JatinderPannu7ਚੀਨ ਦਾ ਮਾਲ ਵਿਕੀ ਜਾ ਰਿਹਾ ਹੈ ਤੇ ਲੋਕ ਆਰਾਮ ਨਾਲ ਖਰੀਦੀ ਜਾਂਦੇ ਹਨ ...
(25 ਮਈ 2020)

 

ਪਿਛਲੀ ਇੱਕ ਛਿਮਾਹੀ ਵਿੱਚ ਦੁਨੀਆ ਭਰ ਦੇ ਲੋਕਾਂ ਨੇ ਅਤੇ ਪਿਛਲੇ ਲਗਾਤਾਰ ਦੋ ਮਹੀਨਿਆਂ ਦੌਰਾਨ ਭਾਰਤ ਤੇ ਸਾਡੇ ਪੰਜਾਬ ਦੇ ਲੋਕਾਂ ਨੇ ਬਹੁਤ ਦੁੱਖ ਭੋਗਿਆ ਹੈਇਹ ਦੁੱਖ ਕਈ ਤਰ੍ਹਾਂ ਦਾ ਸੀ, ਅਤੇ ਅਜੇ ਵੀ ਜਾਰੀ ਹੈਪਹਿਲਾ ਦੁੱਖ ਤਾਂ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਸੀ, ਜਿਸ ਦੀ ਜੜ੍ਹ ਅੱਜ ਤਕ ਪਤਾ ਨਹੀਂ ਲੱਗ ਸਕੀ, ਪਰ ਦੁਨੀਆ ਦੇ ਦੋ ਪ੍ਰਮੁੱਖ ਦੇਸ਼ਾਂ ਵਿੱਚ ਖਹਿਬਾਜ਼ੀ ਚੱਲੀ ਜਾਂਦੀ ਹੈਅਮਰੀਕਾ ਦੇ ਲੋਕ ਤੇ ਖਾਸ ਕਰ ਕੇ ਉਨ੍ਹਾਂ ਦਾ ਰਾਸ਼ਟਰਪਤੀ ਸਿਰਫ ਚੀਨ ਨੂੰ ਸਾਰੇ ਸੰਕਟ ਦਾ ਦੋਸ਼ੀ ਮੰਨ ਕੇ ਆਪਣੀ ਰਟ ਲਾਈ ਜਾਂਦੇ ਹਨਜਦੋਂ ਤਕ ਇਹ ਗੱਲ ਸਾਬਤ ਨਹੀਂ ਹੁੰਦੀ ਅਤੇ ਇਹ ਛੇਤੀ ਕੀਤੇ ਸਾਬਤ ਹੁੰਦੀ ਵੀ ਨਹੀਂ ਜਾਪਦੀ, ਉਦੋਂ ਤਕ ਕਿਸੇ ਇੱਕ ਧਿਰ ਨੂੰ ਦੋਸ਼ੀ ਠਹਿਰਾਉਣਾ ਵੀ ਔਖਾ ਹੈਉਂਜ ਸ਼ੱਕ ਵਾਲੀ ਗੰਢ ਇੱਕ ਵਾਰੀ ਬੱਝ ਜਾਵੇ ਤਾਂ ਛੇਤੀ ਖਹਿੜਾ ਨਹੀਂ ਛੱਡਦੀ ਹੁੰਦੀਚੀਨ ਦੇ ਖਿਲਾਫ ਇਹ ਦੋਸ਼ ਵੀ ਜ਼ੋਰ ਨਾਲ ਲਾਇਆ ਜਾਂਦਾ ਰਿਹਾ ਕਿ ਉਸ ਦੀ ਮੀਟ ਮਾਰਕੀਟ ਇਸ ਬਿਮਾਰੀ ਦਾ ਮੁੱਢਲਾ ਕਾਰਨ ਹੋ ਸਕਦੀ ਹੈ ਅਤੇ ਇਹ ਵੀ ਕਿਹਾ ਗਿਆ ਕਿ ਚੀਨ ਦੇ ਲੋਕਾਂ ਦੀਆਂ ਮੀਟ ਖਾਣ ਦੀਆਂ ਆਦਤਾਂ ਨਾਲ ਰੱਫੜ ਪਿਆ ਹੈਫਿਰ ਇਹ ਦੱਸਿਆ ਜਾਣਾ ਸ਼ੁਰੂ ਹੋ ਗਿਆ ਕਿ ਚੀਨ ਦੇ ਲੋਕ ਕੁੱਤਾ ਖਾ ਜਾਂਦੇ ਹਨ ਤੇ ਇੱਦਾਂ ਦੀਆਂ ਕਈ ਹੋਰ ਚੀਜ਼ਾਂ ਖਾਈ ਜਾਂਦੇ ਹਨਜ਼ਰੂਰ ਖਾਂਦੇ ਹੋਣਗੇ ਤੇ ਸਾਰੀ ਦੁਨੀਆ ਵਿੱਚ ਕੌਣ ਕੀ ਖਾਂਦਾ ਹੈ, ਇਸਦੀ ਪਾਬੰਦੀ ਲਾਉਣੀ ਅੱਜ ਦੇ ਯੁਗ ਵਿੱਚ ਮੁਸ਼ਕਲ ਹੈਕਿਸੇ ਦੇਸ਼ ਵਿੱਚ ਗਊ ਦਾ ਮੀਟ ਖਾਣ ਦੀ ਰਿਵਾਇਤ ਹੈ ਤਾਂ ਕਿਸੇ ਹੋਰ ਦੇਸ਼ ਵਿੱਚ ਗਊ ਦਾ ਮੀਟ ਖਾਣ ਵਾਲਿਆਂ ਨੂੰ ਪਾਪੀ ਮੰਨਿਆ ਜਾਂਦਾ ਹੈ

ਕੱਲ੍ਹ ਨੂੰ ਗਊ ਮਾਸ ਖਾਣ ਵਾਲੇ ਲੋਕਾਂ ਦੀ ਵੱਡੀ ਆਬਾਦੀ ਵਾਲੇ ਦੇਸ਼ ਵਿੱਚ ਕੋਈ ਬਖੇੜਾ ਉੱਠ ਪਵੇ ਤਾਂ ਭਾਰਤ ਦੇ ਕੁਝ ਲੋਕ ਉਨ੍ਹਾਂ ਬਾਰੇ ਕਈ ਕੁਝ ਕਹਿਣਗੇਇਸਲਾਮੀ ਦੇਸ਼ਾਂ ਵਿੱਚ ਸੂਰ ਖਾਣਾ ਮਨ੍ਹਾ ਹੈਭਾਰਤ ਵਿੱਚ ਕਈ ਲੋਕ ਸੂਰ ਦਾ ਮਾਸ ਮਜ਼ੇ ਨਾਲ ਖਾਂਦੇ ਹਨਸਿਰਫ ਸੂਰ ਦੀ ਗੱਲ ਨਹੀਂ, ਭਾਰਤ ਦੇ ਲੋਕ ਇੱਦਾਂ ਦਾ ਕਈ ਕੁਝ ਖਾ ਜਾਂਦੇ ਹਨ, ਜਿਸ ਬਾਰੇ ਚਰਚਾ ਆਮ ਕਰ ਕੇ ਨਹੀਂ ਹੁੰਦੀਸਾਨੂੰ ਇਹ ਦੱਸਣ ਵਿੱਚ ਹਰਜ ਨਹੀਂ ਜਾਪਦਾ ਕਿ ਜਿਹੜੀਆਂ ਚੀਜ਼ਾਂ ਚੀਨੀ ਲੋਕ ਖਾਂਦੇ ਦੱਸੇ ਜਾਂਦੇ ਹਨ, ਉਨ੍ਹਾਂ ਵਿੱਚੋਂ ਕਈ ਚੀਜ਼ਾਂ ਭਾਰਤ ਦੇ ਕਈ ਲੋਕ ਵੀ ਚਾਅ ਨਾਲ ਖਾਂਦੇ ਹਨਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤ ਦੇ ਇੱਕ ਉੱਤਰ ਪੂਰਬੀ ਰਾਜ ਤੋਂ ਸਾਡੇ ਪੰਜਾਬ ਵਿੱਚ ਸੁਰੱਖਿਆ ਡਿਊਟੀ ਵਾਸਤੇ ਆਈ ਫੋਰਸ ਦੇ ਜਵਾਨ ਕੁੱਤੇ ਦਾ ਮਾਸ ਖਾਣ ਵਾਲੇ ਸਨਜਿਸ ਇਲਾਕੇ ਵਿੱਚ ਉਨ੍ਹਾਂ ਦੀ ਡਿਊਟੀ ਲਾਈ ਗਈ, ਉਸ ਪਾਸੇ ਅਵਾਰਾ ਕੁੱਤੇ ਮੁੱਕ ਗਏ ਸਨ

ਭਾਰਤ ਦੇ ਉੱਤਰ-ਪੂਰਬੀ ਰਾਜਾਂ ਵਿੱਚ ਕੁਝ ਲੋਕ ਸੱਪ ਤੇ ਕੋਹੜ ਕਿਰਲੀ ਦਾ ਮਾਸ ਵੀ ਖਾਂਦੇ ਹਨਬਿਹਾਰ ਦੇ ਕੁਝ ਵਰਗਾਂ ਵਿੱਚ ਚੂਹੇ ਦਾ ਮਾਸ ਖਾਣਾ ਆਮ ਗੱਲ ਹੈਇੱਕ ਵਾਰੀ ਉੱਥੇ ਥੋੜ੍ਹੇ ਸਮੇਂ ਲਈ ਇੱਕ ਮੁੱਖ ਮੰਤਰੀ ਇਹੋ ਜਿਹਾ ਬਣ ਗਿਆ ਸੀ, ਜਿਹੜਾ ਮਾਣ ਨਾਲ ਕਹਿੰਦਾ ਸੀ ਕਿ ਉਹ ਚੂਹੇ ਦਾ ਮਾਸ ਖਾਂਦਾ ਹੈ ਤੇ ਇਹ ਵੀ ਚਾਹੁੰਦਾ ਸੀ ਕਿ ਚੂਹੇ ਦਾ ਮਾਸ ਖਾਣ ਨੂੰ ਬਾਕਾਇਦਾ ਮਾਨਤਾ ਦਿੱਤੀ ਜਾਵੇਉੱਤਰ-ਪੂਰਬ ਦੇ ਇੱਕ ਰਾਜ ਦੇ ਲੋਕ ਡੱਡੂ ਖਾ ਜਾਂਦੇ ਹਨਸੋਨੀਆ ਸਰਕਾਰ ਨਾਂਅ ਦੀ ਪ੍ਰਸਿੱਧ ਲੇਖਕਾ ਨੇ ਇਨ੍ਹਾਂ ਸਾਰੇ ਰਾਜਾਂ ਅਤੇ ਉਨ੍ਹਾਂ ਦੇ ਇਹੋ ਜਿਹਾ ਮਾਸ ਖਾਣ ਵਾਲੇ ਲੋਕਾਂ ਬਾਰੇ ਜਨਵਰੀ 2017 ਵਿੱਚ ਟੈਲੀਗਰਾਫ ਅਖਬਾਰ ਵਿੱਚ ਵੇਰਵੇ ਸਹਿਤ ਇੱਕ ਲੇਖ ਲਿਖਿਆ ਸੀ, ਜਿਹੜਾ ਅੱਜ ਵੀ ਸਾਡੇ ਕੋਲ ਸੰਭਾਲਿਆ ਪਿਆ ਹੈਚਰਚਾ ਸਿਰਫ ਚੀਨ ਦੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਦੀ ਹੋਈ ਜਾ ਰਹੀ ਹੈ

ਚੀਨ ਅਤੇ ਅਮਰੀਕਾ ਦਾ ਅੱਜ ਕੱਲ੍ਹ ਆਢਾ ਲੱਗਾ ਹੋਇਆ ਹੈ, ਪਰ ਕਿਸੇ ਵਕਤ ਸੰਸਾਰ ਪੂੰਜੀਵਾਦ ਦਾ ਮੁਕਾਬਲਾ ਕਰਨ ਵਾਲੀ ਮਹਾਸ਼ਕਤੀ ਸੋਵੀਅਤ ਰੂਸ ਦੇ ਨਾਲ ਲੜਨ ਲਈ ਇਸੇ ਅਮਰੀਕਾ ਦੇ ਹਾਕਮਾਂ ਦੀ ਸਭ ਤੋਂ ਵੱਡੀ ਯਾਰੀ ਇਸੇ ਚੀਨ ਨਾਲ ਹੋਇਆ ਕਰਦੀ ਸੀਕਿਊਬਾ ਦੇ ਖਿਲਾਫ ਲੜਾਈ ਮੌਕੇ ਵੀ ਚੀਨ ਉਨ੍ਹਾਂ ਦਾ ਸਾਥ ਦਿੰਦਾ ਰਿਹਾ ਅਤੇ ਅਮਰੀਕਾ ਦੀ ਕਮਿਊਨਿਸਟ ਪਾਰਟੀ ਦੇ ਉਦੋਂ ਦੇ ਜਨਰਲ ਸੈਕਟਰੀ ਗੱਸ ਹਾਲ ਵੱਲੋਂ ਚੀਨੀ ਕਮਿਊਨਿਸਟ ਪਾਰਟੀ ਵੱਲ ਲਿਖੀ ਗਈ ਖੁੱਲ੍ਹੀ ਚਿੱਠੀ ਵਿੱਚ ਚੀਨ-ਅਮਰੀਕਾ ਭਾਈਵਾਲੀ ਦਾ ਸਾਰਾ ਕੱਚਾ ਚਿੱਠਾ ਪੇਸ਼ ਕੀਤਾ ਗਿਆ ਸੀਸੋਵੀਅਤ ਰੂਸ ਦੇ ਢਹਿਣ ਮਗਰੋਂ ਇੱਕਲੌਤੀ ਮਹਾਂਸ਼ਕਤੀ ਹੋਣ ਦਾ ਭਰਮ ਪਾਲਣ ਵਾਲੇ ਅਮਰੀਕਾ ਸਾਹਮਣੇ ਜਦੋਂ ਉਹ ਹੀ ਚੀਨ ਸ਼ਰੀਕਾਂ ਵਾਂਗ ਡਾਂਗ ਮੋਢੇ ਰੱਖ ਕੇ ਖੜੋਤਾ ਦਿੱਸ ਪਿਆ ਤਾਂ ਹਰ ਗੱਲ ਵਿੱਚ ਉਸ ਨਾਲ ਆਢਾ ਲੱਗ ਗਿਆਇਸ ਵੇਲੇ ਉਸ ਨਾਲ ਲੜਾਈ ਦਾ ਕਾਰਨ ਕੋਰੋਨਾ ਵਾਇਰਸ ਦੀ ਉਠਾਣ ਨਹੀਂ, ਅਮਰੀਕਾ ਦਾ ਸੰਸਾਰ ਮੰਡੀ ਵਿੱਚ ਚੀਨੀ ਮਾਲ ਨਾਲ ਮੁਕਾਬਲਾ ਹੈਮੈਂ ਨਿੱਜੀ ਤੌਰ ਉੱਤੇ ਚੀਨੀ ਮਾਲ ਦਾ ਕਦੀ ਪ੍ਰਸ਼ੰਸਕ ਨਹੀਂ ਰਿਹਾ, ਕਿਉਂਕਿ ਇਹ ਮਾਲ ਹੰਢਣਸਾਰਤਾ ਦੇ ਪੱਖੋਂ ਬਹੁਤਾ ਵਧੀਆ ਨਹੀਂ ਹੁੰਦਾ, ਪਰ ਇਹ ਗੱਲ ਫਿਰ ਆਪਣੀ ਥਾਂ ਠੀਕ ਹੈ ਕਿ ਜਿਸ ਮਾਲ ਦੀ ਕੋਈ ਗਾਰੰਟੀ ਨਾ ਹੋਣ ਦਾ ਰੌਲਾ ਸਭ ਤੋਂ ਵੱਧ ਪੈਂਦਾ ਹੈ, ਉਹੀ ਮਾਲ ਅਮਰੀਕੀ ਮਾਲ ਨੂੰ ਹਰ ਮੰਡੀ ਵਿੱਚ ਖੂੰਜੇ ਲਾਈ ਜਾਂਦਾ ਹੈਖੁਦ ਅਮਰੀਕੀ ਲੋਕ ਵੀ ਸਸਤਾ ਹੋਣ ਕਾਰਨ ਚੀਨੀ ਮਾਲ ਖਰੀਦੀ ਜਾਂਦੇ ਹਨ ਤਾਂ ਅਮਰੀਕੀ ਕਾਰਪੋਰੇਟ ਘਰਾਣੇ ਇਸ ਤੋਂ ਚਿੜਨ ਲੱਗਦੇ ਹਨਹੈਰਾਨੀ ਦੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਦੇ ਦੌਰ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਜਦੋਂ ਚੀਨ ਦੀ ਭੰਡੀ ਕਰਨ ਰੁੱਝਾ ਹੋਇਆ ਹੈ, ਉਦੋਂ ਵੀ ਅਮਰੀਕਾ ਵਿੱਚ ਚੀਨ ਦਾ ਮਾਲ ਵਿਕੀ ਜਾ ਰਿਹਾ ਹੈ ਤੇ ਲੋਕ ਆਰਾਮ ਨਾਲ ਖਰੀਦੀ ਜਾਂਦੇ ਹਨ

ਕੋਰੋਨਾ ਵਾਇਰਸ ਦੀ ਦਵਾਈ ਅਜੇ ਤਕ ਬਣੀ ਨਹੀਂ, ਬਣਾਉਣ ਵੱਲ ਅਮਰੀਕਾ ਦੀ ਸਰਕਾਰ ਦਾ ਬਹੁਤਾ ਧਿਆਨ ਵੀ ਨਹੀਂ ਜਾਪਦਾ, ਕਦੇ-ਕਦਾਈਂ ਕੋਈ ਅਮਰੀਕੀ ਕੰਪਨੀ ਦਵਾਈ ਬਣਾ ਲੈਣ ਦਾ ਦਾਅਵਾ ਜ਼ਰੂਰ ਕਰ ਦਿੰਦੀ ਹੈਨਤੀਜਾ ਇਹ ਨਿਕਲਦਾ ਹੈ ਕਿ ਉਸ ਕੰਪਨੀ ਦੇ ਸ਼ੇਅਰ ਧੜਾ-ਧੜਾ ਚੜ੍ਹਦੇ ਤੇ ਕੰਪਨੀ ਦੀ ਕਮਾਈ ਵਧ ਜਾਂਦੀ ਹੈ, ਪਰ ਸੰਸਾਰ ਭਰ ਵਿੱਚ ਜਿਸ ਚੀਜ਼ ਦੀ ਲੋੜ ਹੈ, ਉਹ ਦਵਾਈ ਅਜੇ ਤਕ ਪੇਸ਼ ਨਹੀਂ ਕੀਤੀ ਗਈ

