AjayKumar7ਜੋ ਵਿਅਕਤੀ ਕੱਟੜ ਹੈਉਹ ਤਰਕਸ਼ੀਲ ਨਹੀਂ ਹੋ ਸਕਦਾ। ਅੱਤਵਾਦ ਵੱਲ ਵਧਣ ਦਾ ਮਤਲਬ ਹੈ ਆਪਣੀ ...
(ਮਾਰਚ 9, 2016)

 

ਆਪਣੇ ਦੇਸ਼, ਧਰਮ, ਸੂਬੇ, ਜਾਤ ਜਾਂ ਆਪਣੇ ਆਪ ਤੇ ਮਾਣ ਕਰਨਾ ਹਰ ਮਨੁੱਖ ਦੀ ਕੁਦਰਤੀ ਫਿਤਰਤ ਹੈ। ਜਿਸ ਕੋਲ ਆਤਮ ਸਨਮਾਨ ਨਹੀਂ, ਉਸ ਦਾ ਜੀਉਣਾ ਜਾਨਵਰਾਂ ਤੋਂ ਬਦਤਰ ਹੈ। ਇਹੀ ਆਤਮ-ਸਨਮਾਨ ਸਾਨੂੰ ਸਿਰ ਚੁੱਕ ਕੇ ਜੀਉਣਾ ਸਿਖਾਉਂਦਾ ਹੈਇਸੇ ਆਤਮ-ਸਨਮਾਨ ਕਾਰਣ ਅਸੀਂ ਆਪਣੇ ਪਰਿਵਾਰ, ਆਪਣੇ ਦੇਸ਼, ਆਪਣੇ ਧਰਮ ਦੀ ਰੱਖਿਆ ਲਈ ਆਪਣੀ ਜਿੰਦ-ਜਾਨ ਕੁਰਬਾਨ ਕਰਨ ਨੂੰ ਤਿਆਰ ਰਹਿੰਦੇ ਹਾਂ। ਹਜ਼ਾਰਾਂ ਸਾਲਾਂ ਤੱਕ ਦਲਿਤ ਸਮਾਜ ਦਾ ਸ਼ੋਸ਼ਣ ਮਨੂੰਵਾਦੀ ਕਰਦੇ ਰਹੇ। ਜੇ ਕਦੀ ਧਿਆਨ ਨਾਲ ਘੋਖ ਕਰੀਏ ਤਾਂ ਸਮਝ ਆਉਂਦਾ ਹੈ ਕਿ ਉਨ੍ਹਾਂ ਨੇ ਸਿਰਫ ਮੂਲ ਨਿਵਾਸੀਆਂ ਤੋਂ ਉਨ੍ਹਾਂ ਦਾ ਆਤਮ-ਸਨਮਾਨ ਹੀ ਖੋਹਿਆ ਸੀ, ਜੋ ਹਜ਼ਾਰਾਂ ਸਾਲ ਦੀ ਗੁਲਾਮੀ ਦਾ ਕਾਰਣ ਬਣ ਗਿਆ। ਬਾਬਾ ਸਾਹਿਬ ਅੰਬੇਡਕਰ ਦੇ ਸੰਘਰਸ਼ਾਂ ਸਦਕਾ ਆਤਮ-ਸਨਮਾਨ ਦਾ ਅਹਿਸਾਸ ਜਦੋਂ ਦਲਿਤ ਨੂੰ ਹੋਇਆ ਤਾਂ ਉਹ ਆਪਣੇ ਹੱਕਾਂ ਦੀ ਰੱਖਿਆ ਕਰਨਾ ਵੀ ਸਿੱਖ ਗਿਆ। ਅਜੇ ਲੰਬਾ ਸੰਘਰਸ਼ ਚੱਲੇਗਾ ਪੂਰਨ ਸਮਾਜ ਵਿੱਚ ਆਤਮ-ਸਨਮਾਨ ਦੀ ਬਹਾਲੀ ਲਈ।

ਆਤਮ-ਸਨਮਾਨ ਦੀ ਅੱਤ ਕੱਟੜਤਾ ਦਾ ਰੂਪ ਲੈਂਦੀ ਹੈ ਤੇ ਇਹੀ ਕੱਟੜਤਾ ਅੱਤਵਾਦ ਦਾ ਰੂਪ ਧਾਰਣ ਕਰ ਜਾਂਦੀ ਹੈ। ਆਤਮ-ਸਨਮਾਨ ਅਤੇ ਕੱਟੜਤਾ ਵਿੱਚ ਇੰਨਾ ਫ਼ਰਕ ਹੈ, ਜਿੰਨਾ ਮਾਣ ਅਤੇ ਘਮੰਡ ਵਿੱਚ। ਕੱਟੜਤਾ ਭਾਵੇਂ ਕਿਸੇ ਵਿਅਕਤੀ ਵਿਚ ਹੋਵੇ, ਪਰਿਵਾਰ ਵਿਚ ਹੋਵੇ, ਕੌਮ ਵਿਚ ਹੋਵੇ, ਧਰਮ ਵਿਚ ਹੋਵੇ ਜਾਂ ਰਾਜਨੀਤੀ ਵਿੱਚ, ਇਹ ਕੱਟੜਤਾ ਅਖੀਰ ਵਿੱਚ ਸਮਾਜ ਲਈ ਖਤਰਨਾਕ ਹੈ। ਇਸ ਲਈ ਮੈਂ ਕਿਸੇ ਵੀ ਤਰ੍ਹਾਂ ਦੀ ਕੱਟੜਤਾ ਦੇ ਵਿਰੁੱਧ ਹਾਂ।

ਜੇ ਕੋਈ ਵਿਅਕਤੀ, ਭਾਵੇਂ ਉਹ ਕਿਸੇ ਵੀ ਜਾਤ ਦਾ ਹੋਵੇ, ਜੇ ਉਹ ਆਪਣੀ ਜਾਤ ਤੇ ਜ਼ਿਆਦਾ ਮਾਣ ਕਰਦਾ ਹੈ ਤਾਂ ਇਹ ਕੱਟੜਤਾ ਦਾ ਹੀ ਰੂਪ ਹੈ। ਜਾਤਾਂ ਦੀ ਕੱਟੜਤਾ ਨੇ ਸਾਡੇ ਦੇਸ਼ ਨੂੰ ਹਜ਼ਾਰਾਂ ਸਾਲ ਗੁਲਾਮੀ ਦੀਆਂ ਜੰਜ਼ੀਰਾਂ ਵਿਚ ਬੰਨ੍ਹੀ ਰੱਖਿਆ। ਸਾਨੂੰ ਵਿਦੇਸ਼ੀਆਂ ਹੱਥੋਂ ਗ਼ੁਲਾਮੀ ਦਾ ਨਰਕ ਭੋਗਣਾ ਪਿਆ। ਕਾਰਣ ਸੀ, ਆਪਣੇ ਆਪ ਨੂੰ ਉੱਚ ਹਿੰਦੂ ਕਹਾਉਣ ਵਾਲਿਆਂ ਦੀ ਆਪਣੀ ਜਾਤ ਲਈ ਕੱਟੜਤਾ। ਇਸੇ ਕੱਟੜਤਾ ਕਾਰਣ ਉਨ੍ਹਾਂ ਨੂੰ ਵਿਦੇਸ਼ੀਆਂ ਹੱਥੋਂ ਸਭ ਤੋਂ ਵੱਧ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ, ਦਲਿਤ ਤਾਂ ਪਹਿਲਾਂ ਹੀ ਗੁਲਾਮਾਂ ਦਾ ਗੁਲਾਮ ਸੀ।

ਧਰਮ ਦੀ ਕੱਟੜਤਾ ਨੇ ਸਾਡੇ ਦੇਸ਼ ਦੇ ਦੋ ਟੁਕੜੇ ਕਰ ਦਿੱਤੇ। ਇਕ ਭਾਰਤ ਰਹਿ ਗਿਆ ਤੇ ਦੂਸਰਾ ਪਾਕਿਸਤਾਨ ਬਣ ਗਿਆਇਸ ਬਟਵਾਰੇ ਦਾ ਸਭ ਤੋਂ ਜ਼ਿਆਦਾ ਸੰਤਾਪ ਪੰਜਾਬ ਨੂੰ ਭੁਗਤਣਾ ਪਿਆ। 1947 ਦੇ ਦੰਗਿਆਂ ਵਿੱਚ 10 ਲੱਖ ਤੋਂ ਵੱਧ ਜਾਨਾਂ ਕੱਟੜਤਾ ਦੀ ਬਲੀ-ਬੇਦੀ ਤੇ ਚੜ੍ਹ ਗਈਆਂ। ਕਿਸੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਕਿ ਇਹ ਕਿਹੋ ਜਿਹੇ ਧਰਮ ਦੀ ਕੱਟੜਤਾ ਸੀ ਜਿਸ ਨੇ ਆਦਮੀ ਹੱਥੋਂ ਆਦਮੀ ਦਾ ਕਤਲ ਕਰਾ ਦਿੱਤਾ। ਇਸ ਕਤਲੋਗ਼ਾਰਤ ਨਾਲ ਕਿਸੇ ਧਰਮ ਨੂੰ ਕੀ ਮਿਲਿਆ।

