DarbaraSKahlon7ਭਾਰਤ ਭਲੀਭਾਂਤ ਜਾਣਦਾ ਹੈ ਕਿ ਕਿਵੇਂ ਪੱਛਮੀ ਆਗੂ ਚੀਨ ਦੇ ਡਰੋਂ ਭਾਰਤ ਦੀ ਵਿਸ਼ਵ ਦੇ ਤਾਕਤਵਰ ਲੋਕਤੰਤਰ ਵਜੋਂ ...
(17 ਅਪ੍ਰੈਲ 2023)
ਇਸ ਸਮੇਂ ਪਾਠਕ: 186.


ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰਸ਼ਨ (ਬੀ.ਬੀ.ਸੀ) ਪੱਛਮ ਸਥਿਤ ਇੱਕ ਐਸਾ ਪੱਤਰਕਾਰੀ ਦਾ ਮਸ਼ਹੂਰ ਅਦਾਰਾ ਹੈ ਜਿਸ ਨੂੰ ਇਹ ਲੋਟੂ ਬਸਤੀਵਾਦੀ ਸਾਮਰਾਜਵਾਦੀ ਆਪਣੇ ਸੌੜੇ ਸਿਆਸੀ
, ਬਸਤੀਵਾਦੀ, ਯੁੱਧਨੀਤਕ, ਡਿਪਲੋਮੈਟਿਕ ਹਿਤਾਂ ਦੀ ਰਾਖੀ ਲਈ ‘ਅਜ਼ਾਦ ਅਤੇ ਤੱਥ ਅਧਾਰਤ ਪ੍ਰੈੱਸ ਦਾ ਮੁਜੱਸਮਾ’ ਪ੍ਰਚਾਰਦੇ ਚਲੇ ਆ ਰਹੇ ਹਨਪਰ ਜੇਕਰ ਇਸਦੀ ਸਮੁੱਚੀ ਰਿਪੋਰਟਿੰਗ ਅਤੇ ਪ੍ਰੈੱਸਤੰਤਰ ਦੀ ਬਾਰੀਕੀ ਨਾਲ ਘੋਖ ਕੀਤੀ ਜਾਵੇ ਤਾਂ ਇਹ ਇੱਕ ਰਾਇ ਸਥਾਪਿਤ ਕਰਨ ਵਾਲਾ ਪੱਤਰਕਾਰੀ ਅਦਾਰਾ ਹੈਹਕੀਕਤ ਵਿੱਚ ਇਹ ਪੱਛਮੀ ਸਾਮਰਾਜਵਾਦ ਦਾ ਤਾਕਤਵਰ ਸਥਾਪਿਤ ਪ੍ਰਾਪੇਗੰਡਾ ਮਸ਼ੀਨਰੀ ਅਦਾਰਾ ਹੈਜਿਨ੍ਹਾਂ ਦੇਸ਼ਾਂ ਨਾਲ ਪੱਛਮ ਵਿਚਾਰਧਾਰਕ, ਯੁੱਧਨੀਤਕ, ਰਾਜਨੀਤਕ, ਆਰਥਿਕ ਮਤਭੇਦ ਅਤੇ ਵਿਰੋਧ ਰੱਖਦਾ ਹੈ ਅਤੇ ਸੁਖਾਵੀਂ ਅੱਖ ਵੇਖਣਾ ਨਹੀਂ ਮੰਗਦਾ, ਇਹ ਉਨ੍ਹਾਂ ਉੱਤੇ ਪ੍ਰੈੱਸ ਹਮਲਾ ਕਰਨ ਵਾਲਾ ਤਾਕਤਵਰ ਸੰਦ ਹੈਜਦੋਂ ਵਿਸ਼ਵ ਬਿਰਾਦਰੀ ਦਾ ਕੋਈ ਲੋਕਤੰਤਰੀ ਜਾਂ ਗੈਰ ਲੋਕਤੰਤਰੀ ਦੇਸ਼ ਇਸ ਪ੍ਰੈੱਸ ਹੱਥਕੰਡੇ ਦੀ ਵਿਰੋਧਤਾ ਕਰਦਾ ਹੈ ਤਾਂ ਫਿਰ ਬੜੇ ਧੂਮ-ਧੜੱਕੇ ਨਾਲ ਪੱਛਮੀ ਸਾਮਰਾਜਵਾਦ, ਇਸਦੇ ਪ੍ਰੈੱਸ ਸਹਿਯੋਗੀ ਅਤੇ ਇਸ ਨਾਲ ਹਮਦਰਦੀ ਰੱਖਣ ਵਾਲੇ ਪ੍ਰਬੁੱਧ ਲੋਕ ‘ਪ੍ਰੈੱਸ ਦੀ ਅਜ਼ਾਦੀ ’ਤੇ ਹਮਲਾ’ ਕਰਾਰ ਦਿੰਦੇ ਹਨਬਰਤਾਨਵੀ ਅੰਧ ਭਗਤ ਰਾਜਨੀਤੀਵਾਨ, ਪ੍ਰਬੁੱਧ ਵਿਚਾਰਧਾਰਕ ਸ਼ਖਸੀਅਤਾਂ ਅਤੇ ਡਿਪਲੋਮੈਟ ਇਸ ਨੂੰ ਬਰਤਾਨਵੀ ਅਜ਼ਾਦ ਪ੍ਰੈੱਸ ਦਾ ਖਜ਼ਾਨਾ ਕਰਾਰ ਦਿੰਦੇ ਹਨ ਜਦੋਂ ਕਿ ਵਿਸ਼ਵ ਅੰਦਰ ਇਹ ਸਾਮਰਾਜਵਾਦੀ ਸ਼ਕਤੀਆਂ ਦੇ ਪ੍ਰੈੱਸ ਸੰਦ ਵਜੋਂ ਬਦਨਾਮ ਹੋ ਚੁੱਕਾ ਅਦਾਰਾ ਹੈਅੱਜ ਬਹੁਤ ਸਾਰੇ ਪ੍ਰੈੱਸ ਅਦਾਰੇ ਆਪਣੇ ਨਿਰਪੱਖ ਸਿਧਾਂਤਾਂ, ਕੁਰਬਾਨੀਆਂ ਅਤੇ ਚੌਥੇ ਲੋਕਤੰਤਰ ਦੇ ਅਡਿੱਗ ਸਤੰਭ ਵਜੋਂ ਵਿਸ਼ਵ ਅੰਦਰ ਸਥਾਪਿਤ ਹਨਉਨ੍ਹਾਂ ਨੇ ਬੇਬਾਕ ਅਤੇ ਨਿਡਰ ਅਤੇ ਨਿਰਪੱਖ ਪੱਤਰਕਾਰਤਾ ਦਾ ਪ੍ਰਮਾਣਿਤ ਸਬੂਤ ਪ੍ਰਸਤੁਤ ਕਰਦਿਆਂ ਇਸਦੀ ਸਰਦਾਰੀ ਨੂੰ ਖ਼ਤਮ ਕਰ ਦਿੱਤਾ ਹੈ

ਪਿਛਲੇ ਦਿਨੀਂ ਵਿਸ਼ਵ ਦੇ ਵਿਸ਼ਾਲ ਲੋਕਤੰਤਰ ਵਜੋਂ ਸਥਾਪਿਤ ਭਾਰਤ ਬੀ.ਬੀ.ਸੀ. ਸਬੰਧਿਤ ਦਿੱਲੀ ਅਤੇ ਮੁੰਬਈ ਵਿਖੇ ਦਫਤਰਾਂ ਵਿੱਚ ਭਾਰਤ ਸਰਕਾਰ ਦੇ ਇਨਕਮ ਟੈਕਸ ਵਿਭਾਗ ‘ਇਨਕਮ ਟੈਕਸ ਸਰਵੇਖਣ’ ਵੱਲੋਂ ਤਿੰਨ ਰੋਜ਼ਾ (14 ਫਰਵਰੀ ਤੋਂ 16 ਫਰਵਰੀ, 2023) ਛਾਪਿਆਂ ਨਾਲ ਬਿੱਲੀ ਥੈਲਿਉਂ ਬਾਹਰ ਆ ਗਈਇਨ੍ਹਾਂ ਛਾਪਿਆਂ ਨੂੰ ਆਮ ਜਾਂਚ-ਪੜਤਾਲ ਪ੍ਰਕ੍ਰਿਆ ਨਾਲੋਂ ਤੁਰੰਤ ਅਲੱਗ ਕਰਦਿਆਂ ਇਸ ਤਾਕਤਵਰ ਅਦਾਰੇ, ਇਸਦੇ ਭਾਰਤ ਅਤੇ ਪੱਛਮ ਵਿਚਲੇ ਹਮਦਰਦੀ ਪੱਤਰਕਾਰੀ ਅਦਾਰਿਆਂ, ਰਾਜਨੀਤਕ ਹਿਮਾਇਤੀਆਂ ਨੇ ‘ਬੀ.ਬੀ.ਸੀ. ਡਾਕੂਮੈਟਰੀ’ ਇੰਡੀਆ: ਦਾ ਮੋਦੀ ਕੁਐਸਚਨ’ ਨਾਲ ਜੋੜ ਕੇ ਹਮਲੇ ਸ਼ੁਰੂ ਕਰ ਦਿੱਤੇਬ੍ਰਿਟਿਸ਼ ਪਾਰਲੀਮੈਂਟ ਵਿੱਚ ਇਸ ਸਬੰਧੀ ਚਰਚਾ ਸਾਹਮਣੇ ਆਈਬ੍ਰਿਟਿਸ਼ ਸਾਮਰਾਜਵਾਦ ਅਤੇ ਇਸਦੀ ਸਰਕਾਰ ਦਾ ਇਸ ਸਬੰਧੀ ਚਿਹਰਾ ਬੇਨਕਾਬ ਹੋ ਗਿਆ

ਅਸੀਂ ਇਸਦੀ ਡਾਕੂਮੈਂਟਰੀ ’ਤੇ ਕੋਈ ਤਬਸਰਾ ਨਹੀਂ ਕਰਦੇਇਹ ਭਾਰਤੀ ਜਨਤਾ ਪਾਰਟੀ, ਉਸਦੇ ਆਗੂ, ਵਿਚਾਰਧਾਰਕ ਸਹਿਯੋਗੀ ਸੰਸਥਾ ਆਰ.ਐੱਸ.ਐਸ. ਜਾਂ ਗੁਜਰਾਤ ਪ੍ਰਾਂਤ ਦੇ ਮੁੱਖ ਮੰਤਰੀ ਰਹੇ ਸ਼੍ਰੀ ਨਰੇਂਦਰ ਮੋਦੀ ਸਬੰਧਿਤ ਵਿਸ਼ਾ ਹੋ ਸਕਦਾ ਹੈ ਪਰ ਨਿਰਪੱਖ ਤੌਰ ’ਤੇ ਕਈ ਵਿਸ਼ਵ ਪ੍ਰਸਿੱਧ ਸੰਸਥਾਵਾਂ ਨਾਲ ਜੁੜੇ ਪ੍ਰਬੰਧ ਵਿਚਾਰਧਾਰਕ ਸ਼ਖਸੀਅਤਾਂ, ਪ੍ਰਬੁੱਧ ਰਾਜਨੀਤਕ-ਯੁੱਧਨੀਤਕ ਵਿਸ਼ਿਆਂ ਦੇ ਮਾਹਿਰ, ਖੋਜੀ ਇਸ ਡਾਕੂਮੈਂਟਰੀ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਵਿਕਾਸ ਕਰ ਰਹੇ ਭਾਰਤ, ਜਿਸ ਨੇ ਬਰਤਾਨਵੀ ਬਸਤੀਵਾਦੀ ਨਿਜ਼ਾਮ ਵਜੋਂ ਬਦਨਾਮ ਰਾਸ਼ਟਰ ਨੂੰ 