ਭਾਰਤ ਦੀ ਅਜੋਕੀ ਸਰਕਾਰ ਚਲਾਉਣ ਵਾਲਿਆਂ ਦਾ ਅਮਰੀਕਾ ਨਾਲ ਹੇਜ ਇੱਥੋਂ ਤਕ ਹੈ ਕਿ ਉਹ ਚੀਨ ਦੇ ਵਿਰੁੱਧ ਅਮਰੀਕਾ ਦੇ ਨਾਲ ਖੜ੍ਹੇ ਹਨ ਅਤੇ ਚੀਨ ਦਾ ਸਾਮਾਨ ਇੱਥੇ ਵੀ ਬਾਜ਼ਾਰਾਂ ਵਿੱਚ ਭਰਿਆ ਪਿਆ ਹੈਜਿਹੜੇ ਸਾਰੀ ਉਮਰ ਦੇ ਕਾਂਗਰਸੀ ਆਗੂ ਸਰਦਾਰ ਪਟੇਲ ਨਾਲ ਮੋਹ ਦਾ ਵਿਖਾਲਾ ਕਰ ਕੇ ਦੁਨੀਆਂ ਦੀਆਂ ਸਭ ਵੱਡੀਆਂ ਮੂਰਤੀਆਂ ਤੋਂ ਵੱਡੀ ਉਸ ਦੀ ਮੂਰਤੀ ਲਾਉਣ ਦੇ ਨਾਅਰੇ ਲਾਏ ਸਨ ਤੇ ਦੇਸ਼ ਦੀ ਸੱਤਾ ਸੰਭਾਲੀ ਸੀ, ਉਨ੍ਹਾਂ ਵੱਲੋਂ ਬਣਾਈ ਸਰਦਾਰ ਪਟੇਲ ਦੀ ਮੂਰਤੀ ਵੀ ਚੀਨ ਦੀ ਮਦਦ ਨਾਲ ਬਣੀ ਹੈਭਾਰਤ ਦੇ ਹਰ ਧਰਮ ਦੇ ਲੋਕਾਂ ਦੇ ਧਾਰਮਿਕ ਚਿੰਨ੍ਹ ਵੀ ਚੀਨ ਦੇ ਬਣਾਏ ਹੋਏ ਅਤੇ ਭਾਰਤ ਵਿੱਚ ਬਣੇ ਮਾਲ ਨਾਲੋਂ ਅੱਧੇ ਮੁੱਲ ਉੱਤੇ ਜਦੋਂ ਗਲੀ-ਗਲੀ ਮਿਲਦੇ ਹੋਣ ਤਾਂ ਲੋਕ ਰਾਜਨੀਤੀ ਵਿੱਚ ਚੀਨ ਦੇ ਵਿਰੋਧ ਲਈ ਭਾਜਪਾ ਨਾਲ ਹੋ ਸਕਦੇ ਹਨ, ਉੱਦਾਂ ਚੀਨੀ ਮਾਲ ਲੈਣ ਤੋਂ ਇਨਕਾਰ ਨਹੀਂ ਕਰਦੇਨਿਰੀ ਰਾਜਨੀਤੀ ਦੀਆਂ ਗੋਲੀਆਂ ਚੱਬਣ ਦੇ ਚਸਕੇ ਨਾਲ ਚੀਨ ਦੇ ਵਿਰੋਧ ਵਿੱਚ ਨਾ ਅਮਰੀਕਾ ਨੂੰ ਕੁਝ ਹਾਸਲ ਹੋ ਸਕਿਆ ਹੈ ਤਾਂ ਨਾ ਭਾਰਤ ਦੀ ਕਿਸੇ ਧਿਰ ਦੇ ਪੱਲੇ ਕੁਝ ਪੈਣ ਵਾਲਾ ਹੈ

ਪਿਛਲੇ ਸਾਲ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਅਮਰੀਕਾ ਵਿੱਚ ਗਿਆ ਅਤੇ ਉੱਥੇ ਹੋਏ ਇੱਕ ਸਮਾਗਮ ਵਿੱਚ ‘ਅਬ ਕੀ ਬਾਰ, ਟਰੰਪ ਸਰਕਾਰ’ ਦਾ ਨਾਅਰਾ ਦੇ ਆਇਆ ਸੀ। ਉਦੋਂ ਜਿਹੜੀ ਗੱਲ ਸਾਨੂੰ ਸਮਝ ਪਈ ਸੀ, ਉਹ ਇਹ ਕਿ ਸਾਡੇ ਲੋਕ ਅਮਰੀਕਾ ਤੋਂ ਭਾਵੇਂ ਕੁਝ ਨਾ ਸਿੱਖਣ, ਅਮਰੀਕੀ ਰਾਜਨੀਤੀ ਨੂੰ ਭਾਰਤ ਦਾ ਤੜਕਾ ਲੱਗ ਗਿਆ ਹੈਭਾਰਤ ਦੇ ਤੜਕੇ ਦੀ ਖਾਸ ਵੰਨਗੀ ਇਹੋ ਹੈ ਕਿ ਆਪਣੇ ਵਿਰੋਧੀ ਨੂੰ ਜਦੋਂ ਭੰਡਣਾ ਹੋਵੇ ਤਾਂ ਆਪਣੇ ਕੁਚੱਜ ਨਾਲ ਪਏ ਪੁਆੜਿਆਂ ਲਈ ਵੀ ਭਾਰਤੀ ਲੋਕਾਂ ਵਿੱਚ ਦੁਸ਼ਮਣ ਮੰਨੇ ਜਾ ਚੁੱਕੇ ਪਾਕਿਸਤਾਨ ਦਾ ਏਜੰਟ ਕਹਿ ਸਕਦੇ ਹਨਅਮਰੀਕਾ ਦੀ ਰਾਜਨੀਤੀ ਵਿੱਚ ਵੀ ਇਹ ਦੌਰ ਆ ਗਿਆ ਸਾਫ ਦਿਖਾਈ ਦਿੰਦਾ ਹੈਲੋਕ ਕੋਰੋਨਾ ਵਾਇਰਸ ਦੀ ਮਾਰ ਨਾਲ ਮਰ ਰਹੇ ਹਨ ਅਤੇ ਉੱਥੇ ਸਰਕਾਰ ਦੀ ਨਾਲਾਇਕੀ ਸਾਫ ਨਜ਼ਰ ਆਉਂਦੀ ਹੈ, ਪਰ ਅਮਰੀਕਾ ਦਾ ਮੌਜੂਦਾ ਰਾਸ਼ਟਰਪਤੀ ਇਹ ਕਹਿਦਾ ਹੈ ਕਿ ਇਹ ਸਾਰਾ ਕੁਝ ਚੀਨ ਨੇ ਮੈਂਨੂੰ ਰਾਸ਼ਟਰਪਤੀ ਦੀ ਚੋਣ ਲਗਾਤਾਰ ਦੂਸਰੀ ਵਾਰੀ ਜਿੱਤਣ ਤੋਂ ਰੋਕਣ ਅਤੇ ਵਿਰੋਧੀ ਧਿਰ ਦੇ ਉਮੀਦਵਾਰ ਜੋਅ ਬਿਡਨ ਨੂੰ ਜਿਤਾਉਣ ਲਈ ਕੀਤਾ ਹੈਅਮਰੀਕਾ ਵਿੱਚ ਹੋਈਆਂ ਮੌਤਾਂ ਲਈ ਉਹ ਚੀਨ ਵੱਲੋਂ ਆਪਣੀ ਚੋਣ ਦੇ ਵਿਰੋਧ ਦਾ ਦੋਸ਼ ਲਾ ਸਕਦਾ ਹੈ, ਬਰਤਾਨੀਆ ਵਿੱਚ ਮੌਤਾਂ ਦੀ ਗਿਣਤੀ ਚਾਲੀ ਹਜ਼ਾਰ ਦੇ ਨੇੜੇ ਪਹੁੰਚ ਗਈ ਹੈ, ਇਟਲੀ ਵਿੱਚ ਲੱਖ ਦਾ ਤੀਸਰਾ ਹਿੱਸਾ ਪਾਰ ਕਰ ਗਈ ਹੈ, ਸਪੇਨ ਅਤੇ ਫਰਾਂਸ ਵਿੱਚ ਵੀ ਤੀਹ-ਤੀਹ ਹਜ਼ਾਰ ਦਾ ਪੜਾਅ ਪਾਰ ਕਰਦੀ ਪਈ ਹੇ, ਉੱਥੇ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਚੋਣਾਂ ਹਰਾਉਣ ਲਈ ਕੋਰੋਨਾ ਪੈਦਾ ਹੋਇਆ ਹੈ

ਭਾਰਤੀ ਲੀਡਰਾਂ ਉੱਤੇ ਜਿੰਨੀ ਕਿਸਮ ਦੇ ਦੋਸ਼ ਲੱਗਦੇ ਹਨ, ਉਹ ਹੀ ਸਾਰੇ ਦੋਸ਼ ਡੋਨਾਲਡ ਟਰੰਪ ਉੱਤੇ ਲੱਗੀ ਜਾਂਦੇ ਹਨ। ਜਿਹੜੇ ਦਾਅ ਭਾਰਤ ਵਿੱਚ ਵਰਤੇ ਜਾਂਦੇ ਹਨ, ਜਦੋਂ ਉਹੀ ਦਾਅ ਉਹ ਵਰਤਣ ਲੱਗ ਪਿਆ ਹੈ ਤਾਂ ਸਾਨੂੰ ਭਾਰਤੀ ਲੋਕਾਂ ਨੂੰ ਭਾਰਤ ਤੋਂ ਦੂਰ ਹਰ ਪੱਖੋਂ ਇੱਕ ਹੋਰ ਭਾਰਤ ਉੱਗ ਪਿਆ ਜਾਪਦਾ ਹੈਅਮਰੀਕੀ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਖੇਡਾਂ ਨੇ ਅੱਜ ਤਕ ਭਾਰਤ ਨੂੰ ਉੱਠਣ ਨਹੀਂ ਦਿੱਤਾ, ਉਹੋ ਖੇਡਾਂ ਅਮਰੀਕਾ ਵਿੱਚ ਚੱਲਣਗੀਆਂ ਤਾਂ ਕੋਰੋਨਾ ਨਾਲ ਲੜਨ ਦੀ ਲੋੜ ਨਹੀਂ ਰਹਿਣੀ, ਸਿਰਫ ਉਸ ਆਗੂ ਦੀ ਡੁਗਡੁਗੀ ਸੁਣਿਆ ਕਰੇਗੀ, ਜਿਸ ਨੂੰ ਲੋਕਾਂ ਦੇ ਅੱਖੀਂ ਘੱਟਾ ਪਾਉਣਾ ਤੇ ਕੋਰੋਨਾ ਵਰਗੇ ਅਸਲੀ ਮਾਮਲੇ ਦੀ ਥਾਂ ਛਣਕਣੇ ਛਣਕਾਉਣੇ ਆਉਂਦੇ ਹੋਣਗੇਉਦੋਂ ਅਮਰੀਕਾ ਕਿੱਦਾਂ ਦਾ ਹੋਵੇਗਾ, ਕਹਿਣ ਦੀ ਲੋੜ ਨਹੀਂ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2155) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author