ਹਿਟਲਰ ਵਰਗਿਆਂ ਦੀ ਰਾਜਨੀਤਿਕ ਕੱਟੜਤਾ ਦੂਸਰੇ ਵਿਸ਼ਵ ਯੁੱਧ ਦਾ ਕਾਰਣ ਬਣੀ, ਜਿਸ ਵਿੱਚ ਦੁਨੀਆਂ ਦੇ ਕਰੋੜਾਂ ਲੋਕਾਂ ਨੂੰ ਆਪਣੀ ਜਾਨ ਦੇਣੀ ਪਈ। ਪਖੰਡ ਕੱਟੜਤਾ ਦੇ ਖੰਭ ਹੁੰਦੇ ਹਨ। ਇਨ੍ਹਾਂ ਖੰਭਾਂ ਦੇ ਸਹਾਰੇ ਕੱਟੜਤਾ ਨਵੀਆਂ ਉਚਾਈਆਂ ਤੇ ਉਡਾਰੀਆਂ ਮਾਰਦੀ ਹੈ। ਪਾਖੰਡ ਦੇ ਝੂਠ ਨਾਲ ਹੀ ਦੂਸਰੇ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ। ਆਪਣੇ ਭਰਮ ਨੂੰ ਮਜ਼ਬੂਤ ਕੀਤਾ ਜਾਂਦਾ ਹੈ। ਪਾਖੰਡ ਦਾ ਚੋਲਾ ਪਾ ਕੇ ਕੱਟੜਤਾ ਮਾਨਵ ਜੀਵਨ ਦਾ ਨਾਸ ਕਰਨ ਦੇ ਨਵੇਂ ਤੋਂ ਨਵੇਂ ਤਰੀਕੇ ਈਜਾਦ ਕਰਦੀ ਹੈ। ਕੱਟੜਤਾ ਸਭ ਤੋਂ ਪਹਿਲਾਂ ਵਿਅਕਤੀ ਦੀ ਬੁੱਧੀ ਤੇ ਵਾਰ ਕਰ ਕੇ ਉਸ ਨੂੰ ਤਰਕ ਰਹਿਤ ਕਰ ਦਿੰਦੀ ਹੈ। ਹਰ ਉਹ ਵਿਅਕਤੀ, ਜਿਸ ਨੇ ਕੱਟੜਤਾ ਅਪਣਾ ਕੇ ਪਾਖੰਡ ਦਾ ਚੋਲਾ ਪਾਇਆ ਹੁੰਦਾ ਹੈ, ਉਸ ਨੂੰ ਤਰਕਸ਼ੀਲ ਵਿਅਕਤੀ ਮੂਰਖ ਜਾਂ ਅਗਿਆਨੀ ਲੱਗਦਾ ਹੈ ਤੇ ਤਰਕਹੀਣ ਕੱਟੜ ਆਦਮੀ ਜੋ ਵਿਵੇਕਹੀਣ ਹੋ ਚੁੱਕਾ ਹੈ, ਉਹ ਤਰਕਸ਼ੀਲ ਨੂੰ ਗਿਆਨ ਨਾਲ ਨਾ ਹਰਾ ਸਕੇ, ਭੀੜ ਬਲ ਜਾਂ ਸਰੀਰਕ ਬਲ ਨਾਲ ਹਰਾਉਣ ਦੀ ਕੋਸ਼ਿਸ਼ ਵਿੱਚ ਜਾਨਵਰ ਬਣ ਜਾਂਦਾ ਹੈ। ਪਰ ਸੱਚ ਇਹ ਹੈ ਕਿ ਜੇ ਅਜੇ ਤੱਕ ਦੁਨੀਆਂ ਵਿਚ ਮਨੁੱਖ ਜੀਵਿਤ ਹੈ, ਉਸ ਦਾ ਕਾਰਣ ਕੱਟੜਵਾਦ ਨਹੀਂ, ਬਲਕਿ ਮਹਾਤਮਾ ਬੁੱਧ, ਗੁਰੂ ਨਾਨਕ, ਸਤਿਗੁਰ ਰਵਿਦਾਸ, ਸਤਿਗੁਰ ਕਬੀਰ ਜਾਂ ਡਾ. ਭੀਮ ਰਾਉ ਅੰਬੇਡਕਰ ਦੀ ਤਰਕਸ਼ੀਲ ਵਿਚਾਰਧਾਰਾ ਹੈ, ਜਿਸ ਨੇ ਸਮਾਜ ਨੂੰ ਉਹ ਰਾਹ ਦਿਖਾਇਆ, ਜਿਸ ਨਾਲ ਬਰਾਬਰਤਾ ਦਾ ਸਮਾਜ ਬਣਿਆ ਰਹੇ। ਹਰ ਵਿਅਕਤੀ ਨੂੰ ਬਰਾਬਰ ਦੇ ਹੱਕ ਮਿਲਣ, ਬਰਾਬਰ ਦੇ ਮੌਕੇ ਮਿਲਣ, ਬਰਾਬਰ ਦੀ ਤਰੱਕੀ ਹੋਵੇ ਅਤੇ ਜਾਤ, ਬਰਾਦਰੀ, ਧਰਮ, ਵਿਚਾਰਧਾਰਾ, ਸੂਬਾ ਜਾਂ ਸ਼ਹਿਰ ਤੋਂ ਉੱਪਰ ਉੱਠ ਸਭ ਵਿਅਕਤੀ ਭਾਰਤ ਦੇ ਬਰਾਬਰ ਦੇ ਨਾਗਰਿਕ ਬਣਨ, ਜੋ ਆਪਣੇ ਅਧਿਕਾਰਾਂ ਦੇ ਨਾਲ-ਨਾਲ ਆਪਣੀਆਂ ਜ਼ਿੰਮੇਵਾਰੀਆਂ ਵੀ ਪਹਿਚਾਨਣ।

