ShyamSDeepti7ਸੱਭਿਆਚਾਰ ਨੂੰ ਜੇਕਰ ਵੱਡੇ ਪਰਿਪੇਖ ਵਿੱਚ ਦੇਖੀਏ ਤਾਂ ਇਹ ...
(21 ਜਨਵਰੀ 2018)

 

ਇੱਕ ਜਨਵਰੀ, ਨਵੇਂ ਸਾਲ ਦੀ ਸਵੇਰ ਮੈਨੂੰ ਆਸਟਰੇਲੀਆ ਤੋਂ ਮੇਰੇ ਕੁੜਮ ਦਾ ਫੋਨ ਆਇਆ, ਜੋ ਆਪਣੇ ਵੱਡੇ ਬੇਟੇ ਨੂੰ ਮਿਲਣ ਗਏ ਹੋਏ ਹਨ। ‘ਨਵਾਂ ਸਾਲ ਮੁਬਾਰਕ’ ਕਹਿਣ ਤੋਂ ਬਾਅਦ ਉਹ ਬੋਲੇ, “ਡਾਕਟਰ ਸਾਹਿਬ, ਬੇਟਾ ਰਾਤੀਂ ਮੈਲਬੌਰਨ ਸਿਟੀ ਲੈ ਗਿਆ ਤੇ ਇੰਨੇ ਪਟਾਕੇ ਚੱਲੇ ਕਿ ਪੁੱਛੋ ਨਾ।”

ਮੈਂ ਕੁਝ ਕਹਿਣ ਲੱਗਿਆ ਤਾਂ ਉਨ੍ਹਾਂ ਨੇ ਫਿਰ ਕਿਹਾ, “ਅੱਗੋਂ ਸੁਣੋ, ਇੰਗਲੈਂਡ ਵਿੱਚ ਤਾਂ ਇਸ ਤੋਂ ਵੀ ਜ਼ਿਆਦਾ।” ਉਨ੍ਹਾਂ ਨੇ ਪਤਾ ਨਹੀਂ ਟੀਵੀ ਤੋਂ ਦੇਖਿਆ ਜਾਂ ਉਨ੍ਹਾਂ ਦੇ ਇੰਗਲੈਂਡ ਰਹਿੰਦੇ ਭਰਾ ਨੇ ਦੱਸਿਆ। ਮੈਂ ਕਿਹਾ, “ਜਨਾਬ! ਇਹ ਅੰਗਰੇਜ਼ਾਂ ਦਾ ਤਿਉਹਾਰ ਹੈ। ਕ੍ਰਿਸਮਸ ਤੋਂ ਨਵੇਂ ਸਾਲ ਤੱਕ, ਪੂਰਾ ਹਫ਼ਤਾ। ਕੈਲੰਡਰ ਵੀ ਤਾਂ ਅੰਗਰੇਜ਼ਾਂ ਦਾ ਹੀ ਹੈ, ਜੋ ਅੱਜ ਲਾਗੂ ਹੋਇਆ ਹੈ।’

ਮੇਰੇ ਮੂੰਹੋਂ ਸੁਤੇ-ਸਿੱਧ ਨਿਕਲੀ ਗੱਲ, ਮੈਨੂੰ ਖ਼ੁਦ ਲੱਗਿਆ ਕਿ ਇਹ ਚਾਅ ਅਤੇ ਜਸ਼ਨ ਆਪਸ ਵਿੱਚ ਜੁੜੇ ਹੋਏ ਹਨ। ਜਿਵੇਂ ਪਾਤਰ ਹੁਰਾਂ ਦਾ ਸ਼ੇਅਰ ਵੀ ਹੈ: ਖ਼ੂਬ ਨੇ ਇਹ ਝਾਂਜਰਾਂ ਛਣਕਣ ਲਈ, ਪਰ ਕੋਈ ਚਾਅ ਵੀ ਤਾਂ ਦੇ ਨੱਚਣ ਲਈ। - ਇਸ ਤਰ੍ਹਾਂ ਦੇ ਦਿਨ-ਦਿਹਾੜੇ, ਉਨ੍ਹਾਂ ਨਾਲ ਜੁੜੇ ਜਸ਼ਨ ਸੱਭਿਆਚਾਰ ਦਾ ਹਿੱਸਾ ਹੁੰਦੇ ਹਨ।

