ShamSingh7“ਡਾ. ਹਰਸ਼ਿੰਦਰ ਕੌਰ ਆਪਣੇ ਆਲੇ ਦੁਆਲੇ ਤਕ ਹੀ ਸੀਮਤ ਨਹੀਂ, ਸਗੋਂ ਜਿੱਥੇ ਵੀ ਜਾਂਦੀ ਹੈ ...”
(ਜੂਨ 26, 216)

 

ਪਟਿਆਲਾ ਦੇ ਪ੍ਰੋ. ਪ੍ਰੀਤਮ ਸਿੰਘ ਦੀਆਂ ਤਿੰਨ ਧੀਆਂ ਵਿੱਚੋਂ ਇਕ ਧੀ ਡਾ. ਹਰਸ਼ਿੰਦਰ ਕੌਰ ਨੇ ਡਾਕਟਰੀ ਦੀ ਸਿੱਖਿਆ ਅੰਗਰੇਜ਼ੀ ਭਾਸ਼ਾ ਵਿਚ ਹਾਸਲ ਕਰ ਕੇ ਵੀ ਮਾਂ-ਬੋਲੀ ਪੰਜਾਬੀ ਨਾਲ ਮੋਹ ਨਹੀਂ ਛੱਡਿਆ। ਲਿਖਦੀ ਹੈ ਤਾਂ ਲਿਖਤ ਵਿਚ ਅਜਿਹਾ ਕਥਾ-ਰਸ ਭਰ ਦਿੰਦੀ ਹੈ, ਜਿਸ ਨਾਲ ਰੌਚਿਕਤਾ ਪੈਦਾ ਹੋਣ ਕਰ ਕੇ ਰਚਨਾ ਰੁੱਖੀ ਨਹੀਂ ਰਹਿੰਦੀ। ਉਸਦੀ ਹਰ ਰਚਨਾ ਨੂੰ ਪਾਠਕ ਤੀਬਰਤਾ ਨਾਲ ਉਡੀਕਦੇ ਹਨ ਕਿਉਂਕਿ ਉਸ ਵਿਚ ਲਏ ਗਏ ਵਿਸ਼ੇ ਦੀ ਗਹਿਰੀ ਜਾਣਕਾਰੀ ਵੀ ਦਿੱਤੀ ਹੁੰਦੀ ਹੈ ਅਤੇ ਜ਼ਿੰਦਗੀ ਵਿਚ ਸਹੀ ਤਰ੍ਹਾਂ ਨਿਭਣ ਲਈ ਢੁੱਕਵੇਂ ਸੁਝਾ ਵੀ।

ਉਸਦੇ ਲਿਖਣ ਦਾ ਅੰਦਾਜ਼ ਸਹਿਜ-ਸਾਧਾਰਨ, ਕਥਾਕਾਰੀ ਦੇ ਨਾਲ ਨਾਲ ਦਾਰਸ਼ਨਿਕ ਦ੍ਰਿਸ਼ਟੀ ਵਾਲਾ, ਸੁਝਾਵਾਂ ਭਰਪੂਰ ਅਤੇ ਸਿੱਖਿਆਦਾਇਕ ਵੀ ਹੁੰਦਾ ਹੈ ਪਰ ਉਹ ਉਪਦੇਸ਼ ਨਹੀਂ ਕਰਦੀ, ਸਗੋਂ ਆਪਣੀ ਸੋਚ ਨੂੰ ਪ੍ਰਗਟ ਕਰਨ ਲਈ ਅਜਿਹੇ ਸ਼ਬਦਾਂ ਦੀ ਰੋਸ਼ਨੀ ਕਰ ਦਿੰਦੀ ਹੈ ਜਿਵੇਂ ਉਸਦੀ ਰਚਨਾ ਜਗਦਾ ਲਾਟੂ ਹੋਵੇ, ਜਿਸ ਕਾਰਨ ਕੁੱਝ ਵੀ ਛੁਪਿਆ ਨਹੀਂ ਰਹਿੰਦਾ ਸਗੋਂ ਸਾਰੇ ਮਸਲੇ ਵੀ ਸਾਹਮਣੇ ਆ ਖੜ੍ਹਦੇ ਹਨ ਅਤੇ ਸੰਬੰਧਤ ਸਾਰੇ ਦ੍ਰਿਸ਼ ਵੀ।

