MandipKhurmi7ਸਿਆਸਤ ਨਾਲ ਸੰਬੰਧਤ ਲੋਕਾਂ ਦਾ ਸ਼ਰਾਬ ਦੇ ਠੇਕਿਆਂ ਤੋਂ ਲੈ ਕੇ ਫੈਕਟਰੀਆਂ ...
(ਮਈ 13,2016)

 

ਇਸ ਲੇਖ ਦਾ ਸਿਰਲੇਖ ਦੇਖਕੇ ਤੁਹਾਡਾ ਹੈਰਾਨ ਹੋਣਾ ਸੁਭਾਵਿਕ ਹੈ ਕਿਉਂਕਿ ਅਸੀਂ ਪੰਜਾਬੀਆਂ ਨੇ ਆਪਣੇ ਪੰਜਾਬੀ ਹੈਂਕੜਪੁਣੇ ਕਾਰਨ ਬਿਹਾਰ ਦੀ ਤਸਵੀਰ ਹੀ ਆਪਣੇ ਮਨਾਂ ਵਿਚ ਅਜਿਹੀ ਬਣਾ ਲਈ ਹੈ ਕਿ ਬਿਹਾਰ ਦਾ ਨਾਂ ਲੈਂਦਿਆਂ ਹੀ ਸਾਡੇ ਦਿਮਾਗ ਵਿਚ ਭਈਆ” ਸ਼ਬਦ ਆ ਜਾਂਦਾ ਹੈ। ਹਾਲਾਂਕਿ ਕਿ ਬਿਹਾਰ ਤੋਂ ਪੰਜਾਬ ਕੰਮ ਲੱਭਣ ਜਾਂ ਕਰਨ ਆਉਂਦੇ ਲੋਕਾਂ ਦੇ ਬੋਲਣ ਅਨੁਸਾਰ “ਭਈਆ” ਸ਼ਬਦ ਦਾ ਮਤਲਬ ਭਰਾ ਜਾਂ ਵੀਰ ਹੁੰਦਾ ਹੈ ਪਰ ਅਸੀਂ ਪੰਜਾਬੀ ਜੋ ਹਾਂ, ਅਸੀਂ ਉਹਨਾਂ ਵੀਰ ਭਰਾ ਸ਼ਬਦ ਬੋਲਣ ਵਾਲਿਆਂ ਨੂੰ ਭਈਆ” ਵਿਸ਼ੇਸ਼ਣ ਨਾਲ ਮੜ੍ਹ ਦਿੱਤਾ। ਬੇਸ਼ੱਕ ਬਿਹਾਰ ਵੀ ਭਾਰਤ ਦਾ ਹੀ ਪੰਜਾਬ ਵਾਂਗ ਇੱਕ ਸੂਬਾ ਹੈ ਪਰ ਅਸੀਂ ਬਿਹਾਰੀ ਕਾਮਿਆਂ ਨੂੰ ਕਿੰਨਾ ਕੁ ਸਤਿਕਾਰ ਦੀ ਨਜ਼ਰ ਨਾਲ ਦੇਖਦੇ ਹਾਂ? ਜੇ ਕਿਸੇ ਇੱਕ ਸੂਬੇ ਵਿੱਚੋਂ ਪੰਜਾਬ ਵਿਚ ਕੰਮ ਦੀ ਭਾਲ ਵਿਚ ਆਇਆ ਕਾਮਾ ਭਈਆ” ਹੈ ਤਾਂ ਅਸੀਂ ਪੰਜਾਬੀ ਵੀ ਤਾਂ ਕੰਮਕਾਰ ਦੀ ਭਾਲ ਵਿਚ ਦੇਸ਼ ਵਿਦੇਸ਼ ਦੇ ਖੱਲ-ਖੂੰਜੇ ਛਾਣ ਧਰੇ ਹਨ। ਮੇਰੀ ਨਜ਼ਰੇ ਅਸੀਂ ਸਭ ਵੀ ਇਸ ਵਿਸ਼ੇਸ਼ਣ ਦੇ ਹੱਕਦਾਰ ਹਾਂ। ਭਈਆ” ਸ਼ਬਦ ਬੇਸ਼ੱਕ ਅਰਥਾਂ ਵਜੋਂ ਭਰਾ ਸ਼ਬਦ ਦਾ ਜੁੜਵਾਂ ਭਰਾ ਹੈ ਪਰ ਅਸੀਂ ਪੰਜਾਬੀ ਜਦੋਂ ਵੀ ਇਹ ਸ਼ਬਦ ਬੋਲਦੇ ਹਾਂ ਤਾਂ ਇਉਂ ਲਗਦਾ ਹੈ, ਜਿਵੇਂ ਸਾਡੇ ਬੋਲਾਂ ਵਿੱਚੋਂ ਇਲਾਕਾਵਾਦ ਦੀ ਬੋਅ ਆ ਰਹੀ ਹੋਵੇ।

ਜਿਸ ਬਿਹਾਰ ਨੂੰ ਅਸੀਂ ਹਮੇਸ਼ਾ ਹੀ ਭਈਆਂ” ਦੀ ਧਰਤੀ ਵਜੋਂ ਦੇਖਿਆ ਹੈ ਜਾਂ ਦੇਖਦੇ ਆ ਰਹੇ ਹਾਂ, ਉਸ ਧਰਤੀ ਉੱਤੇ ਹੀ ਮਜ਼ਲੂਮਾਂ ਦੇ ਹੱਕਾਂ ਲਈ ਖੜਨ, ਜ਼ੁਲਮ ਨਾਲ ਟੱਕਰ ਲੈਣ, ਆਪਣੇ ਹੱਕਾਂ ਲਈ ਜੂਝਣ, ਲੋਕਾਈ ਲਈ ਪਰਿਵਾਰ ਵਾਰਨ ਦਾ ਮਾਦਾ ਰੱਖਣ ਵਾਲੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ। ਜਿਸ ਗੁਰੂ ਨੇ ਸਾਨੂੰ ਘਰ ਆਏ ਦਾ ਮਾਣ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ, ਉਸ ਗੁਰੂ ਦੀ ਸਿੱਖਿਆ ਉੱਪਰ ਅਸੀਂ ਪੈਰੋਕਾਰਾਂ ਨੇ ਕਿੰਨੇ ਕੁ ਫੁੱਲ ਚੜ੍ਹਾਏ ਹਨ, ਇਹ ਤਾਂ ਸਾਡੇ ਨਾਲੋਂ ਵੱਧ ਹੋਰ ਕੌਣ ਜਾਣ ਸਕਦਾ ਹੈ? ਸ਼ਾਇਦ ਹੀ ਕੋਈ ਮਾਲਕ ਹੋਵੇਗਾ, ਜਿਸਨੇ ਆਪਣੇ ਕਾਮੇ ਨਾਲ ਇੱਕ ਮੰਜੇ ’ਤੇ ਜਾਂ ਇੱਕ ਜਗਾਹ ਬੈਠ ਕੇ ਇੱਕੋ ਤਰ੍ਹਾਂ ਦਾ ਭੋਜਨ ਛਕਿਆ ਹੋਵੇ।

