HarshinderKaur7“ਸਿਆਸੀ ਦਬਾਓ ਅਤੇ ਦਖ਼ਲਅੰਦਾਜ਼ੀ ਦੇ ਚਲਦਿਆਂ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਐੱਸ.ਐੱਚ.ਓ ਨੇ ਸ਼ਿਕਾਇਤ ਦਰਜ ਕਰਨ ਦੀ ਥਾਂ ...”
(ਅਗਸਤ 5, 2016)


ਗੱਲ ਤਰਨਤਾਰਨ ਜ਼ਿਲ੍ਹੇ ਦੇ ਪਿੰਡ ‘ਤੁੜ’ ਦੀ ਹੈ। ਪੰਜਾਬ ਵਿਚਲੀ ਉਹ ਧਰਤੀ ਜਿਹੜੀ ਸਾਡੇ ਗੁਰੂ ਸਾਹਿਬ ਦੀ ਛੋਹ ਨਾਲ ਧੰਨ ਹੋ ਚੁੱਕੀ ਹੈ। 
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੜੀਆਂ ਰੀਝਾਂ ਨਾਲ ਤਰਨਤਾਰਨ ਵਿਖੇ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ। ਇਹੀ ਤਰਨਤਾਰਨ ਸਾਹਿਬ ਸਿੱਖੀ ਦਾ ਗੜ੍ਹ ਬਣ ਕੇ ਉੱਭਰਿਆ। ਮਹਾਰਾਜਾ ਰਣਜੀਤ ਸਿੰਘ ਵੱਲੋਂ ਸਰੋਵਰ ਦੀ ਸੇਵਾ ਕਰਵਾਈ ਗਈ। ਇਸ ਥਾਂ ਉੱਤੇ ਲਗਭਗ 80 ਪ੍ਰਤੀਸ਼ਤ ਪੜ੍ਹੇ ਲਿਖਿਆਂ ਸਦਕਾ (ਸੰਨ 2011 ਦੀ ਮਰਦਮਸ਼ੁਮਾਰੀ ਅਨੁਸਾਰ) ਇਹ ਤਾਂ ਸਪਸ਼ਟ ਹੋ ਹੀ ਜਾਂਦਾ ਹੈ ਕਿ ਪੰਜਾਬ ਵਿੱਚੋਂ ਜਿੱਥੇ ਕਿ 75.84 ਪ੍ਰਤੀਸ਼ਤ ਹੀ ਪੜ੍ਹੇ ਲਿਖੇ ਹਨ, ਇਹ ਇਲਾਕਾ ਨਾ ਸਿਰਫ਼ ਅਗਾਂਹ ਵਧੂ ਸੋਚ ਵਾਲਾ ਹੀ ਹੈ, ਬਲਕਿ ਸਿੱਖ ਮਤ ਅਨੁਸਾਰ ਜੀਵਨ ਜੀਉਣ ਦੀ ਜਾਚ ਨੂੰ ਪ੍ਰਣਾਇਆ ਹੋਇਆ ਵੀ ਹੈ। ਇਸ ਦੇ ਲਾਗੇ ਹੀ ਗੋਇੰਦਵਾਲ ਸਾਹਿਬ ਹੈ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਜੰਮੇ ਸਨ।

ਇਸੇ ਥਾਂ ਨਾਲ ਤੇ ਨੇੜੇ ਤੇੜੇ ਦੇ ਇਲਾਕਿਆਂ ਨਾਲ ਹੋਰ ਪਵਿੱਤਰ ਨਾਂ ਵੀ ਜੁੜੇ ਹੋਏ ਹਨ, ਜਿਵੇਂ ਬਾਬਾ ਦੀਪ ਸਿੰਘ ਜੀ, ਭਾਈ ਮਹਾਂ ਸਿੰਘ ਜੀ, ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾਮਾਰੂ, ਮਾਈ ਭਾਗੋ, ਬਾਬਾ ਸੋਹਣ ਸਿੰਘ ਭਕਨਾ, ਆਦਿ!

