ਕਿ ਜੇਕਰ ਅੱਗੇ ਤੋਂ ਅਜਿਹਾ ਕੋਈ ਮਾਮਲਾ ਪੰਚਾਇਤ ਕੋਲ ਆਵੇ ਤਾਂ ਸਾਈਕਲ ਚਾਲਕ ਸਾਫ਼ ਕਹਿ ਦੇਵੇ ਕਿ ਜੇ ਨਿੱਜੀ ਬੱਸ ਕੰਪਨੀ ਦੀ ਬੱਸ ਵੱਲੋਂ ਮਾਰੇ ਪਰਿਵਾਰ ਨੂੰ ਪੰਜਾਬ ਸਰਕਾਰ ਮੁਆਵਜ਼ਾ ਦੇ ਸਕਦੀ ਹੈ ਤਾਂ ਸਾਈਕਲ ਚਾਲਕ ਵੱਲੋਂ ਫੱਟੜ ਕੀਤੇ ਵਿਅਕਤੀ ਦੇ ਇਲਾਜ ਦਾ ਖਰਚਾ ਵੀ ਪੰਚਾਇਤ ਅਦਾ ਕਰੇ।

ਮੋਤੀਆਂ ਵਾਲੀ ਸਰਕਾਰ ਅੱਗੇ ਇਹੀ ਅਰਜੋਈ ਕੀਤੀ ਜਾ ਸਕਦੀ ਹੈ ਕਿ ਅਸੀਂ ਤੁਹਾਡੇ ਕੋਲੋਂ ਇੱਕ ਸੂਝਵਾਨ ਰਾਜੇ ਵਾਂਗ ਅਜਿਹੇ ਇਨਸਾਫ਼ ਦੀ ਆਸ ਰੱਖਦੇ ਹਾਂ, ਜਿਸ ਲਈ ਆਪਣੇ ਰਾਜ ਦੇ ਲੋਕ, ਰਾਜ ਦੀ ਸੰਪਤੀ ਆਪਣੇ ਪਰਿਵਾਰ ਤੋਂ ਪਹਿਲਾਂ ਹੁੰਦੇ ਹਨ। ਜੇਕਰ ਆਪਣੇ ਪਰਿਵਾਰ ਦਾ ਕੋਈ ਜੀਅ ਵੀ ਗਲਤੀ ਕਰਦਾ ਹੈ ਤਾਂ ਉਸ ਨਾਲ ਵੀ ਉਸੇ ਤਰ੍ਹਾਂ ਦਾ ਸਲੂਕ ਹੋਣਾ ਚਾਹੀਦਾ ਹੈ, ਜਿਸ ਤਰ੍ਹਾਂ ਦਾ ਬਾਕੀਆਂ ਨਾਲ ਹੁੰਦਾ ਹੈਬਾਦਲ ਪਰਿਵਾਰ ਦੇ ਕਰਿੰਦੇ ਹੋਣ ਦਾ ਰੋਹਬ ਜਮਾ ਕੇ ਸੜਕਾਂ ਉੱਪਰ ਮੌਤ ਦਾ ਤਾਂਡਵ ਨਾਚ ਕਰਾਉਂਦੇ ਮੁਲਾਜ਼ਮਾਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਦੇਣ ਦੀ ਲੋੜ ਹੈ ਤਾਂ ਜੋ ਬਾਦਲ ਪਰਿਵਾਰ ਦਾ ਅਕਸ ਖਰਾਬ ਨਾ ਹੋਵੇ।

*****

(471)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਮਨਦੀਪ ਖੁਰਮੀ

ਮਨਦੀਪ ਖੁਰਮੀ

Mandeep Khurmi Himmatpura.
Phone: (44 - 75191 - 12312)

Email: (mandeepkhurmi4u@gmail.com)

 

More articles from this author