ਅੱਜ ਬਿਹਾਰ ਮੇਰੀਆਂ ਨਜ਼ਰਾਂ ਵਿਚ ਇਸ ਗੱਲੋਂ ਪੰਜਾਬ ਨਾਲੋਂ ਉੱਚਾ ਜਾਪ ਰਿਹਾ ਹੈ ਕਿਉਂਕਿ ਬਿਹਾਰ ਨੇ ਆਪਣੇ ਸੂਬੇ ਦੇ ਲੋਕਾਂ ਦੇ ਬਿਹਤਰ ਜੀਵਨ ਲਈ ਸੂਬੇ ਵਿੱਚ ਸ਼ਰਾਬਬੰਦੀ ਦਾ ਐਲਾਨ ਕੀਤਾ ਹੈ। ਬੇਸ਼ੱਕ ਇਹ ਫੈਸਲਾ ਸੂਲਾਂ ਉੱਪਰ ਨੰਗੇ ਪੈਰ ਤੁਰਨ ਵਾਂਗ ਹੈ ਕਿਉਂਕਿ ਲਗਭਗ ਚਾਰ ਹਜ਼ਾਰ ਕਰੋੜ ਰੁਪਏ ਦੀ ਸ਼ਰਾਬ ਤੋਂ ਹੁੰਦੀ ਸਰਕਾਰੀ ਕਮਾਈ ਦਾ ਮੋਹ ਤਿਆਗ ਕੇ ਬੇਸ਼ੱਕ ਸਰਕਾਰ ਨੇ ਆਪਣਾ ਪ੍ਰਭਾਵ ਦਿਖਾਇਆ ਹੈ ਪਰ ਲੋਕਾਂ ਨੂੰ ਸ਼ਰਾਬਬੰਦੀ ਤੋਂ ਪਹਿਲਾਂ ਮਾਨਸਿਕ ਤੌਰ ’ਤੇ ਤਿਆਰ ਕਰਨਾ, ਪੱਕੇ ਪਿਆਕੜਾਂ ਨੂੰ ਸ਼ਰਾਬ ਦੀ ਲਤ ਤੋਂ ਖਹਿੜਾ ਛੁਡਾਉਣ ਲਈ ਡਾਕਟਰੀ ਸਹਾਇਤਾ, ਮਾਨਸਿਕ ਤੌਰ ’ਤੇ ਹੱਲਾਸ਼ੇਰੀ ਦੇਣ ਆਦਿ ਦਾ ਜੋ ਢੰਗ ਅਪਣਾਇਆ ਜਾਣਾ ਚਾਹੀਦਾ ਹੈ, ਨਾ ਤਾਂ ਉਹ ਪਹਿਲਾਂ ਹਰਿਆਣਾ, ਆਂਧਰਾ ਪ੍ਰਦੇਸ਼ ਜਾਂ ਤਾਮਿਲਨਾਢੂ ਨੇ ਅਪਣਾਇਆ ਤੇ ਨਾ ਹੀ ਹੁਣ ਅਜਿਹਾ ਅਹਿਮ ਫੈਸਲਾ ਲੈਣ ਤੋਂ ਪਹਿਲਾਂ ਨਿਤੀਸ਼ ਕੁਮਾਰ ਦੀ ਬਿਹਾਰ ਸਰਕਾਰ ਨੇ ਅਪਣਾਇਆ। ਉਮੀਦ ਤਾਂ ਇਹ ਹੀ ਕਰਾਂਗੇ ਕਿ ਬਿਹਾਰ ਨੂੰ ਦੂਸਰੇ ਸੂਬਿਆਂ ਵਾਂਗ ਸ਼ਰਾਬਬੰਦੀ ਦੇ ਫੈਸਲੇ ਬਾਰੇ ਥੁੱਕ ਕੇ ਚੱਟਣ ਵਰਗੀ ਨੌਬਤ ਨਾ ਹੀ ਆਵੇ ਕਿਉਂਕਿ ਇਸ ਫੈਸਲੇ ਨਾਲ ਸੂਬੇ ਦੇ ਲੱਖਾਂ ਲੋਕਾਂ ਦੇ ਹਿਤ ਜੁੜੇ ਹੋਏ ਹਨ, ਜਿਹਨਾਂ ਨੂੰ ਸ਼ਰਾਬ ਰਾਹੀਂ ਆਰਥਿਕ, ਸਮਾਜਿਕ ਤੇ ਸਰੀਰਕ ਖਮਿਆਜ਼ਾ ਭੁਗਤਣਾ ਪੈਂਦਾ/ਪੈ ਰਿਹਾ ਹੈ। ਜਦੋਂਕਿ ਇਹੋ ਜਿਹੇ ਫੈਸਲਿਆਂ ਨੂੰ ਲਾਗੂ ਕਰਕੇ ਫਿਰ ਪੈਰ ਪਿਛਾਂਹ ਖਿੱਚ ਲੈਣ ਦਾ ਸਿੱਧਾ ਜਿਹਾ ਮਤਲਬ ਹੀ ਇਹ ਹੁੰਦਾ ਹੈ ਕਿ ਮੁੱਠੀ ਭਰ ਸ਼ਰਾਬ ਕਾਰੋਬਾਰੀਆਂ ਅੱਗੇ ਕਿਸੇ ਨਾ ਕਿਸੇ ਪੱਖੋਂ ਮੌਕੇ ਦੀ ਸਰਕਾਰ ਕਾਣੀ ਜ਼ਰੂਰ ਹੈ।