5ਵੀਂ ਤਾਕਤਵਰ ਅਰਥ ਵਿਵਸਥਾ ਦੇ ਸਥਾਨ ਤੋਂ ਚੁੱਕ ਕੇ ਬਾਹਰ ਮਾਰਦਿਆਂ ਭਾਰਤ ਨੂੰ ਵਿਸ਼ਵ ਦੀ 5ਵੀਂ ਤਾਕਤਵਰ ਆਰਥਿਕ ਸ਼ਕਤੀ ਵਜੋਂ ਸਥਾਪਿਤ ਕਰਨ, ਮੋਦੀ ਦੇ ਕੰਮ ਕਰਨ ਅਤੇ ਸ਼ਾਸਨ ਚਲਾਉਣ ਦੇ ਸਟਾਈਲ, ਉਸਦੀ ਵਿਸ਼ਵ ਪ੍ਰਸਿੱਧੀ ਅਤੇ ਤਾਕਤਵਰ ਆਗੂਆਂ ਵਿੱਚ ਸ਼ਮੂਲੀਅਤ ਅਤੇ ਮਕਬੂਲੀਅਤ, ਭਾਰਤੀ ਲੋਕਤੰਤਰ ਦੀ ਮਜ਼ਬੂਤੀ, ਭਾਰਤੀ ਦੀ ਆਰਥਿਕਤਾ ਵੱਲੋਂ ਕਰੋਨਾ ਮਹਾਂਮਾਰੀ ਅਤੇ ਬਾਅਦ ਵਿੱਚ ਪੈਦਾ ਕੌਮਾਂਤਰੀ ਮੰਤਹਾਲੀ ਤੋਂ ਭਾਰਤ ਨੂੰ ਬਚਾ ਕੇ ਰੱਖਣ ਦੀ ਸਮਰੱਥਾ ਤੋਂ ਉਤਪਨ ਸਾੜੇ ਕਰਕੇ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੰਦੇ ਹਨ

ਬੀ.ਬੀ.ਸੀ. ਭਾਰਤੀ ਲੋਕਤੰਤਰ ਦੀਆਂ ਪ੍ਰਾਪਤੀਆਂ, ਵਾਤਾਵਰਣ ਸਵੱਛਤਾ, ਗੰਗਾ ਅਤੇ ਹੋਰ ਨਦੀਆਂ ਦੀ ਸਫਾਈ, ਸਮਾਰਟ ਸਿਟੀ ਸਥਾਪਿਤੀ, ਜਨਤਕ ਭਲਾਈ ਸਕੀਮਾਂ ਪੱਛਮ ਨਾਲੋਂ ਸਸਤਾ ਅਤੇ ਵਧੀਆ ਇਲਾਜ ਦੇਣ, ਚੀਨ ਵਰਗੇ ਗੁਆਢੀਆਂ ਨੂੰ ਟੱਕਰ ਦੇਣ, ਭਾਰਤੀ ਫੌਜ ਦੀ ਵਿਸ਼ਵ ਅੰਦਰ ਪ੍ਰੋਫੈਸ਼ਨਲ ਸਰਵਉੱਚਤਾ, ਲੋਕਤੰਤਰੀ ਅਦਾਰਿਆਂ ਦੀ ਰਾਖੀ ਅਤੇ ਵਿਕਾਸ ਦੀ ਥਾਂ ਹਮੇਸ਼ਾ ਪਛੜੇ ਜਾਂ ਕਮੀਆਂ ਵਾਲੇ ਵਿਸ਼ਿਆਂ ਨੂੰ ਉਭਾਰਨ ਵੱਲ ਰੁਚਿਤ ਰਹਿੰਦਾ ਹੈਅਜਿਹਾ ਦੋਹਰਾ ਮਖੌਟਾ ਅਕਸਰ ਦੂਸਰੇ ਪੱਤਰਕਾਰੀ ਅਦਾਰੇ ਬੇਨਕਾਬ ਕਰਨੋਂ ਪਲ ਨਹੀਂ ਲਾਉਂਦੇਇਵੇਂ ਇਸ ਅਦਾਰੇ ਦੀ ਮਕਬੂਲੀਅਤ, ਨਿਰਪੱਖਤਾ ਅਤੇ ਖੋਜੀ ਪੱਤਰਕਾਰੀ ਬੇਨਕਾਬ ਹੋਈ ਹੈ