ਸੱਭਿਆਚਾਰ ਨੂੰ ਅਸੀਂ ਕਿਸੇ ਖੇਤਰ-ਖਿੱਤੇ ਦੀ ਵਿਲੱਖਣਤਾ ਅਤੇ ਪਛਾਣ ਸਮਝਦੇ ਹਾਂ। ਇਸੇ ਆਧਾਰ ’ਤੇ ਅਸੀਂ ਪੂਰਬ-ਪੱਛਮ, ਆਪਣੇ ਦੇਸ਼ ਵਿੱਚ ਉੱਤਰੀ-ਦੱਖਣੀ ਅਤੇ ਇੱਥੋਂ ਤੱਕ ਕਿ ਮਾਝਾ-ਦੁਆਬਾ, ਮਾਲਵਾ ਵੀ ਪਛਾਣ ਲੈਂਦੇ ਹਾਂ। ਨਵੇਂ ਸਾਲ ਦੇ ਸਾਡੇ ਜਸ਼ਨਾਂ ਵਿੱਚ ਜਿੰਨਾ ਕੁ ਵੀ ਚਾਅ ਹੈ, ਉਹ ਹੌਲੀ-ਹੌਲੀ ਬਾਜ਼ਾਰ ਭਰ ਰਿਹਾ ਹੈ। ਉਸ ਤੋਂ ਵੀ ਇਲਾਵਾ, ਸਾਡੇ ਨਵੇਂ ਸਾਲ ਦੇ ਸੰਕਲਪ ਵਿੱਚ ਅੰਗਰੇਜ਼ੀ ਕੈਲੰਡਰ ਭਾਵੇਂ ਭਾਰੂ ਹੈ, ਪਰ ਅਜੇ ਵੀ ਬਿਕਰਮੀ ਸੰਮਤ, ਪੋਂਗਲ ਤੇ ਪੰਜਾਬ ਦੇ ਸੰਦਰਭ ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਵਿਵਾਦ ਹੈ। ਇਸ ਤਰ੍ਹਾਂ ਇਸ ਮਾਨਸਿਕਤਾ ਤਹਿਤ ਇਹ ਇੱਕ ਸੱਭਿਆਚਾਰਕ ਭੰਬਲਭੂਸਾ ਹੈ।

ਸੱਭਿਆਚਾਰਕ ਭੰਬਲਭੂਸਾ ਆਪਣੇ ਆਪ ਵਿੱਚ ਇੱਕ ਕਾਰਗਰ ਹਥਿਆਰ ਹੈ, ਲੋਕਾਂ ਨੂੰ ਉਲਝਾ ਕੇ ਰੱਖਣ ਲਈ। ਸੱਭਿਆਚਾਰ ਪ੍ਰਤੀ ਸਾਡੀ ਸਮਝ ਨੂੰ ਵੀ ਵਿਗਿਆਨਕ ਤੌਰ ’ਤੇ ਵਿਕਸਤ ਨਹੀਂ ਹੋਣ ਦਿੱਤਾ ਗਿਆ। ਸੱਭਿਆਚਾਰ ਨੂੰ ਜੇਕਰ ਵੱਡੇ ਪਰਿਪੇਖ ਵਿੱਚ ਦੇਖੀਏ ਤਾਂ ਇਹ ਜੀਵਨ ਜਾਚ ਹੈ। ਸਵੇਰ ਤੋਂ ਸ਼ਾਮ, ਜਨਮ ਤੋਂ ਮਰਨ ਤੱਕ, ਪੂਰੀ ਜੀਵਨ ਸ਼ੈਲੀ ਸਾਡੇ ਸੱਭਿਆਚਾਰ ਨੂੰ ਦਰਸਾਉਂਦੀ ਹੈ, ਪਰ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਇਸ ਨੂੰ ਖਾਣ-ਪੀਣ, ਪਹਿਰਾਵੇ ਤੱਕ ਹੀ ਸੁੰਗੇੜ ਕੇ ਰੱਖ ਦਿੱਤਾ ਹੈ। ਸੱਭਿਆਚਾਰ ਸਹੀ ਅਰਥਾਂ ਵਿੱਚ ਜ਼ਿੰਦਗੀ ਨੂੰ ਵਧੀਆ ਅਤੇ ਸੁਖਾਲਾ, ਸਰੀਰਕ ਤੇ ਮਾਨਸਿਕ ਤੌਰ ’ਤੇ ਸਿਹਤਮੰਦ ਰੱਖਣ ਦੀ ਸਿਆਣਪ ਵਿੱਚੋਂ ਨਿਕਲਿਆ ਇੱਕ ਸਮੂਹਿਕ ਤਜ਼ਰਬਾ ਹੈ।

ਇਹ ਵੀ ਸੱਚ ਹੈ ਕਿ ਸੱਭਿਆਚਾਰਕ ਢੰਗ-ਤਰੀਕੇ, ਜੀਵਨ ਜਿਉਣ ਦੇ ਸਲੀਕੇ ਵਿੱਚ ਖੜੋਤ ਨਹੀਂ ਆਉਂਦੀ। ਜਦੋਂ ਵੀ ਦੋ-ਤਿੰਨ ਸੱਭਿਆਤਾਵਾਂ ਦੇ ਲੋਕ ਆਪਸ ਵਿੱਚ ਮਿਲਦੇ ਹਨ, ਮਿਲ ਕੇ ਰਹਿੰਦੇ ਹਨ ਤਾਂ ਇੱਕ ਦੂਸਰੇ ਦਾ ਪ੍ਰਭਾਵ ਕਬੂਲਦੇ ਹਨ। ਵਿਗਿਆਨ ਦੀਆਂ ਖੋਜਾਂ ਅਤੇ ਨਵੇਂ-ਨਵੇਂ ਫਲਸਫੇ ਵੀ ਸੱਭਿਆਚਾਰ ਨੂੰ ਨਵਾਂ ਰੂਪ ਦਿੰਦੇ ਹਨ। ਇਸ ਲਈ ਅਸੀਂ ਦੇਖ ਸਕਦੇ ਹਾਂ ਕਿ ਨਵੀਂ ਸੂਝ ਅਤੇ ਸਮਝ ਦੇ ਹਰ ਥਾਂ ਨਾ ਪਹੁੰਚਣ ਦਾ ਨਤੀਜਾ ਹੀ ਹੈ ਕਿ ਅਸੀਂ ਆਪਣੇ ਮੁਲਕ ਵਿੱਚ ਇੱਕੋ ਸਮੇਂ ਖੱਚਰ-ਰੇਹੜੇ ’ਤੇ ਬੈਠੇ ਲੋਕ ਵੀ ਦੇਖਦੇ ਹਾਂ ਤੇ ਅਸਮਾਨ ਵਿੱਚ ਸਵਾਰੀਆਂ ਨਾਲ ਭਰਿਆ ਜਹਾਜ਼ ਵੀ।