ਉਹ ਸਦਾ ਫੁੱਲ ਵਾਂਗ ਖਿੜੀ ਮਿਲਦੀ ਹੈ, ਮਹਿਕੀ, ਭਰੀ-ਪਰੁੱਤੀ ਅਤੇ ਤਲਿਸਮੀ ਅੰਦਾਜ਼ ਵਿਚ। ਉਹ ਮੁਸਕਾਣਾ ਬਿਖੇਰਦੀ ਬਣ ਜਾਂਦੀ ਹੈ ਸੁਹਜ-ਭਰੇ ਪ੍ਰਭਾਵ ਦਾ ਤਣਿਆ ਸ਼ਾਮਿਆਨਾ। ਉਸਦੇ ਬੋਲ, ਬੋਲਾਂ ਵਿਚ ਵਰਤੇ ਜਾਂਦੇ ਲਫਜ਼, ਬੋਲਣ ਦਾ ਲਹਿਜ਼ਾ, ਉਸਦੀ ਰਸਿਕਤਾ ਅਤੇ ਪੈਦਾ ਹੁੰਦਾ ਜਾਦੂ ਦੇਰ ਤਕ ਆਪਣੀ ਪਕੜ ਤੋਂ ਬਾਹਰ ਨਹੀਂ ਜਾਣ ਦਿੰਦੇ। ਇਹੀ ਕਾਰਨ ਹੈ ਕਿ ਮਿਲਣੀ ਤੋਂ ਬਾਅਦ ਉਸ ਦੇ ਚਲੇ ਜਾਣ ’ਤੇ ਇਕ ਖਲਾਅ ਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਬਹੁਤ ਕੁੱਝ ਮੁੱਲਵਾਨ ਹੱਥੋਂ ਕਿਰ ਗਿਆ ਹੋਵੇ।

ਉਸਦੀ ਖੂਬਸੂਰਤੀ ਸਿਰਫ ਚਿਹਰੇ ਦੀ ਹੀ ਨਹੀਂ ਸਗੋਂ ਸੋਚ ਦੀ ਸੁਹਜਤਾ ਅਤੇ ਸਦਾਚਾਰ ਦੀ ਉੱਚਤਾ ਦਾ ਮੁਜੱਸਮਾ ਹੈ, ਜਿਸ ਕਰਕੇ ਸੂਰਤ ਦੇ ਨਾਲ ਨਾਲ ਸੀਰਤ ਦੀ ਗਹਿਰਾਈ ਨੂੰ ਵੀ ਵਾਚਣਾ, ਪੜ੍ਹਨਾ ਅਤੇ ਪਰਖਣਾ ਪਵੇਗਾ। ਉਸ ਦੀ ਸ਼ਬਦਾਵਲੀ ਦੇ ਬਾਗ ਦੀ ਵੰਨ-ਸੁਵੰਨਤਾ ਉੱਤੇ ਝਾਤ ਮਾਰਨੀ ਹੋਵੇ ਤਾਂ ਉਸ ਦੇ ਮਨਮੋਹਕ ਹਰਫ਼ ਤਰ੍ਹਾਂ ਤਰ੍ਹਾਂ ਦੇ ਫੁੱਲ-ਬੂਟਿਆਂ ਵਾਂਗ ਦਿਲ ਵਿੱਚੋਂ ਨਿਕਲੇ ਅਸਲੀ ਵੀ ਲੱਗਦੇ ਹਨ ਅਤੇ ਮੁੱਲਵਾਨ ਅਰਥਾਂ ਨਾਲ ਪੂਰੀ ਤਰ੍ਹਾਂ ਸਰਸ਼ਾਰ ਵੀ।