ਪੰਜਾਬ ਨੂੰ ਅੱਜ ਬੇਸ਼ੱਕ ਵਿਕਾਸ਼ਸੀਲ ਸੂਬਾ ਹੋਣ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ ਪਰ ਕੀ ਸਕੂਲਾਂ, ਹਸਤਪਤਾਲਾਂ, ਖੇਡ ਮੈਦਾਨਾਂ, ਲਾਇਬਰੇਰੀਆਂ ਦੇ ਮੁਕਾਬਲੇ ਦਿਨ ਬਦਿਨ ਠੇਕਿਆਂ ਜਾਂ ਸ਼ਰਾਬ ਦੀਆਂ ਫੈਕਟਰੀਆਂ ਦਾ ਵਾਧਾ ਹੀ ਵਿਕਾਸ ਦਾ ਇੱਕ ਅੰਗ ਹੈ? ਸ਼ਰਾਬ ਪੀ ਕੇ ਸ਼ਰਾਬੀ ਸੂਬੇ ਦੇ ਵਿਕਾਸ ਵਿਚ ਕਿਸ ਤਰ੍ਹਾਂ ਦਾ ਹਿੱਸਾ” ਪਾ ਸਕਦਾ ਹੈ, ਇਹ ਗੱਲ ਕਿਸੇ ਪਾਗਲ ਨੂੰ ਵੀ ਪੁੱਛ ਲਓ ਤਾਂ ਉਹ ਵੀ ਚੰਗੀ ਤਰ੍ਹਾਂ ਦੱਸ ਸਕਦਾ ਹੈ। ਪਰ ਹੈਰਾਨੀ ਅਤੇ ਬਦਕਿਸਮਤੀ ਦੀ ਗੱਲ ਹੈ ਕਿ ਪੰਜਾਬ ਦੀ ਸੱਤਾਧਾਰੀ ਸਿਆਸਤਦਾਨ ਇਸ ਮਸਲੇ ਨੂੰ ਸੰਜੀਦਗੀ ਨਾਲ ਲੈਣ ਨੂੰ ਹੀ ਤਿਆਰ ਨਹੀਂ। ਸਿਆਸਤ ਨਾਲ ਸੰਬੰਧਤ ਲੋਕਾਂ ਦਾ ਸ਼ਰਾਬ ਦੇ ਠੇਕਿਆਂ ਤੋਂ ਲੈ ਕੇ ਫੈਕਟਰੀਆਂ ਤੱਕ ਏਕਾਧਿਕਾਰ ਹੋਣਾ ਇਸ ਗੱਲ ਦਾ ਪਰਤੱਖ ਪ੍ਰਮਾਣ ਹੈ ਕਿ ਸੂਬੇ ਦੇ ਆਗੂ ਲੋਕ ਹੀ ਨਹੀਂ ਚਾਹੁਣਗੇ ਕਿ ਪੰਜਾਬ ਅੰਦਰ ਸ਼ਰਾਬਬੰਦੀ ਬਾਰੇ ਕੋਈ ਆਪਣਾ ਮੂੰਹ ਖੋਲ੍ਹੇ। ਬੇਸ਼ੱਕ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਿੰਡਾਂ ਵਿੱਚੋਂ ਠੇਕੇ ਚੁਕਵਾਉਣ ਲਈ ਮਤੇ ਪਾਏ ਗਏ, ਬਹੁਤ ਸਾਰੀਆਂ ਪੰਚਾਇਤਾਂ ਦੀ ਕਾਮਯਾਬ ਰਹੀਆਂ ਪਰ ਹਰ ਰੋਜ ਕਿਸੇ ਨਾ ਕਿਸੇ ਪਿੰਡ ਠੇਕੇ ਚੁਕਵਾਉਣ ਲਈ ਧਰਨੇ ਅਜੇ ਵੀ ਲੱਗ ਰਹੇ ਹਨ।