ਇਸੇ ਤਰ੍ਹਾਂ ਦੇ ਹੀ ਨਵੇਂ ਅਤੇ ਪੁਰਾਣੇ ਵਿਚਾਰ ਪ੍ਰਵਾਹ ਜਾਂ ਟੈਕਨਾਲੋਜੀ ਦੇ ਇਸਤੇਮਾਲ ਨੂੰ ਲੈ ਕੇ ਇੱਕੋ ਛੱਤ ਹੇਠਾਂ ਹੀ ਸੱਭਿਆਚਾਰ ਦੇ ਦੋਵੇਂ ਰੂਪ ਦਿਸਦੇ ਹਨ। ਇਸ ਤਰ੍ਹਾਂ ਜਦੋਂ ਸੱਭਿਆਚਾਰ ਦੀ ਅਜਿਹੀ ਸਮਝ ਹੋਵੇ ਤਾਂ ਟਕਰਾਅ ਹੋਣਾ ਲਾਜ਼ਮੀ ਹੈ। ਦੋ ਕਬੀਲੇ, ਦੋ ਪੀੜ੍ਹੀਆਂ ਅਤੇ ਦੋ ਪ੍ਰਦੇਸ਼ ਜਾਂ ਅੰਤਰ-ਰਾਸ਼ਟਰੀ ਪੱਧਰ ’ਤੇ ਸੱਭਿਆਚਾਰ ਨੂੰ ਲੈ ਕੇ ਰੋਜ਼ ਹੀ ਅਸੀਂ ਟਕਰਾਵਾਂ ਬਾਰੇ ਪੜ੍ਹਦੇ ਅਤੇ ਦੇਖਦੇ ਹਾਂ। ਦੇਸ਼ ਦੇ ਪੱਧਰ ’ਤੇ ਜੋ ਕੁਝ ਵਾਪਰ ਰਿਹਾ ਹੈ, ਚਾਹੇ ਉਹ ਰਾਮ ਲੱਲਾ ਨੂੰ ਮੰਦਰ ਵਿੱਚ ਠੰਢ ਤੋਂ ਬਚਾਉਣ ਲਈ ਹੀਟਰ, ਰਜਾਈ ਜਾਂ ਬਲੋਅਰ ਲਗਾਉਣ ਦੀ ਗੱਲ ਹੋਵੇ ਜਾਂ ਗਾਂਵਾਂ ਦੀ ਮਰਿਆਦਾ ਲਈ ਮਨੁੱਖ ਦੀ ਬਲੀ ਲੈਣ ਦੀ ਗੱਲ ਹੋਵੇ, ਤੇ ਦੂਸਰੇ ਪਾਸੇ ਦੇਸ਼ ਦੇ ਵਿਕਾਸ ਦੀ ਗੱਲ ਕਰਦਿਆਂ ਵਿਗਿਆਨ ਦੀਆਂ ਕਾਢਾਂ ਦੇ ਨਾਂਅ ’ਤੇ ਪੁਲਾੜ ਵਿੱਚ ਰਾਕੇਟ ਛੱਡਣ ਦੀ ਹੋਵੇ, ਆਪਸ ਵਿੱਚ ਵਿਰੋਧ ਦਾ ਪ੍ਰਗਟਾਵਾ ਹਨ ਤੇ ਇਹੀ ਟਕਰਾਅ ਫਿਰ ਜੀਵਨ ਵਿੱਚ ਨਜ਼ਰ ਆਉਂਦਾ ਹੈ ਜਾਂ ਇੰਜ ਕਹੀਏ ਕਿ ਜੀਵਨ ਵਿੱਚ ਪਿਆ ਜਾਂ ਸਿਖਾਇਆ ਗਿਆ, ਅਜਿਹਾ ਜੀਵਨ ਢੰਗ ਫਿਰ ਸਾਡੇ ਘਰਾਂ ਤੋਂ ਸਾਡੀਆਂ ਕਾਰਜ ਵਾਲੀਆਂ ਥਾਂਵਾਂ ’ਤੇ ਝਲਕਦਾ ਹੈ। ਸੱਭਿਆਚਾਰ ਨੂੰ ਲੈ ਕੇ ਜਜ਼ਬਾਤੀ ਪੈਂਤੜਾ ਹੀ ਅਪਣਾਇਆ ਜਾਂਦਾ ਹੈ ਤੇ ਫਿਰ ਇਸ ਨੂੰ ਆਪਣੇ ਮੁਫ਼ਾਦ ਲਈ ਬੜੀ ਆਸਾਨੀ ਨਾਲ ਵਰਤਿਆ ਜਾਂਦਾ ਹੈ। ‘ਮਾਣ ਨਾਲ ਕਹੋ ਅਸੀਂ ਪੰਜਾਬੀ ਹਾਂ, ਸਿੱਖ ਹਾਂ, ਬਾਲਮੀਕ ਹਾਂ ...’, ‘ਸੱਭਿਆਚਾਰ ’ਤੇ ਹਮਲੇ’ ਦੀ ਗੱਲ ਹੁੰਦੀ ਹੈ। ਇਹ ਜਜ਼ਬਾਤੀ ਪੱਖ ਸੱਭਿਆਚਾਰ ਨੂੰ ਖੜੋਤ ਵਿੱਚ ਦੇਖਣ ਲਈ ਉਕਸਾਉਂਦਾ ਹੈ, ਸਾਨੂੰ ਆਪਣੇ ਰੀਤੀ-ਰਿਵਾਜਾਂ ਨੂੰ ਜਾਰੀ ਰੱਖਣ ਲਈ ਕਹਿੰਦਾ ਹੈ।