ਇਸ ਥਾਂ ਦੀ ਮਹੱਤਤਾ ਤਾਂ ਇੱਥੋਂ ਦਾ ਇਤਿਹਾਸ ਹੀ ਦੱਸ ਰਿਹਾ ਹੈ ਕਿ ਇਹ ਪੂਜਣਯੋਗ ਥਾਂ ਹੈ ਤੇ ਯਕੀਨਨ ਇੱਥੇ ਖਾਲਸ ਇਨਸਾਨ ਵਸਦੇ ਹੋਣਗੇ ਜੋ ਗੁਰੂ ਸਾਹਿਬ ਵੱਲੋਂ ਦਰਸਾਈ ਜੀਵਨ ਜਾਚ ਨੂੰ ਸੰਪੂਰਨ ਰੂਪ ਵਿਚ ਅਪਣਾ ਰਹੇ ਹੋਣਗੇ।

ਇਹ ਸਭ ਕੁੱਝ ਜਾਣਦੇ ਹੋਏ ਜਦੋਂ 6 ਅਪਰੈਲ ਨੂੰ ਇਕ ਖ਼ਬਰ ਪੜ੍ਹਨ ਨੂੰ ਮਿਲੀ ਤਾਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਖ਼ਬਰ ਇਹ ਸੀ ਕਿ ਤਰਨਤਾਰਨ ਨੇੜੇ ਪਿੰਡ ਤੁੜ ਵਿਖੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਦੀ ਲੜਕੀ ਨੇੜਲੇ ਘਰ ਦੁਪਿਹਰੇ ਇਕ ਵਜੇ ਆਪਣੇ ਦੋਸਤ ਨੂੰ ਮਿਲਣ ਗਈ। ਪਤਾ ਲੱਗਦੇ ਸਾਰ ਸਰਪੰਚ ਆਪਣੇ ਦੋਨੋਂ ਲੜਕਿਆਂ, ਭਿੰਦਾ ਤੇ ਬੱਬੋ ਸਮੇਤ ਉੱਥੇ ਪਹੁੰਚ ਗਿਆ। ਲੜਕੀ ਅਤੇ ਉਸ ਦਾ ਦੋਸਤ ਝਟਪਟ ਉੱਥੋਂ ਕਿਤੇ ਹੋਰ ਨਿਕਲ ਗਏ। ਗੁਆਂਢੀਆਂ ਨੇ ਦਰਵਾਜ਼ੇ ਨੂੰ ਕੁੰਡੀ ਲਾ ਲਈ ਕਿਉਂਕਿ ਛੋਟੇ ਬੱਚੇ ਘਰ ਸਨ ਅਤੇ ਟੈਲੀਵਿਜ਼ਨ ਵੇਖ ਰਹੇ ਸਨ।

ਸਾਬਕਾ ਸਰਪੰਚ ਗੁੱਸੇ ਵਿਚ ਅੱਗ ਬਗੂਲਾ ਹੋ ਗਿਆ ਤੇ ਆਪਣੇ ਦੋਹਾਂ ਮੁੰਡਿਆਂ ਨਾਲ ਰਲ਼ ਕੇ ਕਿਰਪਾਨਾਂ ਨਾਲ ਦਰਵਾਜ਼ਾ ਤੋੜ ਦਿੱਤਾ। ਘਰ ਅੰਦਰ ਦਾਖ਼ਲ ਹੋ ਕੇ ਉਹ ਮੁੰਡੇ ਦੀ 14 ਵਰ੍ਹਿਆਂ ਦੀ ਭੈਣ ਨੂੰ ਵਾਲਾਂ ਤੋਂ ਘਸੀਟ ਕੇ ਆਪਣੇ ਘਰ ਲੈ ਗਏ। ਆਪਣੀ ਧੀ ਦਾ ਗੁੱਸਾ ਲਾਹੁਣ ਲਈ ਸਰਪੰਚ ਦੇ ਪਰਿਵਾਰ ਦੀਆਂ ਔਰਤਾਂ ਤੇ ਮੁੰਡਿਆਂ ਨੇ ਸਰਪੰਚ ਨਾਲ ਰਲ਼ ਕੇ ਕੁੜੀ ਦੀ ਪਹਿਲਾਂ ਰੱਜ ਕੇ ਬੈਲਟਾਂ ਅਤੇ ਸੋਟੀਆਂ ਨਾਲ ਕੁੱਟਮਾਰ ਕੀਤੀ, ਫੇਰ ਸਾਰੇ ਕੱਪੜੇ ਲਾਹ ਕੇ ਵੀਡੀਓ ਬਣਾਈ।

ਉਸ ਮਾਸੂਮ ਬੱਚੀ ਰਾਜਵਿੰਦਰ ਕੌਰ ਨੂੰ ਬਚਾਉਣ ਲਈ ਉਸ ਪਿੰਡ ਵਿੱਚੋਂ ਕੋਈ ਵੀ ਅਗਾਂਹ ਨਹੀਂ ਆਇਆ। ਜਦੋਂ ਨੇੜਲੇ ਪਿੰਡ ਚੱਕ ਮਾਹਿਰ ਇਸ ਦੀ ਖ਼ਬਰ ਪੁੱਜੀ ਤਾਂ ਉੱਥੋਂ ਦੇ ਲੋਕਾਂ ਨੇ ਆ ਕੇ ਬੱਚੀ ਨੂੰ ਬਚਾਇਆ।

ਅਗ਼ਲੇ ਦਿਨ ਇਸੇ ਸਾਬਕਾ ਸਰਪੰਚ ਦੇ ਲੜਕਿਆਂ ਨੇ ਇਕ ਹੋਰ ਗ਼ਰੀਬ ਬੱਚੀ ਨੂੰ ਬਾਠ ਚੌਂਕ ਵਿਚ ਕਿਸਾਨ ਦੇ ਘਰ ਕੰਮ ਕਰਦੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਪਿੰਡ ਵਿਚਲੇ ਇਨ੍ਹਾਂ ਪੀੜਤ ਘਰਾਂ ਨੇ ਆਪੋ ਆਪਣੇ ਮਾਸੂਮ ਨਿੱਕੇ ਮੁੰਡੇ ਦੂਰ ਰਿਸ਼ਤੇਦਾਰਾਂ ਘਰ ਭੇਜ ਦਿੱਤੇ ਹਨ, ਕਿਉਂਕਿ ਸਰਪੰਚ ਨੇ ਇਨ੍ਹਾਂ ਦੇ ਟੋਟੇ-ਟੋਟੇ ਕਰਨ ਦੀ ਧਮਕੀ ਦਿੱਤੀ ਹੋਈ ਹੈ।

ਖ਼ਬਰ ਦੇ ਅੰਤ ਵਿਚ ਸਪਸ਼ਟ ਲਿਖਿਆ ਹੋਇਆ ਸੀ – “ਸਿਆਸੀ ਦਬਾਓ ਅਤੇ ਦਖ਼ਲਅੰਦਾਜ਼ੀ ਦੇ ਚਲਦਿਆਂ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਐੱਸ.ਐੱਚ.ਓ ਨੇ ਸ਼ਿਕਾਇਤ ਦਰਜ ਕਰਨ ਦੀ ਥਾਂ ਪੀੜਤ ਪਰਿਵਾਰਾਂ ਨੂੰ ਰਾਜ਼ੀਨਾਮਾ ਕਰਨ ਦਾ ਸੁਝਾਓ ਦਿੱਤਾ।”

ਇਹ ਪੂਰੀ ਖ਼ਬਰ ਸਭ ਕੁਝ ਸਪਸ਼ਟ ਕਰ ਰਹੀ ਹੈ ਅਤੇ ਮੌਜੂਦਾ ਹਾਲਾਤ ਬਾਰੇ ਲਿਖਣ ਬੋਲਣ ਨੂੰ ਹੋਰ ਕੁੱਝ ਨਹੀਂ ਰਹਿੰਦਾ।

ਸਵਾਲ ਸਿਰਫ਼ ਇਹ ਉੱਠਦਾ ਹੈ ਕਿ ਪੰਜਾਬ ਦੀ ਧਰਤੀ ਉੱਪਰ ਮਨੁੱਖਤਾ ਉੱਤੇ ਹੋ ਰਹੇ ਅਧਰਮ, ਅੱਤਿਆਚਾਰ, ਬੇਇਨਸਾਫੀ ਅਤੇ ਧੱਕੇਸ਼ਾਹੀ ਲਈ ਇਕ ਜ਼ੋਰਦਾਰ ਆਵਾਜ਼ ਚੁੱਕੀ ਗਈ ਸੀ। ਇਕੱਲੇ ਨਿਹੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੀੜਾ ਚੁੱਕਿਆ ਸੀ ਤੇ ਕਿਹਾ ਸੀ – “ਜਉ ਤਉ ਪ੍ਰੇਮ ਖੇਲਣ ਕਾ ਚਾਉ। ਸਿਰ ਧਰ ਤਲੀ ਗਲੀ ਮੇਰੀ ਆਉ।” (ਪੰਨਾ 1412)

ਇਹ ਰਾਹ ਸੌਖਾ ਨਹੀਂ ਸੀ। ਜਬਰ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਕਦੇ ਵੀ ਸੌਖਾ ਨਹੀਂ ਹੁੰਦਾ। ਸਿਰ ਧੜ ਦੀ ਬਾਜ਼ੀ ਲਗਾਉਣੀ ਪੈਂਦੀ ਹੈ। ਇਸੇ ਲਈ ਗੁਰਬਾਣੀ ਵਿਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਉਹੀ ਬੰਦਾ ਇਹ ਰਾਹ ਚੁਣੇ, ਜਿਸ ਨੂੰ ਪਤਾ ਹੋਵੇ ਕਿ ਇਸ ਰਾਹ ਉੱਤੇ ਤੁਰਨ ਦੀਆਂ ਸ਼ਰਤਾਂ ਕੀ ਹਨ-

ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨਾ ਕੀਜੈ।” (1412)

ਬਾਬਰ ਦੀਆਂ ਜੇਲ੍ਹਾਂ ਕੱਟ ਕੇ, ਚੱਕੀਆਂ ਪੀਸ ਕੇ, ਆਉਣ ਵਾਲੀਆਂ ਪੁਸ਼ਤਾਂ ਨੂੰ ਇਹ ਸੁਨੇਹਾ ਦਿੱਤਾ ਕਿ ਤਸ਼ੱਦਦ ਅਤੇ ਜਬਰ ਨੂੰ ਰੋਕਣ ਲਈ ਅਤੇ ਮੂੰਹ ਤੋੜ ਜਵਾਬ ਦੇਣ ਲਈ ਹਰ ਤਸੀਹੇ ਨੂੰ ਝੱਲਣ ਵਾਲੇ ਹੀ ਇਤਿਹਾਸ ਵਿਚ ਅਮਰ ਹੁੰਦੇ ਹਨ। ਬਾਕੀ ਸਭ ਕੀੜੇ ਮਕੌੜੇ ਦੀ ਜ਼ਿੰਦਗੀ ਬਸਰ ਕਰ ਕੇ ਖ਼ਤਮ ਹੋ ਜਾਂਦੇ ਹਨ। ਉਨ੍ਹਾਂ ਦਾ ਮਨੁੱਖਾ ਜਨਮ ਗਿਣਿਆ ਹੀ ਨਹੀਂ ਜਾਂਦਾ।

ਅੱਜ ਜੇ ਝਾਤ ਮਾਰੀਏ ਤਾਂ ਚੁਫ਼ੇਰੇ ਬਾਬਰ ਘੁੰਮਦੇ ਪਏ ਹਨ। ਬਹੁਤ ਸਾਰੇ ਹੁਕਮਰਾਨਾਂ ਦੀ ਸ਼ਹਿ ਸਦਕਾ ਜ਼ੋਰ ਜਬਰ ਨਾਲ ਆਪਣੀ ਚੌਧਰ ਸਾਬਤ ਕਰਨ ਉੱਤੇ ਤੁਲੇ ਪਏ ਹਨ। ਇਸ ਧੌਂਸ ਵਿਚ ਸਭ ਤੋਂ ਵੱਧ ਮਾਰ ਪੈਂਦੀ ਹੈ ਔਰਤ ਜ਼ਾਤ ਉੱਤੇ। ਮਜ਼ਲੂਮ ਗਿਣਦੇ ਹੋਏ ਤੇ ਸੌਖਾ ਸ਼ਿਕਾਰ ਮੰਨ ਕੇ, ਕਿਸੇ ਵੀ ਘਰ ਵਿਚਲੀ ਔਰਤ ਨੂੰ ਨਿਰਵਸਤਰ ਕਰਨਾ, ਸਮੂਹਕ ਜਬਰਜ਼ਨਾਹ ਕਰ ਕੇ ਕਤਲ ਕਰਨਾ ਤੇ ਉਸਦੀਆਂ ਫਿਲਮਾਂ ਬਣਾਉਣੀਆਂ ਇਕ ਆਮ ਗੱਲ ਬਣ ਚੁੱਕੀ ਹੈ ਜਿਸ ਨੂੰ ਹੁਣ ਅਖ਼ਬਾਰਾਂ ਦੀ ਇਕ ਖ਼ਬਰ ਵਾਂਗ ਪੜ੍ਹ ਸਫ਼ੇ ਪਰਤ ਕੇ ਲੋਕ ਦਿਨ ਪੂਰਾ ਕਰ ਲੈਂਦੇ ਹਨ।