ਅੱਜ ਵਿਸ਼ਵ ਦੇ ਦੂਸਰੇ ਅਗਾਂਹਵਧੂ ਦੇਸ਼ਾਂ ਜਿਵੇਂ ਭਾਰਤ, ਚੀਨ, ਜਪਾਨ, ਕੋਰੀਆ, ਵੀਅਤਨਾਮ, ਲਾਤੀਨੀ ਅਤੇ ਅਫਰੀਕੀ ਦੇਸ਼ਾਂ ਵਿੱਚ ਪੱਛਮੀ ਲੋਕਤੰਤਰ ਕਦਰਾਂ ਕੀਮਤਾਂ ਦਾ ਕੋਈ ਪ੍ਰਭਾਵ ਨਹੀਂ ਰਿਹਾਇਨ੍ਹਾਂ ਦੀ ਪ੍ਰਾਪੇਗੰਡਾ ਮਸ਼ੀਨਰੀ ਬੀ.ਬੀ.ਸੀ. ਅਤੇ ਹੋਰ ਅਦਾਰੇ ਹੁਣ ਉਨ੍ਹਾਂ ਨੂੰ ਗੁਮਰਾਹ ਨਹੀਂ ਕਰ ਸਕਦੇਜਿਸ ਦੇਸ਼ (ਯੂ.ਕੇ.) ਵਿੱਚ 6 ਮਹੀਨਿਆਂ ਵਿੱਚ 4 ਪ੍ਰਧਾਨ ਮੰਤਰੀ ਬਦਲੇ ਹੋਣ ਉਸ ਦੀਆਂ ਗਰਕ ਹੋਈਆਂ ਲੋਕਤੰਤਰੀ ਕਦਰਾਂ-ਕੀਮਤਾਂ, ਸਦਾਚਾਰਕ ਗਿਰਾਵਟ, ਰਾਜਨੀਤਕ ਵੇਸਵਾਗਮਨੀ ਅਤੇ ਧੋਖਾਧੜੀ ਵੱਲ ਦੂਸਰੇ ਸਿਹਤਮੰਦ ਲੋਕਤੰਤਰ ਧਿਆਨ ਕਿਉਂ ਦੇਣ?

ਭਾਰਤੀ ਪ੍ਰਸ਼ਾਸਨ ਅਤੇ ਸੱਤਾਧਾਰੀ ਅਥਾਰਟੀ ਜੇਕਰ ਬੀ.ਬੀ.ਸੀ. ਨੂੰ ‘ਬਸਤੀਵਾਦੀ ਪ੍ਰਾਪੇਗੰਡਾ ਟੂਲ’ ਦਰਸਾਉਂਦਾ ਹੈ ਤਾਂ ਗਲਤੀ ਕਿੱਥੇ ਕਰ ਰਿਹਾ ਹੈਗੁਜਰਾਤ ਅੰਦਰ ਸੰਨ 2002 ਦੇ ਫਿਰਕੂ ਦੰਗਿਆਂ ਸਬੰਧੀ ਤੱਤਕਾਲੀ ਮੁੱਖ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਸੁਪਰੀਮ ਕੋਰਟ ਵੱਲੋਂ ਬੈਠਾਈ ਜਾਂਚ ਨੇ ਸੰਨ 2012 ਵਿੱਚ ਬਰੀ ਕਰਾਰ ਦੇ ਦਿੱਤਾ ਸੀਬੀ.ਬੀ.ਸੀ. ਬੜੇ ਲੁਕਵੇਂ ਢੰਗ ਨਾਲ ‘ਠੰਢੀ ਜੰਗ’ ਕਾਲ ਵੇਲੇ ਇਸਦੀਆਂ ਸਾਬਕਾ ਬਸਤੀਆਂ ਉਸ ਦੀ ਹਿਮਾਇਤ, ਪਿੱਠ ਪੂਰਨ ਅਤੇ ਦੁੰਮਛਲਾ ਬਣੇ ਰਹਿਣ ਦਾ ਪ੍ਰਾਪੇਗੰਡਾ ਕਰਦਾ ਰਿਹਾ ਹੈ