ਡਾ. ਹਰਸ਼ਿੰਦਰ ਕੌਰ ਕਈ ਖੇਤਰਾਂ ਵਿਚ ਵਿਚਰਦੀ ਅਹਿਮ ਭੂਮਿਕਾ ਨਿਭਾ ਰਹੀ ਹੈ ਅਤੇ ਉੰਨਾ ਚਿਰ ਟਿਕ ਕੇ ਨਹੀਂ ਬੈਠਦੀ ਜਿੰਨਾ ਚਿਰ ਮਿੱਥਿਆ ਕੰਮ ਪੂਰਾ ਨਾ ਕਰ ਲਵੇ। ਖ਼ਾਸਕਰ ਭਰੂਣ-ਹੱਤਿਆ ਬਾਰੇ ਉਹ ਇੰਨੀ ਫਿਕਰਮੰਦ ਰਹਿੰਦੀ ਹੈ ਕਿ ਜਿੱਥੇ ਵੀ ਜਾਂਦੀ ਹੈ, ਉੱਥੇ ਹੀ ਇਸ ਮਹਾਂ ਬੁਰਾਈ ਨੂੰ ਰੋਕਣ ਵਾਸਤੇ ਸਭ ਨੂੰ ਤਾੜਨਾ ਵੀ ਕਰਦੀ ਹੈ ਅਤੇ ਸੁਚੇਤ ਵੀ।

ਉਸ ਨੂੰ ਇਹ ਬਹੁਤ ਫਿਕਰ ਰਹਿੰਦਾ ਹੈ ਕਿ ਭਰੂਣ ਹੱਤਿਆ ਰੋਕ ਕੇ ਕੁੜੀਆਂ ਨੂੰ ਕਿਵੇਂ ਬਚਾਇਆ ਜਾਵੇ। ਉਹ ਵਿਚਾਰ-ਚਰਚਾ ਕਰਦੀ ਹੈ, ਉਪਾ ਦੱਸਦੀ ਹੈ ਅਤੇ ਮਰਦ-ਔਰਤ ਦੋਹਾਂ ਨੂੰ ਹੀ ਦਲੀਲਾਂ ਨਾਲ ਸਮਝਾਉਂਦੀ ਹੈ ਕਿ ਇਹ ਪਾਪ ਨਾ ਕੀਤਾ ਜਾਵੇ ਕਿਉਂਕਿ ਇਹ ਨਾ ਤਾਂ ਮਾਨਵਤਾ ਦੇ ਹੱਕ ਵਿਚ ਹੈ ਨਾ ਸਮਾਜ ਦੇ ਹਿਤ ਵਿਚ। ਬਾਲਾਂ ਦੀ ਮਾਹਰ ਡਾਕਟਰ ਹੋਣ ਕਾਰਨ ਉਸ ਨੂੰ ਭਰੂਣ ਹੱਤਿਆ ਮਾਨਵਤਾ ਨਾਲ ਬਹੁਤ ਵੱਡਾ ਧ੍ਰੋਹ ਲੱਗਦਾ ਹੈ।

ਉਹ ਲੜਕੀਆਂ ਦੀ ਪੜ੍ਹਾਈ ਕਰਾਉਣ ਦੇ ਪ੍ਰੋਗਰਾਮ ਉਲੀਕਦੀ ਹੈ ਅਤੇ ਸੰਸਥਾ ਬਣਾ ਕੇ ਉਨ੍ਹਾਂ ਯੋਜਨਾਵਾਂ ’ਤੇ ਅਮਲ ਵੀ ਕਰਦੀ ਹੈ ਜਿਹੜੀਆਂ ਔਰਤ-ਵਰਗ ਲਈ ਵੀ ਸਹਾਈ ਹੁੰਦੀਆਂ ਹਨ ਅਤੇ ਮਾਨਵੀ-ਭਾਈਚਾਰੇ ਲਈ ਵੀ। ਦਾਜ-ਦਹੇਜ ਵਿਰੁੱਧ ਆਵਾਜ਼ ਬੁਲੰਦ ਕਰ ਕੇ ਉਹ ਸਮਝਾਉਂਦੀ ਹੈ ਕਿ ਇਹ ਕੇਵਲ ਲੜਕੀ ਦੇ ਮਾਪਿਆਂ ’ਤੇ ਬੋਝ ਹੀ ਨਹੀਂ ਸਗੋਂ ਲੜਕੇ ਵਾਲਿਆਂ ਵਲੋਂ ਕੀਤਾ ਜਾ ਰਿਹਾ ਅਪਰਾਧ ਵੀ ਹੈ ਜਿਸ ਨੂੰ ਸੱਭਿਅਕ ਸਮਾਜ ਵਿਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ।