ਲੋਕ ਪਿੰਡ ਵਿੱਚੋਂ ਠੇਕਾ ਚੁਕਵਾਉਣ ਨੂੰ ਆਪਣੀ ਜਿੱਤ ਸਮਝ ਲੈਂਦੇ ਹਨ ਪਰ ਗੈਰਕਾਨੂੰਨੀ ਤੌਰ ’ਤੇ ਸ਼ਰਾਬ ਵੇਚਣ ਵਾਲੇ ਠੇਕਾ ਬੰਦ ਹੋਣ ਤੋਂ ਬਾਅਦ ਵੀ ਆਪਣਾ ਕਾਰੋਬਾਰ ਰੁਕਣ ਨਹੀਂ ਦਿੰਦੇ। ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਸਿਆਸੀ ਸਰਪ੍ਰਸਤੀ ਬਿਨਾਂ ਬੋਤਲਾਂ ਤਾਂ ਦੂਰ, ਕੋਈ ਬੂੰਦ ਵੀ ਨਹੀਂ ਵੇਚ ਸਕਦਾ। ਜੇ ਸ਼ਰਾਬ ਵੇਚ ਕੇ ਸੂਬੇ ਦਾ ਵਿਕਾਸ ਕਰਨਾ ਹੀ ਸਰਕਾਰ ਦੀ ਸੋਚ ਦਾ ਮੁੱਖ ਹਿੱਸਾ ਹੈ ਤਾਂ ਇਹ ਸੁਪਨਾ ਉਸ ਨਿਆਣ-ਮੱਤੇ ਲੱਕੜਹਾਰੇ ਵਾਂਗ ਹੈ ਜਿਹੜਾ ਉਸੇ ਟਾਹਣੇ ਨੂੰ ਵੱਢ ਰਿਹਾ ਸੀ, ਜਿਸ ਉੱਪਰ ਖੁਦ ਬੈਠਾ ਸੀ। ਜੇ ਸ਼ਰਾਬ ਵਿਕਾਸ ਵਿਚ ਹਿੱਸਾ ਪਾਉਣ ਦਾ ਸਾਧਨ ਹੁੰਦੀ ਤਾਂ ਵਿਆਹਾਂ ਵਿਚ ਖੁਸ਼ੀ ਦੇ ਨਾਂ ’ਤੇ ਹੁੰਦੇ ਫਾਇਰਾਂ ਨਾਲ ਹੁਣ ਤੱਕ ਹੋਏ ਕਤਲਾਂ ਦੇ ਦੋਸ਼ੀਆਂ ਦੀਆਂ ਮੈਡੀਕਲ ਰਿਪੋਰਟਾਂ ਦਾ ਨਿਰੀਖਣ ਕੀਤਾ ਜਾ ਸਕਦਾ ਹੈ। ਸੜਕ ਦੁਰਘਟਨਾਵਾਂ ਵਿਚ ਸ਼ਾਮਲ ਡਰਾਈਵਰਾਂ ਦੀ ਸ਼ਰਾਬ ਪੀਤੀ ਹੈ ਜਾਂ ਨਹੀਂ, ਇਸ ਤਰ੍ਹਾਂ ਦੀ ਚੈਕਿੰਗ ਵਾਲੀ ਦਿੱਲੀ ਸਾਡੇ ਪੰਜਾਬ ਕੋਲੋਂ ਬਹੁਤ ਦੂਰ ਹੈ। ਜੇ ਇਹ ਤਕਨੀਕ ਹੁਣ ਵੀ ਜ਼ੋਰਾਂ ਸ਼ੋਰਾਂ ’ਤੇ ਵਰਤਣੀ ਸ਼ੁਰੂ ਹੋ ਜਾਵੇ ਤਾਂ ਖੁਦ ਹੀ ਨਤੀਜੇ ਸਾਹਮਣੇ ਆ ਜਾਣਗੇ ਕਿ ਕਿੰਨੇ ਕੁ ਡਰਾਈਵਰ ਹਨ ਜੋ ਵਾਹਨ ਚਲਾਉਣ ਵੇਲੇ ਸੁੱਚੇ ਮੂੰਹ” ਹੁੰਦੇ ਹਨ। ਸੜਕੀ ਅੱਤਵਾਦ ਵਿੱਚ ਹੁੰਦੀਆਂ ਮੌਤਾਂ ਵਿੱਚ ਵੀ ਸ਼ਰਾਬ ਦੀ ਭੂਮਿਕਾ ਨੂੰ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ ਪਰ ਰਾਣੀ ਨੂੰ ਕੌਣ ਆਖੇ ਕਿ ਰਾਣੀਏ ਅੱਗਾ ਢਕ।”