ਕਿਸੇ ਦੇ ਮਨ ਵਿਚ ਕਿੰਤੂ ਪਰੰਤੂ ਕਰਨਾ, ਆਵਾਜ਼ ਚੁੱਕਣੀ, ਜਬਰ ਕਰਨ ਵਾਲੇ ਨੂੰ ਤਾੜਨਾ, ਆਦਿ ਵਰਗੀਆਂ ਗ਼ੱਲਾਂ ਖ਼ਤਮ ਹੋ ਗਈਆਂ ਜਾਪਦੀਆਂ ਹਨ।

ਜੇ ਸਾਰੇ ਜਣੇ ਸਿਰਫ਼ ‘ਚੁੱਪ’ ਹੀ ਧਾਰ ਕੇ ਬੈਠੇ ਰਹਿ ਗਏ ਤਾਂ ਕੋਈ ਧੀ, ਕੋਈ ਭੈਣ ਸਤਵੰਤੀ ਨਹੀਂ ਰਹਿਣੀ। ਜ਼ਾਲਮਾਂ ਨੇ ਹਰ ਮਜ਼ਲੂਮ, ਹਰ ਗ਼ਰੀਬ ਘਰ ਦੀ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਣਾ ਹੈ।

ਹਾਲੇ ਵੀ ਵੇਲਾ ਹੈ ਕਿ ਅਜਿਹੇ ਜ਼ੁਲਮ ਵਿਰੁੱਧ ਇਕਜੁੱਟ ਹੋ ਕੇ, ਆਵਾਜ਼ ਚੁੱਕ ਕੇ, ਆਪਣੇ ਜ਼ਿੰਦਾ ਹੋਣ ਦਾ ਸਬੂਤ ਦੇਈਏ। ਹੁਣ ਸਾਬਤ ਕਰਨ ਦਾ ਸਮਾਂ ਆ ਚੁੱਕਿਆ ਹੈ ਕਿ ਅਸੀਂ ਸਿਰ ਧੜ ਦੀ ਬਾਜ਼ੀ ਲਾ ਕੇ ਜਾਬਰਾਂ ਨੂੰ ਉਹੀ ਪੈਗ਼ਾਮ ਦੇ ਸਕਣ ਯੋਗ ਹਾਂ, ਜੋ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਸੀ - ਸਿਰ ਧਰ ਤਲੀ ਗਲੀ ਮੇਰੀ ਆਉ।

ਜੇ ਹਾਲੇ ਵੀ ਅਸੀਂ ਚੁੱਪ ਰਹਿਣਾ ਪਸੰਦ ਕਰ ਰਹੇ ਹਾਂ, ਤਾਂ ਇਹ ਇਨਸਾਨੀ ਨਹੀਂ, ਪਸ਼ੂ ਦੀ ਜੂਨ ਹੀ ਗਿਣੀ ਜਾਵੇਗੀ!

*****

(379)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਰਸ਼ਿੰਦਰ ਕੌਰ

ਡਾ. ਹਰਸ਼ਿੰਦਰ ਕੌਰ

Dr. Harshinder Kaur MD (Paediatrician)
Patiala, Punjab, India.
Phone: (91 - 175 - 2216783)

Email: (drharshpatiala@yahoo.com)

More articles from this author