“ਬੜਾ ਔਖਾ ਹੈ ਉਹਨਾਂ ਲਈ, ਜਿਹਨਾਂ ਰੋਜ਼ ਕਮਾਉਣਾ ਤੇ ਉਹੀ ਖਾਣਾ ਹੁੰਦਾ ਹੈ ...”
(28 ਅਪਰੈਲ 2020)
ਕਿਹੋ ਜਿਹਾ ਸਮੇਂ ਦਾ ਗੇੜ ਆ ਗਿਆ। ਆਪਣੇ ਹੀ ਘਰਾਂ ਅੰਦਰ ਬੰਦ ਹੋ ਕੇ ਰਹਿ ਗਏ। ਆਪਣੇ ਆਪ ਨੂੰ ਬਚਾਉਣ ਲਈ ਇਹ ਜ਼ਰੂਰੀ ਵੀ ਹੈ। ਆਪਣੇ ਆਲੇ-ਦੁਆਲੇ ਨੂੰ ਹੀ ਨੀਝ ਲਾ ਕੇ ਦੇਖਣ ਦਾ ਮੌਕਾ। ਜ਼ਿੰਦਗੀ ਤਾਂ ਇਹੀ ਸੀ ਆਲਾ ਦੁਆਲਾ ਵੀ ਇਹੀ, ਪਰ ਮਨ ਘਰ ਤੋਂ ਬਾਹਰ ਭੱਜਿਆ ਰਹਿੰਦਾ, ਲੋੜਾਂ ਵੀ ਵੱਧ ਸਨ। ਉਨ੍ਹਾਂ ਨੂੰ ਪੂਰੀਆਂ ਕਰਨ ਦੀਆਂ ਕੋਸ਼ਿਸ਼ਾਂ ਵੀ ਵੱਧ ਸਨ। ਹੁਣ ਸਿਮਟ ਗਏ। ਉੰਨੀਆਂ ਕੁ ਲੋੜਾਂ ਜਿਹਨਾਂ ਨਾਲ ਬੰਦਾ ਜਿਉਂਦਾ ਰਹਿ ਸਕੇ। ਸਭ ਬਦਲਿਆ ਬਦਲਿਆ ਜਾਪਦਾ ਹੈ।
ਤਾਲਾਬੰਦੀ ਦੇ ਦਿਨ, ਸਵੇਰੇ ਸਵੇਰੇ ਖਿੜਕੀ ਵਿੱਚੋਂ ਦੀ ਦੇਖੀਦਾ, ਰੁੱਖ, ਵੇਲਾਂ-ਬੂਟੇ ਸਭ ਸ਼ਾਂਤ ਲੱਗਦੇ ਹਨ। ਉੱਚੇ ਉੱਚੇ ਸਫੈਦੇ, ਨਿੰਮ, ਪੌਪਲਰ, ਟਾਹਲੀਆਂ, ਗੁਲਮੋਹਰ, ਤੂਤ ਆਦਿ ਜੋ ਵੀ ਦਿਸਦੇ ਹਨ ਸਭ ਸ਼ਾਂਤ। ਜਾਪਦਾ ਹੈ ਜਿਵੇਂ ਸਾਰੇ ਟਿਕੇ ਰਹਿਣ ਦਾ ਸੁਨੇਹਾ ਦਿੰਦੇ ਹੋਣ। ਇਹ ਆਪ ਵੀ ਤਾਂ ਜੇਠ ਹਾੜ ਦੀ ਧੁੱਪ, ਮੀਂਹ, ਹਨੇਰੀ, ਝੱਖੜ, ਪੋਹ ਮਾਘ ਦੀ ਸਰਦੀ ਆਪਣੇ ਸਿਰਾਂ ’ਤੇ ਸਹਿੰਦੇ ਹਨ। ਅਸੀਂ ਤਾਂ ਫਿਰ ਵੀ ਆਪਣੇ ਘਰਾਂ ਅੰਦਰ ਹੀ ਰਹਿਣਾ ਹੈ ਕੁਝ ਕੁ ਦਿਨ। ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ ਕੁਦਰਤ ਵੱਲ। ਹੁਣ ਜਦੋਂ ਵੀ ਛੱਤ ਉੱਤੇ ਚੜ੍ਹ ਕੇ ਦੇਖੀਏ ਤਾਂ ਹਰੇ ਹਰੇ ਪੱਤੇ, ਲਾਲ ਪਪੀਸੀਆਂ, ਬਕਰੈਣਾਂ ਦੇ ਫੁੱਲਾਂ ਦੀ ਖੁਸ਼ਬੂ, ਕੁਦਰਤ ਆਪਣਾ ਕੰਮ ਕਰ ਰਹੀ ਹੈ। ਤੂਤਾਂ ਦੀਆਂ ਤੂਤੀਆਂ ਪੱਕਣੀਆਂ ਸ਼ੁਰੂ ਹੋ ਗਈਆਂ। ਪਰ ਨਿੰਮ ਦੇ ਨਿੱਕੇ ਨਿੱਕੇ ਪੱਤੇ ਦੇਖ ਕੇ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਦੀ ਸਤਰ ਯਾਦ ਆਉਂਦੀ ਹੈ - ‘ਆਲ੍ਹਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ।’
ਗੁਲਮੋਹਰ ਅਜੇ ਵੀ ਰੁੰਡ ਮਰੁੰਡ ਜਾਪਦਾ ਏ। ਸੂਰਜ ਦੀ ਚਮਕ ਵਧ ਗਈ ਜਾਪਦੀ ਹੈ ਜਿਵੇਂ ਪੁਰਾਣੇ ਸਮੇਂ ਰਸੋਈ ਵਿੱਚ ਲੱਗੇ ਬਲਬਾਂ ਨੂੰ ਸਾਫ਼ ਕਰ ਕੇ ਚਾਨਣ ਬਹੁਤਾ ਬਹੁਤਾ ਜਾਪਦਾ ਸੀ। ਇਸੇ ਤਰ੍ਹਾਂ ਸੂਰਜ ਵੀ ਜਿਵੇਂ ਬਹੁਤ ਸਮੇਂ ਬਾਅਦ ਕਿਸੇ ਨੇ ਸਾਫ਼ ਕਰ ਕੇ ਰੱਖਿਆ ਹੋਵੇ। ਰੁੱਖਾਂ, ਬੂਟਿਆਂ ਦੇ ਨਵੇਂ ਨਵੇਂ ਪੱਤਿਆਂ ’ਤੇ ਪੈਂਦੀ ਸੂਰਜ ਦੀ ਰੌਸ਼ਨੀ ... ਕਈ ਵਾਰ ਲਿਸ਼ਕੋਰ ਨਾਲ ਅੱਖਾਂ ਚੁੰਧਿਆ ਜਾਂਦੀਆਂ ਹਨ। ਸਭ ਕੁਝ ਨਵਾਂ ਨਵਾਂ ਜਾਪਦਾ ਏ. ਜਿਵੇਂ ਕੁਦਰਤ ਨੇ ਨਵਾਂ ਨਵਾਂ ਰੰਗ ਕੀਤਾ ਹੋਵੇ।
ਨਿੱਕੀਆਂ ਨਿੱਕੀਆਂ ਚਿੜੀਆਂ ਜਿਹਨਾਂ ਨੂੰ ਨਿੱਕੇ ਹੁੰਦਿਆਂ ਪਿੱਦੀਆਂ ਚਿੜੀਆਂ ਆਖਦੇ ਸੀ, ਫੋਰੀਆਂ ਮਾਰਦੀਆਂ ਫਿਰਦੀਆਂ ਕਦੇ ਕਿਸੇ ਰੁੱਖ ’ਤੇ ਕਦੇ ਕਿਸੇ ਰੁੱਖ ’ਤੇ। ਕੋਈ ਕਾਲੇ ਚਮਕੀਲੇ ਰੰਗ ਦੀ, ਕੋਈ ਮਿੱਟੀ ਰੰਗੀ। ਹਾਂ ਇੱਕ ਦੋ ਘਰੇਲੂ ਚਿੜੀਆਂ ਵੀ ਦਾਣੇ ਚੁਗਣ ਆ ਜਾਂਦੀਆਂ ਨੇ। ਜੀਅ ਕਰਦਾ ਹੁੰਦਾ ਕਿ ਆਖੀਏ- ‘ਹਰ ਰੋਜ਼ ਆਇਆ ਕਰੋ’ ਪਰ ਜੇ ਕਿਤੇ ਉਹਨਾਂ ਦੀ ਫੋਟੋ ਜਾਂ ਵੀਡੀਓ ਬਣਾਉਣ ਲਈ ਮੋਬਾਇਲ ਹੱਥ ਵਿੱਚ ਫੜਿਆ ਹੋਵੇ ਤਾਂ ਉਡਾਰੀ ਮਾਰ ਜਾਂਦੀਆਂ ਨੇ। ਜਿਵੇਂ ਆਖਦੀਆਂ ਹੋਣ - ਇਹਨਾਂ (ਮੋਬਾਈਲਾਂ) ਨੂੰ ਚਲਾਉਣ ਲਈ ਲੱਗੇ ਟਾਵਰਾਂ ਕਰ ਕੇ ਤਾਂ ਸਾਡੇ ਪਰਿਵਾਰ ਖ਼ਤਮ ਹੋਏ ਨੇ।
ਪੰਛੀਆਂ ਨੂੰ ਦਾਣੇ ਚੁਗਦਿਆਂ ਦੇਖਣ ਦਾ ਵੀ ਆਪਣਾ ਹੀ ਆਨੰਦ ਹੈ। ਤੋਤੇ ਬੜੇ ਅਰਾਮ ਨਾਲ ਚੁਗਦੇ ਨੇ। ਇੱਕ ਮੋਟਾ ਜਿਹਾ ਪਹਾੜੀ ਕਾਂ ਵੀ ਬੜੀ ਸੁਸਤੀ ਜਿਹੀ ਨਾਲ ਰੋਟੀ ਦੇ ਨਿੱਕੇ ਨਿੱਕੇ ਕੀਤੇ ਟੁੱਕੜੇ ਚੁਗਦਾ। ਦੇਸੀ ਕਾਂ ਅੱਗੋਂ ਦੀ ਝਪਟ ਮਾਰ ਕੇ ਲੈ ਜਾਂਦਾ ਹੈ। ਕਬੂਤਰ ਬੜੇ ਕਾਹਲੀ ਕਾਹਲੀ ਡਰਦੇ ਡਰਦੇ, ਮਾੜਾ ਜਿੰਨਾ ਖੜਾਕ ਹੋਣ ’ਤੇ ਉਡ ਜਾਂਦੇ ਨੇ। ਬੁਲਬੁਲਾਂ ਬੜੀ ਫੁਰਤੀ ਨਾਲ ਚੁਗਦੀਆਂ ਹਨ। ਕਾਟੋ (ਗਲਹਿਰੀ) ਸਭ ਨੂੰ ਭਾਜੜਾਂ ਪਾ ਦਿੰਦੀ ਹੈ। ਅਗਲੇ ਦੋਵੇਂ ਪੈਰਾਂ ਤੋਂ ਹੱਥਾਂ ਦਾ ਕੰਮ ਲੈਂਦੀ ਬੜੀ ਫੁਰਤੀ ਨਾਲ ਮੂੰਹ ਚਲਾਉਂਦੀ ਹੈ। ਹੁਣ ਤਾਂ ਤਿੱਤਰ ਵੀ ਆਉਣ ਲੱਗ ਪਏ ਦਾਣਾ ਚੁਗਣ ਤੇ ਪਾਣੀ ਪੀਣ।
ਜਲਮੁਰਗੀਆਂ ਵੀ ਘਰ ਦੀ ਚਾਰਦੀਵਾਰੀ ਤੇ ਕੁਰਰ ਕੁਰਰ ਕਰਦੀਆਂ ਫਿਰਦੀਆਂ ਹਮ। ਕਦੇ ਕਦੇ ਸਾਰੇ ਪੰਛੀ ਬੜਾ ਬੋਲਦੇ ਨੇ। ਜਦੋਂ ਇਹ ਬਿੱਲੀ, ਕੁੱਤੇ, ਸੱਪ ਆਦਿ ਤੋਂ ਡਰ ਕੇ ਬੋਲਦੇ ਨੇ ਤਾਂ ਇਹਨਾਂ ਦੀ ਆਵਾਜ਼ ਤੇਜ਼ ਡਰੀ ਹੋਈ ਤੇ ਬਹੁਤ ਉੱਚੀ ਹੁੰਦੀ ਹੈ। ਜਿਵੇਂ ਮਦਦ ਲਈ ਪੁਕਾਰਦੇ ਹੋਣ। ਪਰ ਹੁਣ ਇਹ ਆਰਾਮ ਨਾਲ ਬੋਲਦੇ ਹਨ ਜਿਵੇਂ ਆਪੋ ਵਿੱਚ ਗੱਲਾਂ ਕਰਦੇ ਹੋਣ, ਮਨੁੱਖ ਉੱਤੇ ਵਿਅੰਗ ਕੱਸਦੇ ਹੋਣ ਕਿ ਹੁਣ ਬੈਠੋ ਘਰਾਂ ਵਿੱਚ, ਕੁਦਰਤ ਨਾਲ ਖਿਲਵਾੜ ਕਰਨ ਦਾ ਨਤੀਜਾ ਭੁਗਤੋ। ਰੱਬ ਦੇ ਸ਼ਰੀਕ ਬਣਨ ਦਾ ਨਤੀਜਾ ਭੁਗਤੋ।
ਪੰਛੀਆਂ ਨੂੰ ਦੇਖਣਾ ਵਧੀਆ ਲੱਗਦਾ ਹੈ। ਉਹਨਾਂ ਦੀਆਂ ਸ਼ਰਾਰਤਾਂ ਦੇਖ ਕੇ ਹੱਸ ਵੀ ਲੈਂਦੇ ਹਾਂ। ਪਰ ਅੰਦਰੋਂ ਮਨ ਉਦਾਸਿਆ ਜਿਹਾ ਰਹਿੰਦਾ। ਮਨ ਆਪੇ ਵਾਰ ਵਾਰ ਬੋਲਦਾ ਹੈ - ‘ਹੇ ਮਾਲਕਾ ਸੁਖ ਰੱਖੀਂ ਸਾਰੇ ਪਾਸੇ।’ ਮਨ ਬਦਲਦਿਆਂ ਦੇਰ ਨਹੀਂ ਲਗਦੀ। ਥੋੜ੍ਹੇ ਦਿਨ ਪਹਿਲਾਂ ਮਹਿਸੂਸ ਕਰਦੇ ਸੀ - ਨਾ ਪਿੰਡ ਵਿੱਚ, ਨਾ ਸ਼ਹਿਰ ਵਿੱਚ, ਵਿਚਕਾਰ ਜਿਹੇ ਲਮਕਦੇ ਹਾਂ। ਨਿੱਕੀ ਜਿੰਨੀ ਚੀਜ਼ ਦੀ ਲੋੜ ਹੋਵੇ ਔਖਾ ਹੋ ਜਾਂਦਾ ਹੈ। ਹੁਣ ਸੋਚੀਦਾ, ਕਿੰਨੀ ਵਧੀਆ ਜਗ੍ਹਾ ਤੇ ਬੈਠੇ ਆਂ, ਕੁਦਰਤ ਦੇ ਨੇੜੇ। ਆਲੇ ਦੁਆਲੇ ਖੇਤ, ਰੁੱਖ ਵੇਲ ਬੂਟੇ। ਕਿੰਨੀ ਸੋਹਣੀ ਕੁਦਰਤ ਹੈ ਕਾਦਰ ਦੀ।
ਬਜ਼ੁਰਗ ਗੱਲਾਂ ਸੁਣਾਉਂਦੇ ਹਨ ਕਿ ਉਨ੍ਹਾਂ ਦੇ ਪਿਉ ਦਾਦਾ ਦੱਸਦੇ ਹੁੰਦੇ ਸੀ ਕਿ ਇੱਕ ਵਾਰ ਬਿਮਾਰੀ ਪਈ ਤਾਂ ਘਰਾਂ ਦੇ ਘਰ ਖਾਲੀ ਹੋ ਗਏ। ਇੱਕ ਨੂੰ ਮੜ੍ਹੀਆਂ ਵਿੱਚ ਲੈ ਕੇ ਜਾਂਦੇ, ਆਉਂਦਿਆਂ ਨੂੰ ਦੋ ਹੋਰ ਮਰੇ ਪਏ ਹੁੰਦੇ ਸੀ। ਉਦੋਂ ਬਚਾਅ ਦਾ ਵੀ ਨਹੀਂ ਸੀ ਪਤਾ ਹੁੰਦਾ। ਹੁਣ ਆਪਾਂ ਨੂੰ ਪਤਾ ਹੈ ਕਿ ਜੇ ਆਪਣੇ ਘਰਾਂ ਵਿੱਚ ਰਹੀਏ, ਸਫ਼ਾਈ ਰੱਖੀਏ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀਏ, ਖਾਣ ਪੀਣ ਦਾ ਧਿਆਨ ਰੱਖੀਏ ਤਾਂ ਫਿਰ ਬਚਾਅ ਹੈ ਇਸ ਬਿਮਾਰੀ ਤੋਂ। ਪੁਰਾਣੇ ਸਮਿਆਂ ਵਿੱਚ ਇਲਾਜ ਵੀ ਨਹੀਂ ਸਨ ਹੁੰਦੇ। ਮੇਰਾ ਦਿਲ ਕਰਦਾ ਹੈ ਆਖ ਦਿਆਂ ਕਿ ਇਲਾਜ ਤਾਂ ਹੁਣ ਵੀ ਨਹੀਂ ਲੱਭ ਰਿਹਾ ਕੋਈ। ਫਿਰ ਸੋਚਦੇ ਆਂ ਕਿ ਉਮੀਦ ਬਣੀ ਰਹੇ ਤਾਂ ਮਨ ਖਲੋਤਾ ਰਹਿੰਦਾ। ਨਹੀਂ ਤਾਂ ਜੇ ਮਨ ਢੇਰੀ ਢਾਹ ਜਾਵੇ ਤਾਂ ਬੰਦਾ ਬਿਨਾਂ ਬਿਮਾਰੀ ਤੋਂ ਹੀ ਮੁੱਕ ਜਾਂਦਾ ਹੈ।
ਮੋਬਾਇਲ ਖੋਲ੍ਹਦੇ ਹਾਂ ਤਾਂ ਅੰਤਾਂ ਦੀ ਜਾਣਕਾਰੀ, ਪਤਾ ਨਹੀਂ ਠੀਕ ਹੈ ਜਾਂ ਗਲਤ। ਘਰ ਵਿੱਚ ਸਭ ਚੁੱਪ, ਮੂੰਹ ਨਾ ਖੁੱਲ੍ਹਦਾ ਬੋਲਣ ਲਈ ... ਪਰ ਅੰਦਰੋ ਅੰਦਰ ਸਭ ਬੋਲਦੇ। ਅੱਗੇ ਤਾਂ ਸਿਰਫ਼ ਉਨ੍ਹਾਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦਾ ਫ਼ਿਕਰ ਹੁੰਦਾ ਸੀ ਜਿਹੜੇ ਸ਼ਰਾਬ ਪੀਂਦੇ, ਹੋਰ ਨਸ਼ੇ ਕਰਦੇ ਜਾਂ ਬਿਮਾਰ ਹੁੰਦੇ। ਹੁਣ ਸਭ ਦੀ ਫ਼ਿਕਰ। ਜਿਸ ਨੇ ਕਦੇ ਕਿਸੇ ਨਸ਼ੇ ਨੂੰ ਹੱਥ ਵੀ ਨਹੀਂ ਲਾਇਆ, ਨਾ ਕੋਈ ਮਾਸ ਮੱਛੀ ਖਾਧੀ। ਬਜ਼ੁਰਗ ਆਪਣੇ ਦੋਹਤੇ ਪੋਤਿਆਂ ਦਾ ਫ਼ਿਕਰ ਕਰਦੇ ਨੇ ਕਿ ਉਹ ਘਰੇ ਨਹੀਂ ਟਿਕਦੇ। ਫੋਨ ਕਰਕੇ ਪੁੱਛਣ ’ਤੇ ਪਤਾ ਲੱਗਦਾ ਕਿ ਪੁਲਿਸ ਵਾਲਿਆਂ ਦੇ ਡਰੋਂ ਘਰੇ ਹੀ ਰਹਿੰਦੇ ਐ। ‘ਜਿਉਂਦੇ ਰਹਿਣ ਪੁਲਿਸ ਵਾਲੇ’ ਬਜ਼ੁਰਗਾਂ ਦੇ ਮੂੰਹੋਂ ਨਿਕਲਦਾ। ਪਰ ਜਦੋਂ ਕੋਈ ਅਜਿਹੀ ਵੀਡੀਓ ਦੇਖਦੇ ਕਿ ਪੁਲਿਸ ਵਾਲੇ ਮਜਬੂਰ ਲੋਕਾਂ ਉੱਤੇ ਵੀ ਡੰਡੇ ਵਰ੍ਹਾਉਂਦੇ ਨੇ, ਫਿਰ ਆਖਦੇ ਨੇ, ‘ਬੜੀ ਮਾੜੀ ਕਰਦੇ ਨੇ ਪੁਲਿਸ ਵਾਲੇ।’ ਫਾਲਤੂ ਗੇੜੇ ਮਾਰਨ ਵਾਲਿਆਂ ਤੋਂ ਤੰਗ ਆਈ ਪੁਲਿਸ ਚੰਗੇ ਭਲੇ ਸਿਆਣੇ ਮੁੰਡੇ ਨੂੰ ਵੀ ਕੁੱਟ ਸੁੱਟਦੀ ਹੈ। ਚੋਰ ਦੇ ਭੁਲੇਖੇ ਸਾਧ ਕੁੱਟੇ ਜਾਂਦੇ ਹਨ। ਪਰ ਇਹ ਵੀ ਕੀ ਕਰਨ, ਲੋਕਾਂ ਦੇ ਭਲੇ ਲਈ ਉਹਨਾਂ ਨੂੰ ਘਰਾਂ ਅੰਦਰ ਰਹਿਣ ਲਈ ਆਖਦੇ ਨੇ। ਆਪ ਔਖੇ ਹੋ ਕੇ ਕਈ ਕਈ ਘੰਟੇ ਡਿਉਟੀ ਦਿੰਦੇ ਨੇ। ਕਿਤੇ ਭੁੱਖਿਆਂ ਨੂੰ ਰੋਟੀ ਖਵਾਉਂਦੇ ਨੇ, ਕਿਤੇ ਫਾਲਤੂ ਇਕੱਠ ਕਰਨ ਵਾਲਿਆਂ ਨੂੰ ਘਰੋ ਘਰੀ ਵਾੜਨ ਲਈ ਉਨ੍ਹਾਂ ਦੇ ਪਿੱਛੇ ਭੱਜਦੇ ਨੇ। ਕਈ ਥਾਂਈਂ ਲੋਕ ਸ਼ਿਕਾਇਤ ਕਰਦੇ ਨੇ ਕਿ ਬਿਮਾਰੀ ਨਾਲ ਭਾਵੇਂ ਨਾ ਮਰੀਏ, ਭੁੱਖ ਨਾਲ ਜ਼ਰੂਰ ਮਰ ਜਾਵਾਂਗੇ। ਸੱਚੀ ਬੜਾ ਔਖਾ ਹੈ ਉਹਨਾਂ ਲਈ, ਜਿਹਨਾਂ ਰੋਜ਼ ਕਮਾਉਣਾ ਤੇ ਉਹੀ ਖਾਣਾ ਹੁੰਦਾ ਹੈ। ਸਰਕਾਰਾਂ ਪ੍ਰਬੰਧ ਤਾਂ ਕਰ ਰਹੀਆਂ ਨੇ, ਫਿਰ ਵੀ ਲਗਦਾ ਹੈ, ਬਹੁਤ ਕੁਝ ਚੰਗਾ ਨਹੀਂ ਹੋ ਰਿਹਾ।
ਡਾਕਟਰ ਵਾਰ ਵਾਰ ਹੱਥ ਜੋੜਦੇ ਨੇ ਕਿ ਘਰਾਂ ਅੰਦਰ ਰਹੋ, ਜੇ ਵਾਇਰਸ ਫੈਲ ਗਿਆ ਤਾਂ ਆਪਣੇ ਕੋਲ ਸਾਧਨ ਨਹੀਂ ਕਿ ਬਹੁਤੇ ਮਰੀਜ਼ਾਂ ਨੂੰ ਸੰਭਾਲ ਸਕੀਏ। ਬਹੁਤ ਸਾਰੇ ਲੋਕ ਡਾਕਟਰਾਂ ਵੱਲੋਂ ਦਿੱਤੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹਨ, ਕਈ ਮਜ਼ਾਕ ਉਡਾਉਂਦੇ ਹਨ। ਪਰ ਜਦੋਂ ਇਹੋ ਜਿਹਾ ਕੁਝ ਸੁਣਦੇ ਦੇਖਦੇ ਨੇ ਕਿ ਜੇ ਅਸੀਂ ਮੂਰਖਤਾ ਨਾ ਛੱਡੀ ਤਾਂ ਸਾਡੇ ਮੂੰਹ ਵਿੱਚ ਪਾਣੀ ਪਾਉਣ ਵਾਲਾ ਵੀ ਨਹੀਂ ਬਚਣਾ ਕੋਈ। ਫਿਰ ਰੰਗ ਉਡ ਜਾਂਦੇ ਨੇ, ਮੂੰਹਾਂ ਤੇ ਪਿਲੱਤਣ ਛਾ ਜਾਂਦੀ ਹੈ। ਵਾਧੂ ਦੀਆਂ ਕਾਮਨਾਵਾਂ ਮਰਨ ਲੱਗੀਆਂ ਨੇ। ਨਾ ਕੱਪੜਿਆਂ ਦਾ ਕੋਈ ਚਾਅ, ਨਾ ਗਹਿਣਿਆਂ ਦਾ। ਨਾ ਹੀ ਕੋਈ ਬਹੁਤਾ ਖਾਣ ਬਣਾਉਣ ਦਾ ਚਾਅ। ਜਿੱਥੇ ਦਾਲ ਸਬਜ਼ੀ ਖਾਣ ਲਈ ਵੀਹ ਵੀਹ ਨਖ਼ਰੇ ਹੁੰਦੇ ਸਨ ਉੱਥੇ ਚਟਣੀ ’ਤੇ ਸਾਰੇ ਪਰਿਵਾਰ ਦੀ ਸਹਿਮਤੀ ਹੋ ਜਾਂਦੀ ਹੈ। ਡਰਾਉਣ ਵਾਲੇ ਸੰਦੇਸ਼ ਪੜ੍ਹ ਸੁਣ ਕੇ ਕੰਬਣੀ ਜਿਹੀ ਛਿੜ ਜਾਂਦੀ ਹੈ। ਫਿਰ ਰੱਬ ਨੂੰ ਸਲਾਹਾਂ ਦੇਣ ਲੱਗ ਪੈਂਦੇ ਆਂ - ਰੱਬਾ ਅੱਧ-ਵਿਚਾਲਾ ਨਾ ਕਰੀਂ, ... ਨਹੀਂ ਤਾਂ ਸਭ ਨੂੰ ਲੈ ਜਾਵੀਂ, ... ਨਹੀਂ ਫੇਰ ਸਾਰੇ ਪਾਸੇ ਸੁੱਖ ਰੱਖੀਂ।
ਪਰ ਅੱਧੇ ਤੋਂ ਵੱਧ ਲੋਕ ਡੰਡੇ ਦੇ ਡਰੋਂ ਈ ਘਰ ਬੈਠੇ ਹੋਏ ਨੇ। ਜੇ ਇਸ ਤਰ੍ਹਾਂ ਆਖ ਦਿੱਤਾ ਜਾਵੇ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਾ ਸਕਦੇ ਹੋ ਤਾਂ ਘੰਟੀਆਂ, ਥਾਲੀਆਂ ਵਜਾਉਣ ਵਾਲਿਆਂ ਵਾਂਗ ਇੱਕ ਮਿੰਟ ਵੀ ਨਹੀਂ ਲਾਉਣਾ ਸੜਕਾਂ ’ਤੇ ਆਉਣ ਲੱਗਿਆਂ। ਕਈਆਂ ਨੂੰ ਲਗਦਾ ਹੈ ਕਿ ਘਰਾਂ ਅੰਦਰ ਰਹਿ ਕੇ ਅਸੀਂ ਦੂਜਿਆਂ ਉੱਤੇ ਅਹਿਸਾਨ ਕਰ ਰਹੇ ਹਾਂ। ਦੂਜੇ ਹੀ ਪਲ ਖਿਆਲ ਆਉਂਦਾ ਹੈ ਕਿ ਦੂਜਿਆਂ ਲਈ ਨਹੀਂ, ਆਪਣੇ ਬਚਾਅ ਲਈ ਕਰਦੇ ਹਾਂ ਸਭ ਕੁਝ। ਜਿਹੜੇ ਲੋਕਾਂ ਨੂੰ ਮਜਬੂਰੀ ਵੱਸ ਘਰੋਂ ਬਾਹਰ ਜਾਣਾ ਪੈ ਜਾਵੇ, ਉਹ ਦੱਸਦੇ ਹਨ ਕਿ ਬਾਹਰ ਦਾ ਸੰਨਾਟਾ ਦੇਖ ਕੇ ਮਨ ਨੂੰ ਡੋਬ ਪੈਣ ਲੱਗ ਪੈਂਦੇ ਨੇ, ਜਿਵੇਂ ਕਿਸੇ ਹੋਰ ਦੁਨੀਆਂ ਵਿੱਚ ਆ ਗਏ ਹੋਈਏ। ਸੜਕਾਂ ਸੁੰਨਸਾਨ, ਜੇ ਕੋਈ ਇੱਕ ਅੱਧਾ ਬੰਦਾ ਬਾਹਰ ਹੋਵੇ, ਉਸ ਨੇ ਵੀ ਮੂੰਹ ਬੰਨ੍ਹਿਆ ਹੁੰਦਾ ਹੈ। ਕਿਸੇ ਅਮੀਰ ਦਾ ਕਾਕਾ ਜਾਂ ਵਿਗੜਿਆ ਜਵਾਕ ਹੁਣ ਵੱਡੀਆਂ ਵੱਡੀਆਂ ਗੱਡੀਆਂ ਨਾਲ ਸੜਕਾਂ ’ਤੇ ਨਹੀਂ ਦਿਸਦਾ। ਇਹ ਵਾਇਰਸ ਹੀ ਇਹੋ ਜਿਹਾ, ਗਰੀਬ ਅਮੀਰ ਨਹੀਂ ਦੇਖਦਾ। ਸ਼ਾਇਦ ਇਸੇ ਕਰਕੇ ਐਨੇ ਇੰਤਜ਼ਾਮ ਕੀਤੇ ਨੇ।
ਇਸ ਵਰਤਾਰੇ ਦੇ ਅੰਦਰ ਇੱਕ ਗੱਲ ਤਾਂ ਚੰਗੀ ਹੋ ਗਈ ਕਿ ਵਾਤਾਵਰਣ ਸਾਫ਼ ਹੋ ਗਿਆ। ਹਵਾ ਦੀ ਗੁਣਵੱਤਾ ਵਿੱਚ ਹੈਰਾਨੀਜਨਕ ਸੁਧਾਰ ਹੋਇਆ ਹੈ। ਉਮੀਦ ਐ ਕਿ ਲੋਕ-ਮਨਾਂ ਦੇ ਅੰਦਰ ਫੈਲਿਆ ਜ਼ਹਿਰੀਲਾ ਪ੍ਰਦੂਸ਼ਣ ਵੀ ਘਟਿਆ ਹੋਵੇਗਾ। ਦੁਆ ਹੈ ਕਿ ਇਸ ਭਿਆਨਕ ਕਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਸਾਰੀ ਦੁਨੀਆਂ ਦੀਆਂ ਕੀਤੀਆਂ ਕੋਸ਼ਿਸ਼ਾਂ ਕਾਮਯਾਬ ਹੋਣ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2086)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)