ਭਾਰਤ ਭਲੀਭਾਂਤ ਜਾਣਦਾ ਹੈ ਕਿ ਕਿਵੇਂ ਪੱਛਮੀ ਆਗੂ ਚੀਨ ਦੇ ਡਰੋਂ ਭਾਰਤ ਦੀ ਵਿਸ਼ਵ ਦੇ ਤਾਕਤਵਰ ਲੋਕਤੰਤਰ ਵਜੋਂ ਸ਼ਲਾਘਾ ਕਰਦੇ ਵਿਚਾਰਧਾਰਕ ਤੌਰ ’ਤੇ ਪੱਛਮ ਪੱਖੀ ਦਰਸਾਉਂਦੇ ਹਨਲੇਕਿਨ ਅੰਦਰਖਾਤੇ ਉਸ ਨੂੰ ‘ਬਰਾਬਰ ਲੋਕਸ਼ਾਹੀ’ ਦਾ ਦਰਜਾ ਦੇਣ ਤੋਂ ਕਤਰਾਉਂਦੇ ਹਨ ਪ੍ਰੈੱਸ ਅਜ਼ਾਦੀ ਸਬੰਧੀ 180 ਦੇਸ਼ਾਂ ਵਿੱਚੋਂ 150ਵਾਂ ਸਥਾਨ ਹੋਣ ਦੀ ਚਰਚਾ ਕਰਦੇ ਹਨ ਜਦੋਂ ਕਿ ਇਸ ਸੰਦਰਭ ਵਿੱਚ ਅਮਰੀਕਾ ਦਾ 42ਵਾਂ ਰੂਸ ਦਾ 155 ਵਾਂ ਅਤੇ ਚੀਨ ਦਾ 175 ਵਾਂ ਦਰਸਾਇਆ ਜਾਂਦਾ ਹੈ

ਵਿਸ਼ਵ ਪਲੇਟਫਾਰਮ ’ਤੇ ਜਦੋਂ ਦਾ ਭਾਰਤ ਇੱਕ ਤਾਕਤਵਰ ਆਰਥਿਕ ਸ਼ਕਤੀ ਵਜੋਂ ਉੱਭਰ ਰਿਹਾ ਹੈ, ਇੱਕ ਸਫ਼ਲ ਲੋਕਤੰਤਰ ਵਜੋਂ ਵਿਕਾਸ ਕਰ ਰਿਹਾ ਹੈ, ਪੱਛਮੀ ਦੇਸ਼ਾਂ ਅਤੇ ਖਾਸ ਯੂ.ਕੇ. ਦਾ ਦੁੰਮਛੱਲਾ ਨਹੀਂ ਰਿਹਾ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨ ਮੰਤਰੀਸ਼ਿੱਪ ਹੇਠ ਵਿਸ਼ਵ ਦੇ ਮਕਬੂਲ ਅਜ਼ਾਦ ਰਾਸ਼ਟਰ ਵਜੋਂ ਮਕਬੂਲ ਹੋ ਰਿਹਾ ਹੈ, ਪੱਛਮ ਇਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਇੱਕ ਹਮਲਾਵਰ ਦੇਸ਼ ਵਜੋਂ ਪ੍ਰਸਤੁਤ ਕਰਨ ਦਾ ਯਤਨ ਕਰਦਾ ਹੈਇਸ ਨੂੰ ਮਾਨਵ ਅਧਿਕਾਰਾਂ ਦਾ ਉਲੰਘਣ ਅਤੇ ਨਸਲਕੁਸ਼ੀ ਅੰਜਾਮ ਦੇਣ ਵਾਲ ਰਾਸ਼ਟਰ ਵਜੋਂ ਪੇਸ਼ ਕਰਨ ਦਾ ਯਤਨ ਕਰਦਾ ਹੈਉਸ ਦੀ ਹੱਥਕੰਡਾ ਪ੍ਰੈੱਸ ਇਸ ਪ੍ਰਾਪੇਗੰਡੇ ਲਈ ਵੱਡੀ ਭੂਮਿਕਾ ਨਿਭਾਉਣੋਂ ਕੋਈ ਮੌਕਾ ਗਵਾਉਣਾ ਨਹੀਂ ਚਾਹੁੰਦੀ

ਜਦੋਂ ਬੀ.ਬੀ.ਸੀ. ਤੇ ਭਾਰਤੀ ਇਨਕਮ ਟੈਕਸ ਸਰਵੇਖਣ ਛਾਪਿਆਂ ਦਾ ਮੁੱਦਾ ਬ੍ਰਿਟਿਸ਼ ਪਾਰਲੀਮੈਂਟ ਵਿੱਚ ਉੱਠਿਆ ਤਾਂ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਮਾਮਲਿਆਂ ਸਬੰਧੀ ਉਪ ਮੰਤਰੀ ਡੇਵਿਡ ਰਟਲੇ ਨੇ ਸਪਸ਼ਟ ਕਿਹਾ, “ਅਸੀਂ ਬੀ.ਬੀ.ਸੀ. ਨਾਲ ਖੜ੍ਹੇ ਹਾਂਅਸੀਂ ਬੀ.ਬੀ.ਸੀ. ਨੂੰ ਫੰਡ ਦਿੰਦੇ ਹਾਂਅਸੀਂ ਸੋਚਦੇ ਹਾਂ ਕਿ ਬੀ.ਬੀ.ਸੀ. ਵਰਲਡ ਸਰਵਿਸ ਮਹੱਤਵਪੂਰਨ ਹੈਅਸੀਂ ਚਾਹੁੰਦੇ ਹਾਂ ਕਿ ਬੀ.ਬੀ.ਸੀ. ਨੂੰ ਸੰਪਾਦਕੀ ਦੀ ਅਜ਼ਾਦੀ ਹੋਵੇ।” ਸਪਸ਼ਟ ਹੈ ਕਿ ਬੀ.ਬੀ.ਸੀ. ਯੂਨਾਈਟਿਡ ਕਿੰਗਡਮ ਦਾ ਤਾਕਤਵਰ ਪ੍ਰਾਪੇਗੰਡਾ ਟੂਲ ਹੈ, ਜਿਸ ਨੂੰ ਉਹ ਹਮੇਸ਼ਾ ਆਪਣੇ ਹਿਤਾਂ ਲਈ ਵਰਤਦਾ ਹੈਜਿਸ ਪ੍ਰੈੱਸ ਅਦਾਰੇ ਨੂੰ ਕੋਈ ਰਾਜ ਫੰਡ ਦਿੰਦਾ ਹੋਵੇ ਉਹ ਉਸ ਪ੍ਰਤੀ ਵਫਾਦਾਰੀ ਤੋਂ ਕਿਵੇਂ ਭੱਜ ਸਕਦਾ ਹੈ? ਉਹ ਨਿਰਪੱਖ ਭੂਮਿਕਾ ਕਿਵੇਂ ਨਿਭਾ ਸਕਦਾ ਹੈ?