ਹਰ ਵਿਚਾਰ ਦਾ ਕੋਈ ਨਾ ਕੋਈ ਵਿਰੋਧੀ ਜ਼ਰੂਰ ਹੋਵੇਗਾਜੇ ਮੈਂ ਹਾਂ ਕਹਾਂਗਾ ਤਾਂ ਕਿਤੇ ਨਾ ਕਿਤੇ ਨਾਂਹ ਜ਼ਰੂਰ ਹੋਵੇਗੀ। ਜੇ ਮੈਂ ਸੱਜੇਪੱਖੀ ਹਾਂ ਤਾਂ ਕੋਈ ਖੱਬੇਪੱਖੀ ਵੀ ਜ਼ਰੂਰ ਹੋਵੇਗਾ। ਜੇ ਮੈਂ ਅੱਗ ਦੀ ਗੱਲ ਕਰਦਾ ਹਾਂ ਤਾਂ ਕੋਈ ਨਾ ਕੋਈ ਪਾਣੀ ਦੀ ਗੱਲ ਵੀ ਜ਼ਰੂਰ ਕਰੇਗਾ। ਕਿਉਂਕਿ ਜੀਵਨ ਦੇ ਵਿੱਚ ਜਿੰਨੇ ਕੁ ਪੱਖ ਹਨ, ਉਹ ਇਕ-ਦੂਜੇ ਦਾ ਕਿਤੇ ਨਾ ਕਿਤੇ ਵਿਰੋਧ ਜ਼ਰੂਰ ਕਰਦੇ ਹਨ ਪਰ ਜੀਵਨ ਲਈ ਉੰਨੇ ਹੀ ਜ਼ਰੂਰੀ ਵੀ ਹਨ। ਜੇ ਇਕ ਪੱਖ ਫੜ ਕੇ ਅਸੀਂ ਕੱਟੜਤਾ ਦੀ ਮਸ਼ਾਲ ਚੁੱਕ ਲਵਾਂਗੇ ਤਾਂ ਯਕੀਨ ਜਾਣੋ ਉਸ ਮਸ਼ਾਲ ਥੱਲੇ ਤੁਸੀਂ ਸਦਾ ਹਨੇਰੇ ਵਿੱਚ ਹੀ ਰਹੋਗੇ।

ਜੋ ਵਿਅਕਤੀ ਕੱਟੜ ਹੈ, ਉਹ ਤਰਕਸ਼ੀਲ ਨਹੀਂ ਹੋ ਸਕਦਾ। ਅੱਤਵਾਦ ਵੱਲ ਵਧਣ ਦਾ ਮਤਲਬ ਹੈ ਆਪਣੀ ਮਾਨਵਤਾਵਾਦੀ ਵਿਚਾਰਧਾਰਾ ਦਾ ਖਾਤਮਾ ਕਰਨਾ। ਜਦ ਤਕ ਮੇਰੇ ਸਰੀਰ ਵਿਚ ਸਾਹ ਰਹਿਣਗੇ, ਮੇਰੀ ਲੜਾਈ ਕੱਟੜਤਾ ਦੇ ਵਿਰੁੱਧ ਚੱਲਦੀ ਰਹੇਗੀ। ਉਹ ਕੱਟੜਤਾ ਚਾਹੇ ਮੇਰੇ ਵਿਰੋਧੀਆਂ ਦੀ ਹੋਵੇ ਜਾਂ ਮੇਰੇ ਸਾਥੀਆਂ ਦੀ, ਮੈਂ ਤਾਂ ਤਰਕਸ਼ੀਲ ਵਿਚਾਰਾਂ ਦਾ ਹੀ ਸਾਥ ਦਿਆਂਗਾ।

*****

(213)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)