ਅਸੀਂ ਮਨੁੱਖੀ ਇਤਿਹਾਸ ਵਿੱਚ ਪੱਥਰ ਯੁੱਗ ਤੋਂ ਰੋਬੋਟ ਯੁੱਗ ਵਿਚ ਪਹੁੰਚੇ, ਕਿੰਨਾ ਕੁਝ ਛੱਡਿਆ ਹੈ, ਕੁਝ ਬਦਲਿਆ ਹੈ ਤੇ ਕੁਝ ਕੁ ਨਵਾਂ ਵੀ ਲੱਭਿਆ ਅਤੇ ਉਸ ਨੂੰ ਅਪਣਾਇਆ ਹੈ। ਇਸ ਲਈ ਜੇਕਰ ਸਾਡੀ ਪਹੁੰਚ ਵਿਗਿਆਨਕ ਹੋਵੇਗੀ, ਸਿਆਣਪ ਨਾਲ ਜੁੜੀ ਹੋਵੇਗੀ, ਤਾਂ ਅਸੀਂ ਵਿਸ਼ਲੇਸ਼ਣੀ ਢੰਗ-ਤਰੀਕੇ ਨਾਲ ਜੀਵਨ ਜਾਚ ਨੂੰ ਸਮਝਾਂਗੇ। ਫਿਰ ਅਸੀਂ ਕਿਸੇ ਵੀ ਸੱਭਿਅਤਾ ਵਿੱਚੋਂ ਕੁਝ ਵੀ ਨਵਾਂ ਅਤੇ ਲਾਹੇਵੰਦ ਤਰੀਕਾ ਅਪਣਾਉਣ ਵਿੱਚ ਗੁਰੇਜ਼ ਨਹੀਂ ਕਰਾਂਗੇ ਤੇ ਆਪਣੇ ਸੱਭਿਆਚਾਰ ਵਿੱਚ ਪਏ ਨਖਿੱਧ ਅਤੇ ਬੇਮਤਲਬ ਰੀਤੀ-ਰਿਵਾਜ਼ਾਂ ਨੂੰ ਛੱਡਣ ਵਿੱਚ ਪ੍ਰੇਸ਼ਾਨੀ ਮਹਿਸੂਸ ਨਹੀਂ ਕਰਾਂਗੇ। ਆਪਣੇ ਭਾਰਤੀ ਪਰਿਪੇਖ ਵਿੱਚ ਨਵੇਂ ਸੱਭਿਆਚਾਰਕ ਪੱਖਾਂ ਨੂੰ ਸਵੀਕਾਰ ਕਰਨ ਪਿੱਛੇ ਇੱਕ ਦੁਚਿੱਤੀ ਹੈ ਕਿ ਇਹ ਸਾਡਾ ਹੈ, ਉਹ ਓਪਰਾ ਹੈ। ਕਈ ਥਾਂਵਾਂ ’ਤੇ ਅਸੀਂ ਕੁਝ ਅਪਣਾ ਕੇ ਵੀ ਬੇਚੈਨ ਅਤੇ ਦੁਖੀ ਮਹਿਸੂਸ ਕਰਦੇ ਹਾਂ ਤੇ ਕਈ ਥਾਂਵਾਂ ’ਤੇ ਆਪਣੀ ਜ਼ਿੱਦ ’ਤੇ ਅੜੇ ਹੋਣ ਦਾ ਵੀ ਹਰਜਾਨਾ ਭੁਗਤਦੇ ਹਾਂ। ਇਹ ਦੋਵੇਂ ਹਾਲਤਾਂ ਨਾ-ਸਮਝੀ ਦੀਆਂ ਹਨ, ਜੋ ਸਾਡਾ ਆਲਾ-ਦੁਆਲਾ ਸਾਨੂੰ ਦੇਂਦਾ ਹੈ ਤੇ ਅਸੀਂ ਬਿਨਾਂ ਸੋਚੇ-ਸਮਝੇ ਉਸੇ ਨੂੰ ਹੀ ਸੱਚ ਮੰਨੀ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਮਨ, ਵਚਨ ਅਤੇ ਕਰਮ, ਤਿੰਨਾਂ ਧਰਾਤਲਾਂ ’ਤੇ ਹੀ ਇੱਕਸਾਰਤਾ ਮਹਿਸੂਸ ਨਹੀਂ ਕਰਦੇ। ਕਹਿਣ ਤੋਂ ਭਾਵ ਹੈ ਕਿ ਅਸੀਂ ਬੋਲਦੇ ਕੁਝ ਹੋਰ ਹਾਂ, ਸੋਚ ਕੁਝ ਰਹੇ ਹੁੰਦੇ ਹਾਂ ਤੇ ਕੰਮ ਵਿੱਚ ਸਭ ਤੋਂ ਵੱਖਰਾ ਦਿਸ ਰਹੇ ਹੁੰਦੇ ਹਾਂ। ਮੈਡੀਕਲ ਵਿਗਿਆਨ ਦੇ ਸ਼ਬਦ ਕੋਸ਼ ਵਿੱਚ ਮਾਨਸਿਕ ਰੋਗਾਂ ਦੇ ਵਰਗ ਵਿੱਚ ਅਜਿਹੀ ਹਾਲਤ ਨੂੰ ‘ਸਕੀਜੋਫਰੀਨੀਆ’ ਕਹਿੰਦੇ ਹਨ। ਜਦੋਂ ਬੰਦਾ ਹੱਸ ਵੀ ਰਿਹਾ ਹੁੰਦਾ ਹੈ, ਬੋਲ ਵੀ ਰਿਹਾ ਹੁੰਦਾ ਤੇ ਅਸਲੀਅਤ ਤੋਂ ਟੁੱਟਿਆ ਹੁੰਦਾ ਹੈ। ਭੰਬਲਭੂਸੇ ਦੀ ਅਜਿਹੀ ਸਥਿਤੀ ਹੁੰਦੀ ਹੈ। ਉਸ ਦੇ ਹਾਸੇ ਵਿੱਚ ਅਸਲੀਅਤ ਨਹੀਂ ਹੁੰਦੀ, ਕਿਉਂ ਜੁ ਚਾਅ ਨਹੀਂ ਹੁੰਦਾ।