ਬੇਸ਼ੱਕ ਬਿਹਾਰ ਨੇ ਫਿਲਹਾਲ ਤੂਫ਼ਾਨਾਂ ਵਿੱਚ ਦੀਵਾ ਜਗਾਉਣ ਵਰਗੀ ਦਲੇਰੀ ਨਾਲ ਸ਼ਰਾਬਬੰਦੀ ਦਾ ਐਲਾਨ ਕੀਤਾ ਹੈ ਪਰ “ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ” ਸ਼ਬਦ ਵਰਗੇ ਵਿਸ਼ੇਸ਼ਣ ਨੂੰ ਲੰਬੜਦਾਰੀ ਦੇ ਛੱਜ ਵਾਂਗ ਨਾਲ ਚੁੱਕੀ ਫਿਰਦੇ ਪੰਜਾਬ ਲਈ ਇੱਕ ਚੁਣੌਤੀ ਹੈ ਕਿ ਪੰਜਾਬ ਵਿਚ ਕੰਮ ਕਰਨ ਆਉਂਦੇ ਕਿਰਤੀ ਲੋਕਾਂ ਦੇ ਮੁੱਖ ਮੰਤਰੀ ਨੇ ਆਪਣੇ ਲੋਕਾਂ ਦੇ ਜੀਵਨ ਲਈ ਦੂਰਅੰਦੇਸ਼ ਫੈਸਲਾ ਲਿਆ ਪਰ ਸਰਦਾਰਾਂ ਤੇ ਕਿਰਤ ਮੌਕੇ ਦੇਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਪਣੇ ਲੋਕਾਂ ਲਈ ਕਦੋਂ ਇਹੋ ਜਿਹਾ ਨਿੱਗਰ ਫੈਸਲਾ ਲਿਆ ਜਾਵੇਗਾ? ਫਿਲਹਾਲ ਆਪਣੇ ਰਾਜੇ ਤੋਂ ਇਸ ਗੱਲ ਦੀ ਭੀਖ” ਹੀ ਮੰਗ ਸਕਦੇ ਹਾਂ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਲਈ ਵੱਡੇ ਵੱਡੇ ਪੱਬ ਕਲੱਬ, ਜੂਆਘਰ, ਪਿੰਡ ਪਿੰਡ ਸਿਨੇਮੇ, ਜਲ ਬੱਸਾਂ ਨਹੀਂ ਚਾਹੀਦੀਆਂ, ਸਗੋਂ ਇਹ ਤਾਂ ਬਹੁਤ ਬਾਅਦ ਦੀਆਂ ਗੱਲਾਂ ਹਨ, ਪਹਿਲਾਂ ਪੰਜਾਬ” ਨੂੰ ਬਿਹਾਰ” ਹੀ ਬਣਾ ਦਿਓ।

*****

(285)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਮਨਦੀਪ ਖੁਰਮੀ

ਮਨਦੀਪ ਖੁਰਮੀ

Mandeep Khurmi Himmatpura.
Phone: (44 - 75191 - 12312)

Email: (mandeepkhurmi4u@gmail.com)