ਉਸ ਦੀ ਇਹ ਧਾਰਨਾ ਵੀ ਹੈ ਕਿ ਲੜਕੇ ਲੜਕੀਆਂ ਵਿਚ ਫਰਕ ਨਹੀਂ, ਸਗੋਂ ਦੋਵੇਂ ਬਰਾਬਰ ਹਨ ਜਿਸ ਕਰਕੇ ਦੋਹਾਂ ਦਾ ਪਾਲਣ ਪੋਸਣ ਇੱਕੋ ਜਿਹੇ ਤਰਜੀਹੀ ਆਧਾਰ ’ਤੇ ਹੋਵੇ। ਵਿਤਕਰੇ ਦੀ ਜ਼ਰਾ ਮਾਤਰ ਵੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ। ਜਿਹੜੇ ਮਾਪੇ ਪੱਖਪਾਤ ਕਰਦੇ ਹਨ, ਉਹ ਆਪਣੀ ਹੀ ਔਲਾਦ ਨੂੰ ਇਕ ਨਜ਼ਰ ਨਾਲ ਨਹੀਂ ਦੇਖਦੇ। ਉਸਦੀ ਅਜਿਹੀ ਮਿਆਰੀ ਸੋਚ ਦਾ ਮਨੋਰਥ ਸਮਾਜ ਦੀ ਚੰਗੀ ਉਸਾਰੀ ਕਰਨੀ ਵੀ ਹੈ ਅਤੇ ਭਲਾਈ ਕਰਨੀ ਵੀ।

ਉਹ ਸਦਾ ਵਕਤ ਦੀਆਂ ਹਵਾਵਾਂ ’ਤੇ ਉਡਾਰੀਆਂ ਭਰਨ ਲਈ ਤਿਆਰ ਰਹਿੰਦੀ ਹੈ ਕਿਉਂਕਿ ਉਹ ਉੱਠਦੇ ਭਖ਼ਦੇ ਮਸਲਿਆਂ ਬਾਰੇ ਤਰਕ-ਵਿਤਰਕ ਕਰਨ ਤੋਂ ਘਬਰਾਉਂਦੀ ਨਹੀਂ ਸਗੋਂ ਉਨ੍ਹਾਂ ਦੀ ਤਹਿ ਤਕ ਜਾ ਕੇ ਪੁਣਛਾਣ ਵੀ ਕਰਦੀ ਹੈ ਅਤੇ ਉਨ੍ਹਾਂ ਦੇ ਹੱਲ ਤਲਾਸ਼ ਕਰਨ ਤਕ ਪਿੱਛੇ ਨਹੀਂ ਹਟਦੀ। ਉਹ ਭਖ਼ਵੀਆਂ ਬਹਿਸਾਂ ਵਿਚ ਇਸ ਲਈ ਭਾਗ ਲੈਂਦੀ ਹੈ ਤਾਂ ਕਿ ਸਹੀ ਸਿੱਟਿਆਂ ਤਕ ਪਹੁੰਚਿਆ ਜਾ ਸਕੇ ਅਤੇ ਨਿਵਾਰਣ ਕਰਨ ਲਈ ਸਹੀ ਕਦਮ ਚੁੱਕੇ ਜਾ ਸਕਣ।

ਜਦ ਉਹ ਬੋਲਦੀ ਹੈ ਤਾਂ ਸਰੋਤੇ ਉਸਦੇ ਬੋਲਾਂ ਨੂੰ ਫੁੱਲਾਂ ਵਾਂਗ ਦਿਲ ਦੀ ਟੋਕਰੀ ਵਿਚ ਸਾਂਭ ਕੇ ਰੱਖਦੇ ਹਨ, ਜਿਹੜੇ ਸਦਾ ਤਰੋ-ਤਾਜ਼ਾ ਵੀ ਰਹਿੰਦੇ ਹਨ ਅਤੇ ਲਹਿਲਹਾਉਂਦੇ ਵੀ।

ਜਦ ਉਹ ਆਸਟਰੇਲੀਆਂ ਦੇ ਸ਼ਹਿਰ ਸਿਡਨੀ ਗਈ ਤਾਂ ਉੱਥੇ ਜੋ ਦੇਖਿਆ-ਸਮਝਿਆ ਉਹ ਉਸੇ ਤਰ੍ਹਾਂ ਲਿਖ ਦਿੱਤਾ, ਜਿਸ ਬਾਰੇ ਕੁੱਝ ਇਤਰਾਜ਼ ਵੀ ਹੋਏ ਪਰ ਉਹ ਅੱਖੀਂ ਦੇਖੇ ਅਤੇ ਮਨੋਂ ਸਮਝੇ ਵਰਤਾਰੇ ਲਈ ਡਟੀ ਰਹੀ ਤਾਂ ਕਿ ਸੰਬੰਧਤ ਲੋਕ ਦਰਪੇਸ਼ ਮਸਲਿਆਂ ਪ੍ਰਤੀ ਜਾਗਰੂਕ ਹੋ ਸਕਣ। ਉੱਥੇ ਪ੍ਰਭਜੋਤ ਸੰਧੂ ਅਤੇ ਬਲਰਾਜ ਸੰਘਾ ਦੀ ਮੇਜ਼ਬਾਨੀ ਕਰਕੇ ਉਹ ਵੱਖ ਵੱਖ ਤਰ੍ਹਾਂ ਦੇ ਲੋਕਾਂ ਨੂੰ ਮਿਲੀ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣਿਆਂ। ਉੱਥੇ ਘੁੰਮਦਿਆਂ ਫਿਰਦਿਆਂ ਉਸ ਨੂੰ ਲੱਗਾ ਜਿਵੇਂ ਉਹ ਮਿੰਨੀ ਪੰਜਾਬ ਵਿਚ ਹੀ ਫਿਰ ਰਹੀ ਹੋਵੇ। ਉਹ ਪੰਜਾਬੀਆਂ ਦੀ ਤਰੱਕੀ ’ਤੇ ਖੁਸ਼ ਵੀ ਹੋਈ, ਜਿਨ੍ਹਾਂ ਆਪਣੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਅਤੇ ਨਾਲ ਦੀ ਨਾਲ ਉੱਥੋਂ ਦੇ ਸਮਾਜ ਨੂੰ ਉੱਚਾ ਚੁੱਕਣ ਵਿਚ ਵੀ ਅਹਿਮ ਭੂਮਿਕਾ ਨਿਭਾਈ।

ਉਸ ਅੰਦਰਲਾ ਬੌਧਿਕ-ਹੁਨਰ ਉਸ ਨੂੰ ਵਿਚਾਰਾਂ ਦਾ ਚਿੰਤਨ-ਮੰਥਨ ਕਰਨ ਵਿਚ ਲਾਈ ਰੱਖਦਾ ਹੈ ਜਿਸ ਕਾਰਨ ਉਹ ਕਦੇ ਕਲਮਕਾਰ ਹੁੰਦੀ ਹੈ, ਕਦੇ ਵਿਚਾਰਵਾਨ, ਕਦੇ ਬਹਿਸਕਾਰ ਅਤੇ ਕਦੇ ਭਾਸ਼ਣਕਾਰ। ਉਹ ਸਾਰੇ ਪੱਖਾਂ ਵਿਚ ਸੰਤੁਲਨ ਬਣਾਈ ਰੱਖਦੀ ਹੈ ਅਤੇ ਆਪਣੇ ਅੰਦਰਲੇ ਡਾਕਟਰ ਨੂੰ ਵੀ ਉਰੇ-ਪਰ੍ਹੇ ਨਹੀਂ ਹੋਣ ਦਿੰਦੀ।

ਡਾ. ਹਰਸ਼ਿੰਦਰ ਕੌਰ ਆਪਣੇ ਆਲੇ ਦੁਆਲੇ ਤਕ ਹੀ ਸੀਮਤ ਨਹੀਂ, ਸਗੋਂ ਜਿੱਥੇ ਵੀ ਜਾਂਦੀ ਹੈ ਵਿਚਾਰਾਂ ਨੂੰ ਵਿਸਥਾਰ ਦੇ ਕੇ ਬਿਰਤੀਆਂ ਦੇ ਬੂਹੇ ਖੋਲ੍ਹ ਕੇ ਮਨ ਬਦਲ ਦਿੰਦੀ ਹੈ ਅਤੇ ਵਿਸ਼ਵ ਮਈ ਸੋਚ ਦਾ ਸੰਚਾਰ ਕਰ ਦਿੰਦੀ ਹੈ ਜਿਸ ਨਾਲ ਸਰੋਤਾ ਹੋਰ ਦਾ ਹੋਰ ਹੀ ਮਹਿਸੂਸ ਕਰਦਾ ਹੈ, ਪਹਿਲਾਂ ਵਰਗਾ ਨਹੀਂ ਰਹਿੰਦਾ।

ਉਸ ਨੂੰ ਵੱਖ ਵੱਖ ਸੰਸਥਾਵਾਂ ਵਲੋਂ ਇੰਨੇ ਇਨਾਮ, ਸਨਮਾਨ ਮਿਲ ਚੁੱਕੇ ਹਨ ਕਿ ਉਨ੍ਹਾਂ ਦਾ ਪੂਰਾ ਵੇਰਵਾ ਦੇਣਾ ਸੰਭਵ ਨਹੀਂ ਪਰ ਇਹ ਜ਼ਰੂਰ ਹੈ ਕਿ ਇਹ ਮਾਨ ਸਨਮਾਨ ਉਸ ਦੇ ਅਹਿਮ ਯੋਗਦਾਨ ਨੂੰ ਉੱਚੀ ਮਾਨਤਾ ਦੇਣਾ ਵੀ ਹੈ ਅਤੇ ਸਲਾਮ ਕਰਨਾ ਵੀ। ਇਹ ਕੇਵਲ ਉਸਦਾ ਹੀ ਮਾਣ ਨਹੀਂ ਸਗੋਂ ਪੰਜਾਬੀ ਭਾਸ਼ਾ, ਸਾਹਿਤ ਦਾ ਵੀ ਹੈ ਅਤੇ ਪੰਜਾਬੀ ਸਭਿਆਚਾਰ ਦਾ ਵੀ। ਬਹੁਤ ਇਨਾਮ ਮਿਲਣ ’ਤੇ ਵੀ ਉਸ ਨੇ ਨਿਮਰਤਾ ਨੂੰ ਪੱਲਿਉ ਨਹੀਂ ਛੱਡਿਆ। ਉਹ ਸਿਆਸਤ ਦੇ ਖੇਤਰ ਵਿਚ ਵੀ ਕੁੱਦਣਾ ਚਾਹੁੰਦੀ ਹੈ। ਪਰ ਜਦ ਉਸ ਸਲਾਹ ਮੰਗੀ ਤਾਂ ਕਿਸੇ ਨੇ ਉਸ ਨੂੰ ਕਿਹਾ ਕਿ ਇਹ ਚਿੱਕੜ ਦਾ ਖੇਤਰ ਹੈ, ਲਿੱਬੜਨਾ ਪਵੇਗਾ ਤਾਂ ਉਸਦਾ ਸਹਿਜ-ਸੁਭਾ ਉੱਤਰ ਸੀ ਕਿ ਸਮਾਜ ਅਤੇ ਸਿਆਸਤ ਵਿੱਚੋਂ ਗੰਦ ਸਾਫ ਕਰਨ ਲਈ ਲਿੱਬੜਨਾ ਤਾਂ ਪਵੇਗਾ ਹੀ ਪਵੇਗਾ। ਪਤਾ ਨਹੀਂ ਉਹ ਸਿਆਸਤ ਵਿਚ ਜਾਂਦੀ ਹੈ ਕਿ ਨਹੀਂ ਪਰ ਉਸਦਾ ਇਹ ਵਿਚਾਰ ਪਾਠਕਾਂ ਦੇ ਮਨ ਵਿਚ ਪ੍ਰਸ਼ਨਾਂ ਦੀ ਧੂਣੀ ਜ਼ਰੂਰ ਧੁਖਾ ਦੇਵੇਗਾ ਕਿ ਸਮਾਜ ਅਤੇ ਸਿਆਸਤ ਵਿੱਚੋਂ ਬੁਰਾਈਆਂ ਦੇ ਗੰਦ ਨੂੰ ਸਾਫ ਕੀਤੇ ਬਿਨਾ ਨਹੀਂ ਸਰਨਾ।

*****

(331)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

   

About the Author

ਸ਼ਾਮ ਸਿੰਘ ‘ਅੰਗ-ਸੰਗ’

ਸ਼ਾਮ ਸਿੰਘ ‘ਅੰਗ-ਸੰਗ’

Email: (sham.angsang@gmail.com)
Phone: (91 - 98141 - 13338)

More articles from this author