ਸੱਤਰ ਸਾਲ ਦੀ ਆਜ਼ਾਦੀ ਭਾਵੇਂ ਸੈਂਕੜਿਆਂ ਸਾਲਾਂ ਦੀ ਗ਼ੁਲਾਮੀ ਦੇ ਸਾਹਮਣੇ ਬਹੁਤ ਘੱਟ ਸਮਾਂ ਹੈ, ਪਰ ਫਿਰ ਵੀ ਵਿਗਿਆਨਕ ਸਮਝ ਤਹਿਤ ਹੋ ਰਹੇ ਤੇਜ਼-ਰਫ਼ਤਾਰੀ ਵਿਕਾਸ ਦੇ ਹੁੰਦਿਆਂ ਇਹ ਸਮਾਂ ਥੋੜ੍ਹਾ ਵੀ ਨਹੀਂ ਹੈ। ਇਸ ਤੱਥ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਸ ਦਿਸ਼ਾ ਵਿੱਚ ਕੋਈ ਠੋਸ ਕਦਮ ਤਾਂ ਚੁੱਕਿਆ ਹੋਇਆ ਨਹੀਂ ਦਿਸ ਰਿਹਾ, ਸਗੋਂ ਭੰਬਲਭੂਸਾ ਦਿਨ-ਬ-ਦਿਨ ਵਧ ਰਿਹਾ ਹੈ।

*****

(979)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਸ਼ਿਆਮ ਸੁੰਦਰ ਦੀਪਤੀ

ਡਾ. ਸ਼ਿਆਮ ਸੁੰਦਰ ਦੀਪਤੀ

Professor, Govt. Medical College,
Amritsar, Punjab, India.
Phone: (91 - 98158 - 08506)
Email: (drdeeptiss@gmail.com)

More articles from this author