ਦਾ ਟਾਈਮਜ਼’ ਨੇ ਵੀ ‘ਮੋਦੀ ਵੱਲੋਂ ਅਜ਼ਾਦ ਪ੍ਰੈੱਸ ਦਾ ਨਿਰਾਦਰ’ ਐਡੀਟੋਰੀਅਲ ਲਿਖਦਿਆਂ ਬੀ.ਬੀ.ਸੀ. ਦੀ ਪਿੱਠ ਥਾਪੜਨ ਦੀ ਕੋਸ਼ਿਸ਼ ਕੀਤੀਪਰ ਉਸ ਨੇ ਸੁਪਰੀਮ ਕੋਰਟ ਦੀ ਜਾਂਚ ਦਾ ਹਵਾਲਾ ਦਿੰਦੇ ਗੁਜਰਾਤ ਦੰਗਿਆਂ-2002 ਵਿੱਚ ਉਨ੍ਹਾਂ ਦੀ ਕੋਈ ਵੀ ਭੂਮਿਕਾ ਨਾ ਹੋਣ ਦਾ ਜ਼ਿਕਰ ਕੀਤਾਉਸ ਨੇ ਮੰਨਿਆ ਕਿ ਮੋਦੀ ਨਾਲ ਵਰਤਾਉ ਕਰਨ ਸਮੇਂ ਅਮਰੀਕਾ ਅਤੇ ਯੂਰਪੀਨ ਆਗੂਆਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਭਾਰਤ ਇੱਕ ਐਸਾ ਲੋਕਤੰਤਰ ਹੈ ਜਿੱਥੇ ਪ੍ਰੈੱਸ ਅਜ਼ਾਦ ਅਤੇ ਸ਼ਕਤੀਸ਼ਾਲੀ ਹੈ ਅਤੇ ਇਸੇ ਕਰਕੇ ਉਹ ਵਿਸ਼ੇਸ਼ ਗਲੋਬਲ ਭੂਮਿਕਾ ਨਿਭਾਉਣ ਦੇ ਸਮਰੱਥ ਹੈ ਜਦੋਂ ਕਿ ਰੂਸ-ਚੀਨ ਵਿਸ਼ਵ ਸ਼ਕਤੀ ਸੰਤੁਲਨ ਤਬਦੀਲ ਕਰਦੇ ਹੋਣ

ਸ਼੍ਰੀ ਮੋਦੀ ਅਤੇ ਉਸ ਦੀ ਪਾਰਟੀ ਭਾਜਪਾ ਲੋਕਤੰਤਰੀ ਅਜ਼ਾਦੀ ਨੂੰ ਭਲੀਭਾਂਤ ਸਮਝਦੇ ਹਨਐਮਰਜੈਂਸੀ 1975-77 ਦੇ ਕਾਲੇ ਦਿਨਾਂ ਵਿੱਚ ਮਾਨਵ ਅਜਾਦੀਆਂ ਦਾ ਘਾਣ ਕਰਦੇ ਕਿਵੇਂ ਉਨ੍ਹਾਂ ਦੇ ਆਗੂਆਂ ਨੂੰ ਜੇਲ੍ਹੀਂ ਬੰਦ ਕੀਤਾ ਅਤੇ ਤਸ਼ੱਦਦ ਢਾਹਿਆ ਗਿਆ ਸੀ

ਇਸ ਲਈ ਹੁਣ ਉਹ ਦਿਨ ਲੱਦ ਗਏ ਹਨ ਜਦੋਂ ਭਾਰਤ ਨੂੰ ਪੱਛਮ ਆਪਣਾ ਦੁੰਮਛਲਾ ਬਣਾਉਣ ਲਈ ਬੀ.ਬੀ.ਸੀ. ਵਰਗੇ ਪ੍ਰੈੱਸ ਅਦਾਰਿਆਂ ਨੂੰ ਲੁਕਵੇਂ ਸੰਦ ਵਜੋਂ ਵਰਤਦਾ ਸੀਬੀ.ਬੀ.ਸੀ. ਵਰਗੇ ਅਦਾਰਿਆਂ ਨੂੰ ਵੀ ‘ਦਾ ਟਾਈਮਜ਼’ ਅਤੇ ਹੋਰ ਐਸੇ ਅਦਾਰਿਆਂ ਤੋਂ ਸਮਝ ਲੈਣਾ ਬਿਹਤਰ ਰਹੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3916)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author